ਭਾਗ 2 ਆਪਣਾ ਤਾਂ ਲੱਖਾਂ ਵਿਚੋਂ ਲੱਭ ਜਾਂਦਾ ਹੈ ਜਾਨੋਂ ਮਹਿੰਗੇ ਯਾਰ
-ਸਤਵਿੰਦਰ ਕੌਰ ਸੱਤੀ (  ਕੈਲਗਰੀ) ਕੈਨੇਡਾ satwinder_7@hotmail.com
ਨਿਰਮਲ ਇਸ ਮੂੰਹ ਬੋਲੀ ਮਾਮੀ ਬਲਵਿੰਦਰ ਨੂੰ ਇੱਕ ਵਿਆਹ ਵਿੱਚ ਮਿਲਿਆ ਸੀ। ਉਹ ਵਿਆਹ ਵੀ ਨਿਰਮਲ ਦੀ ਕਿਸੇ ਮਾਸੀ ਦੀ ਕੁੜੀ ਦਾ ਸੀ। ਉਸ ਦੀ ਮਾਸੀ ਦੇ ਪੇਕੇ, ਬਲਵਿੰਦਰ ਦੇ ਸੌਹਰੇ ਇੱਕੋ ਪਿੰਡ ਸਨ। ਦੋਨੇਂ ਸਹੇਲੀਆਂ ਬਣ ਗਈਆਂ ਸਨ। ਵਿਆਹ ਵਿੱਚ ਬਲਵਿੰਦਰ ਦੀ ਪਟਰਾਣੀਆਂ ਵਾਂਗ ਟੌਹਰ ਕੱਢੀ ਹੋਈ ਸੀ। ਫੇਰਿਆਂ ਵੇਲੇ ਨਿਰਮਲ ਦੀ ਨਿਗ੍ਹਾ ਵਿੱਚ ਬਲਵਿੰਦਰ ਚੜ੍ਹ ਗਈ ਸੀ। ਜਦੋਂ ਉਸ ਨੇ ਬਲਵਿੰਦਰ ਨੂੰ ਵਿਆਹ ਵਾਲੀ ਕੁੜੀ ਦੇ ਦੁਆਲੇ ਦੇਖਿਆ ਸੀ। ਉਹ 5 ਕੁ ਫੁੱਟ ਦੀ ਔਰਤ ਠੁਮਕ ਠੁਮਕ   ਕਰਦੀ ਫਿਰਦੀ ਸੀ। ਉਸ ਦੀ ਅੱਡੀ ਨਿਰਮਲ ਦੇ ਸੀਨੇ ਉੱਤੇ ਵੱਜਦੀ ਸੀ। ਨਿਰਮਲ ਨੇ ਉਸ ਦੇ ਨਜ਼ਦੀਕ ਆਨੀਬਹਾਨੀ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ ਸੀ। ਉਹ ਕਬੂਤਰ ਵਾਂਗ ਉਸ ਦੇ ਦੁਆਲੇ ਉਡਾਰੀਆਂ ਮਾਰਦਾ ਫਿਰਦਾ ਸੀ। ਬਲਵਿੰਦਰ ਨੂੰ ਵੀ ਵਿੜਕ ਲੱਗ ਗਈ ਸੀ। ਉਸ ਵੱਲ ਚੋਰ ਅੱਖ ਨਾਲ ਦੇਖ ਰਹੀ ਸੀ। ਨਿਰਮਲ ਉਸ ਨੂੰ ਅੱਖ ਦੇ ਇਸ਼ਾਰੇ ਨਾਲ ਹਾਲ ਵੀ ਪੁੱਛ ਗਿਆ ਸੀ। ਨਿਰਮਲ ਦੀਆਂ ਮੋਟੀਆਂ ਅੱਖਾਂ ਦਾ ਤੀਰ ਬਲਵਿੰਦਰ ਦੇ ਟਿਕਾਣੇ ਉੱਤੇ ਵੱਜ ਗਿਆ ਸੀ। ਉਹ ਬੌਂਦਲ ਜਿਹੀ ਗਈ ਸੀ। ਉਸ ਨੇ ਕਈ ਬਾਰ ਨਿਰਮਲ ਵੱਲ ਦੇਖਿਆ। ਉਹ ਉਸੇ ਨੂੰ ਹੀ ਦੇਖ ਰਿਹਾ ਸੀ। ਉਹ ਜਿਉਂ ਹੀ ਕਮਰੇ ਵਿੱਚੋਂ ਕੁੱਝ ਲੈਣ ਗਈ। ਨਿਰਮਲ ਉਸ ਦੇ ਮਗਰੇ, ਕਮਰੇ ਵਿੱਚ ਚਲਾ ਗਿਆ ਸੀ। ਉਹ ਇਸ ਘਰ ਦਾ ਭੇਤੀ ਸੀ। ਉਸ ਨੇ ਬਲਵਿੰਦਰ ਦਾ ਰਸਤਾ ਰੋਕ ਲਿਆ। ਉਸ ਨੇ ਨੇੜੇ ਨੂੰ ਹੋ ਕੇ ਕਿਹਾ, " ਮੈਂ ਤੁਹਾਨੂੰ ਕਿਤੇ ਦੇਖਿਆ ਲੱਗਦਾ ਹੈ। ਮੈਨੂੰ ਮਹਿਸੂਸ ਹੁੰਦਾ ਹੈ। ਆਪਾਂ ਪਹਿਲਾਂ ਵੀ ਕਿਤੇ ਮਿਲੇ ਹਾਂ। “ “  ਮੈਂ ਬਲਵਿੰਦਰ ਜੀ ਤੁਹਾਡੀ ਸੁਖਵਿੰਦਰ ਮਾਸੀ ਦੇ ਪਿੰਡ ਵਿਆਹੀ ਹਾਂ। ਜ਼ਰੂਰ ਜਾਣਦੇ ਹੋਵੋਗੇ। " " ਤੁਸੀਂ ਤਾਂ ਘਰ ਦੇ ਹੀ ਨਿਕਲੇ, ਮੇਰੀ ਮਾਮੀ ਲੱਗੇ। ਮੇਰਾ ਮਨ ਸੋਚ ਕੇ, ਉੱਸਲਵੱਟੇ ਲਈ ਜਾਂਦਾ ਸੀ। ਹੁਣ ਤੁਸੀਂ ਹੀ ਦੇਖ ਲਵੋ। ਮਨਾ ਨੂੰ ਮਨਾ ਦੇ ਰਾਹ ਹੁੰਦੇ ਹਨ। ਦਿਲ ਨੇ ਤੁਹਾਨੂੰ ਕਿੰਨੇ ਲੋਕਾਂ ਵਿਚੋਂ ਪਛਾਣ ਲਿਆ ਹੈ? ਆਪਣਾ ਤਾਂ ਲੱਖਾਂ ਵਿਚੋਂ ਲੱਭ ਜਾਂਦਾ ਹੈ। ਸੱਚੀਂ ਤੁਸੀਂ ਬਹੁਤ ਖ਼ੂਬਸੂਰਤ ਹੋ। "
" ਸਾਰੇ ਮਰਦ ਇਹੀ ਕਹਿੰਦੇ ਹੁੰਦੇ ਹਨ। ਵੈਸੇ ਮੈਂ ਸੁੰਦਰ ਹੀ ਹਾਂ।". ਆਪ ਦੀ ਪ੍ਰਸੰਸਾ ਜਵਾਨ ਮਰਦ ਦੇ ਮੂੰਹੋਂ ਸੁਣ ਕੇ ਉਹ ਮਨ ਵਿੱਚ ਬਹੁਤ ਖ਼ੁਸ਼ ਹੋਈ। ਉਹ ਹਵਾ ਵਿੱਚ ਉੱਡੀ ਫਿਰਦੀ ਸੀ। ਉਸ ਨੂੰ ਜਾਣੀਦੀ, ਖੰਬ ਲੱਗ ਗਏ ਸਨ। ਉਸ ਮੁੱਛ ਫੁੱਟ ਗੱਭਰੂ ਵੱਲ ਦੇਖ ਕੇ, ਉਸ ਨੂੰ ਸਰੂਰ ਜਿਹਾ ਚੜ੍ਹ ਗਿਆ ਸੀ। ਬਲਵਿੰਦਰ ਦੀ ਅੱਖ ਵੀ ਉਸੇ ਉੱਤੇ ਟਿੱਕੀ ਹੋਈ ਸੀ। ਹੁਣ ਉਹ ਆਪ ਜਾਣ ਬੁੱਝ ਕੇ, ਉਸ ਦੇ ਦੁਆਲੇ ਮਹਿਮਾਨ ਬਾਜ਼ੀ ਕਰਦੀ ਹੋਈ ਘੁੰਮ ਰਹੀ ਸੀ। ਦੋਨੇਂ ਇੱਕ ਦੂਜੇ ਦੇ ਹੋਰ ਨੇੜੇ ਹੋ ਰਹੇ ਸਨ। ਓਪਰੀ ਜ਼ਨਾਨੀ ਦਾਣਾ ਪਾਵੇ ਤਾਂ, ਕੋਈ ਵੀ ਖ਼ੈਰ ਨਹੀਂ ਕਰਦਾ। ਲੋੜ ਬੰਦ ਜ਼ਨਾਨੀਆਂ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦੀਆਂ। ਦੋਨਾਂ ਨੂੰ ਇੱਕ ਦੂਜੇ ਤੋਂ ਬਗੈਰ ਕੋਈ ਹੋਰ ਨਹੀਂ ਦਿਸਦਾ ਸੀ। ਨਿਰਮਲ ਉਸ ਤੋਂ ਵੀ ਵੱਧ ਮਚਲਿਆ ਫਿਰਦਾ ਸੀ। ਖੇਡ ਮੰਗੀ ਦੇਖ ਕੇ, ਕਈ ਬਾਰ ਉਸ ਵਿੱਚ ਮੋਢਾ ਮਾਰ ਕੇ, ਖਹਿ ਗਿਆ ਸੀ। ਨੱਚਣ ਦੇ ਵੇਲੇ ਤੱਕ ਨਿਰਮਲ ਸ਼ਰਾਬ ਦੇ ਸਰੂਰ ਵਿੱਚ ਹੋ ਗਿਆ ਸੀ। ਮਾਮੀ ਨੱਚਦੀ ਦੇ ਨਾਲ ਨਿਰਮਲ ਨਾਲ ਨਾਲ ਗੇੜਾ ਦੇ ਜਾਂਦਾ ਸੀ। ਜਦੋਂ ਉਹ ਨੱਚਦੀ ਸੀ। ਜਾਣ ਕੇ ਨਾਲ ਨੱਚਦਾ ਸੀ। ਬਾਕੀ ਔਰਤਾਂ ਨਾਲ ਮਸ਼ਕਰੀਆਂ ਕਰੀ ਜਾਂਦਾ ਸੀ। ਉਹ ਵੀ ਇਸ ਨਾਲ ਘੁਲ-ਮਿਲ ਗਈਆਂ ਸਨ। ਇਸ ਨੂੰ ਟਿੱਚਰਾਂ ਕਰ ਰਹੀਆਂ ਸਨ। ਉਨ੍ਹਾਂ ਨੂੰ ਲੱਗਦਾ ਸੀ। ਇਹ ਵਿਆਹ ਵਿੱਚ ਕੋਈ ਖ਼ਾਸ ਬੰਦਾ ਹੈ। ਹਰ ਇੱਕ ਨੂੰ ਬੀਬੀ ਭੈਣ ਕਹਿਕੇ ਗੱਲ ਕਰਦਾ ਸੀ।
ਚੜ੍ਹਦੀ ਉਮਰ ਦੇ ਨੌਜਵਾਨਾਂ ਦੇ ਇਸ਼ਕ ਮੋੜਾਂ ਉੱਤੇ ਜਾਂ ਕਾਲਜ ਦੇ ਅੰਦਰ ਗੇਟ ਦੇ ਬਾਹਰ ਹੁੰਦੇ ਹਨ। ਅੱਜ ਕਲ ਇਸ਼ਕ ਫੇਸਬੁੱਕ, ਸਕਾਈਪ, ਫ਼ੋਨ ਉੱਤੇ ਹੁੰਦੇ ਹਨ। ਕਈਆਂ ਪੱਕੜ ਉਮਰਾਂ ਵਾਲਿਆਂ ਦੀ ਕਹਾਣੀ ਵੀ ਕਿਸੇ ਦੇ ਵਿਆਹ, ਸ਼ਾਦੀ ਵਿੱਚ ਲੋਟ ਆ ਜਾਂਦੀ ਹੈ। ਦੂਜੇ ਦਾ ਵਿਆਹ ਦੇਖ ਕੇ, ਲੂਰੀਆਂ ਉੱਠਣ ਲੱਗ ਜਾਂਦੀਆਂ ਹਨ। ਐਸੇ ਹਾਲਾਤ ਵਿੱਚ ਹਰ ਕੋਈ ਗਰਮ ਹੋ ਕੇ, ਚਾਰਜ ਹੋ ਜਾਂਦਾ ਹੈ। ਵਿਆਹ ਵਾਲਿਆਂ ਤੋਂ ਪਹਿਲਾਂ ਬਾਜ਼ੀ ਮਾਰਨ ਨੂੰ ਫਿਰਦੇ ਹੁੰਦੇ ਹਨ।
ਖਾਣਾ ਖਾਣ ਪਿੱਛੋਂ ਨਿਰਮਲ ਦੀ ਮਾਸੀ ਨੂੰ ਆਏ ਹੋਏ, ਮਹਿਮਾਨਾਂ ਦੇ ਮੰਜੇ ਬਿਸਤਰੇ ਦਾ ਫ਼ਿਕਰ ਹੋਣ ਲੱਗਾ ਸੀ। ਉਹ ਸਬ ਨੂੰ ਸੌਣ ਦੇ ਟਿਕਾਣੇ ਦੱਸ ਰਹੀ ਸੀ। ਬਲਵਿੰਦਰ ਦਾ ਘਰ ਉਸ ਦੇ ਘਰ ਨਾਲ ਹੀ ਸੀ। ਬਲਵਿੰਦਰ ਦੇ ਇਸ਼ਾਰੇ ਉੱਤੇ ਨਿਰਮਲ ਆਪ ਹੀ ਉਸ ਦੇ ਮਗਰ ਤੁਰ ਪਿਆ ਸੀ। ਉਸ ਦੇ ਦੋਸਤਾਂ ਨੇ ਵੀ ਉੱਥੇ ਹੀ ਟਿਕਾਣਾ ਕਰ ਲਿਆ ਸੀ। ਨਿਰਮਲ ਕੋਲ ਬਲਵਿੰਦਰ ਬਹੁਤ ਚਿਰ ਬੈਠੀ ਰਹੀ। ਬਲਵਿੰਦਰ ਤੇ ਉਹ ਇੱਧਰ-ਉੱਧਰ ਤੇ ਵਿਆਹ ਦੀਆ ਗੱਲਾਂ ਕਰਦੇ ਰਹੇ। ਜਦੋਂ ਸੌਣ ਦਾ ਸਮਾਂ ਹੋਇਆ। ਬਲਵਿੰਦਰ ਸਿਰਹਾਣਾ ਤੇ ਰਜਾਈ ਚੱਕ ਕੇ, ਕਮਰੇ ਵਿਚੋਂ ਜਾਣ ਹੀ ਲੱਗੀ ਸੀ। ਨਿਰਮਲ ਨੇ ਝੱਟ ਉਸ ਦੀ ਬਾਂਹ ਫੜ ਲਈ। ਉਸ ਨੂੰ ਕਿਹਾ, " ਮੈਨੂੰ ਇਕੱਲੇ ਨੂੰ ਛੱਡ ਕੇ, ਕਿਥੇ ਚੱਲੀ ਹੈ? " " ਮੈਂ ਸੋਫ਼ੇ ਉੱਤੇ ਸੌਣ ਚੱਲੀ ਹਾਂ। ਸੋਫ਼ੇ ਉੱਤੇ ਸੌਣ ਦੀ ਆਦਤ ਹੈ। ਤੁਸੀਂ ਆਰਾਮ ਕਰੋ। ਥੱਕੇ ਹੋਏ ਹੋ। "
" ਤੈਨੂੰ ਦੇਖ ਕੇ ਥਕੇਵਾਂ ਸਾਰਾ ਲਹਿ ਗਿਆ ਹੈ। ਹੁਣ ਆਰਾਮ ਕਿਥੇ ਹੋਣਾ ਹੈ? ਤੂੰ ਮੈਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਹੁਣ ਕਿਥੇ ਅੱਖ ਲੱਗਣੀ ਹੈ? " ਜਿਉਂ ਉਸ ਨੇ ਜ਼ੋਰ ਦੀ ਬਾਂਹ ਖਿੱਚੀ, ਉਹ ਉਸ ਉੱਤੇ ਜਾ ਡਿੱਗੀ। ਨਿਰਮਲ ਨੇ ਭਾਵੇਂ ਉਸ ਦੀ ਬਾਂਹ ਛੱਡ ਦਿੱਤੀ ਸੀ। ਉਹ ਚੁੰਬਕ ਵਾਂਗ ਉਸ ਦੀ ਹਿੱਕ ਉੱਤੇ ਪਈ ਸੀ। ਸ਼ਾਇਦ ਉੱਠਣਾ ਨਹੀਂ ਚਾਹੁੰਦੀ ਸੀ। ਨਿਰਮਲ ਨੇ ਦੋਨੇਂ ਮਜ਼ਬੂਤ ਬਾਂਹਾਂ ਉਸ ਦੇ ਦੁਆਲੇ ਵਗਲ਼ ਕੇ ਕਸ ਦਿੱਤੀਆਂ ਸਨ। ਬਲਵਿੰਦਰ ਕਿਸੇ ਸੁਖ ਵਿੱਚ ਗੁਆਚ ਗਈ ਸੀ। ਉਸ ਦੀਆਂ ਅੱਖਾਂ ਮਿਚ ਗਈਆਂ ਸਨ। ਉਸ ਨੂੰ ਇਸ ਤਰਾਂ ਦੇਖ ਕੇ, ਨਿਰਮਲ ਨੂੰ ਹੋਰ ਬੜ੍ਹਾਵਾ ਮਿਲ ਗਿਆ ਸੀ।



Comments

Popular Posts