ਭਾਗ 24 ਦੁਨੀਆ ਉੱਤੇ ਕੁੱਝ ਵੀ ਸੁੱਚਾ ਨਹੀਂ ਹੈ ਜ਼ਿੰਦਗੀ ਐਸੀ ਵੀ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
 ਦੁਨੀਆ ਉੱਤੇ ਕੋਈ ਵੀ ਚੀਜ਼ ਸੁੱਚੀ ਨਹੀਂ ਹੈ।ਕੁੱਝ ਵੀ ਸੁੱਚਾ ਨਹੀਂ ਹੈ। ਬਹੁਤੀ ਬਾਰ ਤਾਂ ਅਸੀਂ ਸੋਚਦੇ ਹਾਂ। ਕਿਸੇ ਬੰਦੇ ਨੇ ਹੱਥ ਲੱਗਾ ਦਿੱਤਾ ਹੈ। ਚੀਜ਼ ਖਾਣ ਦੇ ਜੋਗ ਨਹੀਂ ਰਹੀ। ਬਹੁਤੇ ਤਾਂ ਹੁਣ ਵੀ ਸੁੱਚ ਦਾ ਬੜਾ ਖ਼ਿਆਲ ਰੱਖਦੇ ਹਨ। ਰੋਟੀ ਖਾਂਦੇ ਜੇ ਛਾਬੇ, ਰੋਟੀਆਂ ਵਿੱਚੋਂ ਰੋਟੀ ਚੱਕਣ ਹੋਵੇ, ਦਾਲ ਸਬਜ਼ੀ ਪਤੀਲੇ ਵਿਚੋਂ ਹੋਰ ਪਾਉਣੀ ਹੋਵੇ, ਚੁੰਨੀ, ਕੱਪੜੇ ਦੇ ਲੜ ਦੀ ਮਦਦ ਲੈਂਦੇ ਹਨ। ਜਿਵੇਂ ਕੱਪੜਾ ਹੁਣੇ ਹੀ ਧੋਤਾ ਹੁੰਦਾ ਹੈ। ਕਈ ਤਾਂ ਔਰਤਾਂ ਆਪਣੀ ਚੁੰਨੀ ਦੇ ਲੜ ਨਾਲ ਆਪਣਾ ਤੇ ਬੱਚਿਆਂ ਦਾ ਨੱਕ ਪੂੰਝਦੀਆਂ ਰਹਿੰਦੀਆਂ ਹਨ। ਕਿਸੇ ਮੈਲ਼ੇ ਕੱਪੜਿਆਂ ਵਾਲੇ ਨੂੰ ਦੇਖ ਲਈਏ, ਉਸ ਕੋਲ ਤਾਂ ਖੜ੍ਹਨ ਨੂੰ ਵੀ ਜੀਅ ਨਹੀਂ ਕਰਦਾ। ਤਾਂ ਹੀ ਤਾਂ ਕਹਿੰਦੇ ਹਨ, " ਅੱਖੀਂ ਦੇਖ ਕੇ ਮੱਖੀ ਨਹੀਂ ਖਾ ਹੁੰਦੀ। " ਮੱਖੀ ਦੁੱਧ ਵਿੱਚ ਡਿਗ ਜਾਵੇ, ਦੁੱਧ ਪੀ ਜਾਂਦੇ ਹਾਂ। ਦੁੱਧ ਮਹਿੰਗਾ ਹੈ। ਚਾਹ ਵਿੱਚ ਡਿੱਗੇ, ਚਾਹ ਡੋਲ ਦਿੰਦੇ ਹਾਂ। ਚਾਹ ਪਾਣੀ-ਧਾਣੀ ਹੁੰਦਾ ਹੈ। ਪਾਣੀ ਪੀਂਦੇ ਹਾਂ। ਜਿਸ ਵਿੱਚ ਜੀਵ  ਫਿਰਦੇ ਹਨ। ਵੱਛੇ ਦੇ ਚੁਗਣ ਪਿੱਛੋਂ ਦੁੱਧ ਮਿੱਠਾ ਲੱਗਦਾ ਹੈ। ਵੱਛੇ ਨੇ ਮੱਝ, ਗਾਂ ਦੇ ਥਣਾਂ ਨੂੰ ਮੂੰਹ ਲਗਾਇਆ ਹੈ। ਥੱਣ ਕੀਹੜੇ ਸਾਬਣ ਨਾਲ ਧੋਂਦੇ ਹਨ। ਸਾਨੂੰ ਅਲਕਤ ਨਹੀਂ ਆਉਂਦੀ। ਦੁੱਧ ਮੱਝ, ਗਾਂ ਦੇ ਮਾਸ, ਰਗਾ, ਖ਼ੂਨ ਵਿਚੋਂ ਹੁੰਦਾ ਹੋਇਆ ਆਇਆ ਹੈ। ਮੱਝਾਂ, ਗਾਵਾਂ ਨੂੰ ਅਸੀਂ ਚਾਰੇ ਵਿੱਚ ਸਾਰੇ ਪਰਵਾਰ ਦੀ ਬਚੀ ਝੂਠ ਖਾਣ ਨੂੰ ਪਾ ਦਿੰਦੇ ਹਾਂ। ਬੰਦਿਆਂ ਦਾ ਬਚਿਆਂ, ਹੱਥ ਲੱਗਿਆ ਭੋਜਨ ਖਾਣ ਲਈ ਤਿਆਰ ਨਹੀਂ ਹੁੰਦੇ। ਜੋ ਵੀ ਅਸੀਂ ਗੰਦ ਧੋਂਦੇ ਹਾਂ। ਉਹ ਸਬ ਫਿਰ ਪਾਣੀ ਤੇ ਧਰਤੀ ਵਿੱਚ ਮਿਲ ਜਾਂਦਾ ਹੈ। ਲੋਕਾਂ ਦਾ ਮੰਨਣਾ ਹੈ। ਜੇ ਧਰਤੀ ਵਿੱਚੋਂ ਨਿਕਲਿਆ ਪਾਣੀ ਵਰਤਿਆ ਜਾਵੇ, ਉਹ ਸ਼ੁੱਧ ਹੁੰਦਾ ਹੈ। ਹੁਣ ਤੁਸੀਂ ਆਪ ਹੀ ਦੇਖ ਲਵੋ, ਧਰਤੀ ਦਾ ਪਾਣੀ ਕਿੰਨਾ ਸ਼ੁੱਧ ਹੈ? ਹਰ ਗੰਦ ਬੰਦੇ ਦਾ ਮਲ-ਮੂਤਰ ਅਸੀਂ ਧਰਤੀ ਵਿੱਚ ਦੱਬਦੇ ਹਾਂ। ਉਹੀ ਧਰਤੀ ਸਾਨੂੰ ਖਾਣ ਲਈ ਅਨਾਜ ਦਿੰਦੀ ਹੈ। ਧਰਤੀ ਖ਼ੋਦ ਪੱਟ ਕੇ ਦੇਖਣਾ ਕਿੰਨੇ ਕਿਸਮ ਦੇ ਕੀੜੇ, ਸੱਪਾਂ, ਚੂਹਿਆਂ ਤੋਂ ਬਗੈਰ ਹੋਰ ਵੀ ਹਨ। ਦੂਰਬੀਨ ਨਾਲ ਦਿਸਣ ਵਾਲੇ ਬੇਅੰਤ ਜੀਵ ਧਰਤੀ, ਹਵਾ, ਪਾਣੀ ਵਿੱਚ ਹਨ? ਪਾਣੀ ਵਾਲੇ ਜੀਵ ਅਸੀਂ ਸਾਰੇ ਨਹੀਂ ਦੇਖ ਸਕਦੇ। ਡੂੰਘੇ ਸਮੁੰਦਰਾਂ ਵਿੱਚ ਬੇਅੰਤ ਜੀਵ ਹਨ। ਜਿੰਨਾ ਦਾ ਭੋਜਨ ਪਾਣੀ ਦੇ ਜੀਵ ਹੀ ਹਨ। ਮਨੁੱਖ ਵੀ ਪਾਣੀ ਵਿਚਲੇ ਜੀਵ ਖਾਂਦਾ ਹੈ। ਜੋ ਹੋਰ ਜੀਵ ਖਾ ਕੇ ਹੀ ਪਲੇਂ ਹੁੰਦੇ ਹਨ। ਕਈ ਇਲਾਕਿਆਂ ਵਿੱਚ ਮੱਛੀਆਂ ਪਿੰਡ ਦੀਆਂ ਨਾਲੀਆਂ ਦੇ ਗੰਦੇ ਛੱਪੜਾਂ ਵਿੱਚ ਹੀ ਪਾਲ ਕੇ ਖਾਈ ਜਾਂਦੇ ਹਨ। ਛੱਪੜ ਗੰਦਾ ਦਿਸਦਾ ਹੈ। ਮੱਛੀ ਤਾਕਤਵਰ ਕਰਾਰੀ ਲੱਗਦੀ। ਸੂਰ ਵੀ ਹਰ ਤਰਾਂ ਦਾ ਗੰਦ ਖਾ ਲੈਂਦਾ ਹੈ। ਸਬ ਤੋਂ ਵੱਧ ਚਰਬੀ ਇਸੇ ਸੂਰ ਉੱਤੇ ਹੁੰਦੀ ਹੈ। ਮੱਝ ਗਾਂ ਦੇ ਦੁੱਧ ਉੱਤੇ ਉਨ੍ਹਾਂ ਥੰਦਾਂ ਨਹੀਂ ਹੁੰਦਾ। ਪਾਣੀ ਦੇ ਜੀਵਾਂ ਦੀ ਗਿਣਤੀ ਸਾਨੂੰ ਤਾਂ ਉਗਲੀਆਂ ਉੱਤੇ ਹੀ ਗਿਣਤੀ ਆਉਂਦੀ ਹੈ। ਪਾਣੀ ਵੀ ਸਾਨੂੰ ਜੀਵਨ ਦਾਨ ਦਿੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੈ।
ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ ॥ ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ ॥੧॥ ਜਤ੍ਰ ਜਾਉ ਤਤ ਬੀਠਲੁ ਭੈਲਾ ॥ ਮਹਾ ਅਨੰਦ ਕਰੇ ਸਦ ਕੇਲਾ ॥੧॥ ਰਹਾਉ ॥ ਆਨੀਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹਉ ਪੂਜ ਕਰਉ ॥ ਪਹਿਲੇ ਬਾਸੁ ਲਈ ਹੈ ਭਵਰਹ ਬੀਠਲ ਭੈਲਾ ਕਾਇ ਕਰਉ ॥੨॥ ਆਨੀਲੇ ਦੂਧੁ ਰੀਧਾਈਲੇ ਖੀਰੰ ਠਾਕੁਰ ਕਉ ਨੈਵੇਦੁ ਕਰਉ ॥ ਪਹਿਲੇ ਦੂਧੁ ਬਿਟਾਰਿਓ ਬਛਰੈ ਬੀਠਲੁ ਭੈਲਾ ਕਾਇ ਕਰਉ ॥੩॥ ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ ॥ ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ ॥੪॥੨॥ {ਪੰਨਾ 485}
 42 ਲੱਖ ਜੀਅ ਪਾਣੀ ਵਿੱਚ ਰਹਿੰਦੇ ਹਨ। 42 ਲੱਖ ਧਰਤੀ 'ਤੇ ਹਨ। ਕੁੰਭ ਦਾ ਜਲ ਸੁੱਚਾ ਨਹੀਂ ਹੈ। ਜਿਸ ਦੇ ਨਾਲ ਮੂਰਤੀਆਂ ਨੂੰ ਧੋ ਰਹੇ ਹਨ। ਉਨਾਂ ਜੀਆਂ ਵਿੱਚ ਰੱਬ ਆਪ ਵੱਸਦਾ ਹੈ। ਫੁੱਲ ਵਿਚੋਂ ਭੋਰਾ ਸੁਗੰਧ-ਰਸ ਚੂਸਦਾ ਹੈ। ਉਹ ਫੁੱਲਾਂ ਦੀ ਮਾਲਾ ਰੱਬ ਨੂੰ ਚੜ੍ਹਾਉਣ ਲਈ ਸੁੱਚੀ ਨਹੀਂ ਹਨ। ਫੁੱਲਾਂ ਨੂੰ ਬਰਬਾਦ ਕਰਦੇ ਹਨ। ਗੰਦ ਪੈਂਦਾ ਹੈ। ਰੱਬ ਤਾਂ ਆਪ ਹੀ ਭੋਰੇ ਵਿੱਚ ਵੱਸ ਕੇ ਸੁਗੰਧ ਲੈ ਰਿਹਾ ਹੈ। ਦੁੱਧ ਦੀ ਖੀਰ ਭਗਵਾਨ ਲਈ ਬਣਾ ਕੇ ਉਸ ਨੂੰ ਖਾਣ ਲਈ ਦੇਵਾਂ। ਦੁੱਧ ਵੱਛੇ ਨੇ ਪਹਿਲਾਂ ਹੀ ਜੂਠਾ ਕਰ ਦਿੱਤਾ ਹੈ। ਰੱਬ ਨੇ ਵੱਛੇ ਦੀ ਆਤਮਾ ਵਿਚੋਂ ਦੀ ਪਹਿਲਾਂ ਹੀ ਪੀ ਲਿਆ ਹੈ। ਨਾਮਦੇਵ ਜੀ ਭਗਤ ਲਿਖਦੇ ਹਨ। ਰੱਬ ਸਭ ਆਪ ਹੀ ਸਾਰੀ ਸ੍ਰਿਸ਼ਟੀ ਵਿੱਚ ਹੈ। ਦੁਨੀਆ ਉੱਤੇ ਜੀਵ ਸਾਰਾ ਕੁੱਝ ਜੂਠਾ ਕਰ ਰਹੇ ਹਨ। ਰੱਬ ਲਈ ਕੁੱਝ ਵੀ ਸੁੱਚਾ ਸਮਝ ਕੇ, ਦੇਣ ਦੇ ਜੋਗ ਨਹੀਂ ਹੈ।
ਬੰਦੇ ਵੀ ਬਹੁਤ ਸਾਫ਼ ਸੁਥਰੇ ਲੱਗਦੇ ਹਨ। ਉਨ੍ਹਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਤਰਾਂ ਲਿਖਿਆ ਹੈ।
 ਮਾਤਾ ਜੂਠੀ ਪਿਤਾ ਭੀ ਜੂਠਾ ਜੂਠੇ ਹੀ ਫਲ ਲਾਗੇ ॥ ਆਵਹਿ
ਜੂਠੇ ਜਾਹਿ ਭੀ ਜੂਠੇ ਜੂਠੇ ਮਰਹਿ ਅਭਾਗੇ ॥੧॥ ਕਹੁ ਪੰਡਿਤ ਸੂਚਾ ਕਵਨੁ ਠਾਉ ॥ ਜਹਾਂ ਬੈਸਿ ਹਉ ਭੋਜਨੁ ਖਾਉ ॥੧॥  ਰਹਾਉ ॥ ਜਿਹਬਾ ਜੂਠੀ ਬੋਲਤ ਜੂਠਾ ਕਰਨ ਨੇਤ੍ਰ ਸਭਿ ਜੂਠੇ ॥ ਇੰਦ੍ਰੀ ਕੀ ਜੂਠਿ ਉਤਰਸਿ ਨਾਹੀ ਬ੍ਰਹਮ ਅਗਨਿ ਕੇ ਲੂਠੇ ॥੨॥ ਅਗਨਿ ਭੀ ਜੂਠੀ ਪਾਨੀ ਜੂਠਾ ਜੂਠੀ ਬੈਸਿ ਪਕਾਇਆ ॥ ਜੂਠੀ ਕਰਛੀ ਪਰੋਸਨ ਲਾਗਾ ਜੂਠੇ ਹੀ ਬੈਠਿ ਖਾਇਆ ॥੩॥ ਗੋਬਰੁ ਜੂਠਾ ਚਉਕਾ ਜੂਠਾ ਜੂਠੀ ਦੀਨੀ ਕਾਰਾ ॥ ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਬਿਚਾਰਾ ॥੪॥੧॥੭॥ {ਪੰਨਾ 1195}
ਮਾਤਾ, ਪਿਤਾ, ਬੱਚੇ ਸਭ ਜੂਠੇ ਹਨ। ਜੂਠੇ ਹੀ ਜੰਮਦੇ-ਮਰਦੇ ਹਨ। ਕਬੀਰ ਭਗਤ ਜੀ ਪੰਡਤ ਨੂੰ ਦੱਸਦੇ ਹਨ, " ਜਿੱਥੇ ਰੋਟੀ ਖਾਦੀ ਹੈ। ਉਹ ਵੀ ਜੂਠਾ ਹੈ। ਜੀਭ, ਕੰਨ, ਸਭ ਇੰਦਰੀਆਂ ਜੂਠੀਆਂ ਹਨ। ਅੱਗ, ਪਾਣੀ, ਰਸੋਈ, ਕੜਛੀ, ਪਕਾਉਣ ਵਾਲਾ, ਖਾਣ ਵਾਲਾ ਸਭ ਜੂਠਾ ਹੈ। ਜਿਸ ਗੋਹੇ ਨਾਲ ਰਸੋਈ ਸੁੱਚੀ ਕੀਤੀ ਹੈ। ਕੱਢੀਆਂ ਲਕੀਰਾਂ, ਗੋਬਰ ਵੀ ਸੁੱਚਾ ਨਹੀਂ ਹੈ। " ਕਬੀਰ ਜੀ ਕਹਿੰਦੇ ਹਨ, " ਉਹੀ ਸੁੱਚੇ ਹਨ। ਜੋ ਰੱਬ ਨੂੰ ਪਿਆਰ ਕਰਦੇ ਹਨ। "
ਜੋ ਧੁਰਿ ਲਿਖਿਆ ਲੇਖੁ ਪ੍ਰਭ ਮੇਟਣਾ ਨ ਜਾਇ ॥ ਰਾਮ ਨਾਮੁ ਧਨੁ ਵਖਰੋ ਨਾਨਕ ਸਦਾ ਧਿਆਇ ॥੨॥ {ਪੰਨਾ 315}

Comments

Popular Posts