ਜੀਵਨ ਸਾਥੀ ਨੂੰ ਪਿਆਰ ਕਰਨ ਵਾਲੇ ਆਪਣੀ ਪਿਆਰੀ ਜਾਨ ਕਿਉਂ ਲੈਂਦੇ ਹਨ -ਸਤਵਿੰਦਰ ਕੌਰ ਸੱਤੀ (ਕੈਲਗਰੀ)

  • PDF


ਚੜ੍ਹਦੀ ਜਵਾਨੀ ਵਿੱਚ ਮੁੰਡੇ ਕੁੜੀਆਂ ਪਿਆਰ ਦੇ ਚੱਕਰ ਜਾਂ ਲੜ ਕੇ ਆਤਮ ਹੱਤਿਆ ਕਰਦੇ ਹਨ। ਆਤਮ ਹੱਤਿਆ ਕਰ ਲੈਣ ਨਾਲ ਦੂਜੇ ਦਾ ਕੁੱਝ ਨਹੀਂ ਜਾਂਦਾ। ਆਪਣੀ ਜਾਨ ਚਲੀ ਜਾਂਦੀ ਹੈ। ਕਈ ਤਾਂ ਡਰਾਮਾਂ ਹੀ ਕਰਨਾਂ ਚਾਹੁੰਦੇ ਹਨ। ਬਈ ਘਰ ਵਾਲੇ ਡਰ ਜਾਣਗੇ।
ਡਰ ਕੇ ਗੱਲ ਮੰਨ ਜਾਣਗੇ। ਪਰ ਕਈ ਵਾਰ ਸਮਾਂ ਹੱਥੋਂ ਨਿੱਕਲ ਜਾਂਦਾ ਹੈ। ਮੌਤ ਆ ਜਾਂਦੀ ਹੈ। ਜੀਵਨ ਸਾਥੀ ਨੂੰ ਪਿਆਰ ਕਰਨ ਵਾਲੇ ਆਪਣੀ ਪਿਆਰੀ ਜਾਨ ਕਿਉਂ ਲੈਂਦੇ ਹਨ? ਕੀ ਉਹ ਦੂਜੇ ਦੀ ਦੇਹ ਨੂੰ ਹੀ ਪਿਆਰ ਕਰਦੇ ਹਨ? ਜੋਂ ਬੰਦਾ ਆਪਣੇ ਆਪ ਨੂੰ ਪਿਆਰ ਨਹੀਂ ਕਰਦਾ, ਦੂਜੇ ਬੰਦੇ ਨੂੰ ਪਿਆਰ ਕਰ ਹੀ ਨਹੀਂ ਸਕਦਾ। ਸਭ ਤੋਂ ਪਹਿਲਾਂ ਆਪ ਨੂੰ ਪਿਆਰ ਕਰਨ ਤੇ ਆਪ ਨੂੰ ਸਮਝਣ ਦੀ ਲੋੜ ਹੈ। ਆਪ ਨੂੰ ਤਾਂ ਅਸੀਂ ਆਪ ਹੀ ਜਾਣ ਨਹੀਂ ਸਕਦੇ। ਦੂਜੇ ਪਲ ਕੀ ਕਰਨਾ ਹੈ? ਆਪ ਦਾ ਪਤਾ ਨਹੀਂ ਹੁੰਦਾ। ਦੂਜੇ ਦੀਆਂ ਜੁੰਮੇਵਾਰੀ ਲੈਣ ਦੀਆਂ ਕਸਮਾਂ ਖਾਂਦੇ ਹਾਂ। ਆਪਣੇ ਮਨ ਨੂੰ ਆਪ ਹੀ ਬੰਦਾ ਨਹੀਂ ਜਾਣਦਾ। ਆਪ ਨੂੰ ਨਹੀਂ ਖੋਜਦਾ। ਇਹ ਪੁਰਾਣੇ ਲੋਕਾਂ ਦੇ ਬੀਚਾਰ ਸਨ,' ਜੀਵਨ ਸਾਥੀ ਵਿਆਹ ਪਿਛੋਂ ਬਣਦਾ ਹੁੰਦਾ ਹੈ।' ਪਰ ਮਨ ਨੇ ਜਿਥੇ ਸੋਹਣੀ ਸੂਰਤ ਦੇਖੀ, ਉਸੇ ਤੇ ਡੁਲ ਜਾਂਦਾ ਹੈ। ਪਹਿਲੀ ਵਾਰੀ ਪਹਿਲੀ ਮਿਲਣੀ ਵਿੱਚ ਔਰਤ ਬੰਦਾ ਹਿਲ ਜਾਂਦੇ ਹੈ। ਆਪਣੀ ਸੁਧ ਬੁਧ ਭੁਲ ਜਾਂਦੇ ਹਨ। ਦੁਨੀਆਂ ਦੀ ਪ੍ਰਵਾਹ ਨਾਂ ਕਰਦੇ ਹੋਏ, ਆਪਣੇ ਬਾਰੇ ਹੀ ਸੋਚਦੇ ਹਨ। ਉਮਰ ਵਧਣ ਨਾਲ ਪਤਾ ਲੱਗਦਾ ਹੈ। ਇਹ ਵੀ ਕੁਦਰਤ ਦੀ ਖੇਡ ਹੈ। ਪਿਆਰ ਦੀ ਭਰਵਾਸ਼ਾ ਉਹੀ ਰਹਿੰਦੀ ਹੈ। ਬੰਦੇ ਬਦਲਦੇ ਰਹਿੰਦੇ ਹਨ। ਕਈ ਤਾਂ ਕੱਪੜੇ ਬਦਲਣ ਵਾਂਗ ਜੀਵਨ ਸਾਥੀ ਬਦਲਦੇ ਰਹਿੰਦੇ ਹਨ। ਪਿਆਰ ਦਾ ਖਾਤਾਂ ਹਰ ਥਾਂ ਖੋਲ ਲੈਂਦੇ ਹਨ। ਅੱਜ ਕੱਲ ਵਿਆਹ ਤੋ਼ ਪਹਿਲਾਂ ਜੋਂ ਰਿਸ਼ਤਾ ਹੁੰਦਾ ਹੈ। ਉਸ ਨੂੰ ਪਿਆਰ ਕਿਹਾ ਜਾਂਦਾ ਹੈ। ਬਗੈਰ ਕਿਸੇ ਸ਼ਰਮ ਹਿਆ ਤੋਂ ਕੁੜੀ-ਮੁੰਡਾ ਆਪਣੇ ਮਾਂਪਿਆਂ ਨੂੰ ਦੱਸ ਦਿੰਦੇ ਹਨ। ਬਈ ਸਾਡਾ ਪਿਆਰ ਹੋ ਗਿਆ ਹੈ। ਭਾਂਵੇਂ ਇਹੀ ਪਿਆਰ ਅੱਗੇ ਲੋਕੀਂ ਵਿਆਹ ਤੋਂ ਪਹਿਲਾਂ ਚੋਰੀ ਛੁੱਪੇ ਕਰਦੇ ਸਨ। ਕਿਸੇ ਨੂੰ ਦੱਸਦੇ ਨਹੀਂ ਸਨ। ਮਾਂਪੇ ਜਿਥੇ ਗੰਢ-ਤੋਪਾ ਭਰ ਦਿੰਦੇ ਸੀ। ਉਸ ਨੂੰ ਬਗੈਰ ਵਿਰੋਧ ਦੇ ਸਵੀਕਾਰ ਕਰ ਲੈਂਦੇ ਸੀ। ਦੋਂਨੇ ਪਾਸੇ ਭੁਗਤੀ ਜਾਂਦੇ ਸੀ। ਦੁਨੀਆਂ ਇਵੇਂ ਹੀ ਚੱਲੀ ਜਾਂਦੀ ਹੈ। ਪਰ ਅੱਜ ਦੇ ਨੌ-ਜਵਾਨ ਆਪਣੀ ਅਵਾਜ਼ ਉਠਾ ਰਹੇ ਹਨ। ਸਿਆਣੇ ਮਾਂਪੇ ਤਾਂ ਬੱਚਿਆਂ ਦੀ ਗੱਲ ਮੰਨ ਲੈਂਦੇ ਹਨ। ਬਹੁਤੇ ਆਪਣੀ ਝੂਠੀ ਸ਼ੋਰਤ, ਲੋਕਾਂ ਦੀ ਦੋਹਾਈ ਦੇ ਕੇ ਬੱਚਿਆਂ ਦਾ ਵਿਰੋਧ ਕਰਦੇ ਹਨ। ਜੇ ਬੱਚੇ ਆਪਣੀ ਮਰਜ਼ੀ ਦਾ ਜੀਵਨ ਸਾਥੀ ਚੁਣਦੇ ਹਨ। ਲੋਕਾਂ ਵਿਚ ਮਾਂਪਿਆਂ ਦਾ ਨੱਕ ਵੱਡਿਆ ਜਾਂਦਾ ਹੈ। ਕਈ ਨੌ-ਜਵਾਨ ਸੋਚਦੇ ਹਨ। ਮਾਂਪਿਆਂ ਦਾ ਨੱਕ ਬਚ ਜਾਵੇ, ਸਾਡੀ ਜਾਨ ਜਾਂਦੀ ਹੈ, ਬੇਸ਼ਕ ਚਲੀ ਜਾਵੇਂ। ਜਾਤਾ ਮਨੁੱਖ ਨੇ ਬਣਾਈਆਂ ਹਨ। ਨਵ-ਜੰਮੇ ਬੱਚੇ ਦੀ ਕੋਈ ਜਾਤ ਨਹੀਂ ਹੁੰਦੀ। ਛੀਬਿਆਂ ਦਾ ਮੁੰਡਾ ਨਾਲ ਵਾਲੇ ਪਿੰਡ ਰਾੜੇ ਮਾਸਟਰ ਲੱਗਾ ਹੋਇਆ ਸੀ। ਉਸ ਦੇ ਨਾਲ ਜੱਟਾਂ ਦੀ ਕੁੜੀ ਪੜ੍ਹਾਉਦੀ ਸੀ। ਦੋਂਨਾਂ ਵਿੱਚ ਤਾਲ-ਮੇਲ ਬੈਠ ਗਿਆ। ਕੁੜੀ ਨੇ ਘਰ ਆਪਣੀ ਮਾਂ ਨੂੰ ਦੱਸ ਦਿੱਤਾ," ਮਾਂ ਮੈਂ ਨਾਲ ਪੜ੍ਹਉਂਦੇ ਮਾਸਟਰ ਨੂੰ ਪਿਆਰ ਕਰਦੀ ਹਾਂ। ਉਸ ਨਾਲ ਮੇਰਾ ਵਿਆਹ ਕਰ ਦੇਵੋਂ।" ਉਸ ਦੀ ਮਾਂ ਨੇ ਕਿਹਾ," ਤੇਰੇ ਜੰਮਣ ਵੱਲੋਂ ਕੀ ਖੜ੍ਹਾ ਸੀ। ਤੂੰ ਆਪੇ ਵਿਆਹ ਕਰਾਕੇ ਸਾਡਾ ਮੂੰਹ ਕਾਲਾ ਕਰੇਂਗੀ। ਲੋਕ ਕੀ ਕਹਿੱਣਗੇ।" ਕੁੜੀ ਨੇ ਕਿਹਾ," ਮੈਂ ਲੋਕਾਂ ਤੋਂ ਕੀ ਲੈਣਾਂ? ਕੀ ਲੋਕਾਂ ਨੇ ਮੈਨੂੰ ਪੁੱਛਕੇ ਵਿਆਹ ਕਰਾਏ ਹਨ? ਮੁੰਡਾ ਮੈਂ ਲੱਭ ਲਿਆ ਜਾਂ ਇਕੀ ਦੂਕੀ ਵਿਚੋਂਲੇ ਨੇ ਲੱਭ ਲਿਆ, ਕੀ ਫ਼ਰਕ ਪੈਂਦਾ ਹੈ? ਵਿਆਹ ਆਪਣੇ ਪਸੰਦ ਦੇ ਨਾਲ ਕਰਾਵਾਂਗੀ, ਨਹੀਂ ਤਾਂ ਮੈਂ ਮਰ ਜਾਵਾਂਗੀ।" ਕੁੜੀ ਦਾ ਪਿਉ ਵੀ ਸਭ ਸੁਣ ਰਿਹਾ ਸੀ। ਉਸ ਨੇ ਕੁੜੀ ਦੇ ਅਣਗਿਣਤ ਚਪੇੜਾ ਮਾਰੀਆਂ ਕਿਹਾ," ਤੇਰੇ ਤੋਂ ਕਰਾਉਣਾ ਹੀ ਕੀ ਹੈ? ਸਾਡੇ ਵੱਲੋਂ ਤੂੰ ਮਰ ਹੀ ਗਈ ਹੈ। ਆਪਣੇ ਯਾਰ ਦਾ ਨਾਂਮ ਵੀ ਦੱਸ ਦੇ, ਮੈਂ ਉਸ ਦੇ ਗੋਲ਼ੀਂ ਮਾਰ ਦਿਆਂਗਾਂ।" ਕੁੜੀ ਨੇ ਚੂਹੇ ਮਾਰਨ ਵਾਲੀ ਦੁਵਾਈ ਦਾ ਫੱਕਾ ਮਾਰ ਲਿਆ। ਘਰ ਵਿਚ ਭਾਜੜਾਂ ਪੈ ਗਈਆਂ। ਮਾਂ ਰੋਂਣ ਪਿਟਣ ਲੱਗ ਗਈ," ਧੀਏ ਮੈਂ ਤੇਰੇ ਬਗੈਰ ਕਿਵੇ ਜੀਵਾਂਗੀ? ਤੂੰ ਸਾਨੂੰ ਵੀ ਮਾਰ ਜਾਂਦੀ। ਹਾਏ ਰੱਬਾ ਮੇਰੀ ਧੀ ਨੂੰ ਕੋਈ ਬਚਾ ਲਵੋਂ।" ਰੌਲਾ ਸੁਣ ਕੇ ਗੁਆਂਢ਼ੀ ਆ ਗਏ। ਕੁੜੀ ਨੂੰ ਰਾੜੇ ਹਸਪਤਾਲ ਲੈ ਗਏ। ਉਸ ਨੂੰ ਬੱਚਾ ਲਿਆ ਗਿਆ।

ਕਿਸੇ ਨੇ ਮੁੰਡੇ ਨੂੰ ਜਾ ਦੱਸਿਆ," ਤੇਰੀ ਉਸ ਨੇ ਚੂਹੇ ਮਾਰ ਦੁਵਾਈ ਖਾ ਲਈ ਸੀ। ਬੱਚ ਗਈ ਹੈ। ਉਸ ਦਾ ਮੰਗਣਾਂ ਘਰ ਵਾਲਿਆਂ ਨੇ ਕਿਤੇ ਹੋਰ ਕਰ ਦਿੱਤਾ ਹੈ।" ਉਹ ਆਪਣੀ ਪ੍ਰੇਮਕਾ ਦੇ ਘਰ ਚਲਾ ਗਿਆ। ਘਰ ਵਾਲਿਆਂ ਨੇ ਉਸ ਨੂੰ ਬਹੁਤ ਕੁੱਟਿਆ-ਮਾਰਿਆ। ਗੱਲ ਮੁੰਡੇ ਦੇ ਘਰ ਵਿੱਚ ਵੀ ਖਿਲਰ ਗਈ। ਮੁੰਡੇ ਦੀ ਮਾਂ ਕਹਿ ਰਹੀ ਸੀ," ਜੱਟਾ ਦੀ ਕੁੜੀ ਨਾਲ ਨਹੀਂ, ਮੈਂ ਆਪਦੀ ਜਾਤ ਦੀ ਕੁੜੀ ਨਾਲ ਹੀ ਆਪਣੇ ਪੁੱਤ ਦਾ ਵਿਆਹ ਕਰਨਾ ਹੈ।" ਮੁੰਡੇ ਨੇ ਕਿਹਾ," ਮੈਨੂੰ ਜਾਤ-ਪਾਤ ਦਾ ਕੁੱਝ ਨਹੀਂ ਪਤਾ, ਮੇਰੀ ਜਾਨ ਉਸ ਕੁੜੀ ਵਿੱਚ ਹੈ। ਉਸ ਬਗੈਰ ਮੈਂ ਮਰ ਜਾਵਾਂਗਾ।" ਉਸ ਦੇ ਭਰਾ ਵੀ ਕਹਿ ਰਹੇ ਸਨ," ਉਸ ਕੁੜੀ ਨੂੰ ਭੁਲ ਜਾ, ਉਸ ਨਾਲ ਤੇਰਾ ਵਿਆਹ ਨਹੀਂ ਹੋ ਸਕਦਾ। ਇਸ ਨਾਲੋਂ ਤੂੰ ਮਰਿਆ ਚੰਗ੍ਹਾ ਹੈ।" ਉਸ ਨੇ ਕਿਹਾ," ਤੁਸੀਂ ਤਾਂ ਸਾਰੇ ਮੇਰੇ ਤੇ ਮੇਰੀ ਮਾਂ ਤੋਂ ਅੱਲਗ ਰਹਿੰਦੇ ਹੋ। ਤੁਹਾਨੂੰ ਕੀ ਮੈਂ ਕਿਸ ਨਾਲ ਵਿਆਹ ਕਰਾਂ ਰਿਹਾ ਹਾਂ।" " ਸਾਡੀ ਜਾਤ ਦਾ ਸੁਆਲ ਹੈ। ਅਸੀਂ ਆਪਦੇ ਖਾਨ-ਦਾਨ ਤੇ ਕਲੰਕ ਨਹੀਂ ਲੱਗਣ ਦੇਣਾ। ਹੋ ਸਕਿਆ ਤਾਂ ਤੇਰੀ ਜਾਨ ਵੀ ਲੈ ਲਵਾਗੇ।" ਮੁੰਡਾ 30 ਕੁ ਸਾਲ ਦਾ ਸੀ। ਬੱਚਿਆਂ ਨੂੰ ਪੜ੍ਹਉਂਦਾ ਸੀ। ਮੱਤ ਮਾਰੀ ਗਈ। ਕੱਣਕ ਵਿੱਚ ਪਾਉਣ ਵਾਲੀ ਦੁਵਾਈ ਸਲਫਾਸ ਹੈ। ਉਸ ਨੂੰ ਕੱਣਕ ਵਿੱਚ ਪਾ ਕੇ ਰੱਖ ਦਿੰਦੇ ਹਨ। ਸਾਰੇ ਜੀਅ ਸੂਸਰੀ ਨੂੰ ਮਾਰ ਦਿੰਦੀ ਹੈ। ਜੋਂ ਇਹ ਕਣਕ ਖਾਂਦੇ ਹਨ, ਉਨ੍ਹਾਂ ਬੰਦਿਆ ਉਤੇ ਵੀ ਅਸਰ ਕਰਦੀ ਹੋਣੀ ਹੈ। ਤਾਂਹੀ ਨੌ-ਜਵਾਨਾਂ ਦੀਆਂ ਸੂਰਤਾਂ ਅਜੀਵ ਖੱਖਰ ਖਾਦੀਆਂ ਬਣ ਗਈਆਂ ਹਨ। ਇਸ ਮੁੰਡੇ ਨੇ ਕੱਣਕ ਵਿੱਚ ਪਾਉਣ ਵਾਲੀ ਦੁਵਾਈ ਸਲਫਾਸ ਖਾ ਲਈ ਸੀ। ਦੁਵਾਈ ਨੇ ਅੰਦਰ ਜਾ ਕੇ ਭੜਥੂ ਪਾ ਦਿੱਤਾ ਸੀ। ਮੁੰਡੇ ਨੇ ਦੋਹਾਈ ਪਾ ਦਿੱਤੀ," ਕੋਈ ਮੈਨੂੰ ਬੱਚਾ ਲਵੋਂ। ਮੈਂ ਮਰਨਾ ਨਹੀਂ ਚਹੁੰਦਾ। ਮੇਰਾ ਅੰਦਰ ਜਲ ਰਿਹਾ ਹੈ।" ਦੋਸਤਾਂ ਨੂੰ ਫੋਨ ਕੀਤੇ। ਉਹ ਕੰਧਾਂ ਵਿੱਚ ਟਕਰਾਂ ਮਾਰਨ ਲੱਗਾ। ਦੁਵਾਈ ਨੇ ਸਰੀਰ ਉਪਰ ਤੋਂ ਥੱਲੇ ਤੱਕ ਪਾੜ ਦਿੱਤਾ। ਮਾਸ ਫੱਟ ਗਿਆ ਸੀ। ਸਾਰੇ ਕੰਧਾਂ ਧਰਤੀ ਤੇ ਖੂਨ ਦੇ ਛਿਟੇ ਪੈ ਗਏ। ਖੂਨ ਵਿੱਚ ਲੱਥ ਪੱਥ ਹੋਏ ਨੂੰ ਦੋਰਾਹੇ ਹਸਪਤਾਲ ਲੈ ਗਏ। ਉਹ ਸੱਤ ਘੰਟੇ ਮੱਛੀ ਦੀ ਤਰ੍ਹਾਂ ਤੜਫ਼ਦਾ ਰਿਹਾ ਸੀ। ਬਿਲਕ-ਬਿਲਕ ਕੇ ਜਵਾਨ ਬੰਦ ਹੋ ਗਈ। ਸਰੀਰ ਠੰਡਾ ਹੋ ਗਿਆ ਸੀ। ਬੁੱਢੀ ਮਾਂ ਨੂੰ ਅੰਨ੍ਹਾਂ ਕਰ ਗਿਆ ਸੀ। ਉਸ ਦੀ ਜਿੰਦਗੀ ਸੁਨੀ ਕਰ ਗਿਆ ਸੀ। ਸਭ ਤੋਂ ਪਿਆਰਾ ਵੀ ਕੋਈ ਕਿਸੇ ਨਾਲ ਨਹੀਂ ਮਰਦਾ। ਕੁੜੀ ਦੇ ਵਿਆਹ ਦੀਆਂ ਸ਼ਹਿਨਾਈਆਂ ਵੱਜ ਰਹੀਆਂ ਸਨ। ਉ ਦੁਲਹਨ ਬਣ ਕੇ ਕਿਸੇ ਹੋਰ ਦੀ ਡੋਲੀ ਚੜ੍ਹ ਰਹੀ ਸੀ। 13 ਐਪਰਲ 2011 ਨੂੰ ਦਪਿਹਰੇ ਉਸ ਦਾ ਸਿਵਾ ਮੱਚ ਰਿਹਾ ਸੀ। ਅੱਗ ਦੀਆਂ ਲੱਪਟਾਂ ਅਸਮਾਨ ਨੂੰ ਛੂਹ ਰਹੀਆਂ ਸਨ। ਜਦੋਂ ਸਿਵਾ ਮੱਚ ਰਿਹਾ ਸੀ। ਮੈਂ  ਆਪਣੇ ਪਰਿਵਾਰ ਨਾਲ ਘੁੰਡਾਣੀ ਤੋਂ ਪਿੰਡ ਨੂੰ ਕਾਰ ਵਿੱਚ ਕੋਲੋਂ ਦੀ ਲੰਘੀ ਸੀ। ਜਲ਼ਦਾ ਸਿਵਾ ਦੇਖ ਕੇ ਮੇਰੇ ਮੂੰਹੋਂ ਆਚਨਕ ਨਿਕਲਿਆ," ਸਿਵੇ ਪਿੰਡ ਦੀ ਜੂਹ ਵਿੱਚ ਨਹੀਂ ਹੋਣੇ ਚਾਹੀਦੇ। ਬਹੁਤ ਕਿਸਮ ਦੀਆਂ ਛੂਤ ਦੀਆਂ ਬਿਮਾਰੀਆਂ ਹੋ ਗਈਆਂ ਹਨ।" ਘਰ ਆਏ ਤਾਂ ਪਿੰਡ ਘਲੋਟੀ ਵਿੱਚ ਸੋਗ ਪਿਆ ਹੋਇਆ ਸੀ। ਸਾਰੇ ਉਦਾਸ ਸਨ। ਘਰ-ਘਰ ਵਿੱਚ ਲੋਕ ਸੋਗ ਮਨਾ ਰਹੇ ਸਨ। ਹਰ ਕੋਈ ਉਸ ਦੀਆਂ ਸਿਫ਼ਤਾਂ ਕਰ ਰਿਹਾ ਸੀ,' ਸਿਆਣਾਂ ਮੁੰਡਾ ਸੀ। ਕਿਸੇ ਨੂੰ ਉਚਾ ਨਹੀਂ ਬੋਲਿਆ ਸੀ। ਬੱਚਿਆਂ ਨੂੰ ਸਿੱਖਿਆ ਦਿੰਦਾ ਸੀ। ਪਰ ਗੁੱਸੇ ਵਿੱਚ ਸਹਿਣਸੀਲਤਾਂ ਤੇ ਮਨ ਦਾ ਸਲਤੁਲਨ ਗੁਆ ਬੈਠਾ। ਪੁਲੀਸ ਤੋਂ ਡਰਦਿਆ ਨੇ ਲਾਸ਼ ਨੂੰ ਛੇਤੀ ਤੋਂ ਛੇਤੀ ਕਿਉਂਟ ਦਿੱਤਾ। ਪੰਜਾਬ ਪੁਲੀਸ ਕਿਹੜਾ ਕਿਸੇ ਦੀ ਮਿੱਤ ਹੈ। ਦੋਸ਼ੀ ਬੇਦੋਸ਼ੀ ਦੋਂਨਾਂ ਨੂੰ ਤੋੜ ਕ, ਲੁੱਟ ਕੇ ਖਾ ਜਾਂਦੀ ਹੈ।"
ਸਰਕਾਰ ਨੂੰ ਕੱਣਕ ਵਿੱਚ ਪਾਉਣ ਵਾਲੀ ਦੁਵਾਈ ਸਲਫਾਸ, ਚੂਹੇ ਮਾਰਨ ਵਾਲੀ ਦੁਵਾਈ ਤੇ ਰੋਕਥਾਮ ਲਾਉਣੀ ਚਹੀਦੀ ਹੈ। ਇਹ ਜੀਵ ਮਾਰ ਦੁਵਾਈਆਂ ਆਮ ਵਿਕ ਰਹੀਆਂ ਹਨ। ਨਿੱਕਾ ਬੱਚਾ ਵੀ ਖ੍ਰੀਦ ਸਕਦਾ ਹੈ। ਇਨ੍ਹਾਂ ਨੂੰ ਖਾ ਕੇ ਹਰ ਰੋਜ਼ ਪਿਆਰ ਤੇ ਘਰੇਲੂ, ਸਮਾਜਿਕ ਪ੍ਰੇਸ਼ਾਨੀਆਂ ਤੋਂ ਤੰਗ ਆ ਕੇ ਅਣਗਿਣਤ ਲੋਕ ਮਰਦੇ ਹਨ। ਸਾਡੀ ਸਰਕਾਰ ਸਾਡੀ ਰੱਖਿਆ ਕਰਨ ਵਾਲੀ ਸੁੱਤੀ ਪਈ ਹੈ।

Comments

Popular Posts