ਸੱਤ-ਸਮੁੰਦਰੋਂ ਪਾਰ ਤੈਨੂੰ ਕਾਸਨੂੰ ਲਿਉਣਾਂ ਸੀ?
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਇੱਕ ਪਰਿਵਾਰ ਨਾਲ ਰਹਿੱਣ ਦਾ ਮੌਕਾ ਮਿਲਿਆ। ਜਦੋਂ ਵੀ ਉਸ ਬੰਦੇ ਦੀ ਪਤਨੀ ਰਸੋਈ ਵਿੱਚ ਜਾਂਦੀ ਸੀ। ਉਹ ਵੀ ਉਸ ਨਾਲ ਜਾਂਦਾ ਸੀ। ਜਦੋਂ ਉਹ ਕੁੱਝ ਵੀ ਖਾਂਣ ਲਈ ਬੱਣਾਉਂਦੀ ਸੀ। ਉਸ ਦਾ ਪਤੀ ਉਸ ਦੀ ਮਦੱਦ ਕਰਦਾ ਸੀ। ਸਬਜ਼ੀ ਪਿਆਜ਼ ਕੱਟ ਕੇ ਦਿੰਦਾ ਸੀ। ਉਹ ਖੜ੍ਹੀ ਪਤੀਲੇ ਵਿੱਚ ਕੱੜਛੀ ਮਾਰੀ ਜਾਂਦੀ ਸੀ। ਭਾਂਡੇ ਮਾਜ਼ਣ ਸਮੇਂ ਉਹ ਧੋ ਰਿਹਾ ਸੀ। ਪਤਨੀ ਤੌਲੀਏ ਨਾਲ ਭਾਂਡੇ ਸੁਕਾ ਰਹੀ ਸੀ। ਉਸ ਦਾ ਬੇਟਾ 24 ਕੁ ਸਾਲਾਂ ਦਾ ਭਾਂਡੇ ਅਲਮਾਰੀ ਵਿੱਚ ਰੱਖ ਰਿਹਾ ਸੀ। ਇੱਕ ਨੇ ਕੱਪੜੇ ਮਸ਼ੀਨ ਵਿੱਚ ਧੋਣ ਨੂੰ ਪਾਏ। ਦੂਜੇ ਨੇ ਕੱਪੜੇ ਸੁਕਣ ਵਾਲੀ ਮਸ਼ੀਨ ਵਿੱਚ ਪਾ ਦਿੱਤੇ। ਮੁੰਡੇ ਨੇ ਸਾਰੇ ਕੱਪੜੇ ਤੈਹਾਂ ਲਗਾ ਕੇ ਰੱਖ ਦਿੱਤੇ। ਉਸ ਦਾ ਪਤੀ ਨਹ੍ਹਾਉਣ ਗਿਆ ਸੀ। ਤੌਲੀਆ ਭੁੱਲ ਗਿਆ ਸੀ। ਉਸ ਨੇ ਆਪਣੀ ਪਤਨੀ ਨੂੰ ਅਵਾਜ਼ ਮਾਰੀ ਤੇ ਕਿਹਾ, " ਮੈਨੂੰ ਪਿੰਡਾ ਪੂੰਝਣ ਨੁੰ ਤੌਲੀਆ ਚਾਹੀਦਾ ਹੈ। " ਉਸ ਔਰਤ ਨੇ ਜੁਆਬ ਦਿੱਤਾ, " ਮੈਂ ਹੁਣੇ ਤੌਲੀਆ ਫੜਾਉਂਦੀ ਹਾਂ। " ਉਹ ਛਾਲਾਂ ਮਾਰਦੀ ਗਈ, ਤੌਲੀਆ ਫੜਾ ਕੇ ਵਾਪਸ ਆ ਗਈ। ਮੈਂ ਅਜੇ ਸੋਚ ਰਹੀ ਸੀ, " ਇੰਨਾਂ ਵਿੱਚ ਤੇ ਸਾਡੇ ਵਿੱਚ, ਕੋਈ ਬਹੁਤਾ ਫ਼ਰਕ ਨਹੀਂ ਹੈ। ਪਤੀਆਂ ਦਾ ਨਹ੍ਹਾਉਣ ਸਮੇਂ ਤੌਲੀਆ ਭੁੱਲਣਾਂ , ਪਤਨੀ ਤੋਂ ਤੌਲੀਆ ਮੰਗਣਾਂ ਆਮ ਜਿਹੀ ਗੱਲ ਹੈ। ਵਿਆਹ ਤੋਂ ਪਹਿਲਾਂ ਤੌਲੀਆ ਕਦੇ ਨਹੀਂ ਭੁੱਲਦੇ " ਉਸ ਦੇ ਪਿਛੋਂ ਉਹ ਆਪ ਬਾਥਰੂਮ ਵਿੱਚ ਚਲੀ ਗਈ। ਥੋੜੇ ਸਮੇਂ ਪਿਛੋਂ ਉਸ ਨੇ ਅਵਾਜ਼ ਮਾਰੀ, " ਹੈਰੀ ਮੇਰਾ ਤੌਲੀਆ ਦੇ ਕੇ ਜਾਂਣਾਂ। " ਉਸ ਦੇ ਪਤੀ ਨੇ ਕਿਹਾ, " ਤੌਲੀਆ ਹੁਣੇ ਫੜਾਉਂਦਾ ਹਾ। " ਉਸੇ ਸਮੇਂ ਹੈਰੀ ਨੇ ਉਸ ਨੂੰ ਤੌਲੀਆ ਫੜਾ ਦਿੱਤਾ। ਮੇਰੇ ਅੰਦਰ ਇਹ ਇਛਾ ਜਾਗੀ। ਕਦੇ ਤੌਲੀਆ ਆਪ ਕਿਉਂ ਨਹੀਂ ਮੰਗਿਆ। ਮੈਂ ਇਹ ਸਾਰਾ ਕੁੱਝ ਇਕ ਹੋਰ ਕੁੜੀ ਨੂੰ ਦੱਸਿਆ। ਉਸ ਨੇ ਵੀ ਇਹੀ ਕਿਹਾ, " ਹੋਰ ਤਾਂ ਸਾਰਾ ਕੰਮ ਆਪੇ ਕਰ ਲਵਾਂਗੀ। ਪਤੀ ਤੋਂ ਤੌਲੀਆ ਜਰੂਰ ਮੰਗਣਾਂ ਹੈ। ਮੈਂ ਤਾਂ ਉਸ ਨੂੰ ਤੌਲੀਆ ਫੜਾਉਂਦੀ ਥੱਕੀ ਪਈ ਹਾਂ। " ਅਜੇ ਮੈਂ ਆਪਦਾ ਤੌਲੀਆ ਤੇ ਹੋਰ ਸਬ ਤੌਲੀਏ ਬਾਥਰੂਮ ਵਿਚੋਂ ਬਾਹਰ ਹੀ ਕੱਢੇ ਸਨ। ਉਸ ਕੁੜੀ ਦਾ ਫੋਨ ਆ ਗਿਆ। ਉਸ ਨੇ ਦੱਸਿਆ, " ਮੈਂ ਨਹ੍ਹਾ ਕੇ ਜਦੋਂ ਆਪਦੇ ਪਤੀ ਤੋਂ ਤੌਲੀਆ ਮੰਗਿਆ। ਉਸ ਨੇ ਕਿਹਾ, " ਤੌਲੀਏ ਦੇ ਨਾਲ ਮੈਂ ਵੀ ਬਾਥਰੂਮ ਵਿਚ ਆ ਜਾਂਣਾਂ ਹੈ। ਭਲਾਈ ਇਸੇ ਵਿੱਚ ਹੈ। ਤੂੰ ਆਪ ਹੀ ਬਾਹਰ ਆ ਕੇ ਤੌਲੀਆ ਲੈ ਲਾ। ਇਥੇ ਕਿਹੜਾ ਕੋਈ ਉਪਰਾ ਬੰਦਾ ਹੈ। " ਇਹ ਬੰਦੇ ਬਹੁਤ ਕੰਮ ਚੋਰ ਹਨ। " ਮੈਨੂੰ ਆਪ ਨੂੰ ਲੱਗਾ। ਜੇ ਹੁਣ ਮੈਂ ਵੀ ਤੌਲੀਆ ਮੰਗਿਆ। ਉਸ ਨੂੰ ਤਾ ਝੱਟ ਪਤਾ ਲੱਗ ਜਾਂਣਾਂ ਹੈ। ਕਿ ਮੈਨੂੰ ਪ੍ਰਿਤਿਆ ਕੇ ਦੇਖਦੀ ਹੈ। ਪਤਨੀ ਨੂੰ ਤੌਲੀਆ ਫੜਾਉਣਾਂ, ਇਹ ਕੰਮ ਮਰਦਾਂ ਦੇ ਬਸ ਦਾ ਨਹੀਂ ਹੈ। ਕਿਸੇ ਬਿਮਾਰੀ ਦਾ ਬਹਾਨਾਂ ਬੱਣਾਂ ਕੇ ਭਾਂਡੇ ਧੋਣ ਲਾਵਾਂਗੀ। ਸਾਰੇ ਰੋਟੀ ਖਾ ਹੱਟੇ, ਤਾ ਮੈਂ ਕਿਹਾ, " ਇਹ ਭਾਂਡੇ ਤੁਸੀਂ ਧੋ ਦੇਵੋ। ਮੈਨੂੰ ਘੁੰਮੇਰ ਆ ਰਹੀ ਹੈ। " ਅੱਗੋ ਪਤੀ ਨੇ ਘਬਰਾ ਕੇ ਕਿਹਾ, " ਛੱਡ ਭਾਂਡਿਆਂ ਨੂੰ, ਜਦੋਂ ਚਾਹੀਦੇ ਹੋਣਗੇ। ਆਪੇ ਧੋਤੇ ਜਾਂਣਗੇ। ਤੂੰ ਮੇਰੇ ਨਾਲ ਤੁਰ, ਤੈਨੂੰ ਡਾਕਟਰ ਤੋਂ ਦੁਵਾਈ ਦੁਆ ਲਿਆਵਾ। " ਮੈਂ ਕਿਹਾ, " ਮੈਂ ਅਰਾਮ ਕਰ ਲੈਂਦੀ ਹਾਂ। ਆਪੇ ਅਰਾਮ ਆ ਜਾਵੇਗਾ। " 20 ਮਿੰਟਾਂ ਪਿਛੋਂ ਉਹ ਮੇਰੇ ਸਰਾਹਣੇ ਖੜ੍ਹਾ ਸੀ। ਲੈ ਇਹ ਗੋਲੀ ਇੱਕ ਹੁਣੇ ਖਾ ਲੈ। ਫਿਰ 3 ਘੰਟੇ ਪਿਛੋਂ ਖਾਈ। ਛੇਤੀ ਰਾਮ ਆਉਣ ਲਈ ਬਹੁਤੀਆਂ ਨਾਂ ਖਾ ਜਾਵੀ। ਸਾਨੂੰ ਤਾਂ ਰੋਟੀ ਦਾ ਫ਼ਿਕਰ ਪੈ ਗਿਆ। ਕੌਣ ਪੱਕਾਵੇਗਾ? ਆਪੇ ਔਖੇ ਸੌਖੇ ਸਾਰ ਲਵਾਂਗੇ। " ਪਰ ਮੈਨੂੰ ਭਾਂਡਿਆਂ ਦਾ ਫ਼ਿਕਰ ਸੀ। ਭਾਂਡਿਆਂ ਦਾ ਢੇਰ ਲੱਗ ਗਿਆ ਸੀ। ਕੱਪੜੇ ਧੋ ਕੇ, ਮੈਂ ਸੁਕਣ ਵਾਲੀ ਮਸ਼ੀਨ ਵਿੱਚ ਪਾ ਦਿੱਤੇ ਸਨ। ਮੈਂ ਹੋਲੀ ਜਿਹੀ ਅਵਾਜ਼ ਵਿੱਚ ਕਿਹਾ, " ਕੱਪੜੇ ਸੁੱਕ ਗਏ ਹਨ। ਇੰਨਾਂ ਨੂੰ ਸੰਭਾਲ ਲਵੋਂ। ਜੇ ਮਸ਼ੀਨ ਵਿੱਚ ਪਏ ਰਹੇ, ਤਾਂ ਵੱਲ ਪੈ ਜਾਂਣੇ ਹਨ। " ਉਸ ਨੇ ਕਿਹਾ, " ਤੈਨੂੰ ਕੰਮ ਦੀ ਪਈ ਹੈ। ਮੈਨੂੰ ਤੇਰੀ ਜਾਨ ਦੀ ਪਈ ਹੈ। ਟੀਵੀ ਉਤੇ ਖ਼ਬਰਾਂ ਵਿੱਚ ਦੱਸਿਆ ਹੈ। ਬਹੁਤ ਲੋਕ ਬਿਮਾਰ ਹੋ ਰਹੇ ਹਨ। ਕਈਆਂ ਦੀਆਂ ਜਾਨਾਂ ਵੀ ਗਈਆਂ ਹਨ। ਛੱਡ ਕੰਮ ਨੂੰ, ਕੰਮ ਹੁੰਦਾ ਰਹੇਗਾ। ਗੋਲੀ ਲੈ ਕੇ ਸੌਂ ਜਾ। ਕੱਪੜੇ ਜਦੋਂ ਪਾਉਣੇ ਹੋਏ, ਦੇਖੀ ਜਾਵੇਗੀ। ਮਸ਼ੀਨ ਵਿੱਚ ਪਏ ਰਹਿੱਣ ਦੇ, ਗਰਮ ਕਰਕੇ ਪਾ ਲਵਾਂਗੇ। " ਮੇਰੇ ਕੋਲੋ ਰਿਹਾ ਨਾਂ ਗਿਆ। ਮੈਂ ਫਿਰ ਕਹਿ ਦਿੱਤਾ, " ਕਾਰਪਿਟ ਉਤੇ ਗਰਦ ਚੜ੍ਹੀ ਪਈ ਹੈ। ਇਸ ਉਤੇ ਮਸ਼ੀਨ ਮਾਰ ਦਿਉ। " ਮੈਂ ਟੇਡੀ ਜਿਹੀ ਅੱਖ ਨਾਲ ਦੇਖਿਆ। ਉਸ ਨੇ ਮੱਥੇ ਉਤੇ ਹੱਥ ਧਰ ਲਿਆ ਸੀ। ਉਸ ਨੇ ਕਿਹਾ, " ਇਸ ਤੋਂ ਬਿਮਾਰ ਤੋਂ ਵੀ ਟਿੱਕ ਕੇ ਅਰਾਮ ਨਹੀਂ ਹੁੰਦਾ। ਨਾਂ ਕਿਸੇ ਨੂੰ ਬੈਠਣ ਦਿੰਦੀ ਹੈ। ਬੈਕਿਊਮ ਚਲਣ ਨਾਲ ਖੜਕਾ ਹੋਵੇਗਾ। ਉਸ ਨਾਲ ਘੁੰਮੇਰ ਹੋਰ ਆਵੇਗੀ। ਬੈਕਿਊਮ ਆਪੇ ਹੁੰਦੀ ਰਹੇਗੀ। " ਮੈਨੂੰ ਕਹਿਣਾਂ ਪਿਆ, " ਇਹ ਤਾਂ ਕੀਤੇ ਹੀ ਕੰਮ ਮੁੱਕਣੇ ਹਨ। ਕੀ ਤੁਸੀਂ ਮੇਰੇ ਠੀਕ ਹੋਣ ਤੱਕ, ਸੱਥਰ ਵਿਛਾ ਕੇ ਬੈਠੇ ਰਹਿੱਣਾਂ ਹੈ? ਕੀ ਕੋਈ ਵੀ ਕੰਮ ਨਹੀਂ ਕਰਨਾਂ? ਅੱਜ ਮੇਰੇ ਕੋਲੋ ਰੋਟੀ ਨਹੀਂ ਪੱਕਣੀ। " ਉਸ ਨੇ ਫਿਰ ਅੱਗੋ ਕਹਿ ਦਿੱਤਾ, " ਤੂੰ ਹੁਣ ਰੋਟੀ ਦਾ ਫ਼ਿਕਰ ਕਰਕੇ, ਤਾਪ ਨਾਂ ਚੜ੍ਹਾ ਲਵੀਂ। ਛੱਡ ਰੋਟੀ ਨੂੰ ਅੱਜ ਪੀਜ਼ਾ ਮੰਗਾ ਲਵਾਗੇ। ਕੋਈ ਭਾਂਡਾ ਵੀ ਧੋਤਾ ਨਹੀਂ ਹੈ। ਹੋਰ ਭਾਡੇ ਕਾਹਨੂੰ ਜੂਠੇ ਕਰਨੇ ਹਨ। ਤੂੰ ਤਾਂ ਕੁੱਝ ਖਾਂਣਾਂ ਨਹੀਂ ਹੋਣਾਂ। ਬੱਚਿਆਂ ਨੂੰ ਕਹਿ ਕੇ ਸੇਵੀਆਂ, ਚੌਲ ਬਣਵਾ ਲੈ। ਆਪਦਾ ਖਿਆਲ ਰੱਖ, ਤੇਰੇ ਬਗੈਰ ਤਾਂ ਅਸੀਂ ਕਾਹਦੇ ਜੋਗੇ ਹਾਂ। ਸਾਡਾ ਘਰ ਕਿਵੇ ਚੱਲੇਗਾ? ਬਹੁਤ ਔਖਾ ਹੋ ਜਾਂਣਾਂ ਹੈ। " ਮੈਂ ਰਜ਼ਾਈ ਵਗਾ ਕੇ ਮਾਰੀ। ਮੈਂ ਕਿਹਾ, " ਮੈਨੂੰ ਕੱਝ ਨਹੀਂ ਹੋਇਆ। ਤੁਸੀਂ ਤਾਂ ਆਏਂ ਅਫ਼ਸੋਸ ਕਰਨ ਬੈਠ ਗਏ। ਜਿਵੇ ਮੈਂ ਮਰਨ ਲੱਗੀ ਹਾਂ। ਸਿੱਧੀ ਜਿਹੀ ਗੱਲ ਹੈ। ਤੁਸੀਂ ਘਰ ਦੇ ਸੌਦੇ ਲੈ ਕੇ ਆਵੋ। ਮੈਂ ਘਰ ਦੇ ਕੰਮ ਕਰਦੀ ਹਾਂ। " ਅੱਗੋ ਜੁਵਾਬ ਮਿਲਿਆ, " ਸਾਡਾ ਤਾ ਤੂੰ ਡਰਾ-ਡਰਾ ਕੇ ਤਰਾਹ ਕੱਢ ਦਿਤਾ ਸੀ। ਘਰ ਦੇ ਕੰਮ ਜੇ ਮੈਂ ਕਰਨੇ ਹੁੰਦੇ। ਸੱਤ-ਸਮੁੰਦਰੋਂ ਪਾਰ ਤੈਨੂੰ ਕਾਸਨੂੰ ਲਿਉਣਾਂ ਸੀ? ਸੌਦੇ ਲੈ ਆਉਂਦੇ ਹਾਂ। ਨਾਲੇ ਫਿਰ ਤੁਰ ਆਉਂਦੇ ਹਾਂ। ਤੂੰ ਵੀ ਤੁਰੀ ਫਿਰੇਗੀ, ਆਪੇ ਮਨ ਠੀਕ ਹੋ ਜਾਵੇਗਾ। ਲੰਮੇ ਪਏ ਨੂੰ ਵੱਧ ਘੁੰਮੇਰ ਆਉਂਦੀ ਹੈ। ਤੂੰ ਨਾਲ ਹੀ ਚੱਲ, ਬਾਹਰ ਦੀ ਤਾਜ਼ੀ ਹਵਾ ਲੱਗ ਕੇ ਠੀਕ ਹੋ ਜਾਵੇਗੀ। ਰਸੋਈ ਗਰੋਸਰੀ-ਸੌਦਿਆਂ ਨਾਲ ਭਰ ਗਈ, ਤਾ ਤੂੰ ਆਪੇ ਠੀਕ ਹੋ ਜਾਂਣਾਂ ਹੈ।"
Comments
Post a Comment