ਭਾਗ 46 ਸਮੇਂ ਨਾਲ ਬੰਦੇ ਦੀ ਸੋਚ ਬਦਲ ਜਾਂਦੀ ਹੈ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ

-ਸਤਵਿੰਦਰ ਕੌਰ ਸੱਤੀ (ਕੈਲਗਰੀ)-satwinder_7@hotmail.com

ਕੋਈ ਵੀ ਚੀਜ਼ ਹਰ ਸਮੇਂ ਬਰਾਬਰ ਨਹੀਂ ਰਹਿੰਦੀ। ਹਰ ਰਿਸ਼ਤੇ ਤੇ ਕੰਮ ਵਿੱਚ ਸਦਾ ਬਦਲਾਅ ਆਉਂਦਾ ਰਹਿੰਦਾ ਹੈ। ਸਮੇਂ ਨਾਲ ਬੰਦੇ ਦੀ ਸੋਚ ਬਦਲ ਜਾਂਦੀ ਹੈ। ਬੰਦੇ ਦਾ ਦਿਮਾਗ਼ ਬਦਲਦਾ ਰਹਿੰਦਾ ਹੈ। ਕਿਸੇ ਨੂੰ ਦੋ ਬੰਦੇ ਇੱਕੋ ਗੱਲ ਦੱਸਣ, ਕਈ ਜਾਣੇ ਸੁਣਦੇ ਹਨ. ਸਾਰੇ ਅਲੱਗ ਅਲੱਗ ਅਰਥ ਕੱਢਦੇ ਤੇ ਸਮਝਦੇ ਹਨ. ਇੱਕ ਗੱਲ ਦੇ ਕਈ ਮਤਲਬ ਨਿਕਲ਼ਦੇ ਹਨ। ਕੋਈ ਵੀ ਦੂਜੇ ਵਾਗ ਨਹੀਂ ਸੋਚਦਾ। ਮਾਪਿਆਂ, ਬੱਚਿਆਂ, ਭੈਣ-ਭਾਰਵਾਂ ਦੀ ਮੱਤ ਇੱਕ ਦੂਜੇ ਨਾਲ ਨਹੀਂ ਮਿਲਦੀ। ਇੱਕ ਬੰਦੇ ਦੀ ਦੂਜੇ ਨਾਲ ਲੜਾਈ ਹੋ ਜਾਵੇ। ਦੋਨਾਂ ਤੋਂ ਲੜਾਈ ਦਾ ਕਾਰਨ ਪੁੱਛਿਆ ਜਾਵੇ। ਦੋਨੇਂ ਆਪੋ-ਆਪਣੀ ਸਫ਼ਾਈ ਦੱਸਦੇ ਹਨ। ਦੂਜੇ ਨੂੰ ਕਸੂਰ ਬਾਰ ਠਹਿਰਾਇਆ ਜਾਂਦਾ ਹੈ। ਇੱਕੋ ਗੱਲ ਨੂੰ ਆਪਣੀ ਸਫ਼ਾਈ ਦੇਣ ਲਈ ਇਸ ਤਰਾ ਦੱਸਿਆ ਜਾਂਦਾ ਹੈ। ਤੀਜੇ ਸੁਣਨ ਵਾਲੇ ਬੰਦੇ ਦਾ ਦਿਮਾਗ਼ ਦੋਨਾਂ ਨੂੰ ਸਹੀਂ ਮੰਨਣ ਲੱਗ ਜਾਂਦਾ ਹੈ। ਦੋਨੇਂ ਹੀ ਆਪੋ ਆਪਣੀ ਥਾਂ ਠੀਕ ਲੱਗਦੇ ਹਨ। ਸਮੇਂ ਨਾਲ ਤਾਂ ਦਿਮਾਗ਼ ਨੇ ਬਦਲਣਾ ਹੀ ਹੈ। ਪਿਛਲੀਆਂ ਯਾਦਾਂ ਧੁੰਦਲੀਆਂ ਪੈਂਦੀਆਂ ਹਨ। ਪੁਰਾਣਾਂ ਡਲੀਟ ਹੋ ਜਾਂਦਾ ਹੈ। ਦਿਮਾਗ਼ ਨਵੀਆਂ ਗੱਲਾਂ ਤੋਂ ਪ੍ਰਭਾਵਿਤ ਹੁੰਦਾ ਰਹਿੰਦਾ ਹੈ। ਬੱਚੇ ਦਾ ਦਿਮਾਗ਼ ਬਹੁਤ ਕੁੱਝ ਹਾਸਲ ਕਰਨਾ ਚਾਹੁੰਦਾ ਹੈ। ਕਿਸੇ ਗੱਲ ਵਿੱਚ ਨੌਜਵਾਨ ਦਿਮਾਗ਼ ਉੱਤੇ ਜ਼ੋਰ ਨਹੀਂ ਦਿੰਦੇ। ਮਤਲਬ ਦੀ ਗੱਲ ਸੁਣਦੇ ਹਨ। ਗੱਲ ਛੇਤੀ ਸਮਝ ਜਾਂਦੇ ਹਨ। ਬੰਦਾ ਜਵਾਨੀ ਵਿੱਚ ਸਾਰਾ ਜ਼ੋਰ ਕੰਮ ਵਿੱਚ ਕਮਾਈ ਕਰਦੇ ਲੱਗਾ ਦਿੰਦਾ ਹੈ। ਆਪਣੀ ਸਹਿਤ ਦਾ ਧਿਆਨ ਨਹੀਂ ਰੱਖਦਾ। ਲੋਕ ਬੁਢਾਪੇ ਵਿੱਚ ਕੀਤੀ ਕਤਰੀ ਉੱਤੇ ਪਛਤਾਉਂਦੇ ਹਨ। ਉਹ ਸੋਚਦੇ ਹਨ। ਸਾਰਾ ਸਮਾਂ ਲੰਘ ਗਿਆ। ਸਾਰੀ ਜ਼ਿੰਦਗੀ ਵਿੱਚ ਕੁੱਝ ਨਹੀਂ ਖੱਟਿਆ। ਆਪਣੀ ਸਿਹਤ ਵੀ ਖ਼ਰਾਬ ਕਰ ਲਈ ਹੈ। ਬੁੱਢੇ ਬੰਦੇ ਦਾ ਸਰੀਰ ਘਸ ਹੀ ਜਾਂਦਾ ਹੈ। ਉਹ ਆਪਣੀ ਹੀ ਚਲਾਉਂਦੇ ਹਨ। ਹਰ ਰੋਜ਼ ਨਵੇਂ ਬੰਦੇ ਮਿਲਦੇ ਹਨ। ਨਵੇਂ ਦੋਸਤ ਬਣਦੇ ਹਨ। ਜੋ ਲੋਕ ਨਵੀਆਂ ਥਾਵਾਂ ਬਦਲਦੇ ਰਹਿੰਦੇ ਹਨ। ਉਨ੍ਹਾਂ ਦਾ ਮਿਲਾਪ ਨਵੇਂ ਲੋਕਾਂ ਨਾਲ ਹੁੰਦਾ ਰਹਿੰਦਾ ਹੇ। ਇਹ ਸਾਰੇ ਲੋਕ ਯਾਦ ਤਾਂ ਰੱਖੇ ਨਹੀਂ ਜਾ ਸਕਦੇ। ਕਈ ਯਾਦ ਰਹਿੰਦੇ ਹਨ। ਕਈਆਂ ਨੂੰ ਬਿਲਕੁਲ ਭੁੱਲ ਜਾਂਦੇ ਹਾਂ। ਕਈ ਲੋਕ ਐਸੇ ਵੀ ਹਨ। ਜਿੰਨਾ ਦੇ ਦਿਮਾਗ਼ ਬਹੁਤ ਛੇਤੀ ਸਾਫ਼ ਹੋ ਜਾਂਦੇ ਹਨ। ਉਹ ਕਲ ਮਿਲੇ ਬੰਦੇ ਨੂੰ ਬਿਲਕੁਲ ਭੁੱਲ ਜਾਂਦੇ ਹਨ। ਕਿਉਂਕਿ ਇਹ ਯਾਦ ਰੱਖਣਾ ਹੀ ਨਹੀਂ ਚਾਹੁੰਦੇ। ਜਿਸ ਨਾਲ ਕੋਈ ਲੈਣਾ ਦੇਣਾ ਵੀ ਨਹੀਂ ਹੈ। ਉਸ ਨੂੰ ਦਿਮਾਗ਼ ਵਿੱਚ ਰੱਖਣ ਦੀ ਲੋੜ ਕੀ ਹੈ? ਕੂੜਾ ਘਰ ਦੇ ਬਾਹਰ ਰੱਖਿਆ ਜਾਵੇ। ਸੜਾਦ ਘਰ ਦੇ ਵਾਤਾਵਰਨ ਨੂੰ ਖ਼ਰਾਬ ਕਰਦੀ ਹੈ। ਜੇ ਟੁੱਟੀਆਂ ਭੱਜੀਆਂ ਗੱਲਾਂ ਨੂੰ ਦਿਮਾਗ਼ ਵਿੱਚ ਰੱਖਿਆ ਜਾਵੇ। ਸਿਹਤ ਖ਼ਰਾਬ ਹੁੰਦੀ ਹੈ। ਸਰੀਰ ਨੂੰ ਬਿਮਾਰੀਆਂ ਲੱਗਦੀਆਂ ਹਨ।

ਜਦੋਂ ਸਾਡੇ ਸਬੰਧ ਕਿਸੇ ਨਵੇਂ ਰਿਸ਼ਤੇਦਾਰਾਂ ਨਾਲ ਬਣਦੇ ਹਨ। ਬਹੁਤੇ ਲੋਕ ਪੁਰਾਣਿਆਂ ਨੂੰ ਭੁੱਲ ਜਾਂਦੇ ਹਨ। ਨਵਿਆਂ ਨੂੰ ਬਹੁਤ ਇੱਜ਼ਤ ਦੇਣ ਲੱਗ ਜਾਂਦੇ ਹਨ। ਸਮਾਂ ਆਉਣ ਉੱਤੇ ਪਤਾ ਲੱਗਦਾ ਹੈ। ਇਹ ਭੁਲੇਖਾ ਹੀ ਹੈ। ਦੂਰ ਦੇ ਫੁੱਲ ਸੋਹਣੇ ਲੱਗਦੇ ਹਨ। ਬੰਦੇ ਨਾਲ ਵਰਤੇ ਤੋਂ ਪਤਾ ਲੱਗਦਾ ਹੈ। ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ। ਹਰ ਕੋਈ ਦੂਜੇ ਬੰਦੇ ਨਾਲ ਆਪਣਾ ਕੰਮ ਕੱਢਣ ਨੂੰ ਜੁੜਦਾ ਹੈ। ਕੰਮ ਮੁੱਕਦੇ ਹੀ ਤੂੰ ਕੌਣ ਹੈ? ਵਿਦੇਸ਼ਾਂ ਤਕਰੀਬਨ ਸਾਰੇ ਲੋਕਾਂ ਰਵੱਈਆ ਬਹੁਤ ਕੋਰਾ ਹੈ। ਇੱਥੇ ਬਹੁਤੇ ਲੋਕ ਆਪਣੇ ਸਕੇ ਰਿਸ਼ਤੇ ਦਾਰਾ ਨਾਲ ਬੋਲ-ਚਾਲ ਬੰਦ ਕਰੀ ਬੈਠੇ ਹਨ। ਜਿਵੇਂ ਇੱਕ ਦੂਜੇ ਕੋਲੋਂ ਬਹੁਤ ਅੱਕ ਗਏ ਹੋਣ। ਜਿਹੜੇ ਪੰਜਾਬ ਵਿੱਚ ਇੱਕ ਦੂਜੇ ਦੀ ਇੱਕ ਹਾਕ ਮਾਰਨ ਉੱਤੇ ਵਾਹੋ ਦਾਹੀ ਭੱਜੇ ਆਉਂਦੇ ਸਨ। ਉਹੀ ਸਾਹਮਣੇ ਟੱਕਰਨ ਉੱਤੇ, ਇੱਕ ਦੂਜੇ ਕੋਲੋਂ ਆਂਏਂ ਲੰਘ ਜਾਂਦੇ ਹਨ। ਜਿਵੇਂ ਸਹੀਂ-ਸਾਬਤ ਬੰਦਾ ਦਿਸਿਆ ਹੀ ਨਾਂ ਹੋਵੇ। ਜਾਂ ਲੋਕ ਸਮਾਂ ਬਚਾਉਣਾ ਚਾਹੁੰਦੇ ਹਨ। ਇੱਕ ਦੂਜੇ ਦੀਆ ਗੱਪਾਂ ਸੁਣਨ ਦਾ ਨੌਕਰੀ ਪੇਸ਼ਾ ਲੋਕਾਂ ਕੋਲ ਸਮਾਂ ਹੀ ਨਹੀਂ  ਹੈ। ਹਰ ਬੰਦੇ ਦੀਆਂ ਆਪਣੀਆਂ ਪ੍ਰੇਸ਼ਾਨੀਆਂ ਹਨ। ਦੂਜੇ ਬੰਦੇ ਦੇ ਝੰਜਟ ਵਿੱਚ ਕੋਈ ਪੈਣਾ ਨਹੀਂ ਚਾਹੁੰਦਾ। ਪਹਿਲਾਂ ਇਕੱਠੇ ਬੈਠ ਕੇ ਗੱਲਾਂ-ਬਾਤਾਂ ਕਰ ਲੈਂਦੇ ਹਨ। ਫਿਰ ਉਹੀ ਗੱਪਾਂ ਮਾਰੀਆਂ ਲੜਾਈਆਂ ਪਾ ਦਿੰਦੀਆਂ ਹਨ।

ਜਦੋਂ ਵਿਆਹ ਲਈ ਨਵਾਂ ਰਿਸ਼ਤਾ ਜੁੜਦਾ ਹੈ। ਵਿਚੋਲਾ ਦੋਨਾਂ ਪਰਿਵਾਰਾਂ ਦੀ ਖ਼ੂਬ ਸਿਫ਼ਤ ਕਰਦਾ ਹੈ। ਜੇ ਦੋਨੇਂ ਧਿਰਾਂ ਇੱਕ ਦੂਜੇ ਨੂੰ ਜਾਣਦੀਆਂ ਹਨ। ਇੱਕ ਦੂਜੇ ਦੀ ਖ਼ੂਬ ਮਹਿਮਾ ਕੀਤੀ ਜਾਂਦੀ ਹੈ। ਜੇ ਪ੍ਰੇਮ ਵਿਆਹ ਹੋਵੇ। ਫਿਰ ਤਾਂ ਗੱਲ ਹੀ ਵੱਖਰੀ ਹੈ। ਉਹ ਇੱਕ ਦੂਜੇ ਦੀ ਹੀ ਪ੍ਰਸੰਸਾ ਕਰੀ ਜਾਂਦੇ ਹਨ। ਹੋਰ ਕੋਈ ਉਨ੍ਹਾਂ ਨੂੰ ਦੁਨੀਆ ਉੱਤੇ ਦਿਸਦਾ ਹੀ ਨਹੀਂ ਹੈ। ਕੁੱਝ ਕੁ ਸਾਲਾਂ ਬਾਅਦ, ਉਹੀ ਸਬ ਤੋ ਪਿਆਰਾ, ਅੱਖਾਂ ਦਾ ਤਾਰਾ, ਅੱਖ ਦਾ ਤਿਣ ਬਣ ਜਾਂਦਾ ਹੈ। ਇੱਕ ਦੂਜੇ ਨੂੰ ਬੂਰਾ-ਭਲਾ ਕਹਿੰਦੇ ਹਨ। ਖ਼ੂਬ ਦੁਰਕਾਰਦੇ ਹਨ। ਕਈ ਤਾਹਨੇ-ਮਿਹਣੇ ਸੁਣ ਕੇ ਵਿੱਚੇ ਝੱਟ ਗੁਜ਼ਾਰੀ ਜਾਂਦੇ ਹਨ। ਕਈ ਅਲੱਗ-ਅਲੱਗ ਹੋ ਜਾਂਦੇ ਹਨ। ਕਈ ਇੱਕ ਦੂਜੇ ਤੋਂ ਖਹਿੜਾ ਛੁਡਾ ਕੇ, ਨਵੀਂ ਦੁਨੀਆ ਬਸਰ ਕਰ ਲੈਂਦੇ ਹਨ। ਕਈ ਇੱਕ ਦੂਜੇ ਨੂੰ ਜਾਨੋਂ ਮਾਰ ਕੇ, ਹੀ ਸੁਖ ਦਾ ਸਾਹ ਲੈਂਦੇ ਹਨ। ਕੀ ਹਰ ਰਿਸ਼ਤੇ ਨਾਲ ਵਿਗਾੜ ਕੇ ਜਾਂ ਬਹੁਤ ਜ਼ਿਆਦਾ ਨਾਲ ਲੱਗ ਕੇ ਹੀ ਸਮਾਂ ਗੁਜ਼ਾਰਨਾ ਹੈ? ਕਿਉਂ ਨਾਂ ਦੂਜੇ ਵਿੱਚ ਵਾੜ ਦੇਣੀ ਛੱਡ ਕੇ, ਆਪਣੇ ਆਪ ਵਿੱਚ ਜਿਊਣਾ ਸਿੱਖੀਏ। ਦੂਜੇ ਦੀ ਸੋਚ ਨੂੰ ਅਸੀਂ ਆਪਣੇ ਢੰਗ ਨਾਲ ਬਦਲ ਨਹੀਂ ਸਕਦੇ। ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੀਏ।

 

 

Comments

Popular Posts