ਭਾਗ 17 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਸੁਖ ਦੇ ਡੈਡੀ ਨੇ ਸਵੇਰੇ-ਸਵੇਰੇ ਹੀ ਸੁਖ ਨੂੰ ਆਪਦੇ ਕੋਲ ਬੁਲਾ ਲਿਆ ਸੀ। ਸੁਖ ਨੂੰ ਕਿਹਾ, " ਸੁਖ ਤੇਰਾ ਵਿਆਹ ਦਾ ਚਾਅ ਲਹਿ ਗਿਆ ਹੈ, ਜਾਂ ਨਹੀਂ। ਮੋਜ਼-ਮੇਲਾ ਬਹੁਤ ਹੋ ਗਿਆ। ਹੁਣ ਅੱਜ ਤੋਂ ਕੰਮ ਵੱਲ ਵੀ ਧਿਆਨ ਦੇਣ ਲੱਗਜਾ। " ਸੁਖ ਨੇ ਕਿਹਾ, " ਡੈਡੀ ਗੱਡੀਆਂ ਡਰਾਇਵਰ ਚਲਾਈ ਜਾਂਦੇ ਹਨ। ਮੇਰਾ ਅਜੇ ਕੰਮ ਉਤੇ ਜਾਂਣ ਨੂੰ ਦਿਲ ਨਹੀਂ ਕਰਦਾ। " ਸੁਖ ਦੀ ਮੰਮੀ ਵੀ ਗੱਲਾਂ ਸੁਣ ਕੇ, ਕੋਲ ਆ ਗਈ ਸੀ। ਉਸ ਨੇ ਕਿਹਾ, " ਕੰਮ ਤਾਂ ਸਾਰੀ ਉਮਰ ਕਰਨਾਂ ਹੈ। ਮੁੰਡੇ ਨੂੰ ਰਿਸ਼ਤੇਦਾਰੀਆਂ ਵਿੱਚ ਘੁੰਮ ਫਿਰ ਲੈਣ ਦੇਵੋਂ। " ਸੀਤਲ ਰਸੋਈ ਵਿੱਚ ਖੜ੍ਹੀ ਚਾਹ ਪੀ ਰਹੀ ਸੀ। ਉਸ ਨੇ ਸੁਖ ਨੂੰ ਆਪਦੇ ਵੱਲ ਦੇਖਦੇ ਹੋਏ ਦੇਖ ਕੇ, ਇਸ ਤਰਾਂ ਸਿਰ ਮਾਰਿਆ। ਬਈ ਕੰਮ ਉਤੇ ਨਹੀਂ ਜਾਂਣਾਂ। ਸੁਖ ਨੇ ਥੋੜਾ ਜਿਹਾ ਹੱਥ ਖੜ੍ਹਾ ਕਰਕੇ ਸਹਿਮਤੀ ਜਾਹਰ ਕੀਤੀ। ਦੋਂਨਾਂ ਦੇ ਇੰਨਾਂ ਇਸ਼ਰਿਆਂ ਨੂੰ ਸੁਖ ਦੇ ਡੈਡੀ ਨੇ ਵੀ ਦੇਖ ਲਿਆ ਸੀ। ਸੁਖ ਦੇ ਡੈਡੀ ਨੇ ਗੱਲ ਫਿਰ ਦੁਹਰਾ ਕੇ ਕਿਹਾ, " ਜ਼ਨਾਨੀ ਦੇ ਗੋਡੇ ਮੁਡ ਬੈਠ ਕੇ, ਕਮਾਈਆਂ ਨਹੀਂ ਹੁੰਦੀਆਂ। ਜੇ ਐਨਾਂ ਹੀ ਸੀਤਲ ਦਾ ਮੋਹ ਆਉਂਦਾ ਹੈ। ਇਸ ਨੂੰ ਵੀ ਨਾਲ ਹੀ ਲੈਜਾ। ਦੋਂਨਾਂ ਦਾ ਜੀਅ ਲੱਗਾ ਰਹੇਗਾ। ਗੱਡੀਆਂ ਮਾਲ ਲੱਦ ਰਹੀਆਂ ਹਨ। ਹਫ਼ਤੇ ਨੂੰ ਪੰਜਾਬ ਵੱਲ ਦਾ ਮਾਲ ਲੈ ਆ ਜਾਇਉ। " ਸੁਖ ਨੂੰ ਪਤਾ ਸੀ। ਡੈਡੀ ਦੇ ਅੱਗੇ ਇੱਕ ਨਹੀਂ ਚੱਲਣੀ। ਗੱਲ ਮੰਨਣੀ ਪੈਣੀ ਹੈ। ਉਹ ਚੁਪ ਕਰ ਗਿਆ। ਜਦੋਂ ਸ਼ਾਮ ਨੂੰ ਟਰੱਕ ਲੈ ਕੇ ਤੁਰਨ ਦਾ ਸਮਾਂ ਹੋਇਆ। ਸੀਤਲ ਦਾ ਰੋਣਾਂ ਧੌਣਾਂ ਸ਼ੁਰੂ ਹੋ ਗਿਆ। ਸੀਤਲ ਦੀ ਵੀ ਉਹੀ ਅੜੀ ਸੀ। ਉਸ ਨੇ ਨੇ ਕਿਹਾ, " ਐਡੀ ਛੇਤੀ ਕੰਮ ਉਤੇ ਜਾਂਣ ਦੀ ਕੀ ਲੋੜ ਹੈ? ਮੇਰਾ ਇੱਕਲੀ ਦਾ ਜੀਅ ਨਹੀਂ ਲੱਗਣਾਂ। ਕੋਈ ਲੋੜ ਨਹੀਂ ਐਸਾ ਕੰਮ ਕਰਨ ਦੀ, ਘਰ ਤੋਂ ਐਡੀ ਦੂਰ ਜਾਣ ਦੀ ਕੀ ਲੋੜ ਹੈ। ਤੁਸੀਂ ਐਸਾ ਕੰਮ ਕਰੋ, ਕੰਮ ਕਰਕੇ, ਹਰ-ਰੋਜ਼ ਘਰੇ ਆ ਜਵੋਂ। " ਸੁਖ ਹੁਣ ਮਜ਼ਾਕ ਦੇ ਮੂਡ ਵਿੱਚ ਆ ਗਿਆ ਸੀ। ਉਸ ਨੇ ਕਿਹਾ, " ਇਹ ਤਾ ਯਾਰੀ ਲਾਉਣ ਸਮੇਂ ਸੋਚਣਾਂ ਸੀ। ਟੱਰਕਾਂ ਵਾਲਿਆ ਦਾ ਕੋਈ ਅੱਡਾ ਨਹੀਂ ਹੁੰਦਾ। ਸਟੇਰਿੰਗ ਨੂੰ ਜੱਫ਼ੀ ਪਾ ਕੇ, ਹੀ ਸੌਂਉ ਜਾਂਦੇ ਹਨ। "
 ਸੀਤਲ ਨੇ ਆਪਦੀਆ ਅੱਖਾਂ, ਚੂੰਨੀ ਨਾਲ ਪੂੰਝਦੀ ਹੋਈ ਨੇ ਕਿਹਾ, " ਮੈਂ ਡੈਡੀ ਨੂੰ ਕਹਿੱਣ ਚੱਲੀ ਹਾਂ। ਤੁਸ਼ੀਂ ਗੱਡੀਆਂ ਨਾਲ ਨਹੀਂ ਜਾਂਣਾਂ। ਮੇਰੇ ਪੇਟ ਵਿੱਚ ਦਰਦ ਹੈ। ਤੁਸੀਂ ਮੈਨੂੰ ਡਾਕਦਰ ਦੇ ਲੈ ਕੇ ਜਾਂਣਾਂ ਹੈ। " ਸੁਖ ਉਸ ਦੀ ਗੱਲ ਸੁਣ ਕੇ, ਸੁਖ ਹੱਸ ਪਿਆ। ਉਸ ਨੇ ਕਿਹਾ, " ਮੇਰਾ ਬਾਪੂ ਛੱਤੀਆਂ ਪੱਤਣਾਂ ਦਾ ਤਾਰੂ ਹੈ। ਉਹ ਔਰਤਾਂ ਦੇ ਸਾਰੇ ਖੇਖਨ ਜਾਂਣਦਾ ਹੈ। ਇੱਕ ਬਾਰ ਤੂੰ ਕਹਿ ਕੇ ਦੇਖ, " ਬਿਮਾਰ ਹਾਂ। " ਡਾਕਟਰ ਘਰ ਹੀ ਸੱਦ ਦੇਵੇਗਾ। ਇਹੋ ਜਿਹੇ ਡਰਾਮੇ, ਮੰਮੀ ਡੈਡੀ ਆਪ ਵੀ, ਮੇਰੇ ਦਾਦਾ ਜੀ ਅੱਗੇ, ਬਥੇਰੇ ਕਰਦੇ ਰਹੇ ਹਨ। ਹੁਣ ਤਾਂ ਹਫ਼ਤੇ ਪਿਛੋਂ ਘਰ ਮੁੜਨ ਨੂੰ ਕਿਹਾ ਹੈ। ਐਸਾ ਨਾਂ ਹੋਵੇ, ਬਾਪੂ ਦਾ ਆਡਰ, ਮਹੀਨੇ ਉਤੇ ਘਰ ਮੁੜਨ ਦਾ ਹੋ ਜਾਵੇ।  " ਸੀਤਲ ਆਪਣੀ ਹੀ ਅੜੀ ਕਰੀ ਖੜ੍ਹੀ ਸੀ। ਉਸ ਨੇ ਫਿਰ ਕਿਹਾ, " ਹੁਣ ਨਾਂ ਜਾਵੋ, ਅੱਗਲੇ ਗੇੜੇ, ਗੱਡੀਆਂ ਨਾਲ ਚਲੇ ਜਾਂਣਾਂ। " ਸੁਖ ਨੇ ਕਿਹਾ, " ਜੇ ਤੇਰਾ ਇਥੇ ਜੀਅ ਨਹੀਂ ਲੱਗਦਾ। ਤੈਨੂੰ ਜਾਂਦਾ ਹੋਇਆ, ਤੇਰੇ ਪਿੰਡ ਛੱਡ ਜਾਂਦਾਂ ਹਾਂ। ਮਨ ਮਾਰਨਾਂ ਪੈਣਾਂ ਹੈ। ਤਾਂਹੀਂ ਕੰਮ ਚੱਲੇਗਾ। ਹੋਸਲਾ ਕਰ ਹਫ਼ਤਾ ਕੋਈ ਬਹੁਤਾ ਲੰਬਾ ਨਹੀਂ ਹੁੰਦਾ। ਨਾਲੇ ਹੁਣ ਤੂੰ ਪੜ੍ਹਾਈ ਵੀ ਕਰ ਸਕਦੀ ਹੈ। ਜੀਤ ਨਾਲ ਹੀ ਕਾਲਜ਼ ਵੀ ਜਾਇਆ ਕਰ। " ਸੀਤਲ ਦੇ ਕਾਲਜ਼ ਜਾਣ ਦਾ ਸੁਣ ਕੇ ਜੀਤ ਵੀ ਖੁਸ਼ ਹੋ ਗਈ ਸੀ। ਉਸ ਨੇ ਕਿਹਾ, " ਪਹਿਲਾਂ ਤਾ ਸਾਨੂੰ ਕਾਲਜ਼ ਵਿੱਚ, ਦੋਸਤਾਂ ਨੂੰ ਵਿਆਹ ਦੀ ਪਾਰਟੀ ਕਰਨੀ ਪੈਣੀ ਹੈ। ਵੱਡੇ-ਵੱਡੇ ਨੋਟਾਂ ਦੇ ਪੱਤੇ ਮੈਨੂੰ ਦੇ ਦਿਉ। ਅਸੀਂ ਦੋਂਨਾਂ ਨੇ ਦੋਸਤਾਂ ਨੂੰ ਖੁਸ਼ ਕਰਨਾਂ ਹੈ। " ਸੁਖ ਨੇ ਕਿਹਾ, " ਵਿਆਹ ਵਾਲੀ ਤਾਂ ਰੋਈ ਜਾਂਦੀ ਹੈ। ਇਸ ਨੂੰ ਚੁੱਪ ਕਰਾ ਲੈ। ਇਸ ਕੋਲ ਬਥੇਰੇ ਪੈਸੇ ਹਨ। ਜਿੰਨੇ ਦੋਸਤਾਂ ਨੂੰ ਚਾਹੋਂ, ਤੁਸੀਂ ਪਾਰਟੀ ਕਰ ਦਿਉ। " ਜੀਤ ਨੇ ਕਿਹਾ, " ਇਹ ਤਾਂ ਤੈਨੂੰ ਰੋ ਕੇ ਦਿਖਾਉਂਦੀ ਹੈ। ਵਿਰੇ ਤੂੰ ਘਰੋਂ ਬਾਹਰ ਤਾਂ ਜਾ, ਇਸ ਨੇ ਉਦੋਂ ਹੀ ਚੁਪ ਕਰ ਜਾਂਣਾਂ ਹੈ। ਉਦਾ ਹੀ ਕੋਲੋਂ ਜਾਂਦੇ ਬੰਦੇ ਨੂੰ ਦੇਖ ਕੇ, ਰੋਣਾਂ ਐਵੇਂ ਹੀ ਜਾਂਦਾ ਹੈ। ਪਿਛੋਂ ਆਪਣੇ ਆਪ ਹੀ ਰੋਣਾਂ ਬੰਦ ਹੋ ਜਾਂਦਾ ਹੈ। ਤੂੰ ਫ਼ਿਕਰ ਨਾਂ ਕਰ, ਅਸੀਂ ਇਸ ਨੂੰ ਹੋਰ ਰੋਣ ਨਹੀਂ ਦਿੰਦੇ। ਪਰ ਜੇ ਤੂੰ ਹੋਰ ਇਥੇ ਹੀ ਖੜ੍ਹਾ ਰਿਹਾ। ਇਹ ਹੋਰ ਰੋਂਦੀ ਰਹੇਗੀ। " ਸੁਖ ਦੇ ਡੈਡੀ ਨੇ ਫਿਰ ਅਵਾਜ਼ ਮਾਰ ਦਿੱਤੀ ਸੀ। ਸੁਖ ਨੂੰ ਕਿਹਾ,"  ਸੁਖ ਹੁਣ ਢਿੱਲ ਕਾਹਦੀ ਹੈ। ਅੱਗਲਿਆਂ ਨੂੰ ਸਮੇਂ ਸਿਰ ਮਾਲ ਚਾਹੀਦਾ ਹੈ। ਰੱਬ ਦਾ ਨਾਮ ਲੈ ਕੇ ਗੱਡੀਆਂ ਤੋਰੋ, ਸੀਤਲ ਪੁੱਤਰ ਰੋਈਦਾ ਨਹੀਂ ਹੈ। ਸੁਖ ਨੇ ਸਫ਼ਰ ਉਤੇ ਜਾਂਣਾਂ ਹੈ। ਹੌਸਲਾ ਰੱਖੀਦਾ ਹੈ। " ਸੁਖ ਦੀ ਮੰਮੀ ਨੇ ਰੋਂਦੀ ਸੀਤਲ ਨੂੰ ਗਲ਼ ਨਾਲ ਲਾ ਲੈਇਆ। ਸੀਤਲ ਨੂੰ ਹੂਬਕੋ-ਹੂਬਕੀ, ਹੋਕੇ ਨਾਲ ਰੋਂਦੀ ਨੂੰ ਦੇਖ ਕੇ, ਮੰਮੀ ਨੇ ਕਿਹਾ," ਸੁੱਖੀ-ਸਾਦੀਂ ਰੋਈਦਾ ਨਹੀਂ ਹੈ। ਤੂੰ ਤਾਂ ਦਿਨ ਰਾਤ ਇਸੇ ਦੇ ਆਹਰ ਵਿੱਚ ਲੱਗੀ ਰਹਿੰਦੀ ਸੀ। ਹੁਣ ਤੇਰੇ ਕੋਲ ਆਪਦੇ ਲਈ ਵੀ ਸਮਾਂ ਬਚ ਜਾਵੇ। " ਸੁਖ ਬਗੈਰ ਪਿਛੇ ਦੇਖੇ ਘਰੋਂ ਬਾਹਰ ਹੋ ਗਿਆ ਸੀ। ਸੀਤਲ ਤੇ ਮੰਮੀ ਗਲ਼ੀ ਵਿੱਚ ਖੜ੍ਹ ਕੇ, ਉਸ ਵੱਲ ਦੇਖਦੀਆਂ ਰਹੀਆਂ। ਗੱਡੀ ਤੋਰਨ ਲੱਗੇ ਨੇ, ਉਸ ਨੇ ਬਾਂਹ ਬਾਹਰ ਕਰਕੇ, ਬਾਏ ਕਰ ਦਿੱਤਾ ਸੀ। ਗੱਡੀਆਂ ਧੂੜਾਂ ਪੱਟਦੀਆਂ ਬੀਹੀ ਦਾ ਮੋੜ-ਮੁੜ ਗਈਆਂ ਸਨ।

Comments

Popular Posts