ਭਾਗ 68 ਗੁਰੀ ਦਾ ਸਰੀਰ ਹੀ ਚੁੰਬਕ ਵਰਗਾ ਸੀ ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ 
May 12, 2013
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com
ਮਦਰ ਡੇ ਵਾਲੇ ਦਿਨ ਘਰ ਦੀ ਸਬ ਤੋਂ ਵੱਡੀ ਉਮਰ ਦੀ ਔਰਤ ਵੱਲੋਂ ਮਸੂਮ ਬੱਚੇ ਨੂੰ ਮਾਰਨ ਦੀਆਂ ਤਿਆਰੀਆਂ ਹੋ ਰਹੀਆਂ ਹਨ। ਸੀਤਾ ਨੂੰ ਉਸ ਦੀ ਮਾਂ ਨੇ ਦੱਸ ਦਿੱਤਾ ਸੀ, " ਵਿੰਦਰ ਮਾਂ ਬਣਨ ਵਾਲੀ ਹੈ। ਤੂੰ ਹੀ ਉਸ ਨੂੰ ਕੁੱਝ ਸਮਝਾ ਕੇ ਦੇਖ ਲੈ। ਸਾਡੀ ਤਾਂ ਕਿਸੇ ਦੀ ਨਹੀਂ ਸੁਣਦੀ। " ਸੀਤਾ ਨੇ ਕਿਹਾ, " ਉਸ ਨੂੰ ਕੁੱਝ ਖਾਣ ਲਈ ਐਸਾ ਦੇ ਦਿਉ। ਬੱਚਾ ਗਿਰ ਜਾਵੇਗਾ। " " ਵਿੰਦਰ ਨਾਲ ਇਸੇ ਗੱਲ ‘ਤੇ ਬਹੁਤ ਲੜਾਈ ਪੈ ਗਈ। ਵਿੰਦਰ ਨੇ ਸਾਨੂੰ ਸਾਰਿਆਂ ਨੂੰ ਘਰੋਂ ਕੱਢ ਦਿੱਤਾ। ਸਾਡੀ ਉਸ ਨਾਲ ਗੱਲ ਨਹੀਂ ਹੋ ਸਕਦੀ। " " ਮਦਰ ਡੇ ਆ ਰਿਹਾ ਹੈ। ਮਾਂ ਤੁਸੀਂ ਡੈਡੀ ਦੇ ਨਾਲ ਉਸ ਦੇ ਘਰ ਚਲੇ ਜਾਉ। ਤੁਸੀਂ ਉਸ ਨਾਲ ਪਿਆਰ ਨਾਲ ਗੱਲ ਕਰੋ। ਜੇ ਇਹ ਪੰਜਾਬ ਆਉਣ ਨੂੰ ਮੰਨਦੀ ਹੈ। ਪਿਆਰ ਨਾਲ ਸਮਝਾ ਕੇ, ਪੰਜਾਬ ਨੂੰ ਘੱਲ ਦਿਉ। ਵਿੰਦਰ ਦਾ ਵਿਆਹ ਰਾਜੂ ਦੇ ਮਾਮੇ ਦੇ ਮੁੰਡੇ ਨਾਲ ਕਰ ਦਿੰਦੇ ਹਾਂ। ਵਿਆਹ ਹੋਇਆ ਹੋਵੇ। ਬੱਚਾ ਭਾਵੇਂ ਪੂਰੇ ਦਿਨਾਂ ਉੱਤੇ ਹੋ ਜਾਵੇ। ਲੋਕਾਂ ਨੂੰ ਕਹਿ ਦੇਵਾਂਗੇ। ਸਤਮਾਹਾ ਸੱਤਵੇਂ, ਅੱਠਵੇਂ ਮਹੀਨੇ ਹੋਇਆ ਹੈ। ਬੱਚੇ ਤਾਂ ਕਮਜੋਰ ਹੀ ਹੁੰਦੇ ਹਨ। ਲੋਕ ਕਿਹੜਾ ਨਬਜ਼ ਫੜ ਕੇ ਮਹੀਨੇ ਗਿਣ ਸਕਦੇ ਹਨ? " " ਸੀਤਾ ਤੂੰ ਗੱਲ ਬਹੁਤ ਅਕਲ ਵਾਲੀ ਕੀਤੀ ਹੈ। ਤੂੰ ਵੀ ਉਸ ਨਾਲ ਮਿੱਠੀਆਂ ਗੱਲਾਂ ਮਾਰ ਕੇ ਮਨਾ ਲੈ। ਕਿਸੇ ਨਾਲ ਵੀ ਵਿਆਹ ਕਰਾਉਣ ਨੂੰ ਮੰਨ ਜਾਵੇ। ਆਪੇ ਪਰਦਾ ਪੈ ਜਾਣਾ ਹੈ। "
ਮਦਰ ਡੇ ਤੋਂ ਇੱਕ ਦਿਨ ਪਹਿਲਾਂ ਵਿੰਦਰ ਦੀ ਮਾਂ ਤੇ ਡੈਡੀ ਵਿੰਦਰ ਕੋਲ ਆ ਗਏ ਸਨ। ਵਿੰਦਰ ਮਾਂ ਨੂੰ ਦੇਖ ਕੇ ਪਹਿਲੀਆਂ ਸਾਰੀਆਂ ਗੱਲਾ ਭੁੱਲ ਗਈ ਸੀ। ਮਾਂ ਧੀ ਗਲ਼ੇ ਲੱਗ ਕੇ ਮਿਲੀਆਂ ਸਨ। ਵਿੰਦਰ ਦਾ ਡੈਡੀ ਬਾਹਰ ਸੈਰ ਕਰਨ ਚਲਾ ਗਿਆ। ਉਸ ਦੀ ਮਾਂ ਨੇ ਪੁੱਛਿਆ, " ਇਹ ਦਰਾਂ ਮੂਹਰੇ ਜੁੱਤੀ ਕੀਹਦੀ ਹੈ? ਕੀ ਉਸੇ ਦੀ ਹੈ? ਉਹ ਜੋ ਮੁੰਡਾ ਆਇਆ ਸੀ। ਭਲਾ ਜਿਹਾ  ਕੀ ਉਸ ਦਾ ਨਾਮ ਸੀ? " ਵਿੰਦਰ ਨੇ ਕਿਹਾ, " ਹਾਂ ਮਾਂ ਉਹੀ ਗੁਰਜੋਤ ਆਇਆ ਹੋਇਆ ਹੈ। " " ਇਹ ਤੇਰੇ ਕੋਲ ਕੀ ਕਰਨ ਆਉਂਦਾ ਹੈ? ਇਸ ਦੀ ਭੈਣਤੇਰੀ ਸਹੇਲੀ ਤਾਂ ਕਦੇ ਦੇਖੀ ਨਹੀਂ। ਕੁੜੀਆਂ ਕੋਲ ਕੁੜੀਆਂ ਆਉਂਦੀਆਂ ਹਨ। ਸੱਚ ਦੱਸ ਤੇਰਾ ਇਹ ਕੀ ਲੱਗਦਾ ਹੈ? ਢਿੱਡ ਵਿੱਚ ਪਤਾ ਨਹੀਂ ਇਸੇ ਹਰਾਮੀ ਦੀ ਔਲਾਦ ਹੋਣੀ ਹੈ। " ਮਾਂ ਵਿੰਦਰ ਵੱਲ ਚੋਰ ਫੜਨ ਦੀ ਤਾੜ ਨਾਲ ਦੇਖ ਰਹੀ ਸੀ। ਗੁਰਜੋਤ ਸੁੱਤਾ ਪਿਆ ਉੱਠ ਕੇ ਆ ਗਿਆ। ਮਾਂ ਨੇ ਜਦੋਂ ਉਸ ਨੂੰ ਵਿੰਦਰ ਦੇ ਕਮਰੇ ਵਿਚੋਂ ਨਿਕਲਦੇ ਨੂੰ ਦੇਖਿਆ। ਉਸ ਦੇ ਹੋਸ਼ ਉੱਡ ਗਏ। ਉਸ ਦਾ ਸ਼ੱਕ ਪੱਕਾ ਹੋ ਗਿਆ। ਗੁਰਜੋਤ ਨੇ ਵਿੰਦਰ ਦੀ ਮਾਂ ਨੂੰ ਜੱਫੀ ਪਾ ਲਈ। ਉਸ ਨੇ ਕਿਹਾ, " ਇੰਨੇ ਚਿਰ ਦੇ ਤੁਸੀਂ ਕਿਥੇ ਸੀ? ਦਰਸ਼ਨ ਹੀ ਨਹੀਂ ਹੋਏ। ਅੱਖਾਂ ਤਰਸ ਗਈਆਂ ਹਨ। ਘਰ ਸੁੰਨਾ ਲੱਗਦਾ ਸੀ। " ਮਾਂ ਨੂੰ ਪਤਾ ਲੱਗ ਗਿਆ। ਇਹ ਘਰ ਬਹੁਤ ਆਉਂਦਾ, ਜਾਂਦਾ ਰਹਿੰਦਾ ਹੈ। ਮਾਂ ਨੂੰ ਵਿੰਦਰ ਨੇ ਕੁੱਝ ਬੋਲਣ ਜੋਗੀ ਨਹੀਂ ਛੱਡਿਆ। ਫਿਰ ਉਸ ਨੇ ਪੁੱਛ ਲਿਆ, " ਤੂੰ ਕਦੋਂ ਆਇਆ ਸੀ? " ਗੁਰੀ ਨੇ ਕਿਹਾ, " ਤੁਹਾਡੇ ਮੂਹਰੇ ਹੀ ਆਇਆਂ ਹਾਂ। ਬਸ 4 ਘੰਟੇ ਸੁੱਤਾਂ ਹਾਂ। ਹੁਣੇ ਟਰੱਕ ਲੈ ਕੇ ਤੁਰਨਾਂ ਹੈ। ਵੈਨਕੂਵਰ ਪਹੁੰਚਣਾ ਹੈ। ਚਾਹ ਦੀ ਘੁੱਟ ਪੀ ਕੇ ਜਾਂਦਾ ਹਾਂ। " " ਗ਼ੁੱਸਾ ਨਾਂ ਕਰੀ, ਕਾਕਾ ਮੁੰਡਿਆਂ ਦੀ ਮੁੰਡਿਆਂ ਨਾਲ ਯਾਰੀ ਚੰਗੀ ਲੱਗਦੀ ਹੈ। ਤੂੰ ਵਿੰਦਰ ਕੋਲ ਆਉਂਦਾ ਹੈ। ਇਹ ਗੱਲ ਜਚਦੀ ਨਹੀਂ ਹੈ। ਮੇਰੀ ਕੁੜੀ ਇਕੱਲੀ ਘਰ ਹੁੰਦੀ ਹੈ। ਲੋਕ ਤੈਨੂੰ ਆਉਂਦੇ, ਜਾਂਦੇ ਨੂੰ ਦੇਖਣਗੇ। ਲੋਕ ਗੱਲਾਂ ਬਣਾਉਣਗੇ। ਅਸੀਂ ਇੱਜ਼ਤਦਾਰ ਬੰਦੇ ਹਾਂ। ਕੋਈ ਮੁੰਡਾ ਕੁੜੀ ਕੋਲ ਆਵੇ, ਅਸੀਂ ਨਹੀਂ ਚਾਹੁੰਦੇ। "
ਲੋਕ ਤੁਹਾਡੀ ਉਮਰ ਦਾ ਤਾਂ ਲਿਹਾਜ਼ ਕਰਨਗੇ। ਹੁਣ ਤੁਸੀਂ ਵੀ ਘਰ ਹੋ। ਮੈਂ ਘਰ ਨਾਂ ਆਵਾਂ, ਕੀ ਵਿੰਦਰ ਵੀ ਚਾਹੁੰਦੀ ਹੈ? ਜੇ ਵਿੰਦਰ ਆਪ ਮੈਨੂੰ ਸੱਦਦੀ ਹੈ। ਮੈਂ ਕਿਸੇ ਹੋਰ ਤੋਂ ਕੀ ਲੈਣਾ ਹੈ?" " ਵਿੰਦਰ ਦੀ ਸਿਹਤ ਠੀਕ ਨਹੀਂ ਹੈ। ਕੀ ਤੈਨੂੰ ਪਤਾ ਹੈ? ਕਿਸੇ ਹਰਾਮਦੇ ਦਾ ਬੀਜ ਉਸ ਦੀ ਕੁੱਖ ਵਿੱਚ ਪਲ਼ ਰਿਹਾ ਹੈ। ਅਸੀਂ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਹਾਂ। " ਉਸ ਨੂੰ ਡਾਕਟਰ ਕੋਲ ਲੈ ਜਾਵੋ। ਜੀ ਮੈਂ ਸਫ਼ਰ ਉੱਤੇ ਜਾਣਾ ਹੈ। ਆਪਦੇ ਦਿਮਾਗ਼ ਉੱਤੇ ਬੋਝ ਨਹੀਂ ਪਾਉਣਾ ਚਾਹੁੰਦਾ। ਤੁਸੀਂ ਵੀ ਚਿੰਤਾ ਨਾਂ ਕਰਿਆ ਕਰੋ। ਹੱਸਦੇ, ਬਹੁਤ ਸੋਹਣੇ ਲੱਗਦੇ ਹੋ। " ਗੁਰੀ ਨੇ ਵਿੰਦਰ ਕੋਲੇ ਜਾ ਕੇ ਕਿਹਾ, " ਇਹ ਤੇਰੀ ਮਾਂ ਮੈਨੂੰ ਗਾਲ਼ਾਂ ਕੱਢੀ ਜਾਂਦੀ ਹੈ। ਮੈ ਵੀ ਤੈਨੂੰ ਹਰਾਮਦੀ ਕਹਿ ਸਕਦਾ ਹਾਂ। ਜੇ ਐਸੇ ਹੀ ਕਰਨਾ ਹੈ। ਮੈਨੂੰ ਬਾਹਰ ਹੋਰ ਥਾਵਾਂ ਬਥੇਰੀਆਂ ਹਨ। " ਗੁਰੀ ਜਾਂਦਾ ਹੋਇਆ ਫਿਰ ਵਿੰਦਰ ਦੀ ਮਾਂ ਨੂੰ ਜੱਫੀ ਪਾ ਕੇ ਮਿਲ ਕੇ ਗਿਆ। ਉਹ ਸੋਚਣ ਲਈ ਮਜਬੂਰ ਹੋ ਗਈ ਮੁੰਡਾ ਬਹੁਤ ਸਲੀਕੇ ਵਾਲਾ ਹੈ।

ਪਤਾ ਨਹੀਂ ਗੁਰੀ ਦਾ ਸਰੀਰ ਹੀ ਚੁੰਬਕ ਵਰਗਾ ਸੀ। ਜੋ ਔਰਤਾਂ ਨੂੰ ਆਪਦੇ ਵੱਲ ਖਿੱਚਦਾ ਸੀ। ਜੋ ਵੀ ਔਰਤ ਉਸ ਨਾਲ ਲੱਗਦੀ ਹੈ। ਉਸੇ ਵਿੱਚ ਖੁੰਬ ਜਾਂਦੀ ਹੈ। ਉਸ ਦੇ ਜਾਣ ਪਿੱਛੋਂ, ਮਾਂ ਫਿਰ ਵਿੰਦਰ ਨੂੰ ਸਮਝਾਉਂਦੀ ਰਹੀ। ਜਿਵੇਂ ਸੀਤਾ ਨੇ ਕਿਹਾ ਸੀ। ਪਰ ਵਿੰਦਰ ਉਸ ਦੀ ਕਿਸੇ ਗੱਲ ਵਿੱਚ ਨਹੀਂ ਉਲਝੀ। ਵਿੰਦਰ ਨੇ ਮਾਂ ਨੂੰ ਸਾਫ਼ ਦੱਸ ਦਿੱਤਾ, " ਮਾਂ ਮੈਂ ਆਪਦੇ ਬੱਚੇ ਦੀ ਆਪ ਪਾਲਣ-ਪੋਸਣ ਕਰ ਸਕਦੀ ਹਾਂ। ਮੈਨੂੰ ਗੁਰਜੋਤ ਦਾ ਵੀ ਸਾਥ ਨਹੀਂ ਚਾਹੀਦਾ। ਉਹ ਤਾਂ ਹੁਣ ਵੀ ਮੈਨੂੰ ਕਹਿ ਗਿਆ ਹੈ, " ਉਸ ਨੇ ਮੁੜ ਕੇ ਨਹੀਂ ਆਉਣਾ। ਉਸ ਕੋਲ ਹੋਰ ਬਥੇਰੀਆਂ ਹਨ। ਹਰ ਬਾਰ ਇਹੀ ਕਹਿ ਕੇ ਜਾਂਦਾ ਹੈ। ਜਿਸ ਨਾਲ ਤੁਸੀਂ ਮੇਰੇ ਵਿਆਹ ਕਰੋਗੇ। ਉਹ ਵੀ ਤਾਂ ਐਸਾ ਹੀ ਹੋਵੇਗਾ। ਮਹਾਤਮਾਂ ਬੁੱਧ ਵਾਂਗ ਘਰ ਛੱਡਣ ਲਈ ਮਰਦ ਤਿਆਰ ਰਹਿੰਦੇ ਹਨ। ਲੋਕ ਉਸ ਦੀ ਤਾਰੀਫ਼ ਮਹਾਤਮਾਂ ਬੁੱਧ ਕਹਿ ਕੇ ਕਰਦੇ ਹਨ। ਜਿਸ ਨੇ ਬੱਚੇ, ਘਰ ਔਰਤ ਛੱਡ ਦਿੱਤੇ। ਕਿਧਰ ਦਾ ਮਹਾਤਮਾਂ-ਗਿਆਨੀ ਹੈ? ਕਿਧਰ ਦੇ ਅਕਲ ਵਾਲੇ ਹਨ। ਔਰਤ ਪਤੀ ਵਰਤਾ ਬਣ ਕੇ ਬੱਚਿਆਂ ਨੂੰ ਜੰਮਦੀ ਪਾਲਦੀ ਰਹਿੰਦੀ ਹੈ। ਔਰਤ ਸਾਰੀ ਉਮਰ ਬੱਚਿਆਂ ਪਤੀ ਉੱਤੇ ਲਾ ਦਿੰਦੀ ਹੈ। ਮਰਦ ਔਰਤ ਨੂੰ ਪੈਰ ਦੀ ਜੁੱਤੀ ਤੋਂ ਵੱਧ ਨਹੀਂ ਸਮਝਦਾ। ਮਾਂ ਕਿੰਨੀ ਬਾਰ ਤਾਂ ਤੇਰੀ ਗੁੱਤ ਡੈਡੀ ਹੱਥੋਂ, ਅਸੀਂ ਛਡਾਈ ਹੈ। ਮਰਦ ਔਰਤ ਦੀ ਗੁੱਤ ਪੱਟ ਕੇ, ਗਿੱਚੀ ਪਿੱਛੋਂ ਮੱਤ ਲੱਭਦੇ ਹਨ। ਜੇ ਪਤੀ ਐਸੇ ਹੁੰਦੇ ਹਨ। ਮੈਂ ਵਿਆਹ ਨਹੀਂ ਕਰਾਉਣਾ। ਇਹ ਬੱਚਾ ਬਗੈਰ ਬਾਪ ਦੇ ਪੈਦਾ ਹੋਵੇਗਾ। " " ਬੱਚਾ ਗੁਰੀ ਦਾ ਹੈ, ਤਾਂ ਇਸੇ ਨਾਲ ਹੀ ਵਿਆਹ ਕਰਾ ਲੈ। ਸਾਡੀ ਇੱਜ਼ਤ ਬਚਾ ਲੈ। ਲੋਕ ਮੂੰਹ ਵਿੱਚ ਉਗ਼ਲਾਂ ਦੇਣਗੇ। " “ ਲੋਕ ਮੇਰੇ ਕੀ ਲਗਦੇ ਹਨ? ਬੱਚੇ ਦੀ ਮਾਂ ਤਾਂ ਮੈਂ ਹਾਂ। ਬਾਪ ਕੋਈ ਵੀ ਹੋਵੇ, ਇਸ ਨਾਲ ਕੀ ਫ਼ਰਕ ਪੈਂਦਾ ਹੈ। ਜੋ ਬੱਚੇ ਖ਼ਸਮਾਂ ਵਾਲੀਆਂ ਦੇ ਹੁੰਦੇ ਹਨ। ਕੀ ਉਹ ਬੱਚੇ ਨੂੰ ਪਿਉ ਹਿੱਕ ਨਾਲ ਲਾ ਕੇ ਆਪ ਪਾਲਦੇ ਹਨ? ਬਾਪ ਕੋਈ ਵੀ ਹੋਵੇ। ਬੱਚਾ ਮਾਂ ਪਾਲ਼ਦੀ ਹੈ। ਜਦੋਂ ਬੱਚਾ ਭੁੱਖਾ ਰੋਂਦਾ ਹੈ। ਬੱਚਾ ਭੁੱਖਾ ਹੈ। ਮਾਂ ਹੀ ਸਮਝਦੀ ਹੈ। ਬਾਪ ਨੂੰ ਬੱਚੇ ਦੀ ਸਿਰ ਦਰਦੀ ਨਹੀਂ ਹੁੰਦੀ। ਮੈਨੂੰ ਆਪਣੀ ਜੁੰਮੇਬਾਰੀ ਦਾ ਪਤਾ ਹੈ। ਬੱਚੇ ਦੀ ਜੁੰਮੇਬਾਰੀ ਮਾਂ ਦੀ ਹੀ ਹੁੰਦੀ ਹੈ। ਮਾਂ ਮਰ ਜਾਵੇ। ਬਾਪ ਦੂਜੀ ਔਰਤ ਲੈ ਆਉਂਦਾ ਹੈ। ਮਰਦ ਮਰ ਜਾਵੇ, ਔਰਤ ਬੱਚੇ ਇਕੱਲੀ ਪਾਲ਼ ਲੈਂਦੀ ਹੈ। ਮੈਨੂੰ ਵੀ ਬੱਚਾ ਪਾਲਣ ਨੂੰ ਕੋਈ ਮਰਦ ਨਹੀਂ ਚਾਹੀਦਾ। ਵੇਸਵਾ ਦੇ ਵੀ ਬਹੁਤ ਖ਼ਸਮ ਹੁੰਦੇ ਹਨ। ਬੱਚਾ ਦੀ ਮਾਂ ਬਣ ਜਾਵੇ, ਉਹ ਆਪੇ ਪਾਲਦੀ ਹੈ। ਔਰਤ ਬਹੁਤ ਮਜ਼ਬੂਤ ਹੈ।

Comments

Popular Posts