ਭਾਗ 4 ਲੰਬੜਦਾਰੀ ਦਾ ਨਸ਼ਾ ਹੀ ਬਹੁਤ ਹੁੰਦਾ ਹੈ ਆਪਣੇ ਪਰਾਏ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ

ਤਾਰੋ ਦੀ ਬਰਾਤ ਵਿੱਚ ਸ਼ਿਕਾਰੀ ਕੁੱਤੇ ਤੇ ਡਰਾਉਣੀਆਂ ਸ਼ਕਲਾਂ ਵਾਲੇ ਜਿੰਨ ਹੀ ਸਨ। ਉਸ ਦੀ ਡੋਲੀ ਨੂੰ ਦੋ ਘੋੜੇ ਖਿੱਚ ਕੇ ਲਗਾਏ ਸਨ। ਲੋਕ ਇਹੀ ਗੱਲਾਂ ਕਰਦੇ ਸਨ। ਤਾਰੋਂ ਨੂੰ ਡਾਕੂ ਲੈ ਗਏ ਹਨ। ਨਗਿੰਦਰ ਨੇ ਖੁੱਲ੍ਹੀ ਜ਼ਮੀਨ, ਪੱਕੀ ਹਵੇਲੀ ਵਾਲਾ ਘਰ ਦੇਖ ਕੇ, ਵੱਡੀ ਕੁੜੀ ਤਾਰੋ ਦਾ ਵਿਆਹ ਕਰ ਦਿੱਤਾ ਸੀ। ਉਸ ਨੇ ਸੋਚਿਆ ਸੀ। ਤਾਰੋ ਨੂੰ ਕੰਧਾ, ਕੋਠੇ ਨਹੀਂ ਲਿੱਪਣੇ ਪੈਣਗੇ। ਗਾਮਾ ਜ਼ੈਲਦਾਰਾਂ ਦਾ ਮੁੰਡਾ ਸੀ। ਉਸ ਦੇ ਬਾਪ ਜੈਲੇ ਨੇ ਜੈਲਦਾਰੀ ਦੀ ਬਹੁਤ ਜਾਇਦਾਦ ਇਕੱਠੀ ਕੀਤੀ ਹੋਈ ਸੀ। ਅੰਗਰੇਜ਼ ਹੀ ਬਹੁਤ ਜ਼ਮੀਨਾਂ ਦੇ ਗਏ ਸਨ। ਇਹ ਗੋਰਿਆਂ ਦਾ ਪਿੱਠੂ ਸੀ। ਉਸ ਨੇ ਲੋਕਾਂ ਦੀ ਬਹੁਤ ਜਾਇਦਾਦ ਦੱਬੀ ਹੋਈ ਸੀ। ਜ਼ੈਲਾਂ ਪੈਸਾ ਦੇ ਕੇ, ਲੋਕਾਂ ਦੀ ਮਦਦ ਕਰਦਾ ਸੀ। ਉਸ ਦੇ ਬਦਲੇ ਵਿੱਚ ਅਗਲੇ ਤੋਂ ਕਈ ਗੁਣਾਂ ਜ਼ਮੀਨ ਲਿਖਾ ਲੈਂਦਾ ਸੀ। ਜ਼ਮੀਨਾਂ ਤੇ ਘਰ ਆਪ ਦੇ ਹੱਥੀ ਲਿਖ ਕੇ, ਦੇਣ ਵਾਲੇ ਭੁੱਖੇ ਮਰ ਰਹੇ ਸਨ। ਜ਼ੈਲਾਂ ਲੋਕਾਂ ਦੀਆਂ ਜ਼ਮੀਨਾਂ, ਘਰ ਆਪ ਦੇ ਨਾਮ ਲਿਖਾ ਕੇ, ਰਹੀਸ਼ ਬਣੀ ਜਾਂਦਾ ਸੀ। ਐਸੇ ਬਾਪ ਦੀ ਔਲਾਦ ਵਿਗੜੀ ਹੁੰਦੀ ਹੈ। ਪਿਉ ਪੁੱਤਰ ਘੋੜਿਆਂ ਉੱਤੇ ਚੜ੍ਹ ਕੇ ਪਿੰਡ ਵਿੱਚ ਗੇੜੇ ਦਿੰਦੇ ਸਨ। ਕਮਜ਼ੋਰ ਗ਼ਰੀਬ ਬੰਦੇ, ਇੰਨਾ ਲਈ ਰਸਤਾ ਛੱਡ ਦਿੰਦੇ ਸਨ। ਇੰਨਾ ਤੋਂ ਲੋਕ ਸਹਿਕੇ, ਡਰੇ ਰਹਿੰਦੇ ਸਨ। ਪੁਲੀਸ ਵਾਲੇ ਇੰਨਾ ਕੋਲ ਗੇੜੇ ਮਾਰਦੇ ਰਹਿੰਦੇ ਸਨ। ਇੰਨਾ ਦੇ ਦੋਸਤ ਵੱਡੇ ਸਰੀਰਾਂ ਵਾਲੇ, ਵੱਡੀਆਂ ਮੁੱਛਾਂ ਵਾਲੇ ਡਰਾਉਣੀਆਂ ਸ਼ਕਲਾਂ ਦੇ ਵਿਹਲੜ ਬੰਦੇ ਸਨ। ਜਦੋਂ ਸਾਰੇ ਬੰਦੂਕਾਂ ਮੋਡਿਆਂ ਉੱਤੋਂ ਦੀ ਪਾ ਕੇ, ਸ਼ਿਕਾਰ ਖੇਡਣ ਜਾਂਦੇ ਸਨ। ਇਹ ਡਾਕੂਆਂ ਦਾ ਟੋਲਾ ਲੱਗਦਾ ਸੀ। ਕੋਈ ਚੱਜ ਦਾ ਕੰਮ ਨਹੀਂ ਕਰਦੇ ਸਨ। ਗੰਨ ਤੇ ਸ਼ਿਕਾਰੀ ਕੁੱਤੇ ਰੱਖਣੇ, ਇੰਨਾ ਦਾ ਸ਼ੌਕ  ਸੀ। ਖ਼ਰਗੋਸ਼, ਤਿੱਤਰਾਂ, ਕੁੜੀਆਂ ਦਾ ਸ਼ਿਕਾਰ ਖੇਡਣਾ, ਇੰਨਾ ਦਾ ਸ਼ੌਕ ਸੀ।

ਇੱਕ ਬਾਰ ਗਾਮਾ ਆਪ ਦੇ ਕਿਸੇ ਦੋਸਤ ਕੋਲ ਮਨੀਲਾ ਚਲਾ ਗਿਆ। ਇੱਥੇ ਇਸ ਨੂੰ ਪੰਜਾਬ ਤੋਂ ਵੀ ਵੱਧ ਮੌਜ ਲੱਗੀ। ਇਸ ਨੇ ਆਪ ਉੱਥੇ ਪਹੁੰਚ ਕੇ, ਤਾਰੋ ਨੂੰ ਵੀ ਸੱਦ ਲਿਆ ਸੀ। ਮਨੀਲਾ ਜਾ ਕੇ, ਤਾਰੋ ਦਾ ਜੀਅ ਬਹੁਤ ਲੱਗ ਗਿਆ ਸੀ। ਆਪ ਦੇ ਤਿੰਨਾਂ ਮੁੰਡਿਆਂ ਦੇ ਪਾਲਣ-ਪੋਸਣ ਵਿੱਚ ਲੱਗ ਗਈ ਸੀ। ਜਾਂ ਇਸ ਨੂੰ ਚਿੱਠੀ ਲਿਖਣ ਦੀ ਸੁੱਧ ਨਹੀਂ ਸੀ। ਕਦੇ ਆਪ ਦੇ ਮਾਪਿਆਂ ਨੂੰ ਸੁਖ, ਸਨੇਹਾਂ ਨਹੀਂ ਭੇਜਿਆ ਸੀ। ਗਾਮੇਂ ਨੇ, ਆਪਣੇ ਜੁੰਡੀ ਦੇ ਯਾਰਾਂ ਤੇ ਪਤਨੀ ਦੇ ਦੋ ਭਰਾਵਾਂ ਨੂੰ ਰਾਹਦਾਰੀ ਭੇਜ ਕੇ ਸੱਦ ਲਿਆ। ਉਨ੍ਹਾਂ ਤੋਂ ਕੰਮ ਕਰਾਉਂਦਾ ਸੀ। ਆਪ ਵਿਹਲਾ ਰਹਿੰਦਾ ਸੀ। ਜ਼ੈਲਦਾਰਾਂ ਵਾਲੀ ਚੌਧਰ ਸੀ। ਪਤਨੀ ਨੂੰ ਸਾਰਿਆਂ ਦੀਆਂ ਰੋਟੀਆਂ ਪਕਾਉਣ ਨੂੰ ਲਾ ਲਿਆ ਸੀ। ਇੰਨਾ ਸਾਰਿਆਂ ਨੂੰ ਪੰਜਾਬ ਦੀ ਜ਼ਿੰਦਗੀ ਨਾਲੋਂ ਇਹ ਜ਼ਿੰਦਗੀ ਬਿਹਤਰ ਲੱਗਦੀ ਸੀ। ਮੀਟ ਸ਼ਰਾਬ ਰੱਜ ਕੇ, ਖਾਣ-ਪੀਣ ਨੂੰ  ਮਿਲਦੇ ਸੀ। ਕੁੱਝ ਕੁ ਘੰਟੇ ਕੰਮ ਕਰਦੇ ਸਨ। ਇਹ ਡੱਗੀ ਚੱਕੀ ਘਰ-ਘਰ ਤੁਰੇ ਫਿਰਦੇ ਸਨ। ਉੱਥੋਂ ਦੇ ਲੋਕਾਂ ਨੂੰ ਲੋੜੀਂਦਾ ਸਮਾਨ ਵੇਚਦੇ ਸਨ। ਉਹ ਲੋਕ ਇੰਨਾ ਚੀਜ਼ਾਂ ਦੇ ਪੈਸੇ ਕਿਸ਼ਤਾਂ ਵਿੱਚ ਦਿੰਦੇ ਹਨ। ਇੱਕ ਸੌ ਦੇ ਬਦਲੇ, ਕਈ ਸੌ ਦੇ ਨੋਟ, ਸਾਲਾਂ ਬਦੀ ਬਟੋਰੀ ਜਾਂਦੇ ਸਨ। ਜੱਦੀ ਲੋਕਾਂ ਦੀ ਚੰਗੀ ਤਰਾਂ ਖੱਲ ਉਤਾਰਦੇ ਸਨ। ਉੱਥੋਂ ਦੀਆਂ ਔਰਤਾਂ ਬਹੁਤ ਨਿੱਗੇ ਸੁਭਾਅ ਦੀਆਂ ਹਨ। ਉੱਥੇ ਗਏ ਪੰਜਾਬੀਆਂ ਲਈ ਇਹੀ ਗੋਰੀਆਂ ਹਨ। ਇੰਨਾ ਨਾਲ ਜੀਅ ਲੱਗਾ ਹੋਇਆ ਸੀ। ਕਈ ਤਾਂ ਐਸੇ ਵੀ ਸਨ। ਜੋ 5,10, 15, 40 ਸਾਲਾਂ ਵਿੱਚ ਵਾਪਸ ਪੰਜਾਬ ਹੀ ਨਹੀਂ ਗਏ। ਪਤਨੀਆਂ ਬੱਚੇ ਪਿੰਡ ਹਨ। ਆਪ ਉੱਥੇ ਦੀਆਂ ਔਰਤਾਂ ਨਾਲ ਘਰ ਵਸਾਈ ਬੈਠੇ ਹਨ। ਇਹ ਦੋ ਬੇੜੀਆਂ ਵਿੱਚ ਸਵਾਰ ਹਨ। ਅਸਲ ਵਿੱਚ ਇਹ ਸਮੁੰਦਰ ਵਿੱਚ ਡੁੱਬ ਗਏ ਹਨ। ਮੁੜ ਕੇ ਪਿੰਡ ਜਾ ਕੇ ਵਸਣ ਜੋਗੇ ਨਹੀਂ ਸਨ। ਕਈਆਂ ਨੂੰ ਮਾਪਿਆਂ, ਬੱਚਿਆਂ ਦਾ ਖ਼ਿਆਲ ਹੀ ਭੁੱਲ ਗਿਆ ਹੈ। ਸਬ ਕੜੀਆਂ ਟੁੱਟ ਗਈਆਂ ਹਨ। ਪੈਰਾਂ ਵਿੱਚ ਪੈਸੇ ਕਮਾਉਣ, ਐਸ਼ ਕਰਨ ਦੀਆਂ ਬੇੜੀਆਂ ਪੈ ਗਈਆਂ ਹਨ।

ਨਗਿੰਦਰ ਦੇ ਛੋਟੇ ਦੋਨੇਂ ਪੁੱਤਰ, ਚੰਗੀ ਕਮਾਈ ਕਰ ਰਹੇ ਸਨ। । ਜਦੋਂ ਵੀ ਕੋਈ ਨਾਲ ਦੀ ਜ਼ਮੀਨ ਵੇਚਦਾ ਸੀ। ਉਦੋਂ ਹੀ ਪੁੱਤਰਾਂ ਨੂੰ ਹੋਰ ਪੈਸੇ ਭੇਜਣ ਲਈ ਕਹਿ ਦਿੰਦਾ ਸੀ। ਉਹ ਹਰ ਸਾਲ ਹੋਰ ਜ਼ਮੀਨ ਖ਼ਰੀਦ ਲੈਂਦਾ ਸੀ। ਜਾਇਦਾਦ ਦੇ ਨਸ਼ੇ ਵਿੱਚ, ਉਹ ਇਹ ਭੁੱਲ ਗਿਆ ਸੀ। ਚਾਰੇ ਪੁੱਤਰ ਉਸ ਨੂੰ ਛੱਡ ਕੇ ਚਲੇ ਗਏ ਹਨ। ਉਸ ਨੂੰ ਵਿਹਲਾ ਦੇਖ ਕੇ, ਪਿੰਡ ਵਾਲਿਆਂ ਨੇ ਸਰਪੰਚ ਬਣਾਂ ਦਿੱਤਾ। ਲੰਬੜਦਾਰੀ ਦਾ ਨਸ਼ਾ ਹੀ ਬਹੁਤ ਹੁੰਦਾ ਹੈ। ਘਰ ਦੇ ਜੀਅ ਸਬ ਘਰੋਂ ਚਲੇ ਗਏ ਸਨ। ਪਿੰਡ ਦੇ ਲੋਕਾਂ ਪਿੱਛੇ ਹੋਏ-ਹੋਏ ਕਰਦਾ ਫਿਰਦਾ ਸੀ। ਉਸ ਕੋਲ ਟਿੱਕ ਕੇ ਬੈਠਣ ਦਾ ਸਮਾਂ ਨਹੀਂ ਸੀ। ਕੋਈ ਉਸ ਨੂੰ ਰਿਜਟਰੀ ਕਰਾਉਣ, ਵਿਆਹ ਸ਼ਾਦੀ ਦੀ ਗਵਾਹੀ ਭਰਾਉਣ ਲਈ ਲੈ ਜਾਂਦਾ ਸੀ। ਲੋਕਾਂ ਦੇ ਫ਼ੈਸਲੇ ਕਰਾਉਂਦਾ ਸੀ। ਆਪ ਦੇ ਗੁਆਂਢੀਆਂ ਸਰਵਣ ਕਿਆ ਨਾਲ, ਰੋਜ਼ ਸੂਹਣ ਖੜ੍ਹੀ ਰਹਿੰਦੀ ਸੀ। ਬੀਹੀ ਦੀ ਕੰਧ ਨਿੱਕੀ ਕਰ ਕੇ, ਸਰਵਣ ਦਾ ਵਿਹੜਾ ਦਿਸਦਾ ਸੀ। ਜਦੋਂ ਵੀ ਇਹ ਬੀਹੀ ਵਿੱਚੋਂ ਲੰਘਦੇ ਸਨ। ਉਹ ਗਾਲ਼ਾਂ ਕੱਢਣ ਲੱਗ ਜਾਂਦੇ ਸਨ। ਇਹ ਕਾਂਗਰਸੀ ਸਨ। ਸਰਵਣ ਕੇ ਅਕਾਲੀ ਸਨ। ਇਹ ਦੋਨੇਂ ਨਾਮ ਸਰਕਾਰ ਚਲਾਉਣ ਨੂੰ ਅਲੱਗ-ਅਲੱਗ ਪਾਰਟੀਆਂ ਦੇ ਹਨ। ਲੋਕ ਖਾਂਹਮ-ਖਾਹ, ਇੱਕ ਦੂਜੇ ਨਾਲ ਲੜੀ ਜਾਂਦੇ ਹਨ। ਪਾਰਟੀਆਂ ਵਾਲਿਆਂ ਨੂੰ ਖ਼ਬਰ ਵੀ ਨਹੀਂ ਹੁੰਦੀ। ਨਾਂ ਹੀ ਉਹ ਐਸੇ ਲੋਕਾਂ ਨੂੰ ਲੜਾਈ ਜਿੱਤੀ ਦੀ ਵਧਾਈ ਜਾਂ ਆਸਰਾ ਦੇਣ ਆਉਂਦੇ ਹਨ।

 

Comments

Popular Posts