ਆਈ ਲਵ ਯੂ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ

ਅਮਨ ਕਈ ਦਿਨਾਂ ਤੋਂ ਪ੍ਰਸ਼ਾਂਨ ਸੀ। ਅਸਲ ਵਿੱਚ ਉਸ ਦਾ ਬੇਟਾ ਇੱਕ ਦਿਨ ਫੋਨ ਉਤੇ ਗੱਲ ਕਰ ਰਿਹਾ ਸੀ। ਉਸ ਨੇ ਫੋਨ ਕਰਨਾਂ ਸੀ। ਦੂਜੇ ਪਾਸੇ ਤੋਂ ਅਮਨ ਨੇ ਫੋਨ ਚੱਕ ਲਿਆ। ਉਸ ਦਾ ਬੇਟਾ ਕੁੜੀ ਨਾਲ ਗੱਲਾਂ ਕਰ ਰਿਹਾ ਸੀ। ਗੱਲਾਂ ਕਰਦੇ ਉਸ ਨੂੰ ਕਿਹਾ, " ਆਈ ਲਵ ਯੂ " ਉਹ ਕੁੜੀ ਵੀ ਭੁਟ-ਭੁਟ ਉਵੇ ਬੋਲੀ ਜਾਂਦੀ ਸੀ। ਅਮਨ ਨੇ ਬਗੈਰ ਬੇਟੇ ਨੂੰ ਕੁੱਝ ਕਹੇ। ਫੋਨ ਰੱਖ ਦਿੱਤਾ। ਕੁੱਝ ਦਿਨ ਤਾ ਉਹ ਚੁਪ ਰਹੀ। ਮੈਂ ਇੱਕ ਦਿਨ ਅਖਬਾਰ ਚੱਕਣ ਬਾਹਰ ਗਈ। ਅਮਨ ਨ...ੇ ਮੈਨੂੰ ਅਵਾਜ਼ ਮਾਰ ਲਈ। ਮੈਂ ਉਸ ਕੋਲ ਚਲੀ ਗਈ। ਅਸੀਂ ਘਾਹ ਉਤੇ ਬੈਠ ਗਈਆਂ। ਅਮਨ ਨੇ ਮੇਰੇ ਨਾਲ ਗੱਲ ਸ਼ੁਰੂ ਕੀਤੀ, " ਭੈਣ ਗੱਲ ਜਰੂਰੀ ਵੀ ਹੈ। ਪਤਾ ਨਹੀਂ ਲੱਗਦਾ ਕਿਵੇ ਦੱਸਾਂ? ਕਿਥੇ ਮੇਰੇ ਮਾੜੇ ਕਰਮ ਸਨ? ਮੈਂ ਮੁੰਡੇ ਦਾ ਦੁਜੇ ਪਾਸੇ ਤੋਂ ਫੋਨ ਚੱਕ ਲਿਆ। ਮੈਨੂੰ ਉਹ ਕੁੱਝ ਸੁਣਨਾਂ ਪਿਆ। ਜੋ ਅੱਜ ਤੱਕ ਮੈਂ ਕਦੇ ਨਹੀਂ ਕਿਹਾ ਨਾਂ ਸਣਿਆ। " ਉਹ 60 ਸਾਲਾਂ ਦੀ ਸੀ। ਮੁੰਡਾ 25 ਸਾਲਾਂ ਦਾ ਸੀ। ਮੈਂ ਪੁੱਛਿਆ," ਕੀ ਉਹ ਕਿਸੇ ਨਾਲ ਲੜ ਪਿਆ? " ਅਮਨ ਨੇ ਮੇਰੇ ਮੋਡੇ ਉਤੇ ਹੱਥ ਮਾਰਦੇ ਕਿਹਾ, " ਉਹ ਕੁੱਝ ਨਹੀਂ। ਇਸ ਤੋਂ ਉਲਟ ਹੈ। ਜੁਵਾਨੀ ਵਾਲੀ ਗੱਲ ਹੈ। ਮੈਂ ਕਦੇ ਉਸ ਦੇ ਡੈਡੀ ਨੂੰ ਐਸੀ ਗੱਲ ਅੱਜ ਤੱਕ ਨਹੀਂ ਕਹੀ। ਬੜੀ ਸ਼ਰਮ ਆਉਂਦੀ ਹੈ। " ਮੈਂ ਉਸ ਦਾ ਮੂੰਹ ਦੇਖਿਆ। ਉਸ ਦਾ ਗਲਾਬੀ ਚੇਹਰਾ ਸ਼ਰਮ ਨਾਲ ਹੋਰ ਸੂਹਾ ਹੋ ਗਿਆ ਸੀ। ਮੈਂ ਉਸ ਨੂੰ ਕਿਹਾ, " ਤੂੰ ਸ਼ਰਮਾਂ ਕਿਉ ਰਹੀ ਹੈ? ਸਿੱਧੀ ਤਰਾਂ ਗੱਲ ਦੱਸ ਮੇਰੇ ਕੋਲ ਬੁਝਾਰਤਾਂ ਨਹੀਂ ਬੁੱਝੀਆਂ ਜਾਂਦੀਆ। ਮੈਨੂੰ ਕੀ ਪਤਾ ਤੂੰ ਕੀ ਕੀ ਆਪਣੇ ਪਤੀ ਨੂੰ ਅੱਜ ਤੱਕ ਨਹੀਂ ਕਿਹਾ? ਮੈਂ ਤਾਂ ਕੁੱਝ ਕਹਿੱਣ ਵਾਲਾ ਛੱਡਿਆ ਹੀ ਨਹੀਂ ਹੈ। " ਅਮਨ ਨੇ ਮੱਥੇ ਤੇ ਹੱਥ ਮਾਰਿਆ, ਮੇਰੇ ਕੰਨ ਕੋਲ ਆ ਕੇ ਬੋਲੀ, " ਉਹੀ ਅੰਗਰੇਜ਼ੀ ਵਾਲੀ ਗੱਲ ਆਈ ਲਵ ਯੂ ਉਹ ਕੁੜੀ ਵੀ ਮੇਰੇ ਮੁੰਡੇ ਨੂੰ ਕਹਿ ਰਹੀ ਸੀ।" ਮੈਂ ਹੱਸ ਪਈ। ਮੈਂ ਕਿਹਾ," ਜਦੋਂ ਤੇਰੇ ਪਤੀ ਨੂੰ ਅੰਗਰੇਜ਼ੀ ਆਉਂਦੀ ਹੀ ਨਹੀਂ। ਤੂੰ ਕਿਵੇ ਕਹਿੰਦੀ? ਅੱਜ ਕੱਲ ਦੇ ਮੁੰਡੇ ਕੁੜੀਆਂ ਦਾ ਇਹ ਸ਼ਬਦ ਮੂੰਹ ਚੜ੍ਹਿਆ ਹੋਇਆ ਹੈ। ਉਨਾਂ ਲਈ ਵੈਸੇ ਇਸ ਦਾ ਕੋਈ ਮਤਲੱਬ ਨਹੀਂ ਹੈ। " ਉਸ ਨੇ ਦੱਸਿਆ," ਮੈਂ ਸਵੇਰੇ ਘਰ ਨਹੀਂ ਸੀ। ਸ਼ਇਦ ਉਹੀ ਕੁੜੀ ਅੱਜ ਘਰ ਆਈ ਹੋਈ ਸੀ। ਮੈਨੂੰ ਤਾਂ ਲੁੱਕਣ ਨੂੰ ਥਾਂ ਨਹੀਂ ਲੱਭਦੀ। ਹਾਏ ਮੈਂ ਮਰਜ਼ਾਂ। ਆਸ-ਗੁਆਂਢ ਨੇ ਦੇਖਿਆ ਹੋਣਾ ਹੈ। ਕੀ ਗੱਲਾਂ ਕਰਦੇ ਹੋਣੇ ਹਨ? " ਮੈਂ ਕਿਹਾ," ਤੂੰ ਸਰਮਾਂ ਕੇ ਕੀ ਕਰੇਗੀ? ਚੰਗਾ ਹੈ, ਜੇ ਉਸ ਨੇ ਕੁੜੀ ਲੱਭ ਲਈ ਹੈ। ਤੇਰਾ ਬਹੂ ਲੱਭਣ ਦਾ ਸਮਾਂ ਬਚ ਗਿਆ। " " ਨਾਂ ਭੈਣੇ ਮੇਰੇ ਨਹੀਂ ਪਸੰਦ। ਉਹ ਤਾ ਸੋਫੇ ਉਤੇ ਮੁੰਡੇ ਦੇ ਮੋਡਿਆਂ ਉਤੇ ਚੜ੍ਹੀ ਬੈਠੀ ਸੀ। ਮੈਂ ਆਪਣੇ ਕੰਮਰੇ ਵਿੱਚ ਚਲੀ ਗਈ। " ਮੈਂ ਕਿਹਾ," ਤੇਰੀ ਪਸੰਦ ਕਿਸ ਨੇ ਪੁੱਛਣੀ ਹੈ? ਉਹ ਦਿਨ ਗਏ। ਮਾਂ-ਬਾਪ, ਵਿਚੋਲੇ ਦੀ ਪਸੰਦ, ਧੀ-ਪੁੱਤਰ ਦੀ ਪਸੰਦ ਹੁੰਦੀ ਸੀ। ਮੇਰੀ ਮੰਨ ਮੁੰਡੇ ਨਾਲ ਗੱਲ ਅੱਗੇ ਤੋਰ ਲੈ। ਜੇ ਘਰ ਵਿੱਚ ਸ਼ਾਂਤੀ ਚਹੁੰਦੀ ਹੈ। ਉਸ ਨੂੰ ਸਹਿਮਤੀ ਦੇ ਦੇ।" ਅਮਨ ਨੇ ਕਿਹਾ," ਇੱਕ ਗੱਲ ਹੋਰ ਵੀ ਕਰਨੀ ਹੈ। ਇੱਕ ਦਿਨ ਇਹ ਕਾਰ ਵਿੱਚ ਦੋ ਕੁੜੀਆਂ ਬੈਠਾਈ ਜਾਂਦਾ ਸੀ। ਮੇਰਾ ਤਾਂ ਦਿਮਾਗ ਕੰਮ ਕਰਨੋ ਹੱਟ ਗਿਆ। ਕੁੱਝ ਸਮਝ ਨਹੀਂ ਲੱਗਦੀ। ਜੇ ਇਸ ਦੇ ਡੈਡੀ ਨੂੰ ਪਤਾ ਲੱਗ ਗਿਆ। " ਇਸ ਦੀ ਕਹਾਣੀ ਉਲਝਦੀ ਜਾ ਰਹੀ ਸੀ। ਉਸ ਦਾ ਬਾਰ-ਬਾਰ ਇਹ ਕਹਿੱਣਾਂ, " ਡੈਡੀ ਨੂੰ ਪਤਾ ਲੱਗ ਗਿਆ। " ਮੈਨੂੰ ਫੋਕਾ ਲਿਫ਼ਾਫ਼ਾ ਜਿਹਾ ਲੱਗਾ। ਮੈਂ ਉਸ ਨੂੰ ਕਹਿ ਹੀ ਦਿੱਤਾ, " ਫਿਰ ਕੀ ਪਹਾੜ ਟੁੱਟ ਜਾਵੇਗਾ? ਤੁਹਾਨੂੰ ਨਹੀਂ ਦਿੱਸਦਾ ਮੁੰਡਾ 25 ਸਾਲਾਂ ਦਾ ਹੋ ਗਿਆ। ਉਸ ਦਾ ਵਿਆਹ ਕਰ ਦੇਵੋ। ਹੋ ਸਕਦਾ ਹੈ, ਤੇਰੇ ਮੁੰਡੇ ਨੇ ਕੁੜੀਆਂ ਨੂੰ ਕਿਸੇ ਕਾਰਨ ਕਰਕੇ ਰਾਈਡ, ਲਿਫ਼ਟ ਦਿੱਤੀ ਹੋਵੇ। ਮੈਂ ਤਾ ਹਰ ਰੋਜ਼ ਦੇਖਦੀ ਹਾਂ। ਤੈਨੂੰ ਵੀ ਹਰ ਰੋਜ਼ ਕੋਈ ਮਰਦ ਕਾਰ ਵਿੱਚ ਲੈ ਕੇ ਜਾਂਦਾ ਹੈ। ਇਹ ਤੇਰੇ ਪਤੀ ਨੂੰ ਨਹੀਂ ਦਿੱਸਦਾ। " ਉਹ ਮੇਰੇ ਵੱਲ ਹੈਰਾਨੀ ਨਾਲ ਝਾਕੀ, ਉਸ ਨੇ ਜੁਆਬ ਦਿੱਤਾ, " ਤੂੰ ਪੱਤਰਕਾਰਾਂ ਵਾਂਗ ਮੇਰੀ ਹੀ ਛਾਣਬੀਣ ਸ਼ੁਰੂ ਕਰ ਦਿੱਤੀ। ਮੇਰੇ ਤਾਂ ਧੌਲੇ ਆ ਗਏ। ਹੁਣ ਥੋੜੀ ਐਸੇ ਕੰਮ ਕਰਨ ਦੀ ਉਮਰ ਹੈ। ਅਸੀਂ ਇੱਕ ਸਾਥ ਕੰਮ ਕਰਦੇ ਹਾਂ। " ਮੈਂ ਕਿਹਾ, " ਕੀ ਨੌਜਵਾਨ ਇਹੀ ਕੁੱਝ ਕਰਦੇ ਫਿਰਦੇ ਹਨ? ਕੀ ਦੁਨੀਆਂ ਉਤੇ ਇਕੋ ਕੰਮ ਬਾਕੀ ਰਹਿ ਗਿਆ ਹੈ? ਜਿਵੇਂ ਮੈਂ ਤੁਸੀਂ ਸਭ ਸਮਾਜ ਨਾਲ ਮਿਲ ਵਰਤ ਕੇ, ਦੁਨੀਆਂ ਦੇ ਕੰਮ ਕਰਦੇ ਹਾਂ। ਕੀ ਨੌਜਵਾਨ ਮੁੰਡੇ ਕੁੜੀਆਂ ਰਲ ਕੇ ਕਾਲਜ਼, ਜਾਬ ਦੇ ਕੰਮ ਨਹੀਂ ਕਰ ਸਕਦੇ? ਕਿਉਂ ਸ਼ੱਕ ਦਿਮਾਗ ਵਿੱਚ ਪਿਆ ਹੋਇਆ ਹੈ? ਬੇਹਤਰ ਹੈ, ਆਪਣੇ ਮੁੰਡੇ ਨਾਲ ਗੱਲ ਖੋਲ ਕੇ ਕਰ ਲੈ।" ਅਸੀ ਅਜੇ ਉਥੇ ਹੀ ਬੈਠੀਆਂ ਸੀ। ਮੁੰਡਾ ਬਾਹਰੋਂ ਆ ਗਿਆ। ਉਹ ਵੀ ਸਾਡੇ ਕੋਲ ਰੁਕ ਗਿਆ। ਉਸ ਨੇ ਕਿਹਾ," ਤੁਸੀਂ ਬਾਹਰ ਬੈਠੇ ਹੋ। ਮੱਛਰ ਲੜ ਜਾਵੇਗਾ। ਕੀ ਕੋਈ ਖ਼ਾਸ ਗੱਲਾਂ ਕਰ ਰਹੇ ਹੋ? " ਅਮਨ ਨੇ ਮੈਨੂੰ ਇਸ਼ਰਾ ਕੀਤਾ, " ਸੱਤੀ ਇਸ ਨੂੰ ਵੀ ਦੱਸ ਦੇ, ਜਿਹੜੀ ਕੁੜੀ ਦੀ ਤੂੰ ਦੱਸ ਪਾਉਂਦੀ ਸੀ। ਉਸ ਦੀ ਕੋਈ ਫੋਟੋ ਇਸ ਨੂੰ ਦਿਖਾਦੇ। ਆਪਾਂ ਇਸ ਦਾ ਵਿਆਹ ਕਰ ਦੇਈਏ।" ਮੈਂ ਹੈਰਾਨ ਹੋ ਕੇ ਅਮਨ ਵੱਲ ਦੇਖਣ ਲੱਗ ਗਈ। ਰੱਬ ਦਾ ਸ਼ੁਕਰ ਮੁੰਡਾ ਆਪੇ ਹੀ ਬੋਲ ਪਿਆ," ਮੈਨੂੰ ਕੁੜੀ ਦੀ ਫੋਟੋ ਦੇਖਣ ਦੀ ਲੋਤ ਨਹੀਂ ਹੈ। ਕੁੜੀਆਂ ਤਾਂ ਆਪ ਮੇਰੇ ਨਾਲ ਵਿਆਹ ਕਰਾਉਣ ਨੂੰ ਫਿਰਦੀਆਂ ਹਨ। ਮੇਰੇ ਕੋਲੇ ਅਜੇ ਸਮਾਂ ਨਹੀਂ ਹੈ। " ਅਮਨ ਨੇ ਅੱਧੀ ਗੱਲ ਸੁਣ ਕੇ ਕੰਨਾਂ ਉਤੇ ਹੱਥ ਧਰ ਲਏ। ਉਹ ਤਾਂ ਰੋਣ ਲੱਗ ਗਈ। ਬੈਣ ਪਾਉਣ ਵਾਂਗੂ ਲੱਗ ਗਈ," ਹਾਏ ਮੇਰੇ ਰੱਬਾ, ਇਸ ਨੇ ਤਾ ਸਾਨੂੰ ਜਿਉਣ ਜੋਗੇ ਨਹੀਂ ਛੱਡਿਆ। ਇਹ ਕੰਮ ਇਸ ਦੇ ਪਿਉ ਦਾਦੇ ਨੇ ਨਹੀਂ ਕੀਤਾ। ਇਹੋ ਜਿਹ ਔਲਾਦ ਮੇਰੇ ਘਰੇ ਕਿਉਂ ਜੰਮੀ? " ਮੁੰਡੇ ਨੇ ਕਿਹਾ," ਮੰਮੀ ਕੀ ਪ੍ਰੌਬਲਮ ਹੈ? ਘਰ ਦੇ ਅੰਦਰ ਵੀ ਹੱਲਾ। ਘਰ ਦੇ ਬਾਹਰ ਵੀ ਓਪਨ ਹਾਊਸ ਖੋਲ ਕੇ ਬੈਠ ਗਈ ਹੈ। ਤੈਨੂੰ ਕੀ ਲੱਗਦਾ ਹੈ? ਵਿਆਹ ਕਰਾ ਕਿ ਮੈਂ ਵੀ ਆਪਣੀ ਪਤਨੀ ਨਾਲ ਤੇਰੇ ਤੇ ਡੈਡ ਵਾਂਗ ਇੱਕ ਦੂਜੇ ਨਾਲ ਲੜੀ ਜਾਵਾਂ। ਹੋਰ ਵਿਆਹ ਵਿੱਚ ਕੀ ਰੱਖਿਆ ਹੈ? ਨੋਕ ਝੋਕ ਤੋਂ ਬਗੈਰ ਕਦੇ ਡੈਡੀ ਨੂੰ ਤੈਨੂੰ ਪਿਆਰ ਨਾਲ ਆਈ ਲਵ ਯੂ ਕਹਿੰਦੇ ਵੀ ਨਹੀਂ ਸੁਣਿਆ। " ਅਮਨ ਨੇ ਚੂੰਨੀ ਵਿੱਚ ਮੂੰਹ ਲਕੋ ਕੇ ਕਿਹਾ," ਹਾਏ ਮੈਂ ਮਰਜ਼ਾ। ਇਹ ਮੇਰਾ ਪੁੱਤਰ ਹੀ ਮੈਨੂੰ ਮੇਹਣੇ ਦੇ ਰਿਹਾ ਹੈ। ਉਸ ਦੇ ਡੈਡੀ ਅੰਨਪੜ੍ਹ ਨੂੰ ਅੰਗਰੇਜ਼ੀ ਹੀ ਨਹੀਂ ਆਉਂਦੀ। ਆਈ ਲਵ ਯੂ ਸੁਆਹ ਕਹੇਗਾ। ਮੇਰੀ ਤਾਂ ਸਾਰੀ ਉਮਰ ਤੇਰੀ ਮਾਂ, ਤੇਰੀ ਭੈਣ ਦੀਆਂ ਗੱਲਾਂ ਸੁਣਦੇ ਨਿੱਕਲ ਗਈ। ਤਾਂ ਵੀ ਬੜੀ ਖੁਸ਼ ਹਾਂ। ਘਰ ਵਸਾਈ ਬੈਠੀ ਹਾਂ। ਪਰ ਤੈਨੂੰ ਤਾਂ ਕੁੜੀਆਂ ਆਈ ਲਵ ਯੂ ਵੀ ਕਹਿ ਰਹੀਆ ਹਨ। ਤੂੰ ਉਨਾਂ ਵਿਚੋਂ ਕਿਸੇ ਨਾਲ ਵਿਆਹ ਕਰਾ ਲੈ। " ਮੁੰਡਾ ਪੂਰਾ ਮੂੰਹ ਅੱਡ ਕੇ ਹੱਸਿਆ। ਇੰਨੇ ਨੂੰ ਇਕ ਕਾਰ ਆ ਕੇ ਰੁਕੀ। ਉਸ ਕਾਰ ਵਿੱਚੋਂ 2 ਮੁੰਡੇ 2 ਕੁੜੀਆ ਉਤਰੀਆਂ। ਇਹ ਸਾਰੇ ਅਮਨ ਦੇ ਮੁੰਡੇ ਦੇ ਦੁਆਲੇ ਹੋ ਗਏ। ਕੁੜੀਆਂ ਨੇ ਵੀ ਉਸ ਮੁੰਡੇ ਨੂੰ ਜੱਫ਼ੀਆਂ ਪੱਪੀਆਂ ਕੀਤੀਆਂ। ਉਸ ਨੂੰ ਕਿਹਾ," ਆਈ ਲਵ ਯੂ, ਕੀ ਪਾਰਟੀ ਤੇ ਜਾਣ ਲਈ ਤਿਆਰ ਹੈ? " ਉਸ ਮੁੰਡੇ ਨੇ ਉਚੀ ਅਵਾਜ਼ ਵਿੱਚ ਕਿਹਾ, " ਹਾਂ ਚੱਲੋ ਮੈਂ ਤਿਆਰ ਹਾਂ। " ਉਹ 5 ਜਾਣੇ ਉਚੀ-ਉਚੀ ਹੱਸਦੇ ਚੀਕਾਂ ਮਾਰਦੇ ਕਾਰ ਵਿੱਚ ਜਾ ਬੈਠੇ। ਉਚੀ ਗਾਣਾਂ ਲਾ ਕੇ ਕਾਰ ਦੀਆਂ ਚੀਕਾਂ ਪਾਉਂਦੇ ਉਥੋਂ ਚਲੇ ਗਏ। ਅਮਨ ਨੇ ਮੇਰੇ ਵੱਲ ਦੇਖਿਆ, ਉਸ ਨੇ ਕਿਹਾ," ਮੇਰਾ ਮੁੰਡਾ ਤਾਂ ਆਈ ਲਵ ਯੂ ਦੇ ਚੱਕਰਾਂ ਵਿੱਚ ਫਸ ਗਿਆ ਹੈ। ਉਨਾਂ ਨੇ ਤਿੰਨ ਅੱਖਰ ਬੋਲੋ, ਉਹ ਬਹੁਤ ਖੁਸ਼ ਹੋ ਗਿਆ। ਇੱਕ ਮਿੰਟ ਵਿੱਚ ਉਨਾਂ ਦੇ ਇੱਕ ਇਸ਼ਾਰੇ ਨਾਲ ਮਗਰ ਹੋ ਤੁਰਿਆ। ਮੈਂ ਘੰਟੇ ਵਿੱਚ 20 ਗੱਲਾਂ ਕੀਤੀਆਂ ਹਨ। ਇੱਕ ਨਹੀਂ ਮੰਨੀ। ਹੁਣ ਮੈਨੂੰ ਇਸ ਦੀ ਮੰਨਣੀ ਪੈਣੀ ਹੈ। ਸਿਆਣੇ ਕਹਿੰਦੇ ਹਨ, " ਬੱਚੇ ਨਾਲ ਬੱਚਾ ਬਣ ਜਾਣਾਂ ਚਾਹੀਦਾ ਹੈ। ਬੱਚੇ ਨੂੰ ਖੁਸ਼ ਰੱਖਣ ਲਈ ਉਸ ਦੀ ਹਰ ਜਿੰਦ ਮੰਨਣੀ ਪੈਂਦੀ ਹੈ। " ਹੁਣ ਮੈਂ ਵੀ ਆਈ ਲਵ ਯੂ ਤੋਂ ਬਗੈਰ ਕੁੱਝ ਨਹੀਂ ਬੋਲਣਾਂ। " ਉਹ ਇਸ ਤਰਾਂ ਕਰਨ ਲੱਗ ਗਈ। ਜਿਵੇਂ ਪਾਗਲ ਹੋ ਗਈ ਹੋਵੇ। ਉਸ ਨੇ ਮੈਨੂੰ ਜੱਫੀ ਪਾ ਲਈ। ਜਦੋਂ ਉਸ ਨੇ ਮੈਨੂੰ ਆਈ ਲਵ ਯੂ ਕਿਹਾ। ਮੈਂ ਹੈਰਾਨ ਸੀ। ਉਸ ਦੇ ਚੇਹਰੇ ਉਤੇ ਖੁਸ਼ੀ ਦੀ ਝਲਕ ਸੀ। ਉਸ ਦਾ ਪਤੀ ਕੰਮ ਤੋਂ ਆਇਆ ਸੀ। ਸਾਡੇ ਕੋਲੋ ਦੀ ਲੰਘਣ ਲੱਗਾ। ਅਮਨ ਨੇ ਆਪਣੇ ਪਤੀ ਨੂੰ ਵੀ ਜੱਫ਼ੀ ਪਾ ਕੇ ਕਿਹਾ," ਆਈ ਲਵ ਯੂ ।" ਉਸ ਦਾ ਪਤੀ ਜ਼ੋਰ ਦੀ ਹੱਸਿਆ। ਇਸ ਨੂੰ ਪਹਿਲਾਂ ਕਦੇ ਹੱਸਦੇ ਨਹੀਂ ਦੇਖਿਆ ਸੀ। ਉਹ ਉਸ ਨੂੰ ਜੱਫ਼ੀ ਵਿੱਚ ਲੈ ਕੇ ਅੰਦਰ ਲੈ ਗਿਆ। ਗਰਮੀਆਂ ਨੂੰ ਖਿੜਕੀਆਂ ਖੁੱਲੀਆਂ ਹੋਣ, ਸਾਡੇ ਦੋਨੇਂ ਘਰਾਂ ਦੀਆਂ ਗੱਲਾਂ ਸੁਣਦੀਆਂ ਹਨ। ਰਾਤ ਦੇ 10 ਕੁ ਵਜੇ ਮੈਨੂੰ ਉਸ ਦੇ ਘਰ ਵਿੱਚੋਂ ਉਚੀ ਹੱਸਣ ਦੀ ਅਵਾਜ਼ ਆਈ। ਇਹ ਅਮਨ ਦੇ ਮੁੰਡੇ ਦੀ ਅਵਾਜ਼ ਸੀ। ਉਹ ਹੱਸਦਾ ਹੋਇਆ ਕਹਿ ਰਿਹਾ ਸੀ, " ਮੰਮੀ ਮੈਨੂੰ ਜ਼ਕੀਨ ਨਹੀਂ ਆਉਂਦਾ। ਤੁਹਾਨੂੰ ਡੈਡੀ ਆਈ ਲਵ ਯੂ ਕਹਿ ਰਹੇ ਹਨ। ਤੂੰ ਮੈਨੂੰ ਆਈ ਲਵ ਯੂ ਕਹਿ ਰਹੀ ਹੈ। ਇੱਕ ਇਹ ਕੁੜੀ ਮੇਰੇ ਮਗਰ ਲੱਗੀ ਹੈ। ਇਹ ਮੈਨੂੰ ਬਾਰ-ਬਾਰ ਆਈ ਲਵ ਯੂ ਕਹਿ ਰਹੀ ਹੈ। ਹੁਣ ਮੈਨੂੰ ਵੀ ਸਾਰਿਆਂ ਨੂੰ ਆਈ ਲਵ ਯੂ ਕਹਿਣਾਂ ਪੈਣਾਂ ਹੈ।

Comments

Popular Posts