ਦੁਨੀਆ ਵਾਲੇ ਦੂਜੇ ਨੂੰ ਨੰਗਾ ਦੇਖਣਾ ਚਾਹੁੰਦੇ ਹਨ
ਉਸ ਦੀ ਘੱਗਰੀ ਘੁੰਮਣ ਕਰਕੇ, ਉੱਪਰ ਨੂੰ ਉੱਠ ਜਾਂਦੀ ਸੀ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com
ਚੈਨ ਨੇ, ਆਪਦਾ ਵਿਆਹ ਕਰਾ ਕੇ, ਆਪਦੇ ਮਾਪਿਆਂ ਨੂੰ ਦੱਸਿਆ ਸੀ। ਜੇ ਪਹਿਲਾਂ ਵੀ ਦੱਸ ਦਿੰਦਾ। ਇੱਕ ਹਫ਼ਤੇ ਵਿੱਚ ਆਉਣਾ ਮੁਸ਼ਕਲ ਸੀ। 35 ਘੰਟੇ ਦਾ ਸਮਾਂ ਪੰਜਾਬ ਤੋਂ ਕੈਨੇਡਾ ਤੱਕ ਦਾ ਹੈ। ਜਿਸ ਵਿੱਚ 20 ਘੰਟੇ ਜਹਾਜ਼ ਦਾ ਸਫ਼ਰ ਹੈ। ਪੰਜਾਬ ਤੋਂ ਦਿੱਲੀ ਤੱਕ ਦਾ ਰਸਤਾ ਵੀ ਹੈ। ਦੋ-ਤਿੰਨ ਏਅਰਪੋਰਟ, ਉੱਤੇ ਬਹੁਤ ਸਮਾਂ ਲੱਗ ਜਾਂਦਾ ਹੈ। ਸਾਰੇ ਜਾਣਦੇ ਹਨ, ਭਾਰਤ ਵਿੱਚ ਪੇਪਰ ਬਣਾਉਣ ਨੂੰ ਕਿੰਨਾ ਸਮਾਂ ਲੱਗਦਾ ਹੈ? ਫਿਰ ਕੈਨੇਡਾ ਆਏ, ਮਹਿਮਾਨ ਨੂੰ ਸੰਭਾਲਣਾ ਕਿਤੇ ਸੌਖਾ ਹੈ? ਪੰਜਾਬ ਵਿਚੋਂ ਆਏ ਲੋਕ, ਆਪਣਾ ਆਪ ਹੀ ਨਹੀਂ ਸੰਭਾਲ ਸਕਦੇ। ਚਾਹ ਬਣਾ ਕੇ, ਚਾਹ ਦਾ ਕੱਪ, ਹੱਥ ਵਿੱਚ ਫੜਾਉਣਾ ਪੈਂਦਾ ਹੈ। ਦਾਲ ਰੋਟੀ ਵੀ, ਪਲੇਟ ਵਿੱਚ ਰੱਖ ਕੇ, ਦੇਣੀ ਪੈਂਦੀ ਹੈ। ਕੈਨੇਡਾ ਦੀ ਜ਼ਿੰਦਗੀ, ਇੰਨੀ ਭੱਜ ਨੱਠ ਦੀ, ਮਹਿਮਾਨਾਂ ਨੂੰ ਚੋਗ਼ਾ ਖਲ਼ਾਉਣ ਦਾ, ਚੋਜ ਕਰਨ ਦਾ ਸਮਾਂ ਨਹੀਂ ਹੈ। ਜੇ ਕੋਈ ਚਾਹ, ਦਾਲ-ਰੋਟੀ ਬਣਾ ਸਕਦਾ ਹੋਵੇ। ਫਿਰ ਕੋਈ ਤਕਲੀਫ਼ ਨਹੀਂ ਹੈ। ਸ਼ਾਇਦ ਇਸੇ ਕਰਕੇ, ਚੈਨ ਨੇ, ਆਪ ਦੇ ਵਿਆਹ ਦੀ ਭਾਫ਼ ਵੀ ਨਹੀਂ ਕੱਢੀ ਸੀ। ਉਸ ਨੂੰ ਪਤਾ ਸੀ। ਵਿਆਹ ਦਾ ਪਤਾ ਲੱਗਦੇ ਹੀ, ਘਰ ਵਾਲਿਆਂ ਨੇ ਚਾਰ ਕੱਪੜੇ ਪਾ ਕੇ ਤੁਰ ਪੈਣਾ ਹੈ। ਬਾਕੀ ਦੇ ਕੱਪੜੇ ਇੱਥੋਂ ਖ਼ਰੀਦ ਕੇ ਦੇਣੇ ਪੈਣੇ ਹਨ।
ਸਾਡੇ ਗੁਆਂਢ ਵਿਆਹ ਸੀ। ਉਨ੍ਹਾਂ ਨੇ ਮੁੰਡੇ ਦਾ ਤਾਇਆ, ਪੰਜਾਬ ਤੋਂ ਸੱਦ ਲਿਆ। ਆਇਆ ਵਿਆਹ ਉੱਤੇ ਸੀ। ਦੋ ਜੋੜੇ ਕੁੜਤੇ-ਪਜਾਮੇ ਦੇ ਹੈਂਡ ਬੈਗ ਵਿੱਚ ਪਾ ਕੇ, ਕੈਨੇਡਾ ਆ ਗਿਆ। ਦੂਜੇ ਦਿਨ ਵਿਆਹ ਸੀ। ਬਾਕੀ ਸਬ ਦੇ ਕੋਟ-ਪਿੰਟ ਪਾਏ ਸਨ। ਬਗੈਰ ਪ੍ਰੈੱਸ ਕੀਤਿਆਂ, ਉਹ ਕੁੜਤਾ-ਪਜਾਮਾ ਪਾਈ ਫਿਰਦਾ ਸੀ। ਉਸ ਨੂੰ ਮੁੰਡੇ ਦੀ ਮਾਂ ਨੇ ਕਹਿ ਦਿੱਤਾ, " ਤੂੰ ਮੁੰਡੇ ਦਾ ਤਾਇਆਂ ਹੈ। ਤੇਰੀ ਟੋਹਰ ਸਬ ਤੋਂ ਵੱਧ ਚਾਹੀਦੀ ਹੈ। " ਉਸ ਨੇ ਆਪਦੀ ਛੋਟੀ ਭਰਜਾਈ ਨੂੰ ਕਿਹਾ, " ਮੈਂ ਤਾਂ ਸੋਚਿਆ ਸੀ। ਕੋਟ-ਪਿੰਟ ਤੁਸੀਂ ਖ਼ਰੀਦ ਕੇ ਦਿਉਗੇ। " ਮੁੰਡੇ ਦੀ ਮਾਂ ਨੇ, ਆਪਦੇ ਪਤੀ ਦਾ, ਕੋਟ-ਪਿੰਟ ਦੇ ਦਿੱਤਾ। ਦੋਨੇਂ ਭਰਾਵਾਂ ਦਾ ਸਰੀਰ ਤੇ ਕੱਦ-ਕਾਠ ਇੱਕੋ ਜਿਹਾ ਸੀ। ਡੰਗ ਸਰ ਗਿਆ। ਉਸ ਨੇ, ਇੰਨੀ ਸ਼ਰਾਬ ਪੀ ਲਈ ਸੀ। ਕਈ ਬਾਰ ਭੁੰਜੇ ਡਿੱਗਿਆ। ਆਪਣਾ ਆਪ ਤੇ ਕੱਪੜੇ ਲਿਬੇੜ ਲਏ ਸਨ। ਅਨੰਦ ਕਾਰਜ ਪਿੱਛੋਂ ਹੀ ਗੁਰਦੁਆਰੇ ਸਾਹਿਬ ਵਿੱਚੋਂ ਨਿਕਲਣ ਸਾਰ, ਪੀਣ ਲੱਗ ਗਿਆ। ਉਦੋਂ ਹੀ ਘੰਟੇ ਕੁ ਵਿੱਚ, ਉਹ ਸ਼ਰਾਬੀ ਹੋ ਗਿਆ।
ਕੈਨੇਡਾ ਵਿੱਚ ਵਿਆਹ, ਹੁਣ ਦੇ ਪੰਜਾਬ ਦੇ ਪੇਂਡੂਆਂ ਦੇ, ਵਿਆਹ ਵਰਗੇ ਨਹੀਂ ਹੁੰਦੇ। ਉੱਥੇ ਪੰਜਾਬ ਦੇ ਪੇਂਡੂਆਂ ਨੇ, ਕੰਜਰਾਂ ਵਾਲਾ ਕੰਮ ਫੜਿਆ ਹੈ। ਮੁੰਡਾ-ਕੁੜੀ ਚਾਰ ਜਾਣਿਆਂ ਨਾਲ, ਗੁਰਦੁਆਰੇ ਸਾਹਿਬ ਵਿੱਚ, ਅਨੰਦ ਕਾਰਜ ਕਰਾ ਰਹੇ ਹੁੰਦੇ ਹਨ। ਬਾਕੀ ਸਾਰੇ ਦੋਸਤ, ਮਿੱਤਰ ਰਿਸ਼ਤੇਦਾਰ ਨੱਚਣ ਵਾਲੀਆਂ ਨੂੰ ਨੱਚਦੀਆਂ ਦੇਖਦੇ ਹਨ। ਜਿਵੇਂ ਕਈ ਦਿਨਾਂ ਤੋਂ ਭੁੱਖੇ ਹੋਣ, ਖਾ-ਪੀ ਰਹੇ ਹੁੰਦੇ ਹਨ। ਕਈ ਐਡੇ ਕੰਜਰ ਹਨ। ਨੱਚਣ ਵਾਲੀਆਂ ਨਾਲ, ਗੇੜੇ ਦੇਣ ਲੱਗੇ ਹੁੰਦੇ ਹਨ। ਪੰਜਾਬ ਵਿੱਚ ਕਿਸੇ ਨੇ, ਵਿਆਹ ਉੱਤੇ, ਲਾਗਲੇ ਇਲਾਕੇ ਦੇ ਠਾਣੇਦਾਰ, ਪਿੰਡਾਂ ਦੇ ਸਰਪੰਚ ਵੀ ਸੱਦੇ ਹੋਏ ਸਨ। ਇੱਕ ਨੱਚਣ ਵਾਲੀ ਦੇ, ਗੋਡਿਆਂ ਤੱਕ ਘੱਗਰੀ ਪਾਈ ਹੋਈ ਸੀ। ਉਹ ਜਦੋਂ ਸਟੇਜ ਉੱਤੇ ਗੇੜਾ ਦਿੰਦੀ ਸੀ। ਉਸ ਦੀ ਘੱਗਰੀ ਘੁੰਮਣ ਕਰਕੇ, ਉੱਪਰ ਨੂੰ ਉੱਠ ਜਾਂਦੀ ਸੀ। ਕਈ ਗਰਦਨ ਟੇਡੀ ਕਰਕੇ, ਘੱਗਰੀ ਦੇਖਦੇ ਸਨ। ਉਨ੍ਹਾਂ ਵਿਚੋਂ ਇੱਕ ਮੁੰਡਾ ਵੀ ਸਰਪੰਚ ਸੀ। ਉਸ ਨੇ ਰੱਜ ਕੇ ਦਾਰੂ ਪੀਤੀ ਹੋਈ ਸੀ। ਜਦੋਂ ਘੱਗਰੀ ਵਾਲੀ ਜਾਣ-ਜਾਣ ਕੇ, ਘੱਗਰੀ ਘੁੰਮਾਉਂਦੀ ਸੀ। ਇਹ ਵੀ ਆਪਦੀ ਗਰਦਨ, ਧਰਤੀ ਵੱਲ ਨੂੰ ਲੈ ਜਾਂਦਾ ਸੀ। ਦਿਸਣਾ ਸੁਆਹ ਸੀ। ਜਦ ਨੂੰ ਗਰਦਨ ਟੇਢੀ ਹੋ ਕੇ, ਥੱਲੇ ਨੂੰ ਜਾਂਦੀ ਸੀ। ਇਹ ਘੁੰਮਣੋਂ ਹੱਟ ਜਾਂਦੀ ਸੀ। ਇਹ ਸਰਪੰਚ ਨੇ ਇੰਨੀ ਪੀ ਲਈ ਸੀ। ਪੈਲੇਸ ਵਿੱਚ ਹੀ ਰੌਲਾ ਪਾ ਕੇ ਖੜ੍ਹ ਗਿਆ। ਸਰਪੰਚ ਕਹਿੰਦਾ , " ਇਸ ਘੱਗਰੀ ਵਾਲੀ ਨੂੰ, ਮੋਟਰ ਤੇ ਲੈ ਕੇ ਜਾਣਾ ਹੈ। ਇਸ ਦੀ ਘੱਗਰੀ ਚੁਕਾਉਣੀ ਹੈ। " ਅਗਲੇ ਦਿਨ ਪੇਪਰਾਂ ਵਿੱਚ ਖ਼ਬਰ ਸੀ। ਸਭਿਆਚਾਰਕ ਵਾਲੀ ਪੰਜਾਬਣ ਦੀ, ਬਲਾਤਕਾਰ ਕਰਕੇ, ਸਿਟੀ ਹੋਈ, ਲਾਸ਼ ਲੱਭੀ ਹੈ।
ਕੈਨੇਡਾ ਵਿਆਹ ਵਿੱਚ, ਅਨੰਦ ਕਾਰਜ ਦੇਖਣ, ਸਾਰੇ ਦੋਸਤ, ਮਿੱਤਰ ਰਿਸ਼ਤੇਦਾਰ, ਗੁਰਦੁਆਰੇ ਸਾਹਿਬ ਵਿੱਚ ਜਾਂਦੇ ਹਨ। ਕਿਸੇ ਨੂੰ ਸ਼ਰਾਬ ਪੀਣ ਦਾ ਖ਼ਿਆਲ ਵੀ ਨਹੀਂ ਰਹਿੰਦਾ। ਸ਼ਾਮ ਨੂੰ ਸੱਤ ਵਜੇ ਦੇ ਕਰੀਬ ਪਾਰਟੀ ਸ਼ੁਰੂ ਹੁੰਦੀ ਹੈ। 12 ਵਜੇ ਤੱਕ ਜਿੰਨਾ ਮਰਜ਼ੀ ਧੂਤਕੜਾ ਪਾ ਲਵੋ। ਪੀ ਜਾਵੋ। ਚਾਹੇ ਡਿੱਗੀ ਜਾਵੋ। ਘਰ ਪਹੁੰਚੋ, ਚਾਹੇ ਸੜਕ ਉੱਤੇ ਪੁਲੀਸ ਵਾਲਿਆਂ ਵੱਲੋਂ ਫੜੇ ਜਾਵੋ। ਮੁੰਡਾ-ਕੁੜੀ ਵਿਆਹੇ ਗਏ। ਦੋਸਤਾਂ, ਮਿੱਤਰਾਂ ਰਿਸ਼ਤੇਦਾਰਾਂ ਨੂੰ ਖੁੱਲ੍ਹੀ ਛੁੱਟੀ ਹੁੰਦੀ ਹੈ। ਜਿਵੇਂ ਮਰਜ਼ੀ ਵਿਆਹ ਦੀ ਖ਼ੁਸ਼ੀ ਮੰਨਾਵੋ। ਵਿਆਹ ਕਿਸੇ ਹੋਰ ਦਾ ਹੁੰਦਾ ਹੈ। ਨੱਚ-ਨੱਚ ਕੇ, ਗਿੱਟੇ ਹੋਰ ਤੁੜਵਾ ਲੈਂਦੇ ਹਨ। ਕਈ ਤਾਂ ਵਿਆਹ ਵਿੱਚ, ਰੰਗ ਵਿੱਚ ਭੰਗ ਪਾਉਣੋਂ ਨਹੀਂ ਹਟਦੇ। ਕਿਸੇ ਨਾਂ ਕਿਸੇ ਨਾਲ, ਜੁੱਤੀਓ-ਜੁੱਤੀ ਹੋਏ ਰਹਿੰਦੇ ਹਨ। ਮੁਫ਼ਤ ਦੀ ਪਚਾਉਣੀ ਔਖੀ ਹੈ।
ਚੈਨ ਨੇ ਇਸੇ ਲਈ, ਆਪਦੇ ਵਿਆਹ ਵਿੱਚ, ਮਾਪਿਆਂ ਨੂੰ ਨਹੀਂ ਸੱਦਿਆ ਸੀ। ਉਸ ਦਾ ਘਰ ਵੀ ਇੱਕੋ ਕਮਰੇ ਦਾ ਸੀ। ਇੰਨੇ ਕੁ ਥਾਂ ਵਿੱਚ, ਉਸ ਦੇ ਤੇ ਪ੍ਰੀਤੀ ਵਿੱਚ, ਮਾਪੇ ਕਿਥੇ ਰਹਿੰਦੇ? ਜਦੋਂ ਪੁੱਤਰ ਵਿਆਹਿਆ ਜਾਂਦਾ ਹੈ। ਰੋਟੀ ਪਕਾਉਣ ਵਾਲੀ ਆ ਜਾਂਦੀ ਹੈ। ਮਾਂ ਦੀ ਬਹੁਤੀ ਲੋੜ ਨਹੀਂ ਰਹਿੰਦੀ। ਫਿਰ ਨਵੇਂ ਹੱਥਾਂ ਦੀਆਂ ਰੋਟੀਆਂ ਸੁਆਦ ਲੱਗਦੀ ਹਨ। ਕਈ ਅੱਜ ਕਲ ਦੀਆਂ ਨੂੰਹਾਂ, ਸੱਸ ਨੂੰ ਨੌਕਰਾਣੀ ਬਣਾਂ ਲੈਂਦੀਆਂ ਹਨ। ਆਪ ਕੋਈ ਕੰਮ ਨਹੀਂ ਕਰਦੀਆਂ। ਹੋ ਸਕਦਾ ਹੈ, ਚੈਨ ਨੇ, ਮਾਂ ਤਾਂਹੀਂ ਨਾਂ ਸੱਦੀ ਹੋਵੇ। ਬਈ ਸੱਸ ਨੂੰਹ ਨੇ, ਚਾਰ ਰੋਟੀਆਂ ਬਣਾਉਣ ਪਿੱਛੇ ਲੜਨਾ ਹੀ ਹੈ। ਜੇ ਨੂੰਹ ਵਿਆਹੀ ਦਾ ਇੰਨਾ ਚਾਅ ਹੋਵੇ, ਸੱਸ ਨੂੰਹ ਕੋਲੋਂ ਬਚ ਕੇ ਰਹੇ। ਪੁਰਾਣੇ ਹੱਡ ਟੁੱਟ ਕੇ, ਜੁੜਦੇ ਨਹੀਂ ਹਨ। ਨੂੰਹਾਂ ਬਾਰੇ ਸਾਰੇ ਜਾਣਦੇ ਹਨ। ਮਾੜੇ ਘਰਾਂ ਦੀਆਂ ਧੀਆਂ, ਸਹੁਰੇ ਘਰ ਵੜਦੀਆਂ ਹੀ, ਸੱਸ-ਸੌਰੇ ਦਾ, ਗੋਲ ਬਿਸਤਰਾ ਕਰ ਦਿੰਦੀਆਂ ਹਨ। ਅਗਲੇ ਦਾ ਪੁੱਤ ਸੰਭਾਲ ਲੈਂਦੀਆਂ ਹਨ। ਮਰਦ ਦੋਨਾਂ ਦੇ ਵਿੱਚਕਾਰ ਫਸ ਕੇ, ਸੁੱਕੇ ਪੱਤੇ ਵਾਂਗ ਖੜਕ ਜਾਂਦਾ ਹੈ। ਚੈਨ ਤੇ ਪ੍ਰੀਤ ਇਸ ਝਮੇਲੇ ਤੋਂ ਬੱਚ ਗਏ ਹਨ। ਜੋ ਮੁੰਡੇ ਸੱਸ-ਨੂੰਹ ਦੇ ਜੱਬ ਵਿੱਚ ਫਸ ਜਾਂਦੇ ਹਨ। ਉਹ ਕਦੇ ਦੂਜਾ ਵਿਆਹ ਨਹੀਂ ਕਰਾ ਸਕਦੇ। ਇੱਕੋ ਵਿਆਹ ਹੀ ਕੰਨਾਂ ਨੂੰ ਹੱਥ ਲੁਆ ਦਿੰਦਾ ਹੈ।

Comments

Popular Posts