ਭਾਗ 21 ਹੰਗਾਮਾ ਬਾਪੂ ਦਾ ਆਪਣੀ ਪੂੰਜੀ ਸਹੀ ਥਾਂ ਲਾਈਏ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com
ਅਵਤਾਰ ਦੇ ਬਾਪੂ ਨੂੰ ਸਿਆਲਾਂ ਵਿੱਚ ਠੰਢ ਲੱਗ ਜਾਂਦੀ ਸੀ। ਉਹ
ਸਾਰੀ ਰਾਤ ਖੰਘਦਾ ਰਹਿੰਦਾ ਸੀ। ਖੰਘ ਦੀ ਕੋਈ ਦਵਾਈ ਨਹੀਂ ਲੱਗਦੀ ਸੀ। ਉਸ ਦੇ ਬਾਪੂ ਕੋਲ 40
ਕਿੱਲੇ ਪੈਲੀ ਸੀ। ਜਿਸ ਨੂੰ ਉਸ ਨੇ ਬਲਦਾ ਨਾਲ ਸਾਰੀ ਉਮਰ ਵਾਹਿਆ ਸੀ। ਸਿਆਣੇ ਬੰਦੇ ਉਸ ਨੂੰ ਕਈ
ਵਾਰ ਕਹਿ ਚੁੱਕੇ ਸੀ," ਜ਼ਿੰਦਗੀ ਦਾ ਕੀ ਭਰੋਸਾ ਹੈ? ਤੂੰ
ਜਾਇਦਾਦ ਮੁੰਡੇ ਦੇ ਨਾਮ ਕਰਾ ਦੇ, ਨਹੀਂ ਤਾਂ ਕਚੈਰੀਆਂ ਵਿੱਚ ਧੱਕੇ ਖਾਣੇ ਪੈਣਗੇ। ਅੱਜ ਕਲ ਪਟਵਾਰੀ, ਕੰਨਗੋ, ਤਸਲੀਦਾਰ
ਬੰਦੇ ਦੇ ਪੈਰ ਨਹੀਂ ਲੱਗਣ ਦਿੰਦੇ। ਮੂੰਹ ਅੱਡ ਕੇ ਪੈਸੇ ਮੰਗਦੇ ਹਨ। " ਇੱਕ ਦਿਨ ਜਦੋਂ
ਅਵਤਾਰ ਦੇ ਸਾਲੇ ਨੇ ਵੀ ਇਹੀ ਗੱਲ ਕਹਿ ਦਿੱਤੀ। ਤਾਂ ਉਸ ਨੇ ਕੌੜਾ ਘੁੱਟ ਭਰ ਕੇ ਜ਼ਮੀਨ ਪੁੱਤਰ ਦੇ
ਨਾਮ ਕਰਾ ਦਿੱਤੀ। ਪਟਵਾਰੀ, ਕੰਨਗੋ, ਤਸਲੀਦਾਰ ਸਾਰੇ ਹੀ ਖ਼ਰਚੇ ਦਾ ਬਹਾਨਾ ਕਰਕੇ ਉਸ ਤੋਂ 20 ਹਜ਼ਾਰ
ਰੁਪਿਆ ਲੈ ਲਿਆ। ਜ਼ਮੀਨ ਨਾਮ ਕਰਾਉਣ ਤੋਂ ਉਹ ਡਰਦਾ ਸੀ। ਉਸ ਦਾ ਪੁੱਤਰ ਤਾਂ ਬਿਲਕੁਲ ਜੰਗਲੀ ਕਿਸਮ
ਦਾ ਬੰਦਾ ਸੀ। ਕਿਸੇ ਦੀ ਕੋਈ ਲਿਹਾਜ਼ ਨਹੀਂ ਕਰਦਾ ਸੀ। ਜ਼ਮੀਨ ਨਾਮ ਲੱਗਦੇ ਹੀ ਅਵਤਾਰ ਨੇ 5 ਕਿੱਲੇ
ਵੇਚ ਦਿੱਤੇ ਸਨ। ਆਪ ਖੇਤ ਵਿੱਚ 35 ਕਿਲਿਆਂ ਦੇ ਮੱਥੇ ਕੋਠੀ ਪਾ ਲਈ ਸੀ। ਅੰਦਰ ਵਾਲਾ ਘਰ ਡੰਗਰ
ਪਸ਼ੂਆਂ ਲਈ ਰੱਖ ਲਿਆ ਸੀ। ਮੱਝਾਂ ਦੀ ਕੀਮਤ ਵੀ ਬਹੁਤ ਮਹਿੰਗੀ ਸੀ 40 ਹਜਾਰ ਤੋਂ ਘੱਟ ਕੋਈ ਪਸ਼ੂ
ਲੱਭਦਾ ਨਹੀਂ ਸੀ। ਅਵਤਾਰ ਨੇ ਬਾਪੂ ਨੂੰ ਕਿਹਾ,"
ਬਾਪੂ ਤੇਰਾ ਅੰਦਰਲੇ ਘਰ ਨਾਲ ਬਹੁਤ ਪਿਆਰ ਹੈ। ਤੂੰ
ਡੰਗਰਾ ਦੀ ਰਾਖੀ ਪੈ ਜਾਇਆ ਕਰ। ਡੰਗਰ ਖੇਤ ਨਹੀਂ ਲੈ ਕੇ ਜਾਣੇ। ਰਾਤ ਨੂੰ ਕੋਈ ਖ਼ੋਲ ਕੇ ਹੱਕ ਕੇ
ਨਾਂ ਲੈ ਜਾਵੇ।" ਅਵਤਾਰ ਦੀ ਪਤਨੀ ਨੇ ਹੋਲੀ ਜਿਹੇ ਕਿਹਾ," ਉੱਥੇ ਨਵੇ
ਘਰ ਲਿਜਾ ਕੇ ਬਾਪੂ ਤੋਂ ਕੀ ਕਰਾਉਣਾ ਹੈ? ਖੰਘ ਨਾਲ ਥੁੱਕ-ਥੁੱਕ ਕੇ ਨਵਾਂ ਘਰ ਭਰ ਦੇਵੇਗਾ। ਬਾਪੂ
ਇਸ ਡੰਗਰਾ ਵਾਲੇ ਘਰ ਵਿੱਚ ਰਹੇਗਾ। ਤਾਂ ਆਪਾਂ ਨੂੰ ਵੀ ਨੀਂਦ ਵੀ ਸੌਖੀ ਆ ਜਾਇਆ ਕਰੇਗੀ। ਨਹੀਂ
ਤਾਂ ਖੰਘ ਹੀ ਸੁਣੀ ਜਾਂਦੀ ਹੈ। " ਬਾਪੂ ਨੇ
ਤਰਲਾ ਕੀਤਾ,
ਉਸ ਨੇ ਕਿਹਾ, " ਸਾਊ ਮੈਨੂੰ ਕੱਲੇ ਨੂੰ ਛੱਡ ਕੇ ਨਾਂ ਜਾਵੋ। ਪਹਿਲਾਂ ਤੇਰੀ ਮੈਨੂੰ
ਛੱਡ ਕੇ, ਪਤਾ
ਨਹੀਂ ਕਿਥੇ ਚਲੀ ਗਈ? ਉਸ ਦੇ ਮਰਨ ਦਾ ਵਿਛੋੜਾ ਹੀ ਨਹੀਂ ਭੁੱਲਿਆ। ਹੁਣ ਤੁਸੀਂ ਵੀ ਸਾਰੇ
ਮੈਨੂੰ ਜਿਉਂਦੇ ਨੂੰ ਛੱਡ ਚੱਲੇ ਹੋ। ਰੱਬ ਦਾ ਵਾਸਤਾ ਮੈਂ ਤੁਹਾਡੇ ਨਾਲ ਹੀ ਰਹਿਣਾ ਹੈ। "
ਅਵਤਾਰ ਨੇ ਕੜਕਦੀ ਆਵਾਜ਼ ਵਿੱਚ ਕਿਹਾ," ਕੀ ਡੰਗਰਾਂ ਨੂੰ ਕੌਣ ਸੰਭਾਂਲੇਗਾ? ਪੱਠੇ ਕੌਣ
ਪਾਵੇਗਾ? ਬਾਪੂ
ਸਾਰਾ ਕੰਮ ਤੁਹਾਨੂੰ ਹੀ ਕਰਨਾ ਪੈਣਾ ਹੈ। ਦੋਨੇਂ ਭਈਏ ਚੌਲਾਂ ਨੂੰ ਪਾਣੀ ਲਾਉਣ ਜਾਂਦੇ ਹਨ। 4
ਬਾਲਟੀਆਂ ਰੱਖ ਚੱਲੇ ਹਾਂ। ਤੜਕੇ ਮੱਝਾਂ ਦੀਆਂ ਧਾਰਾ ਵੀ ਕੱਢ ਦੇਣੀਆਂ। ਨਾਲੇ ਤੇਰੇ ਲਈ ਨਵੇਂ
ਮਕਾਨ ਵਿੱਚ ਕਮਰਾ ਨਹੀਂ ਹੈ।" “ ਮੈਂ ਤਾਂ ਪੁੱਤ ਵਰਾਂਡੇ ਵਿੱਚ ਮੰਜੀ ਡਾਹ ਕੇ ਪੈ ਜਾਣਾ
ਹੈ। ਨਾਲੇ ਦੋ ਕਮਰੇ ਵਾਧੂ ਬਣਾਏ ਤਾਂ ਹਨ। “ ਨੂੰਹ ਨੇ ਜੁਆਬ ਦਿੱਤਾ," ਇਹ ਕਮਰੇ
ਆਏ ਗਏ ਲਈ ਹਨ। ਮੇਰੀਆਂ ਭੈਣਾਂ ਬਾਹਰਲੇ ਦੇਸ਼ਾਂ ਵਿੱਚ ਰਹਿੰਦੀਆਂ ਹਨ। ਕੋਈ ਹੋਰ ਆ ਜਾਂਦਾ ਹੈ। 15
ਹਜ਼ਾਰ ਦੇ ਗੱਦੇ ਵਾਲੇ ਮੰਜੇ ਤੇਰੇ ਲਈ ਨਹੀਂ ਰੱਖੇ।" ਬਾਪੂ ਅੰਦਰ ਕਮਰੇ ਵਿੱਚ ਚਲਾ ਗਿਆ। ਉਹ
ਬੜਬੜਿਆ, ਬੁੱਧੀ
ਤਾਂ ਤੇਰੀ ਆਪਣੀ ਮਾਰੀ ਗਈ ਹੈ। 40 ਕਿੱਲੇ ਉਸ ਦੇ ਨਾਮ ਕਰ ਦਿੱਤੇ। ਜਿਸ ਨੇ ਸਾਰੀ ਉਮਰ ਡੱਕਾ
ਦੂਰਾ ਨਹੀਂ ਕੀਤਾ। ਇਕੱਲਾ ਪੁੱਤ ਸਿਰ ਉੱਤੇ ਗਲੀਆਂ ਕਰਨ ਨੂੰ ਚਮਲਾ ਲਿਆ ਹੈ। ਅੱਜ ਤੱਕ ਐਸ਼ ਹੀ
ਕਰਦਾ ਰਿਹਾ ਹੈ। ਅਜੇ 5 ਕਿੱਲੇ ਵੇਚੇ ਹਨ। ਸਭ ਭੋਰ-ਭੋਰ ਕੇ ਖਾ ਜਾਵੇਗਾ। ਮੈਨੂੰ ਮੱਝਾਂ ਨੂੰ
ਪੱਠੇ ਪਾਉਣ ਨੂੰ ਰਾਮੂ ਬਣਾ ਦਿੱਤਾ। " ਨਵੇਂ ਘਰ ਜਾਣ ਦੇ ਚਾਅ ਵਿੱਚ ਬਾਪੂ ਨੂੰ ਕਿਸੇ ਨੇ
ਰੋਟੀ ਵੀ ਨਹੀਂ ਦਿੱਤੀ ਸੀ। ਉਸ ਨੇ ਵਾਰੀ-ਵਾਰੀ ਸਾਰੇ ਪਸ਼ੂਆਂ ਉੱਤੇ ਹੱਥ ਫੇਰ ਕੇ ਥਾਪੀ ਦਿੱਤੀ।
ਉਨ੍ਹਾਂ ਪਸ਼ੂਆਂ ਕੋਲ ਹੀ ਬਾਣ ਦਾ ਮੰਜਾ ਪਿਆ ਸੀ। ਉਸ ਦੀ ਪਤਨੀ ਨੇ ਬੁਣਿਆ ਸੀ। ਇਸ ਨੂੰ ਵੀ ਬਾਪੂ
ਵਾਂਗ ਵਾਧੂ ਸਮਝ ਕੇ ਪੁਰਾਣੇ ਘਰ ਵਿੱਚ ਹੀ ਛੱਡ ਗਏ ਸਨ। ਉਹ ਉਸ ਮੰਜੇ ’ਤੇ ਲੰਬਾ ਪੈ ਗਿਆ। ਸਿਰ
ਵਾਲਾ ਹੀ ਦੁਪੱਟਾ ਲਾਹ ਕੇ, ਉਸ ਨੇ ਆਪਣੇ ਮੂੰਹ ਉੱਤੇ ਲੈ ਲਿਆ ਸੀ। ਤੜਕੇ ਮੱਝਾਂ ਕਿਲਿਆਂ
ਦੁਆਲੇ ਗੇੜੇ ਦੇਣ ਲੱਗੀਆਂ। ਦੋਜੀ ਦੁੱਧ ਚੁੱਕਣ ਆਇਆ ਤਾਂ ਬਾਪੂ ਮੰਜੇ ਉੱਤੇ ਹੀ ਲੰਬਾ ਪਿਆ ਸੀ।
ਉਸ ਨੇ ਜਦੋਂ ਹਲਾ ਕੇ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ। ਉਹ ਤਾਂ ਪੱਥਰ ਬਣਾਇਆ ਪਿਆ ਸੀ। ਸਾਰਾ
ਪਿੰਡ ਇਕੱਠਾ ਹੋ ਗਿਆ। ਘਰ ਵਾਲੇ ਅਜੇ ਨਹੀਂ ਪਹੁੰਚੇ ਸਨ। ਸਾਰੀ ਰਾਤ ਨਵੇਂ ਘਰ ਵਿੱਚ ਪਾਰਟੀ ਚਲਦੀ
ਰਹੀ। ਲੋਕੀ ਮੂੰਹ ਜੋੜ ਕੇ ਗੱਲਾਂ ਕਰ ਰਹੇ ਸਨ। ਕੋਈ ਕਹਿ ਰਿਹਾ ਸੀ," ਬੁੜੇ ਨੂੰ
ਕੁੱਝ ਖੁਆ ਦਿੱਤਾ ਹੋਣਾ ਹੈ। " ਦੂਜੇ ਨੇ ਕਿਹਾ," ਗੱਲ ਵਿੱਚ
ਵਜ਼ਨ ਹੈ। ਲੱਗਦਾ ਹੈ। ਇਹ ਪੁਰਾਣਾ ਘਰ ਨਹੀਂ ਛੱਡਣਾ ਚਾਹੁੰਦਾ ਹੋਣਾ। ਜੱਦੀ ਘਰ ਨਹੀਂ ਛੱਡਿਆ।
ਮਰਨੀ ਮਰ ਗਿਆ। " ਸਿਆਣੇ ਬੰਦੇ ਨੇ ਕਿਹਾ,"
ਗੱਲਾਂ ਫਿਰ ਕਰ ਲਿਉ, ਇੱਕ ਜਾਣਾ
ਜਾ ਕੇ ਅਵਤਾਰ ਨੂੰ ਪਤਾ ਕਰ ਦਿਉ। ਹੋਰ ਕੋਈ ਇਸ ਦੀ ਧੀ ਨੂੰ ਜਾ ਕੇ ਪਤਾ ਕਰ ਦਿਉ। ਜਾਂਦੀ ਵਾਰ
ਮੂੰਹ ਦੇਖ ਲਵੇ। ਬੰਦਾ ਸਾਰੀ ਉਮਰ ਕਮਾਈ ਕਰਦਾ ਹੈ। ਐਸੀ ਦੀ ਘੜੀ ਮਰੇ ਨੂੰ ਦਿਹਾੜੀ ਨਹੀਂ ਰੱਖਿਆ
ਜਾਂਦਾ। " ਲੋਕੀ ਇਸ ਤਰਾਂ ਦੇਖਣ ਆ ਰਹੇ ਸਨ। ਜਿਵੇਂ ਕੋਈ ਜੱਗੋਂ ਪਰੇ ਭਾਣਾ ਵਰਤ ਗਿਆ
ਹੋਵੇ। ਅਵਤਾਰ ਵੀ ਆ ਗਿਆ ਸੀ। ਲੱਗਦਾ ਸੀ ਉਸ ਲਈ ਕੋਈ ਖ਼ਾਸ ਭਾਣਾ ਨਹੀਂ ਵਰਤਿਆ ਸੀ। ਉਸ ਨੂੰ ਏਸੇ
ਦੀ ਹੀ ਉਡੀਕ ਸੀ। ਮਣਾਂ ਮੂੰਹੀਂ ਬੋਝ ਲੱਥ ਗਿਆ ਹੋਵੇ। ਦੁਪਹਿਰ ਦੇ 12 ਵਜੇ ਤੱਕ ਅਰਥੀ ਤਿਆਰ ਸੀ।
ਉਸ ਦੀ ਧੀ ਦੀ ਉਡੀਕ ਹੋ ਰਹੀ ਸੀ। ਧੀ ਆਉਂਦਿਆਂ ਹੀ ਲਾਸ਼ ਨੂੰ ਅਗਨੀ ਦਿੱਤੀ ਗਈ। ਬਾਪੂ ਜਿੱਥੇ
ਮਰਿਆ ਸੀ। ਉਸ ਦਾ ਭੂਤ ਤਾਂ ਉੱਥੇ ਬੈਠਾ ਹੋਣਾ ਹੈ। ਸੁਧੀ ਲਈ ਅਖੰਡਪਾਠ ਤਾਂ ਉੱਥੇ ਹੋਣਾ ਚਾਹੀਦਾ
ਸੀ। ਤਾਂਹੀਂ ਤਾਂ ਲੋਕ ਕਿਸੇ ਦੇ ਮਰਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹਾਉਂਦੇ ਹਨ। ਆਪੇ ਭੂਤ
ਉਸ ਨਾਲ ਚਲਾ ਜਾਵੇਗਾ। ਗਿਆਨੀ ਚਾਹੇ ਉਸ ਨੂੰ ਪੂਰਾ ਪੜ੍ਹੇ ਹੀ ਨਾਂ, ਬੁੜੇ ਦੇ
ਭੂਤ ਤੋਂ ਡਰਦਾ, ਥੱਬਾ
ਪੰਨਿਆਂ ਦਾ ਚੱਕ ਕੇ ਪਾਠ ਪੂਰਾ ਕਰ ਦੇਵੇ। ਪਰ ਨਵੇਂ ਘਰ ਵਿੱਚ ਪਾਠ ਰੱਖਿਆ ਗਿਆ ਸੀ। ਦਸਵੇਂ ਦਿਨ
ਦਸਹਿਰਾ ਮਨਾਇਆ ਗਿਆ। ਸਾਰਾ ਪਿੰਡ ਤੇ ਦੁਆਲੇ ਦੇ ਹੋਰ ਪਿੰਡਾਂ ਦੇ ਲੋਕ ਆਏ ਹੋਏ ਸਨ। ਹਰ ਤਰਾ ਦੇ
ਭੋਜ, ਮਿਠਿਆਈਆਂ
ਪੱਕੀਆਂ ਸਨ। ਘਰ ਵਿੱਚ ਹੰਗਾਮਾ ਬਾਪੂ ਦਾ ਘੱਟ ਲੱਗਦਾ ਸੀ। ਨਵੇਂ ਘਰ ਦਾ ਉਦਘਾਟਨ ਵੱਧ ਲੱਗਦਾ ਸੀ।
ਘਰ ਨੂੰ ਰੰਗ ਬਿਰੰਗੇ ਲਾਟੂਆਂ, ਫੁੱਲਾਂ, ਗ਼ੁਬਾਰਿਆਂ ਨਾਲ ਸਜਾਇਆ ਗਿਆ ਸੀ। ਨੂੰਹ ਹੋਰ ਔਰਤਾਂ ਨੂੰ ਕਹਿ ਰਹੀ
ਸੀ," ਹੁਣ ਤਾਂ ਸੁਖ ਦੇਖਣਾ ਸੀ। ਬਾਪੂ ਜੀ ਨੂੰ ਚਾਰ ਦਿਨ ਇਸ ਘਰ ਵਿੱਚ
ਰਹਿਣ ਦਾ ਹੁਕਮ ਵੀ ਨਾਂ ਹੋਇਆ। " ਔਰਤਾਂ ਧਰਵਾਸ ਦੇ ਰਹੀਆਂ ਸਨ," ਸਿਆਣੇ
ਬੰਦੇ ਦਾ ਬਹੁਤ ਸੁੱਖ ਹੈ। ਘਰ ਦੀ ਰਾਖੀ ਹੀ ਕਰਦਾ ਹੈ। ਹੋਰ ਵੀ ਘਰ ਦੇ 20 ਕੰਮ ਸੁਆਰਦਾ ਹੈ।
ਬੱਚੇ ਪਸ਼ੂਆਂ ਨੁੰ ਸੰਭਾਲਦਾ ਹੈ। " ਉਸ ਦੀ ਧੀ ਦੀ ਧਾਹ ਨਿਕਲ ਗਈ," ਉਸ ਨੇ ਕਹਿ
ਹੀ ਦਿੱਤਾ,"ਤਾਂਹੀਂ ਤਾਂ ਡੰਗਰਾਂ ਨਾਲ ਉਸ ਨੂੰ ਅੰਦਰਲੇ ਘਰ ਛੱਡ ਆਏ ਸੀ। ਉਸ
ਤੋਂ ਕੀ ਕਰਾਉਣਾਂ ਸੀ? ਮੁਰੱਬੇ ਤਾਂ ਜਿਉਂਦੇ ਤੋਂ ਆਪਣੇ ਨਾਮ ਕਰਾ ਲਏ ਸਨ। ਨਾਲੇ ਬਾਪੂ
ਪੂਜਿਆ ਗਿਆ, ਨਾਲੇ
ਘਰ ਦੀ ਚੱਠ ਹੋ ਗਈ।"
Comments
Post a Comment