ਭਾਗ 2 ਘਰਦਿਆਂ ਨੂੰ ਤਾਂ ਖੁੰਝੇ ਲਾ ਕੇ ਰੱਖਣਾ ਚਾਹੀਦਾ ਹੈ ਜ਼ਿੰਦਗੀ ਜੀਨੇ ਦਾ ਨਾਮ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਰਿੱਕੀ ਨੇ ਆਪ ਦੇ ਦੋਸਤ ਜੱਸ ਨੂੰ ਫ਼ੋਨ ਕੀਤਾ। ਉਸ ਨੇ ਕਿਹਾ, “ ਅੱਜ ਮੇਰੇ ਘਰ ਵੀ ਉਹੀ ਕੰਮ ਹੋ ਗਿਆ। ਜੋ ਪਿਛਲੇ ਹਫ਼ਤੇ ਤੇਰੇ ਘਰ ਹੋਇਆ ਸੀ। ਮੈਂ ਵੀ ਫੱਟੇ ਚੱਕ ਦਿੱਤੇ ਹਨ। ਲੱਗਦਾ ਹੈ, ਹੁਣ ਚਾਰ ਦਿਨ ਸੌਖੇ ਲੰਘ ਜਾਣਗੇ। ਮਾਂ ਦੀ ਕੋਈ ਰੋਕ-ਟੋਕ ਨਹੀਂ ਕਰੇਗਾ। ਘਰਦਿਆਂ ਨੂੰ ਤਾਂ ਖੁੰਝੇ ਲਾ ਕੇ ਰੱਖਣਾ ਚਾਹੀਦਾ ਹੈ। ਬੁੜ੍ਹੀ ਨਾਲੇ ਕਮਾਈ ਕਰ ਕੇ, ਲਿਆ ਕੇ ਦਿੰਦੀ ਹੈ। ਅਸੀਂ ਦਾਦਾ, ਪੋਤਾ, ਪਿਉ ਉਸ ਦੀ ਬੋਲਤੀ ਬੰਦ ਕਰ ਕੇ ਰੱਖਦੇ ਹਾਂ। ਜੁੱਤੀ ਥੱਲੇ ਲਾਹ ਕੇ ਰੱਖਦੇ ਹਾਂ। ਔਰਤਾਂ ਨੂੰ ਦਬਾ ਕੇ ਹੀ ਰੱਖਣਾ ਚਾਹੀਦਾ ਹੈ। ਮੇਰੀ ਮਾਂ ਬਹੁਤ ਡਰ ਗਈ ਹੈ। ਮੇਰੇ ਮੂਹਰੇ ਕੁਸਦੀ ਨਹੀਂ ਹੈ। ਜੱਸ ਨੇ ਕਿਹਾ, ਮੈਂ ਯਾਰ ਆਪ ਦੇ ਡੈਡੀ ਨਾਲ ਤਾਂ ਲੜਿਆ ਸੀ। ਉਹ ਮੈਨੂੰ ਆਪ ਦੀ ਦਾਰੂ ਵਾਲੀ ਬੋਤਲ ਨਹੀਂ ਦਿੰਦਾ ਸੀ। ਸਿਗਰਟਾਂ ਵੀ ਮੇਰੇ ਕੋਲੋਂ ਲੁਕੋ ਕੇ ਰੱਖਣ ਲੱਗ ਗਿਆ। ਇਸੇ ਲਈ ਮੈਂ ਲੜ ਕੇ, ਤੇਰੇ ਘਰ ਆ ਗਿਆ ਸੀ। ਉਸ ਦਿਨ ਪੀਤੀ ਵਿੱਚ ਮੈਂ ਦੋਨੇਂ ਕਾਰਾਂ ਦੇ ਸਾਰੇ ਸ਼ੀਸ਼ੇ ਭੰਨ ਦਿੱਤੇ ਸਨ। ਦੋ ਦਿਨ ਪਹਿਲਾਂ ਸ਼ੀਸ਼ੇ ਪਵਾਏ ਹਨ। ਮਸਾਂ ਘਰਦਿਆਂ ਨਾਲ ਸਮਝੌਤਾ ਹੋਇਆ ਹੈ। “ “ ਕੀ ਤੂੰ ਕਾਰ ਲੈ ਕੇ, ਹੁਣੇ ਮੈਨੂੰ ਚੁੱਕਣ ਨਹੀਂ ਆ ਸਕਦਾ? ਜੇ ਨਹੀਂ ਆ ਸਕਦਾ, ਸਮਝ ਲੈ ਆਪਣੀ ਯਾਰੀ ਟੁੱਟ ਗਈ। “ “ ਮੇਰੀ ਵੀ ਪੀਤੀ ਹੋਈ ਹੈ। ਥੋੜੇ ਸਮੇਂ ਲਈ ਤੈਨੂੰ ਡਰਾਈਵ ਰਾਊਡ ਕਰਾ ਦਿੰਦਾ ਹਾਂ। ਜੇ ਕਿਤੇ ਜਾਣਾ ਹੈ। ਕਿਸੇ ਦੇ ਘਰ ਛੱਡ ਦਿੰਦਾ ਹਾਂ। ਮੈਨੂੰ ਆਪ ਦੇ ਘਰ 11 ਵਜੇ ਤੋਂ ਪਹਿਲਾਂ ਮੁੜਨਾ ਪੈਣਾ ਹੈ। ਜੇ ਲੇਟ ਹੋ ਗਿਆ। ਕਿਸੇ ਨੇ ਬਾਰ ਨਹੀਂ ਖਲੋਣਾ। “ “ ਠੀਕ ਹੈ, ਮੈਨੂੰ ਮੇਰੇ ਡੈਡੀ ਦੇ ਦੋਸਤ ਨੰਬਰਦਾਰ ਦੇ ਘਰ ਛੱਡ ਦੇ। ਉਸ ਘਰ ਵਿੱਚ ਕੋਈ ਜ਼ਨਾਨੀ ਵੀ ਨਹੀਂ ਹੈ। ਉੱਥੇ ਹੋਰ ਯਾਰ ਦੋਸਤ ਵੀ ਹੁੰਦੇ ਹਨ। ਉਮਰਾਂ ਵਿੱਚ ਕੀ ਰੱਖਿਆ ਹੈ? ਜਿਹੜਾ ਆਪਣੇ ਨਾਲ ਪੈੱਗ ਟੱਕਰਾਵੇ ਉਹੀ ਆਪਣਾ ਯਾਰ ਹੈ।

ਜੱਸ ਨੇ ਰਿੱਕੀ ਨੂੰ ਆਪ ਦੀ ਕਾਰ ਵਿੱਚ ਬੈਠਾ ਲਿਆ ਸੀ। ਉਸ ਦੇ ਘਰੋ ਕਾਰ ਵਿੱਚ ਰਾਈਡ ਦੇ ਦਿੱਤੀ ਸੀ। ਦੋਨਾਂ ਨੇ ਬੋਤਲ ਠੇਕੇ ਤੋਂ ਚੱਕੀ। ਦੋਨਾਂ ਨੇ ਬੋਤਲ 20 ਕੁ ਮਿੰਟਾਂ ਵਿੱਚ ਖ਼ਤਮ ਕਰ ਦਿੱਤੀ। ਨੰਬਰਦਾਰ ਦੇ ਘਰ ਮੂਹਰੇ ਸੜਕ ਤੇ ਉਤਾਰ ਦਿੱਤਾ। ਉਸ ਨੇ ਨੰਬਰਦਾਰ ਦੇ ਘਰ ਦੇ ਡੋਰ ਦੀ ਘੰਟੀ ਮਾਰੀ। ਨੰਬਰਦਾਰ ਦਾ ਬਾਪ ਘਰ ਸੀ। ਉਸ ਨੇ ਦਰਵਾਜ਼ਾ ਖ਼ੋਲ ਦਿੱਤਾ। ਰਿੱਕੀ ਨੂੰ ਲੜਖੜਾਉਂਦੇ ਨੂੰ ਦੇਖ ਕੇ, ਉਹ ਸਮਝ ਗਿਆ। ਅੱਜ ਰਾਤ ਇੱਥੇ ਹੀ ਕੱਟੇਗਾ। ਭਾਵੇਂ ਸਾਰੇ ਬੁੱਢੇ ਹੀ ਘੁੱਟ-ਘੁੱਟ ਪੀਂਦੇ ਹਨ। ਰੋਟੀ ਖਾਣ ਸੌਣ ਵੇਲੇ ਤੱਕ ਮੂੰਹ ਵਿੱਚੋਂ ਲਾੜਾ ਸਿੱਟਣ ਲੱਗ ਜਾਂਦੇ ਹਨ। ਰੋਟੀ ਖਾਂਦੇ ਚਿੱਟੀ ਦਾੜ੍ਹੀ, ਮੁੱਛਾਂ ਦਾਲ ਸਬਜ਼ੀ ਨਾਲ ਲਿਬੇੜ ਲੈਂਦੇ ਹਨ। ਅਸਲ ਵਿੱਚ ਇਹ ਬੁੱਢਾ ਪਿੰਡ ਨੰਬਰਦਾਰ ਸੀ। ਨੰਬਰਦਾਰ ਦੇ ਪੁੱਤ ਨੂੰ ਲੋਕ ਨੰਬਰਦਾਰ ਹੀ ਕਹਿੰਦੇ ਹਨ। ਦਿਮਾਗ਼ ਤਾਂ ਪੰਜਾਬੀਆਂ ਦੇ ਪੰਜਾਬ ਵਾਲੇ ਹੀ ਹਨ। ਪੰਜਾਬ ਵਾਂਗ ਉਨ੍ਹਾਂ ਨਾਮਾਂ ਨਾਲ ਹੀ ਕੈਨੇਡਾ ਵਿੱਚ ਵੀ ਬੁਲਾਉਂਦੇ ਹਨ। ਇਸ ਘਰ ਵਿੱਚ ਛੜਿਆਂ ਦਾ ਮੇਲਾ ਲੱਗਾ ਰਹਿੰਦਾ ਹੈ। ਨੰਬਰਦਾਰ ਦੇ ਘਰੋਂ ਮਰ ਗਈ ਹੈ। 50 ਸਾਲਾਂ ਦੀ ਨੂੰਹ ਨੂੰ 2 ਸਾਲ ਪਹਿਲਾਂ ਨੰਬਰਦਾਰ ਦੇ ਪੁੱਤਰ ਨੇ ਤਲਾਕ ਦੇ ਦਿੱਤਾ ਸੀ। 16 ਸਾਲਾਂ ਦੀ ਪੋਤੀ, 9 ਸਾਲਾਂ ਦਾ ਪੋਤਾ ਮਾਂ ਕੋਲ ਛੱਡ ਦਿੱਤੇ। ਅਜੇ ਉਹ ਆਪਣਾ-ਆਪ ਚੁੱਕਣ ਜੋਗੇ ਨਹੀਂ ਸਨ। ਇਸ ਲਈ ਮਾਂ ਤੇ ਹੋਰ ਭਾਰ ਸਿੱਟ ਕੇ ਰੱਖਣਾ ਸੀ। ਵੱਡਾ 19 ਸਾਲਾਂ ਦਾ ਪੋਤਾ ਆਪਦੇ ਨਾਲ ਰੱਖ ਲਿਆ। ਉਹ ਕੰਮ ਕਦੇ-ਕਦੇ ਕਰਦਾ ਸੀ। ਉਸ ਨੂੰ ਡਰੱਗ ਵੇਚਦੇ ਨੂੰ ਪੁਲੀਸ ਨੇ ਫੜ ਲਿਆ। 3 ਸਾਲਾਂ ਲਈ ਜੇਲ੍ਹ ਹੋ ਗਈ ਸੀ। ਉਹ ਰਿੱਕੀ ਦਾ ਕਲਾਸ ਫੈਲੋ ਵੀ ਸੀ।

ਨੰਬਰਦਾਰ ਬੁੱਢੇ ਨੇ ਰਿੱਕੀ ਦੇ ਦਾਦੇ ਨੂੰ ਫ਼ੋਨ ਕੀਤਾ। ਅਸਲ ਵਿੱਚ ਇਹ ਵੀ ਬੁੱਢੇ ਵੀ ਆੜੀ ਹਨ। ਕੋਈ 100 ਕੁ ਬੁੱਢੇ ਇਕੱਠੇ ਹੋ ਕੇ ਸੋਸਾਇਟੀ ਬਣਾਈਂ ਫਿਰਦੇ ਹਨ। ਜਿੱਥੇ ਇਹ ਰਲ-ਮਿਲ ਕੇ, ਲੋਕਾਂ ਤੇ ਆਪ ਦੀਆਂ ਨੂੰਹਾਂ-ਧੀਆਂ ਦੀਆਂ ਐਸੀਆਂ ਗੱਲਾਂ ਕਰਦੇ ਹਨ। ਕੰਨਾਂ ਦਾ ਸੇਕ ਨਿਕਲ ਜਾਂਦਾ ਹੈ। ਹਰ ਬੁੱਢਾ ਹਰ ਦਿਨ ਨਵੀਂ ਗੱਲ ਲੱਭ ਕੇ ਲੈ ਕੇ ਜਾਂਦਾ ਹੈ। ਉਸ ਨੇ ਕਿਹਾ, “ ਰਿੱਕੀ ਸਾਡੇ ਘਰ ਆ ਗਿਆ ਹੈ। ਇਸ ਨੂੰ ਇੱਥੇ ਹੀ ਸੌਣ ਨੂੰ ਕਹਿ ਦਿੰਦੇ ਹਾਂ। ਜਾਂ ਇਸ ਨੂੰ ਆ ਕੇ ਲੈ ਜਾਵੋ। ਮਿਹਰੂ ਨੇ ਜੁਆਬ ਦਿੱਤਾ, “ ਇਸ ਨੂੰ ਘਰ ਨਾਂ ਰੱਖੀ। ਬਾਹਰ ਕਰ ਦੇ। ਮੇਰੇ ਕੋਲੋਂ ਹੁਣ ਕਾਰ ਨਹੀਂ ਚੱਲਣੀ। ਮੇਰੀ ਸ਼ਰਾਬ ਪੀਤੀ ਹੋਈ ਹੈ। ਜਿਵੇਂ ਗਿਆ ਹੈ। ਉਵੇਂ ਆ ਜਾਵੇਗਾ।   ਮਿਹਰੂ ਨੂੰ ਲੱਗਾ ਮਾਮਲਾ ਠੰਢਾ ਪੈਂਦਾ ਜਾ ਰਿਹਾ ਹੈ। ਰਿੱਕੀ ਘਰ ਆ ਜਾਵੇ। ਘਰ ਵਾਪਸ ਆ ਜਾਵੇ ਤਾਂ ਮਾਂ ਨਾਲ ਹੋਰ ਛਿੱਤਰ-ਪਤਾਣ ਕਰੇ। ਐਤਕੀਂ ਨੂੰਹ ਤੱਕਲ਼ੇ ਵਰਗੀ ਸਿੱਧੀ ਕਰ ਦੇਣੀ ਹੈ। ਮਿਹਰੂ ਨੇ ਫ਼ੋਨ ਰੱਖ ਦਿੱਤਾ ਸੀ। ਨਾਲੇ ਤਾੜੀ ਮਾਰ ਕੇ ਹੱਸਿਆ। ਸੁਆਦ ਹੁਣ ਆਵੇਗਾ। ਜਦੋਂ ਰਿੱਕੀ ਮੁੜ ਕੇ ਆ ਕੇ ਦਰ ਭੰਨੇਗਾ।

ਮਿਹਰੂ ਆਪ ਕੰਬਲ ਲੈ ਕੇ ਪੈ ਗਿਆ। ਬਾਹਰ -20 ਡਿਗਰੀ ਸੀ। 10 ਮਿੰਟਾਂ ਵਿੱਚ ਠੰਢ ਨਾਲ ਬੰਦੇ ਦੀ ਬੱਸ ਹੋ ਜਾਂਦੀ ਹੈ। ਮਿਹਰੂ ਦੇ ਸੈਲਰ ਉੱਤੇ ਰਿੱਕੀ ਨੇ ਫ਼ੋਨ ਕੀਤਾ। ਉਸ ਨੇ ਕਿਹਾ, “ ਪਾਪਾ ਮੈਨੂੰ ਆ ਕੇ ਲੈ ਜਾ। “ “ ਤੂੰ ਆਪ ਦੀ ਮਾਂ ਨੂੰ ਫ਼ੋਨ ਕਰ ਕੇ ਸੱਦ ਲੈ। ਮੇਰੇ ਬੁੱਢੇ ਹੱਡਾਂ ਤੋਂ ਉੱਠਿਆ ਨਹੀਂ ਜਾਂਦਾ। ਮੇਰੀ ਪੀਤੀ ਵੀ ਹੋਈ ਹੈ। “ “ ਮੈਂ ਉਸ ਨਾਲ ਕਾਰ ਵਿੱਚ ਨਹੀਂ ਬੈਠਣਾ। ਦਾਦੇ ਨੇ ਫ਼ੋਨ ਕੱਟ ਦਿੱਤਾ। ਪੋਤੇ ਨੇ 20 ਬਾਰ ਫ਼ੋਨ ਦੀਆ ਘੰਟੀਆਂ ਮਾਰੀਆਂ। ਹਾਰ ਕੇ ਉਹ 15 ਕੁ ਮਿੰਟ ਵਿੱਚ ਤੁਰ ਕੇ ਘਰ ਆ ਗਿਆ। ਆ ਕੇ ਘਰ ਦਾ ਦਰਵਾਜ਼ਾ ਖੜਕਾਉਣ ਲੱਗ ਗਿਆ। ਕੈਲੇ ਨੇ ਸੋਚਿਆ 2 ਘੰਟੇ ਪਿੱਛੋਂ ਮੁੜ ਕੇ ਆਇਆ ਹੈ। ਹਵਾ ਲੱਗ ਕੇ, ਥੱਕ ਕੇ ਢੈਲ਼ਾ ਹੋ ਗਿਆ ਹੋਣਾ ਹੈ। ਰਾਤ ਦਾ ਇੱਕ ਵੱਜਦਾ ਹੈ। ਹੁਣ ਗ਼ੁੱਸਾ ਵੀ ਹੌਲਾ ਹੋ ਗਿਆ ਹੋਣਾ ਹੈ। ਸੌ ਜਾਵੇਗਾ। ਕੈਲੋ ਨੇ ਡੋਰ ਖ਼ੋਲ ਦਿੱਤਾ। ਰਿੱਕੀ ਥੋੜੇ ਸਮੇਂ ਲਈ ਸੋਫ਼ੇ ਤੇ ਬੈਠਾ। ਉਸ ਨੇ ਕਿਹਾ, “ ਤੇਰੀ ਖ਼ਬਰ ਫਿਰ ਲੈਂਦਾ ਹਾਂ। ਪਹਿਲਾਂ ਇਸ ਬੁੱਢੇ ਨਾਲ ਨਿਪਟ ਲਵਾਂ। ਉਹ ਮਿਹਰੂ ਦੇ ਸਿਰਹਾਣੇ ਜਾ ਖੜ੍ਹਾ। ਉਸ ਨੇ ਕਿਹਾ, “ ਮੈਂ ਬਰਫ਼ ਵਿੱਚ ਤੁਰ ਕੇ ਘਰ ਆਇਆਂ ਹਾਂ। ਮੈਨੂੰ ਕਾਰ ਵਿੱਚ ਰਾਈਡ ਨਹੀਂ ਦਿੱਤੀ। ਤੂੰ ਆਪ ਘਰ ਹੀਟ ਵਿੱਚ ਸੁੱਤਾਂ ਪਿਆ ਹੈ। ਲਿਆ ਟਰੱਕ ਦੀਆਂ ਚਾਬੀਆਂ। ਇਹ ਟਰੱਕ ਮੇਰੇ ਡੈਡੀ ਦਾ ਹੈ।   ਮਿਹਰੂ ਨੇ ਕਿਹਾ, ਤੂੰ ਚਾਬੀਆਂ ਕੀ ਕਰਨੀਆਂ ਹਨ? ਜੇ ਤੂੰ ਪੀਤੀ ਵਿੱਚ ਕਾਰ ਚਲਾਈ, ਤਾਂ ਤੈਨੂੰ ਪੁਲੀਸ ਵਾਲੇ ਫੜ ਲੈਣਗੇ। ਇਸੇ ਕਰਕੇ ਤੂੰ ਪਹਿਲਾਂ ਵੀ ਲਾਇਸੈਂਸ ਸਸਪਿੰਡ ਕੈਂਸਲ ਕਰਾ ਲਿਆ ਹੈ। ਰਾਤ ਬਹੁਤ ਵੱਡੀ ਹੋ ਗਈ ਹੈ। ਸੌ ਜਾ। “ “ ਸਾਲਾ ਵੱਡਾ ਗਾਂਡੂ ਤੂੰ ਹੀ ਹੈ। ਤੂੰ ਗਿਰਗਟ ਵਾਂਗ ਰੰਗ ਬਲਦਾਂ ਹੈ। ਜਦੋਂ ਮੇਰੇ ਨਾਲ ਬੈਠ ਕੇ ਸ਼ਰਾਬ ਪੀਂਦਾ ਹੈ। ਉਦੋਂ ਤੇਰੀਆਂ ਹੋਰ ਗੱਲਾਂ ਹੁੰਦੀਆਂ ਹਨ। ਚਾਬੀ ਮੈਨੂੰ ਦੇਂਦੇ। ਮੈਂ ਟਰੱਕ ਦੇ ਸ਼ੀਸ਼ੇ ਭੰਨ ਦੇਣੇ ਹਨ। ਟਾਇਰ ਪਾੜ ਦੇਣੇ ਹਨ। ਉਸ ਨੇ ਦਾਦੇ ਉੱਤੇ ਉੱਲਰ ਕੇ ਜੇਬ ਨੂੰ ਹੱਥ ਪਾ ਲਿਆ। ਚਾਬੀਆਂ ਉਸ ਦੇ ਹੱਥ ਲੱਗ ਗਈਆਂ। ਉਹ ਚਾਬੀਆਂ ਲੈ ਕੇ ਬਾਹਰ ਨਿਕਲਣ ਹੀ ਲੱਗਾ ਸੀ। ਉਸ ਦੀ ਭੈਣ ਗੋਪੀ ਨੇ ਉਸ ਦੇ ਹੱਥ ਵਿੱਚੋਂ ਚਾਬੀਆਂ ਖੋਹ ਲਈਆਂ। ਉਸ ਨੇ ਕਿਹਾ, “ ਤੂੰ ਗੱਡੀ ਨਹੀਂ ਚਲਾ ਸਕਦਾ। ਤੇਰੀ ਸ਼ਰਾਬ ਪੀਤੀ ਹੈ। ਤੇਰੇ ਕੋਲ ਲਾਇਸੈਂਸ ਨਹੀਂ ਹੈ। ਤੇਰੇ ਉੱਤੇ ਅੱਗੇ ਵੀ ਕਿੰਨੇ ਪੀਤੀ ਵਿੱਚ ਕੇਸਾਂ ਦੇ ਚਾਰਜ ਲੱਗੇ ਹਨ। “ “ ਤੂੰ ਮੇਰੇ ਤੋਂ ਛੋਟੀ ਹੋ ਕੇ ਮੈਨੂੰ ਮੱਤਾਂ ਦਿੰਦੀ ਹੈ। ਤੇਰੀ ਇੰਨੀ ਹਿੰਮਤ ਮੇਰੇ ਕੋਲੋਂ ਚਾਬੀਆਂ ਖੋ ਲਈਆਂ। ਉਸ ਨੇ ਆਪਣੀ ਭੈਣ ਗੋਪੀ ਦੀਆਂ ਦੋਨੇਂ ਬਾਂਹਾਂ ਫੜ ਲਈਆਂ। ਗੋਪੀ ਨੇ ਚਾਬੀਆਂ ਦਾ ਗੁੱਛਾ ਮਾਂ ਵੱਲ ਸਿੱਟ ਦਿੱਤਾ। ਗੋਪੀ ਦੀਆਂ ਬਾਂਹਾਂ ਤੇ ਨੂੰਹ ਲੱਗਣ ਨਾਲ ਖ਼ੂਨ ਨਿਕਲਣ ਲੱਗਾ ਸੀ। ਕੈਲੋ ਨੇ ਗੋਪੀ ਦੀਆਂ ਬਾਵਾ ਮਸਾਂ ਛਡਾਈਆਂ। ਰਿੱਕੀ ਨੇ ਕੈਲੋ ਨੂੰ ਗੁੱਤੋਂ ਫੜ ਲਿਆ ਸੀ। ਦੋਨੇਂ ਹੱਥਾਂ ਨਾਲ ਗੁੱਤ ਨੂੰ ਮਰੋੜਾ ਦੇ ਦਿੱਤਾ ਸੀ। ਉਸ ਦੀਆਂ ਚੀਕਾਂ ਨਿਕਲ ਗਈਆਂ। ਕੈਲੋ ਲਈ ਪਿਛੇ ਤੋਂ ਗੁਤ ਛੱਡਾਉਣੀ ਮੁਸ਼ਕਲ ਸੀ।

Comments

Popular Posts