ਭਾਗ 4 ਖ਼ੁਸ਼ੀ ਦਾ ਦਿਨ ਹੈ, ਪਿੰਡ ਵਿੱਚ ਭੇਲੀ ਫੇਰਨੀ ਚਾਹੀਦੀ ਹੈ ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com
ਰਾਤ ਨੂੰ ਗੁਰਜੋਤ ਨੇ ਸ਼ਰਾਬ ਪੀ ਲਈ ਸੀ। ਇਕੱਲਾ ਹੀ ਇੱਕ ਲੀਟਰ ਪੱਕੀ ਦੀ ਪੀ ਗਿਆ ਸੀ। ਉਸ ਨੂੰ ਦਾਰੂ ਚੜ੍ਹ ਗਈ ਸੀ। ਗੁਰਜੋਤ ਨੇ ਵਿੰਦਰ ਨੂੰ ਪੁੱਛਿਆ, " ਜੇ ਜੁਆਕ ਪਹਿਲਾਂ ਹੋ ਜਾਵੇ। ਬੱਚੇ ਦੇ ਨਾਲ, ਫੇਰੇ ਲੈਣੇ ਹੋਣ। ਕਿਵੇਂ ਲੈਂਦੇ ਹਨ? " ਵਿੰਦਰ ਨੇ ਕਿਹਾ, " ਆਪਣੀ ਜਾਤ ਵਿੱਚ, ਮੈਂ ਐਸਾ ਕੋਈ ਕੌਤਕ ਨਹੀਂ ਦੇਖਿਆ। ਬਗੈਰ ਵਿਆਹ ਤੋਂ ਜੁਆਕ ਹੋਣ ਵਾਲਾ ਹੋ ਜਾਵੇ। ਉਸ ਬੱਚੇ ਦੇ ਬਾਪ ਹੋਣ ਬਾਰੇ, ਮਰਦ ਮੰਨਦਾ ਹੀ ਨਹੀਂ ਹੈ। ਜੇ ਬੱਚਾ ਹੋ ਹੀ ਗਿਆ। ਜੇ ਮਰਦ ਆਪ ਬੱਚੇ ਨੂੰ ਚਾਹੁੰਦਾ ਹੈ, ਤਾਂ ਬੱਚਾ ਲੈ ਕੇ, ਤਿੱਤਰ-ਬਿੱਤਰ ਹੋ ਜਾਂਦਾ ਹੈ। ਔਰਤਾਂ ਹੋਰ ਬਥੇਰੀਆਂ ਮਿਲ ਜਾਂਦੀਆਂ ਹਨ। ਜੇ ਕਿਸੇ ਨੂੰ ਫੇਰੇ ਲੈਣ ਦੀ ਲੋੜ ਹੀ ਪੈ ਜਾਵੇ? ਬੱਚੇ ਦੀ ਮਾਂ ਫੇਰੇ ਲਵੇਗੀ, ਬੱਚੇ ਨੂੰ ਵਿਆਹ ਦਾ ਮੇਲ ਖਿਡਾਵਾਂਗੇ। ਨਾਲੇ ਦੂਹਰੀਆਂ ਵਧਾਈਆਂ ਦੇ ਕੇ ਜਾਣਗੇ। " ਗੁਰਜੋਤ ਨੇ ਕਿਹਾ, " ਤੂੰ ਤਿਆਰੀ ਕਰ ਲੈ। ਮੈਂ ਤੇਰੇ ਨਾਲ ਅਨੰਦ ਲੈਣੇ ਹਨ। ਕੀ ਤੂੰ ਮੇਰੇ ਨਾਲ ਰਜ਼ਾਮੰਦ ਹੈ? " ਵਿੰਦਰ ਨੇ ਕਿਹਾ, " ਤੂੰ ਕਿੰਨੀਆਂ ਨਾਲ ਵਿਆਹ ਕਰਾਉਣਾ ਹੈ? ਇੱਕ ਪਤਨੀ ਪਿੰਡ ਛੱਡੀ ਹੈ। ਕੋਮਲ ਨਾਲ ਵੈਨਕੂਵਰ ਵਿਚ ਫੇਰੇ ਕੱਚੇ-ਪੱਕੇ ਲੈ ਲਏ ਹਨ। ਜੈਸੀ ਨੂੰ ਮਗਰ ਲਾ ਲਿਆ ਹੈ। ਹਰਬੀਰ, ਬਬੀਤਾ, ਸ਼ਿਵਾਨੀ, ਬਬਲੀ ਦਾ ਕੀ ਕਰੇਗਾ? ਹੋਰ ਕਿੰਨੀਆਂ ਨੂੰ ਲਾਰੇ ਲਾਈ ਫਿਰਦਾ ਹੈ? ਮੈਂ ਐਸੇ ਮਰਦ ਨਾਲ ਵਿਆਹ ਨਹੀਂ ਕਰਾਉਣਾ, ਜੋ ਪਤਨੀਆਂ ਦੀ ਫ਼ੌਜ ਇਕੱਠੀ ਕਰਦਾ ਫਿਰਦਾ ਹੈ। ਜਿਸ ਦਿਨ ਇਹ ਸਾਰੀਆਂ ਨੂੰ ਤੇਰੇ ਲੱਛਣ ਪਤਾ ਲੱਗ ਗਏ। ਤੇਰੀ ਬੋਟੀ-ਬੋਟੀ ਕਰ ਦੇਣੀਆਂ। ਆਪਸ ਵਿੱਚ ਵੀ ਜੂਡੋ=ਜੂੜੀ ਹੋਣ ਗਈਆਂ। "
ਗੁਰਜੋਤ ਨੇ ਵਿਰਦ ਨੂੰ ਕੋਈ ਸਫ਼ਾਈ ਨਹੀਂ ਦਿੱਤੀ। ਉਸ ਨੇ ਪਿੰਡ ਨੂੰ ਫ਼ੋਨ ਕਰ ਲਿਆ। ਫ਼ੋਨ ਗੁਰਜੋਤ ਦੀ ਵਹੁਟੀ ਨੇ ਚੱਕ ਲਿਆ ਸੀ। ਉਦਾ ਭਾਵੇਂ ਪਿੰਡ ਉਸ ਤੋਂ ਡਰਦਾ, ਸਾਹ ਊਚਾ ਨਾਂ ਲੈਂਦਾ ਹੋਵੇ। ਪਤਨੀ ਕੈਸੀ ਵੀ ਹੋਵੇ। ਉਸ ਤੋਂ ਸਾਰੇ ਮਰਦ ਡਰਦੇ ਹਨ। ਮਰਦ ਸ਼ੇਰ ਘਰੋਂ ਬਾਹਰ ਹੀ ਹੁੰਦੇ ਹਨ। ਘਰ ਦੇ ਅੰਦਰ ਪੈਰ ਧਰਦੇ ਹੀ ਚੂਹੇ ਵਾਂਗ, ਲੁਕਣ ਨੂੰ ਥਾਂ ਭਾਲਦੇ ਹਨ। ਡਰਨ ਦੇ ਕਈ ਕਾਰਨ ਹਨ। ਜੇ ਪਤੀ ਇੱਕ ਗੱਲ ਕਹਿੰਦਾ ਹੈ। ਪਤਨੀ ਦਸ ਜੁਆਬ ਦਿੰਦੀ ਹੈ। ਅਗਲੇ ਦੀ ਨਾਨੀ ਦਾਦੀ ਸਬ ਗਿਣ ਦਿੰਦੀ ਹੈ। ਕਈ ਹੁੰਦੇ ਹੀ ਗੁਰਜੋਤ ਵਰਗੇ ਹਨ। ਪਤਨੀ ਕੋਲ ਸਬੂਤ ਹੁੰਦੇ ਹਨ। ਕਈ ਪਤੀ, ਸੌਦੇ-ਪੱਤੇ ਪੂਰੇ ਨਹੀਂ ਲਾਉਂਦੇ। ਹੋਰ ਵੀ ਡਰ ਹੁੰਦਾ ਹੈ। ਕਿਤੇ ਕਿਸੇ ਨਵੀਂ ਚੀਜ਼ ਦੀ ਫਰਮਿਸ਼ ਨਾਂ ਕਰ ਦੇਵੇ। ਕਿਤੇ ਜੁਆਕ ਹੀ ਘਨੇੜਿਆਂ ਉੱਤੇ ਨਾ ਚਾੜ ਦੇਵੇ। ਪਤਨੀ ਦੇ ਮੂਡ ਦਾ ਵੀ ਪਤਾ ਨਹੀਂ ਹੁੰਦਾ। ਕਦੋਂ ਮੁੱਦਾ ਪਾ ਲਵੇ। ਖਾਣ-ਪੀਣ ਵਾਲੇ, ਆਮ ਹੌ ਲੋਕਾਂ ਤੇ ਘਰ ਵਾਲੀਆਂ ਤੋਂ ਕੁੱਟ ਖਾਂਦੇ ਹਨ।
ਗੁਰਜੋਤ ਪੀ ਕੇ, ਹਾਥੀ ਵਾਂਗ ਝੂਲ ਰਿਹਾ ਸੀ। ਬਲਵਾਨ ਬਣਿਆ ਹੋਇਆ ਸੀ। ਪਤਨੀ ਕੀ ਕਰਲੂਗੀ? ਉਹ ਸੱਤ ਸਮੁੰਦਰ ਪਾਰ ਬੈਠੀ ਹੈ। ਗੁਰੀ ਨੇ ਕਿਹਾ, " ਭਾਗਵਾਨੇ ਵਧਾਈਆਂ। " ਉਸ ਨੇ ਜੁਆਬ ਦਿੱਤਾ, " ਵਧਾਈਆਂ ਜੀ ਵਧਾਈਆਂ, ਨਿੱਕੀ ਦੇ ਪਾਪਾ। ਕਾਹਦੀਆਂ ਵਧਾਈਆਂ ਹਨ? ਕੀ ਕੈਨੇਡਾ ਦਾ ਠੱਪਾ ਲੱਗ ਗਿਆ ਹੈ? ਇਹ ਬਹੁਤ ਸੋਹਣਾ ਹੋ ਗਿਆ ਹੈ। " ਗੁਰਜੋਤ ਨੇ ਕਿਹਾ, " ਤੇਰੇ ਘਰ ਵਾਲੇ ਦੇ ਮੁੰਡਾ ਜੰਮਿਆ ਹੈ। ਤੂੰ ਸੁੱਤੀ ਪਈ ਗੱਲਾਂ ਕਰਦੀ ਹੈ। " ਉਸ ਦੀ ਪਤਨੀ ਨੇ ਕਿਹਾ, " ਘਰ ਮੁੰਡਾ ਹੋ ਗਿਆ। ਤੂੰ ਮੈਨੂੰ ਦੱਸ ਰਿਹਾ ਹੈ। ਮੇਰੇ ਪੁੱਤਰ ਕਿਵੇਂ ਹੋ ਗਿਆ? ਤੂੰ ਕੈਨੇਡਾ ਬੈਠਾ ਹੈ। ਤੂੰ ਪੀ ਕੇ ਜਬਲੀਆਂ ਮਾਰੀ ਜਾਂਦਾ ਹੈ। " ਗੁਰਜੋਤ ਨੇ ਕਿਹਾ, " ਤੂੰ ਕੁੜੀਆਂ ਹੀ ਜੰਮਣ ਜਾਣਦੀ ਹੈ। ਤੈਨੂੰ ਨਹੀਂ ਪਤਾ, ਮਰਦ ਕਿਸੇ ਹੋਰ ਔਰਤ ਨਾਲ, ਪੁੱਤ ਜੰਮ ਸਕਦਾ ਹੈ। ਮੁੰਡਾ ਤੇ ਉਸ ਦੀ ਮਾਂ, ਮੇਰੇ ਸਾਹਮਣੇ ਬੈਠੇ ਹਨ। " ਉਸ ਦੀ ਪਤਨੀ ਰੋਣ ਲੱਗ ਗਈ ਸੀ। ਫ਼ੋਨ ਗੁਰਜੋਤ ਦੀ ਮੰਮੀ ਨੇ, ਫੜ ਲਿਆ ਸੀ। ਉਸ ਨੇ ਪੁੱਛਿਆ," ਪੁੱਤ ਕੀ ਤੂੰ ਠੀਕ-ਠਾਕ ਹੈ? ਇਹ ਕਿਉਂ ਰੋਈ ਜਾਂਦੀ ਹੈ? " ਉਸ ਨੇ ਕਿਹਾ, " ਮੰਮੀ ਜ਼ਨਾਨੀਆਂ ਸੁਦੈਣਾਂ ਹੁੰਦੀਆਂ ਹਨ। ਇੰਨਾ ਨੂੰ ਪਤਾ ਹੀ ਨਹੀਂ ਹੈ। ਕਦੋਂ ਰੋਣਾ ਹੈ? ਕਦੋਂ ਹੱਸਣਾ ਹੈ? ਖ਼ੁਸ਼ੀ ਵਿੱਚ ਵੀ ਰੋਣ ਲੱਗ ਜਾਂਦੀਆਂ ਹਨ। ਖ਼ੁਸ਼ੀ ਦੀ ਗੱਲ ਹੈ। ਤੇਰਾ ਪੋਤਾ ਹੋਇਆ ਹੈ। ਪਿੰਡ ਵਿੱਚ ਲੱਡੂ ਵੰਡੋ। " ਗੁਰਜੋਤ ਦੀ ਮੰਮੀ ਨੇ ਕਿਹਾ, " ਪੁੱਤ ਤੂੰ ਦੂਜਾ ਵਿਆਹ ਕਰਾ ਲਿਆ ਹੈ। ਮਾਂ ਨੂੰ ਦੱਸਿਆ ਹੀ ਨਹੀਂ ਹੈ। ਮੇਰੇ ਦੋ-ਦੋ ਨੂੰਹਾਂ ਹੋ ਗਈਆਂ ਹਨ। ਵੇ ਕਿਹੋ ਜਿਹੀ ਮੇਰੀ ਨੂੰਹ ਹੈ? ਕੀ ਗੋਰੀ ਹੈ? ਗੁਰਜੋਤ ਨੇ ਕਿਹਾ, " ਗੋਰੀਆਂ, ਕਾਲੀਆਂ ਤਾਂ ਮੇਰੇ ਪਿੱਛੇ-ਪਿੱਛੇ ਫਿਰਦੀਆਂ ਹਨ। ਪੰਜਾਬਣਾਂ ਹੀ ਨਹੀਂ ਮੁੱਕਦੀਆਂ। ਇਹ ਫੇਸਬੁੱਕ ਉੱਤੇ ਲੱਭੀ ਸੀ। ਤੈਨੂੰ ਕੀ ਪਤਾ ਫੇਸਬੁੱਕ ਕੀ ਹੁੰਦੀ ਹੈ? ਤੂੰ ਇੰਨਾ ਹੀ ਸਮਝ ਲੈ। ਕੰਪਿਊਟਰ ਵਿੱਚੋਂ, ਬਹੁਤ ਸੋਹਣੀਆਂ ਫ਼ੋਟੋਆਂ ਦੇਖ ਕੇ, ਵਿਚੋਂ ਛਾਂਟੀ ਸੀ। "ਗੁਰਜੋਤ ਦੀ ਮੰਮੀ ਕਹਿੰਦੀ, " ਜੇ ਕੋਈ ਇੱਧਰੋਂ ਆਉਂਦਾ ਹੈ। ਮੁੰਡਾ ਮੇਰੇ ਕੋਲ ਭੇਜਦੇ। ਮੈਂ ਆਪਦੇ ਵਾਰਸ ਨੂੰ ਆਪੇ ਪਾਲ ਲਵਾਂਗੀ। ਕੈਨੇਡਾ ਦੀਆਂ ਉੱਤੇ ਜ਼ਕੀਨ ਨਹੀਂ ਕਰੀਦਾ। ਮੁੰਡਾ ਲੈ ਕੇ, ਕਿਸੇ ਹੋਰ ਨਾਲ ਚਲੀ ਜਾਵੇ। "
ਵਿੰਦਰ ਨੇ ਕਿਹਾ, " ਮਾਂ ਨੂੰ ਦੱਸ ਦੇਣਾ ਸੀ। ਨੂੰਹਾਂ ਬਥੇਰੀਆਂ ਹਨ। ਜਿੱਧਰ ਨੂੰ ਟਰੱਕ ਦਾ ਰੂਟ ਹੁੰਦਾ ਹੈ। ਨੂੰਹਾਂ ਦਾ ਚਾਹੇ ਟਰੱਕ ਭਰ ਲਈਏ। ਘਰ ਖੇਤ ਵਿੱਚ ਹੀ ਘਰ ਪਾ ਲਵੋ। ਹੁਣ ਅੰਦਰ ਬਾਹਰ ਸਾਰੇ, ਨੂੰਹਾਂ ਤੇ ਜੁਆਕ ਹੀ ਦਿਸਣਗੇ। ਅੰਨ, ਭਾਵੇਂ ਘਰੋ ਨਾਂ ਲੱਭੇ। ਘਰ ਵਾਲਿਆਂ ਨੂੰ ਇਹ ਵੀ ਦੱਸ ਦੇ ਹੋਰ ਵੀ ਖ਼ੁਸ਼ਖ਼ਬਰੀਆਂ ਆਉਣ ਵਾਲੀਆਂ ਹਨ। ਹਰਵੀਰ, ਬਬਲੀ, ਕੋਮਲ ਸਾਰੀਆਂ ਹੀ ਸੁਖ ਨਾਲ ਬੱਚਿਆਂ ਦੀਆਂ ਮਾਵਾਂ ਬਣਨ ਵਾਲੀਆਂ ਹਨ। ਮੈਂ ਜਣੇਪਾ ਕਟਾਉਂਦਾ ਫਿਰਦਾ ਹਾਂ। ਅਜੇ ਪਹਿਲੀ ਦੀ ਦੇਖ-ਭਾਲ ਕਰ ਰਿਹਾ ਹਾਂ। " ਫ਼ੋਨ ਸੁਣ ਕੇ, ਗੁਰਜੋਤ ਦੀ ਵਹੁਟੀ, ਝੋਲੇ ਵਿੱਚ ਕੱਪੜੇ ਪਾਈ ਖੜ੍ਹੀ ਸੀ। ਉਸ ਨੇ ਕਿਹਾ, " ਮੈਂ ਚੱਲੀ ਆਪਦੇ ਪੇਕਿਆਂ ਨੂੰ, ਮੇਰੀ ਹੁਣ ਇੱਥੇ ਕੀ ਜ਼ਰੂਰਤ ਹੈ? ਗੁਰਜੋਤ ਨੇ, ਮੁੰਡਾ ਕਿਸੇ ਹੋਰ ਔਰਤ ਨਾਲ ਜੰਮ ਲਿਆ ਹੈ। ਮੈ ਪਿੰਡ ਬੈਠੀ, ਉਸ ਦਾ ਰਾਹ ਉਡੀਕਦੀ ਹਾਂ। ਉਹ ਕਮਾਈ ਕਰਨ ਗਿਆ ਹੈ ਜਾਂ ਮੁੰਡੇ ਜੰਮਣ। ਉਸ ਦੀਆਂ ਆਦਤਾਂ, ਹੋਰ ਵੀ ਬਿਗੜ ਗਈਆਂ ਹਨ। ਇੱਥੇ ਤਾਂ ਔਰਤਾਂ ਪਿੱਛੇ ਫਿਰਦਾ ਸੀ। ਕੈਨੇਡਾ ਵਿੱਚ ਬੱਚੇ ਵੀ ਜੰਮਣ ਲੱਗ ਗਿਆ ਹੈ। " ਗੁਰਜੋਤ ਦੀ ਮੰਮੀ ਕਹਿੰਦੀ, " ਤੂੰ ਕਿਥੇ ਚੱਲੀ ਹੈ? ਘਰ ਦਾ ਕੰਮ ਕੌਣ ਕਰੇਗਾ। ਬੱਗ ਡੰਗਰਾਂ ਦਾ ਖੜ੍ਹਾ ਹੈ। ਇੰਨਾ ਨੂੰ ਪੱਠੇ ਕਿਨ੍ਹੇ ਪੌਣੇ ਹਨ? ਜੇ ਤੈਨੂੰ ਸੰਭਾਲਣ ਜੋਗੇ ਹੁੰਦੇ। ਤੈਨੂੰ ਤੋਰਦੇ ਹੀ ਕਿਉਂ? ਰੋਟੀ ਦੋ ਵੇਲੇ ਚੱਜ ਨਾਲ, ਤੇਰੇ ਪੇਕਿਆਂ ਦੇ ਪੱਕਦੀ ਨਹੀਂ ਹੈ। " ਗੁਰਜੋਤ ਦੀ ਵਹੁਟੀ ਨੇ ਕਿਹਾ, " ਖ਼ਬਰਦਾਰ, ਜੇ ਮੇਰੇ ਮਾਪਿਆਂ ਬਾਰੇ ਕੁੱਝ ਕਿਹਾ ਹੈ। ਤੂੰ ਮੈਨੂੰ ਜਾਣਦੀ ਨਹੀਂ ਹੈ। ਮੈਂ ਕਿਹੜੇ ਖ਼ਾਨਦਾਨ ਵਿਚੋਂ ਹਾਂ? ਤੇਰੇ ਪੁੱਤ ਦੇ ਆਉਣ ਤੋਂ ਪਹਿਲਾਂ ਹੀ, ਤੈਨੂੰ ਅੰਦਰੇ ਦੱਬ ਕੇ, ਕਿਸੇ ਨੂੰ ਸੂਹ ਨਹੀਂ ਲੱਗਣ ਦੇਣੀ। " ਗੁਰਜੋਤ ਦੀ ਮੰਮੀ ਪਿੱਟਣ ਲੱਗ ਗਈ ਸੀ। ਉਸ ਨੇ ਕਿਹਾ, " ਹਾਏ ਵੇ ਲੋਕੋ, ਬਹੂ ਕਲ ਮੇਰੇ ਘਰ ਵਿੱਚ ਇਹ ਆਈ ਹੈ। ਅੱਜ ਮੈਨੂੰ ਅੱਖੀਂ ਦੇਖਣਾ ਨਹੀਂ ਚਾਹੁੰਦੀ। ਮੈਨੂੰ ਇਹ ਕਾਲੇ ਮੂੰਹ ਵਾਲੀ ਤੋਂ ਬਚਾਉ। " ਉਸ ਦੀਆਂ ਬੋਲ-ਬੋਲ ਕੇ, ਰੰਗਾ ਬੈਠ ਗਈਆਂ ਸਨ। ਗੁਰਜੋਤ ਦੀ ਵਹੁਟੀ ਨੇ, ਉਸ ਨੂੰ ਪਾਣੀ ਦਾ ਗਿਲਾਸ ਲਿਆ ਕੇ ਦੇ ਦਿੱਤਾ। ਉਸ ਨੂੰ ਪੁੱਛਿਆ, " ਬੋਲਦੀ ਦਾ ਸਿਰ ਦੁਖਣ ਲੱਗ ਗਿਆ ਹੋਣਾ ਹੈ। ਮੰਮੀ ਜੀ ਚਾਹ ਦੀ ਘੁੱਟ ਬਣਾ ਕੇ ਦੇਵਾਂ। ਮੈਂ ਵੀ ਚਾਹ ਪੀਣੀ ਹੈ। ਮੇਰਾ ਸੱਚੀ ਸਿਰ ਦੁਖਣ ਲੱਗ ਗਿਆ ਹੈ। " ਗੁਰਜੋਤ ਦੀ ਮੰਮੀ ਨੂੰ, ਅਜੇ ਵੀ ਗ਼ੁੱਸਾ ਠਾਠਾ ਮਾਰ ਰਿਹਾ ਸੀ। ਉਸ ਨੇ ਕਿਹਾ, " ਰਹਿਣ ਦੇ ਰਕਾਨੇ, ਚਾਹ ਵਿੱਚ ਜ਼ਹਿਰ ਪਾ ਕੇ ਦੇ ਦੇਵੇਗੀ। " ਗੁਰਜੋਤ ਦੀ ਵਹੁਟੀ ਬੋਲੀ, " ਮੰਮੀ ਜੀ ਅੱਜ ਤੇਰੇ ਲਈ ਖ਼ੁਸ਼ੀ ਦਾ ਦਿਨ ਹੈ, ਪਿੰਡ ਵਿੱਚ ਭੇਲੀ ਫੇਰਨੀ ਚਾਹੀਦੀ ਹੈ। ਪਤਾਸੇ ਤੁਸੀਂ ਖ਼ਰੀਦ ਲਵੋਗੇ। ਜਾਂ ਮੈਂ ਆਪਦੇ ਡੈਡੀ ਨੂੰ ਕਹਾਂ। " ਗੁਰਜੋਤ ਦੀ ਮੰਮੀ ਦਾ ਰੋਂਣਾਂ-ਪਿੱਟਣਾਂ ਇੱਕ ਦਮ ਬੰਦ ਹੋ ਗਿਆ ਸੀ। ਉਸ ਨੇ ਕਿਹਾ, " ਇਹ ਕੀਤੀ ਕੰਮ ਦੀ ਗੱਲ। ਚੰਗੇ ਪਤਾਸੇ ਮੰਗਾ ਲੈ। ਆਪਣਾ ਪਿੰਡ ਬਹੁਤ ਵੱਡਾ ਹੈ। " ਗੁਰਜੋਤ ਦੀ ਵਹੁਟੀ ਨੇ ਕਿਹਾ, " ਲੋਕ ਪਤਾਸੇ ਫੜ ਕੇ ਮੁੰਡਾ ਦੇਖਣ ਆਉਗੇ। ਕੀ ਜੁਆਬ ਦੇਵੇਗੀ। " ਮੰਮੀ ਨੇ ਕਿਹਾ, " ਕਹੇਗੀ, ਗੁਰਜੋਤ ਨੇ ਗੋਰੀ ਨਾਲ ਵਿਆਹ ਕਰਾਇਆ ਹੈ। ਮੁੰਡਾ ਆਪਦੇ ਮਾਂ-ਬਾਪ ਕੋਲ ਹੈ। ਤੁਸੀਂ ਸ਼ਗਨ ਫੜਾ ਜਾਵੋ। " ਮੰਮੀ ਵਿਹੜੇ ਵੱਲ, ਕੰਮੀਆਂ ਦੇ ਘਰਾਂ ਵੱਲ ਚੱਲੀ ਗਈ ਸੀ। ਜੋ ਮੁੰਡਾ ਹੋਏ ਦੇ ਸੇਹਰੇ ਦਰਾਂ ਅੱਗੇ ਬੰਨ੍ਹਦੇ ਹਨ। ਉਸ ਨੇ ਸੇਹਰੇ ਬੰਨ੍ਹਣ ਵਾਲੇ ਨੂੰ ਕਿਹਾ, " ਸਰੀ ਦੇ ਵਿੱਚ ਨੇਬੂਆਂ ਦੇ ਨਾਲ ਲਾਲ ਮਿਰਚਾਂ ਵੀ ਟੰਗਣੀਆਂ ਹਨ। ਮੁੰਡੇ ਨੂੰ ਕਿਤੇ, ਕੋਈ ਨਜ਼ਰ ਹੀ ਨਾਂ ਲਾ ਦੇਵੇ। " ਉਹ ਬੰਦਾ, ਰੱਸੀ ਵਿੱਚ ਬੰਨ੍ਹ ਕੇ, ਹਰਿਆਲੀ ਦੀ ਲੜੀ ਗੁਰਜੋਤ ਕੇ, ਦਰਾਂ ਮੂਹਰੇ ਬੰਨ੍ਹ ਗਿਆ ਸੀ। ਉਸ ਵਿੱਚ ਨੇਬੂ ਦੇ ਨਾਲ ਲਾਲ ਮਿਰਚਾਂ ਵੀ ਲਟਕ ਰਹੀਆਂ ਸਨ।

Comments

Popular Posts