ਭਾਗ 10 ਦੱਸ ਤੇਰੀ ਕੀ ਮਰਜ਼ੀ ਹੈ? ਜ਼ਿੰਦਗੀ ਜੀਨੇ ਦਾ ਨਾਮ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ

ਲੋਕੀ ਵਿਆਹ ਵਾਲੀਆਂ ਕਾਰਾਂ ਨੂੰ ਫੁੱਲਾਂ ਨਾਲ ਸਜਾਉਂਦੇ ਹਨ। ਇੱਕ ਤਾਂ ਫੁੱਲਾਂ ਦੀ ਬੇਅਦਬੀ ਕਰਦੇ ਹਨ। ਪੈਸਾ ਬੇਕਾਰ ਖ਼ਰਾਬ ਕਰਦੇ ਹਨ। ਜੇ ਕੋਈ ਸਜਾਵਟ ਨਹੀਂ ਕਰਦਾ, ਲੋਕੀ ਐਸੇ ਬੰਦਿਆਂ ਨੂੰ ਕੰਜੂਸ ਕਹਿੰਦੇ ਹਨ। ਮਿਹਰੂ ਨੇ ਇੱਕ ਪੈਸੇ ਦਾ ਕਾਗ਼ਜ਼ ਦਾ ਫੁੱਲ ਵੀ ਡੋਲੀ ਦੀ ਕਾਰ ਨੂੰ ਨਹੀਂ ਲਗਾਇਆ ਸੀ। ਪ੍ਰੇਮ ਤੇ ਮਿਹਰੂ ਪਿਉ-ਪੁੱਤ ਪੈਸੇ ਖ਼ਰਚਣ ਦੇ ਮਾਮਲੇ ਵਿੱਚ ਇੱਕੋ ਜਿਹੇ ਹੀ ਸਨ। ਜਿੰਨੇ ਦੇ ਕਾਰ ਤੇ ਫੁੱਲ ਲਗਾਉਣੇ ਸਨ। ਬੈਂਡ-ਵਾਜੇ ਵਾਲੇ ਸ਼ੋਰ ਪਾਉਣ ਨੂੰ ਲਿਆਉਣੇ ਸਨ। ਉਨੇ ਪੈਸਿਆਂ ਵਿੱਚ ਸ਼ਰਾਬ ਦੀਆਂ ਕਈ ਪੇਟੀਆਂ ਖ਼ਰੀਦ ਸਕਦੇ ਸਨ। ਸਬ ਦੀ ਆਪੋ ਆਪਣੀ ਸੋਚਣੀ ਹੈ। ਕਈ ਪੈਸੇ ਨਾਲ ਮਨ ਦਾ ਮਨੋਰੰਜਨ ਕਰਦੇ ਹਨ। ਕਈ ਸਰੀਰ ਲਈ ਚੰਗਾ ਭੋਜਨ ਖ਼ਰੀਦਦੇ ਹਨ।

ਔਰਤਾਂ ਨੇ ਗੀਤ ਗਾਏ, “ ਮੇਰੇ ਬਾਗ਼ਾਂ ਦੀ ਕੋਇਲ ਕਹਾਂ ਚੱਲੀ ਆ।   ਕੈਲੋ ਨੂੰ ਡੋਲੀ ਵਿੱਚ ਬੈਠਾ ਦਿੱਤਾ। ਜਦੋਂ ਕੈਲੋ ਦੀ ਡੋਲੀ ਸਹੁਰੇ ਘਰ ਪਹੁੰਚੀ। ਘਰ ਦੇ ਹੀ ਬੰਦੇ-ਔਰਤਾਂ ਸਨ। ਰਿਸ਼ਤੇਦਾਰ ਕੰਮਾਂ ਦੇ ਕਰਕੇ ਆਪਦੇ ਘਰਾਂ ਨੂੰ ਮੁੜ ਗਏ ਸਨ। ਕੈਲੋ ਨੂੰ ਇਸ ਤਰਾਂ ਲੱਗਿਆ। ਜਿਵੇਂ ਗੁੱਡੇ-ਗੁੱਡੀ ਦਾ ਖੇਡ ਹੁੰਦਾ ਹੈ। ਪਾਣੀ ਵਾਰਨ ਵੇਲੇ ਕਿਸੇ ਨੇ ਗੀਤ ਨਹੀਂ ਗਾਇਆ। ਕਿਸੇ ਦੇ ਮੂੰਹ ਉੱਤੇ ਕੋਈ ਰੌਣਕ ਨਹੀਂ ਸੀ। ਕੈਲੋ ਨੂੰ ਮੰਜੇ ਉੱਤੇ ਬੈਠਾ ਦਿੱਤਾ। ਡਿੱਕ ਉੱਤੇ ਗਾਣਾ ਵੱਜ ਰਿਹਾ ਸੀ, “ ਸਹੁਰੇ ਦੀ ਲਾਲ ਮੂਰਤੀ ਨੇ, ਚੱਕਾ ਜਾਮ ਕਰਤਾ। ਦਾਜ ਵਿੱਚ ਮਿਲੀ, ਕਾਰ ਵਿਹੜੇ ਵਿੱਚ ਖੜ੍ਹੀ ਸੀ। ਪ੍ਰੇਮ ਕੋਲ ਕਈ ਬੰਦੇ ਆਏ। ਸਬ ਦੀ ਨਿਗ੍ਹਾ ਕਾਰ ਵਿੱਚ ਸੀ। ਉਹ ਵਿਆਹ ਦੀ ਖ਼ੁਸ਼ੀ ਵਿੱਚ ਸ਼ਰਾਬ ਪੀਣੀ ਚਾਹੁੰਦੇ ਸਨ। ਉਨ੍ਹਾਂ ਨੂੰ ਇੱਕ ਬੋਤਲ ਫੜਾ ਕੇ ਤੋਰ ਦਿੱਤਾ ਸੀ। ਦੋ ਜਾਣੇ ਰੁਕ ਗਏ ਸਨ। ਇੱਕ ਨੇ ਪ੍ਰੇਮ ਦੇ ਕੰਨ ਕੋਲ ਹੋ ਕੇ ਕਿਹਾ, “ ਯਾਰ ਤੂੰ ਤਾਂ ਚੱਜ ਦੀ ਪਾਰਟੀ ਵੀ ਨਹੀਂ ਕੀਤੀ। ਸੁੱਕਾ ਹੀ ਸਾਰ ਦਿੱਤਾ। ਸਰਪੰਚਾਂ ਦੇ ਮੁੰਡੇ ਦਾ ਵੀ ਸਵੇਰੇ ਵਿਆਹ ਹੈ। ਉੱਥੇ ਅੱਜ ਸਭਿਆਚਾਰ ਵਾਲਿਆਂ ਦਾ ਪ੍ਰੋਗਰਾਮ ਸਾਰੀ ਰਾਤ ਚਲਣਾਂ ਹੈ। ਤੂੰ ਵੀ ਸਾਡੇ ਨਾਲ ਚੱਲ। ਉਨ੍ਹਾ ਦੇ ਵਿਆਹ ਦਾ ਅਸਲੀ ਨਜ਼ਾਰਾ ਹੈ। ਪ੍ਰੇਮ ਨੇ ਕਿਹਾ,” ਮੈਂ ਕਿਸੇ ਤੋਂ ਕੀ ਲੈਣਾ ਹੈ? ਮੇਰਾ ਤਾਂ ਆਪਦਾਂ ਹੁਣੇ ਵਿਆਹ ਹੋਇਆ ਹੈ। ਇੱਕ ਨੇ ਕਿਹਾ, “ ਅੱਜ ਹੀ ਤੀਵੀਂ ਦਾ ਬਣ ਕੇ ਬੈਠ ਗਿਆ। ਸਾਰੀ ਉਮਰ ਉਸੇ ਦੇ ਗੋਡੇ ਮੂਡ ਬੈਠਣਾ ਹੈ। ਪ੍ਰੇਮ ਤੇਰੀ ਵਹੁਟੀ ਕਿਹੜਾ ਪਿੱਛੋਂ ਭੱਜਣ ਲੱਗੀ ਹੈ? ਅੱਜ ਸਭਿਆਚਾਰ ਵਾਲੀਆ ਨਾਲ ਪ੍ਰੋਗਰਾਮ ਮਨਾਂ। ਉਨ੍ਹਾਂ ਨੂੰ ਚਾਰ ਪੈਸੇ ਦਿਖਾਂ। ਮੌਜ-ਮਸਤੀ ਮਨਾ। ਇਹੀ ਕੁੜੀਆਂ ਆਪਣੇ ਪਿੰਡ ਬੜੀ ਬਾਰ ਆ ਚੁੱਕੀਆਂ ਹਨ। ਸਾਨੂੰ ਚੰਗੀ ਤਰਾਂ ਜਾਣਦੀਆਂ ਹਨ। ਉਸ ਨੇ ਬੁੱਲ੍ਹਾਂ ਉੱਤੇ ਜੀਭ ਫੇਰੀ। ਪ੍ਰੇਮ ਨਸ਼ੇ ਵਿੱਚ ਸੀ। ਉਨ੍ਹਾਂ ਨਾਲ ਚਲਾ ਗਿਆ। ਪ੍ਰੇਮ ਸਭਿਆਚਾਰ ਵਾਲੀਆ ਕੁੜੀਆਂ ਉੱਤੋਂ ਦੀ ਨੋਟ ਸਿੱਟਣ ਲੱਗਾ। ਇਹ ਕੁੜੀਆਂ ਦੀ ਨਿਗ੍ਹਾ ਥੱਲੇ ਆ ਗਿਆ। ਕੁੜੀਆਂ ਪ੍ਰੇਮ ਦਾ ਹੱਥ ਫੜ ਕੇ ਨੱਚਣ ਲੱਗੀਆਂ। ਪ੍ਰੇਮ ਨੋਟਾਂ ਦੇ ਜ਼ੋਰ ਤੇ ਉਨ੍ਹਾਂ ਕੁੜੀਆਂ ਉੱਤੇ ਹੱਕ ਸਮਝਣ ਲੱਗਾ ਸੀ। ਕੁੜੀਆਂ ਨੂੰ ਪੁੱਠੀਆਂ ਸਿੱਧੀਆਂ ਕਰਕੇ ਨਚਾ ਰਿਹਾ ਸੀ। ਪ੍ਰੇਮ ਅਜੇ ਉਨ੍ਹਾਂ ਨਾਲ ਕਲੋਲ ਕਰਨ ਹੀ ਲੱਗਿਆ। ਉੱਨੇ ਚਿਰ ਨੂੰ ਉਸ ਦਾ ਦਾਦਾ ਆ ਗਿਆ।

ਉਹ ਵਿਆਹ ਵਾਲੇ ਮੁੰਡੇ ਨੂੰ ਸ਼ਗਨ ਦੇਣ ਆਇਆ ਸੀ। ਸਟੇਜ ਤੇ ਉਸ ਨੂੰ ਪ੍ਰੇਮ ਦਿਸ ਗਿਆ। ਦਾਦੇ ਨੇ ਹਾਕ ਮਾਰੀ। ਪ੍ਰੇਮ ਨੂੰ ਨਹੀਂ ਸੁਣੀ। ਦਾਦਾ ਸਟੇਜ ਤੇ ਚੜ੍ਹ ਗਿਆ। ਲੋਕ ਤਾੜੀਆਂ ਮਾਰਨ ਲੱਗ ਗਏ। ਬਈ ਦਾਦਾ-ਪੋਤਾ ਇੰਨਾ ਅੰਧ-ਨੰਗੀਆਂ ਔਰਤਾਂ ਨਾਲ ਨੱਚਣਗੇ। ਲੋਕ ਹਰ ਤਰਾਂ ਦਾ ਤਮਾਸ਼ਾ ਦੇਖਣ ਨੂੰ ਤਿਆਰ ਰਹਿੰਦੇ ਹਨ। ਦਾਦੇ ਨੇ ਪ੍ਰੇਮ ਦੀ ਬਾਂਹ ਫੜ ਕੇ ਕਿਹਾ, “ ਕੰਜਰਾਂ ਘਰੇ ਡੋਲਾ ਰੱਖ ਕੇ, ਇੱਥੇ ਇੰਨਾ ਨਚਾਰਾਂ, ਖੁਸਰਿਆਂ ਨਾਲ ਨੱਚਣ ਲੱਗਾਂ ਹੈ। ਦੋਨੇਂ ਘਰ ਆ ਗਏ। ਕੈਲੋ ਦੇ ਕੰਨਾਂ ਵਿੱਚ ਇਹ ਗੱਲ ਪੈ ਗਈ ਸੀ। ਘਰ ਦੇ ਅੱਧੇ ਕੁ ਮੈਂਬਰ ਇਸ ਗੱਲ ਵਿੱਚ ਰਜ਼ਾਮੰਦ ਸਨ। ਪ੍ਰੇਮ ਨੂੰ ਕੈਲੇ ਦੇ ਕੋਲ ਅੱਜ ਹੀ ਪੈਣ ਦਿੱਤਾ ਜਾਵੇ। ਕੈਲੋ ਦੇ ਕੰਨ ਵੀ ਖੜ੍ਹੇ ਹੋ ਗਏ। ਪ੍ਰੇਮ ਦੀ ਭੈਣ ਦੀਆਂ ਦੋ ਸਹੇਲੀਆਂ ਆ ਗਈਆਂ ਸਨ। ਭਾਵੇਂ ਉਨ੍ਹਾਂ ਦੀ ਰਿਸ਼ਤੇਦਾਰੀ ਉਸੇ ਪਿੰਡ ਵਿੱਚ ਸੀ। ਭੈਣ ਕਹਿ ਰਹੀ ਸੀ, “ ਤੁਸੀਂ ਇੱਥੇ ਹੀ ਸੌ ਜਾਵੋ। ਉਨ੍ਹਾਂ ਵਿੱਚ ਛੋਟੀ ਸ਼ਰਾਰਤੀ ਸੀ। ਉਸ ਨੇ ਕਿਹਾ, “ ਤੁਸੀਂ ਸਾਨੂੰ ਕਿਥੇ ਪਾਵੋਗੇ? ਇੱਕ ਕਮਰਾ ਤਾਂ ਪ੍ਰੇਮ ਤੇ ਵਹੁਟੀ ਨੂੰ ਚਾਹੀਦਾ ਹੈ। “ “ ਮੇਰੇ ਭਰਾ ਨੂੰ ਐਡੀ ਕੋਈ ਕਾਹਲੀ ਨਹੀਂ ਹੈ। ਅਸੀਂ ਐਡੇ ਲੁੱਚੇ ਨਹੀਂ ਹਾਂ। ਬਾਕੀ ਸ਼ਗਨਾਂ ਵਾਂਗ ਹੀ ਸਾਡੇ ਸੁਹਾਗ-ਰਾਤ ਦੂਜੇ ਦਿਨ ਹੀ ਹੁੰਦੀ ਹੈ। ਸਾਰਿਆਂ ਨੇ ਵੱਡੇ ਕਮਰੇ ਵਿੱਚ ਮੰਜੇ ਜੋੜ ਕੇ ਸੌਣਾ ਹੈ।   ਪ੍ਰੇਮ ਨੇ ਚੋਰ ਅੱਖ ਨਾਲ ਕੈਲੋ ਵੱਲ ਦੇਖਿਆ। ਅੱਖਾਂ ਨਾਲ ਪੁੱਛ ਰਿਹਾ ਸੀ , “ ਦੱਸ ਤੇਰੀ ਕੀ ਮਰਜ਼ੀ ਹੈ? “ ਪਰ ਸਹੁਰੇ ਤਾਂ ਧੱਕਾ ਕਰਦੇ ਹਨ। ਮਰਜ਼ੀ ਕੌਣ ਪੁੱਛਦਾ ਹੈ? ਸਾਰੇ ਮੰਜੇ ਦਲਾਨ ਵਿੱਚ ਲੱਗ ਗਏ ਸਨ। ਭੈਣ ਰਾਖੀ ਲਈ ਦੋਨਾਂ ਦੇ ਵਿਚਾਲੇ ਪੈ ਗਈ ਸੀ।

 

Comments

Popular Posts