ਭਾਗ 10 ਜਿੰਨਾ ਕਿਸੇ ਦੇ ਨੇੜੇ ਹੋਵਾਂਗਾ, ਉਹੀ ਸਾਡੇ ਭੇਤ ਜਾਣਦੇ ਸਨ ਦੁਨੀਆ ਵਾਲੇ ਦੂਜੇ ਨੂੰ ਨੰਗਾ ਦੇਖਣਾ ਚਾਹੁੰਦੇ ਹਨ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ 
satwinder_7@hotmail.com 
ਚੈਨ ਦਾ ਵਿਆਹ ਕੈਨੇਡਾ ਵਿੱਚ ਹੋ ਗਿਆ ਸੀ। ਵਿਆਹ ਦਾ ਮਾਪਿਆਂ ਨੂੰ ਪੁੱਤਰ ਦੇ ਵਿਆਹ ਹੋਏ ਪਿੱਛੋਂ ਪਤਾ ਲੱਗਾ। ਵਿਆਹ ਦੀ ਖ਼ੁਸ਼ੀ ਵਿੱਚ ਉਨ੍ਹਾਂ ਨੇ ਸਾਰੇ ਪਿੰਡ ਨੂੰ ਰੋਟੀ ਬਖ਼ਸ਼ ਦਿੱਤੀ। ਸਬ ਨੂੰ ਚੂਲੇ ਨਿਉਂਦਾ ਦੇ ਦਿੱਤਾ। ਕੜਾਹੀ ਚਾੜ੍ਹ ਦਿੱਤੀ ਸੀ। ਪੁੱਤਰ ਦਾ ਵਿਆਹ ਪਿੰਡ ਹੋਇਆ ਜਾਂ ਕੈਨੇਡਾ, ਕੀ ਫ਼ਰਕ ਪੈਂਦਾ ਹੈ? ਮਾਪਿਆਂ ਨੇ ਸ਼ਰੀਕੇ ਦਾ ਮੂੰਹ ਰੱਖਣਾ ਸੀ। ਅਗਲੇ ਦਾ ਖਲ਼ਾਇਆ ਹੋਇਆ ਮੋੜਨਾ ਸੀ। ਘਰ ਦਾ ਗੁਜ਼ਾਰਾ ਮੱਸਾ ਹੁੰਦਾ ਸੀ। ਬੈਂਕ ਦਾ ਕਰਜ਼ਾ ਲੈ ਕੇ, ਦੱਬ ਲਿਆ ਸੀ। ਪਰ ਸਰੀਕੇ ਦਾ ਆੜ ਮੋੜਨਾ ਬਹੁਤ ਜ਼ਰੂਰੀ ਸੀ। ਵਿਆਹ ਕਿਥੇ ਹੋਇਆ ਹੈ? ਲੋਕਾਂ ਨੇ ਵੀ ਕੀ ਲੈਣਾ ਹੈ? ਜਿਹੜਾ ਵਿਆਹ ਅੱਖਾਂ ਮੂਹਰੇ ਹੁੰਦਾ ਹੈ। ਉਸ ਨੂੰ ਕਿਹੜਾ ਕੋਈ ਦੇਖਦਾ ਹੈ? ਵਿਆਹ ਗੁਰਦੁਆਰੇ ਸਾਹਿਬ ਹੁੰਦਾ ਹੈ। ਲੋਕ ਪੈਲੇਸ ਵਿੱਚ ਸ਼ਰਾਬੀ ਹੋਏ, ਲਿਟ ਰਹੇ ਹੁੰਦੇ ਹਨ। ਬੰਦੇ ਲਈ ਖਾਂਣਾਂ-ਪੀਣਾਂ ਹੀ ਮੁੱਖ ਰਹਿ ਗਿਆ ਹੈ। ਜਿੱਥੇ ਖਾਣ ਨੂੰ ਮਿਲਦਾ ਹੈ। ਫਿਰ ਤਾਂ ਉਸ ਦੀ ਕੋਈ ਜਾਤ ਵੀ ਨਹੀਂ ਪੁੱਛਦਾ। ਲੋਕਾਂ ਨੇ ਚੈਨ ਕੇ ਘਰ ਨਿਉਂਦਾ ਖਾਣਾ ਸੀ। ਖਾਣਾ ਤਾਂ ਬਹਿਰਿਆਂ ਨੇ ਬਣਾਇਆਂ ਸੀ। ਉਦਾਂ ਅਜੇ ਵੀ ਗ਼ਰੀਬ ਲੋਕਾਂ ਨੂੰ ਨੀਚ ਜਾਤ ਕਹਿ ਕੇ ਫਿਟਕਾਰਿਆ ਜਾਂਦਾ ਹੈ। ਕੀ ਬਹਿਰਿਆ ਦੀ ਵੀ ਕਦੇ ਜਾਤ ਪੁੱਛੀ ਹੈ? ਕਈ ਤਾਂ ਹੋਟਲਾਂ ਉੱਤੇ ਕੰਮ ਕਰਨ ਵਾਲੇ, ਪੈਰਾਂ ਤੇ ਤੇੜ ਦੇ ਕੱਪੜਿਆਂ ਤੋਂ ਨੰਗੇ ਹੁੰਦੇ ਹਨ। ਨੀਕਰ ਤੇ ਘਸਿਆ ਹੋਇਆ ਝੱਗਾ ਪਾ ਕੇ ਕੰਮ ਕਰਦੇ ਹਨ। ਲੋਕਾਂ ਨੂੰ ਪਰੋਸਿਆ ਥਾਲ਼ ਚੰਗਾ ਲੱਗਦਾ ਹੈ। ਬੰਦਾ ਕਿੰਨਾ ਮਤਲਬੀ ਹੋ ਗਿਆ ਹੈ। ਆਪ ਦਾ ਲੋਟ ਦੇਖਦਾ ਹੈ। 
ਚੈਨ ਕੇ ਘਰ ਵੱਲ ਨੂੰ ਲੋਕ, ਬੰਦੇ ਬੂੜੀਆਂ, ਬੱਚੇ ਤੁਰੇ ਆ ਰਹੇ ਸਨ। ਹੱਥਾਂ ਵਿੱਚ ਡੋਲੀ ਫੜੇ ਹੋਏ ਸਨ। ਦਾਲ ਸਬਜ਼ੀ ਘਰ ਵੀ ਲੈ ਕੇ ਜਾਣੀ ਸੀ। ਜੋ ਘਰ ਸਨ। ਉਨ੍ਹਾਂ ਦੀ ਦਾਲ ਰੋਟੀ ਪੁਆ ਕੇ, ਲੈ ਕੇ ਜਾਣੀ ਸੀ। ਘਰ ਦਾ ਅੰਦਰ ਬਾਹਰ ਰਿਸ਼ਤੇਦਾਰਾਂ, ਲੋਕਾਂ ਨਾਲ ਭਰ ਗਿਆ ਸੀ। ਲੋਕ ਵੀ ਕਮਾਲ ਦੇ ਹਨ। ਬਹੁਤ ਵੱਡੇ ਜਿਗਰੇ ਵਾਲੇ ਹਨ। ਸੁਖ ਵਿੱਚ ਝੱਟ ਇਕੱਠੇ ਹੋ ਜਾਂਦੇ ਹਨ। ਸੁਖ ਵਿੱਚ ਹੱਸਦੇ ਹਨ। ਜੇ ਕੋਈ ਬਿਮਾਰ ਹੋ ਜਾਵੇ, ਮਰ ਜਾਵੇ, ਦੁੱਖ ਵਿੱਚ ਵੀ ਆਉਂਦੇ ਹਨ। ਦੁਖੀ ਬੰਦੇ ਦੇ ਨਾਲ ਰੋਂਦੇ ਹਨ। ਅੱਜ ਚੈਨ ਦੇ ਘਰ ਖ਼ੁਸ਼ੀ ਦਾ ਦਿਨ ਸੀ। ਲੋਕ ਡਰਾਮਾਂ ਬਹੁਤ ਸੋਹਣਾ ਕਰ ਲੈਂਦੇ ਹਨ। ਜਿਸ ਸਮਾਜ ਵਾਲੇ ਬਹੁਤੇ ਆਪਣਿਆਂ ਬੱਚਿਆਂ, ਮਾਪਿਆਂ ਦੀ ਪ੍ਰਵਾਹ ਨਹੀਂ ਕਰਦੇ। ਉਨ੍ਹਾਂ ਨੂੰ ਲੋਕਾਂ ਦੀ ਬਹੁਤ ਫ਼ਿਕਰ ਹੁੰਦੀ। ਇੱਥੇ ਹੀ ਦੇਖ ਲਵੋ। ਸਕੇ ਇਕਲੌਤੇ ਪੁੱਤਰ ਨੇ, ਕੈਨੇਡੀਅਨ ਕੁੜੀ ਨਾਲ ਵਿਆਹ ਕਰਾਉਣ ਲਈ ਆਪਦੀ ਜੇਬ ਬਚਾਉਣ ਲਈ ਮਾਪਿਆ ਨੂੰ ਵਿਆਹ ਦੀ ਤਰੀਕ ਨਹੀਂ ਦੱਸੀ। ਇੱਧਰ ਮੰਮੀ ਡੈਡੀ ਨੂੰ ਵੀ ਐਸੇ ਵਿਆਹ ਦੀ ਖ਼ੁਸ਼ੀ ਚੜ੍ਹੀ ਹੋਈ ਸੀ। ਲੋਕਾਂ ਨੂੰ ਉਸ ਤੋਂ ਵੀ ਵੱਧ ਖ਼ੁਸ਼ੀ ਸੀ। ਕੀ ਸੱਚੀ-ਮੁੱਚੀ ਖ਼ੁਸ਼ੀ, ਇਸ ਨੂੰ ਕਹਿੰਦੇ ਹਨ? ਕੀ ਖ਼ੁਸ਼ੀ ਇਸ ਤਰਾਂ ਦੀ ਹੁੰਦੀ ਹੈ। ਸੁਣਤੋਂ ਸੁਣਤੀ ਗੱਲ ਸੁਣ ਕੇ, ਖ਼ੁਸੀ ਨਾਲ ਮਨ ਨੱਚਣ ਲੱਗ ਜਾਂਦਾ ਹੈ। ਵਿਆਹ ਵਾਲਾ ਘਰ ਹੋਵੇ। ਉਹ ਵੀ ਪੰਜਾਬੀਆਂ ਦਾ ਗਿੱਧਾ ਨਾਂ ਪਾਵੇ। ਐਸਾ ਨਹੀਂ ਹੋ ਸਕਦਾ। ਇਸੇ ਲਈ ਤਾਂ ਗਿੱਧਾ ਮੱਗ ਗਿਆ ਸੀ। ਹਰ ਕੋਈ ਜ਼ੋਰੋ-ਜੋਰ ਨੱਚ ਰਿਹਾ ਸੀ। ਇੰਨਾ ਦਾ ਕਾਰਜ ਜਿਉਂ ਪੂਰਾ ਹੋ ਗਿਆ ਸੀ। ਪੁੱਤਰ ਨੇ ਵਿਆਹ ਵਿੱਚ ਮਾਂ-ਪਿਉ ਨੂੰ ਸਰੀਕ ਨਹੀਂ ਕੀਤਾ ਸੀ। ਮਾਂ ਦੇ ਮੂੰਹੋਂ ਇਹੀ ਨਿਕਲਿਆ ਸੀ, " ਭਾਗਾਂ ਵਾਲਿਆਂ ਦੇ ਹੋ ਗਏ ਕਾਰਜ ਪੂਰੇ। "
ਮਾਪੇ ਬੱਚੇ ਲਈ ਖ਼ਰਚਾ ਕਰਨ ਲੱਗੇ ਜੇਬ ਨਹੀਂ ਦੇਖਦੇ। ਸਾਰੀ ਉਮਰ ਕਮਾਈਆਂ, ਬੱਚਿਆਂ ਲਈ ਕਰਦੇ ਹਨ। ਆਪਣੀਆਂ ਇੱਛਾਵਾਂ ਮਾਰ ਕੇ, ਬੱਚਿਆਂ ਨੂੰ ਹਰ ਚੀਜ਼ ਖਾਣ ਵਾਲੀ ਖਿੰਡਾਉਣੇ ਲੈ ਕੇ ਦਿੱਤੇ ਜਾਂਦੇ ਹਨ। ਤਿਲ ਫੁੱਲ ਜੋੜਿਆ ਸਬ ਜਵਾਨ ਹੋਏ, ਬੱਚਿਆਂ ਨੂੰ ਦੇ ਦਿੰਦੇ ਹਨ। ਔਲਾਦ ਇੱਕ ਹੋਵੇ, ਜਾਂ ਵੱਧ ਹੋਣ। ਕੋਈ ਮਾਪਿਆਂ ਨੂੰ ਸੰਭਾਲਣ ਲਈ ਤਿਆਰ ਨਹੀਂ ਹੁੰਦਾ। ਉਹੀ ਮਾਂ-ਬਾਪ ਬੋਝ ਬਣ ਜਾਂਦੇ ਹਨ। ਜਿੰਨਾ ਨੇ ਸਾਰੀ ਉਮਰ ਬੱਚਿਆ ਦਾ ਬੋਝ, ਸਾਰੀ ਉਮਰ ਢੋਇਆ ਹੈ। ਆਪਣਿਆਂ ਦਾ ਰਾਵੀਆਂ ਛੇਤੀ ਸਮਝ ਲੱਗ ਜਾਂਦਾ ਹੈ। ਲੋਕ ਵੀ ਐਸਾ ਹੀ ਕਰਦੇ ਹਨ। ਬੇਗਾਨਾ ਵੀ ਕੋਈ ਕਿਸੇ ਦਾ ਕੁੱਝ ਨਹੀਂ ਲੱਗਦਾ। ਹਰ ਕੋਈ ਆਪਦੀਆਂ ਲੋੜਾਂ ਨੂੰ ਜੁੜਦਾ ਹੈ। ਕੰਮ ਮੁੱਕਦੇ ਹੀ ਕੰਨੀ ਖਿਸਕਾ ਲੈਂਦਾ ਹੈ। ਕੈਲਗਰੀ ਗੁਰਦੁਆਰੇ ਸਾਹਿਬ ਵਿੱਚ 100 ਕੁ ਬਜ਼ੁਰਗ ਔਰਤਾਂ-ਮਰਦ ਹਰ ਰੋਜ਼ ਆਉਣ ਵਾਲੇ ਹਨ। ਉੱਥੇ ਹੀ ਦੋਨੇਂ ਸਮੇਂ ਲੰਗਰ ਛਕਦੇ ਹਨ। ਕਿਸੇ ਦੀ ਧੀਆਂ ਪੁੱਤਰਾਂ ਨਾਲ ਨਹੀਂ ਪੁੱਗਦੀ। ਇਹ ਮਾਪੇ ਸਾਰੀ ਉਮਰ, ਤਾਂ ਔਲਾਦ ਮੂਹਰੇ ਕੰਮ ਕਰਦੇ ਰਹੇ ਹਨ। ਹੁਣ ਕਿਉਂ ਲੋਕਾਂ ਨੂੰ ਤਮਾਸ਼ਾ ਦਿਖਾਉਣ ਲਈ ਹੱਥ ਖੜ੍ਹੇ ਕਰ ਗਏ ਹਨ? ਗੁਰਦੁਆਰੇ ਸਾਹਿਬ ਵਿੱਚ ਵੀ ਭਾਂਡੇ ਮਾਂਜਦੇ ਹਨ। ਘਰ ਵਿੱਚ ਕੰਮ ਨਹੀਂ ਕਰਦੇ। ਉਵੇ ਦੇ ਧੀਆਂ ਪੁੱਤਰ ਹਨ। ਉਹ ਬਾਹਰ ਦੇ ਲੋਕਾਂ ਨੂੰ ਬੁਲਾ ਕੇ, ਪਾਰਟੀਆਂ ਕਰਦੇ ਹਨ। ਲੋਕਾਂ ਦੀਆਂ, ਜੁੱਤੀਆਂ ਚੱਟਦੇ ਹਨਮਾਂ-ਬਾਪ ਨੂੰ ਨਹੀਂ ਪੁੱਛਦੇ। ਉਨ੍ਹਾਂ ਦੀ ਊਚ-ਨੀਚ ਗੱਲ ਬਰਦਾਸ਼ਤ ਨਹੀਂ ਹੁੰਦੀ। ਨਿਗ੍ਹਾ ਮਾਰ ਕੇ ਦੇਖੀਏ। ਸਾਡੀ ਕੀਹਦੇ ਨਾਲ ਟੁੱਟੀ ਹੈ? ਕੌਣ-ਕੌਣ ਵੈਰੀ ਬਣਿਆ ਹੈ? ਉਹੀ ਹਨ, ਜੋ ਸਾਡੇ ਆਪਣੇ ਸਨ। ਉਹੀ ਸਾਡੇ ਭੇਤ ਜਾਣਦੇ ਸਨ। ਜਿੰਨਾ ਕਿਸੇ ਦੇ ਨੇੜੇ ਹੋਵਾਂਗਾ। ਉੱਨੀ ਛੇਤੀ ਮਨ ਅੱਕਦਾ ਹੈ। ਜੀਅ ਭਰ ਜਾਂਦਾ ਹੈ। ਜਿਵੇਂ ਬਹੁਤਾ ਰੱਜੇ ਹੋਏ ਵਾਂਗ ਸਾਹ ਨਹੀਂ ਆਉਂਦਾ। ਆਫ਼ਰ ਜਾਂਦੇ ਹਾਂ। ਉਦੋਂ ਖੁੱਲ੍ਹੀ ਹਵਾ ਚਾਹੀਦੀ ਹੈ। ਉਵੇਂ ਹੀ ਰਿਸ਼ਤੇ ਅਲਗ ਹੋ ਜਾਂਦੇ ਹਨ। 
ਧੀਆਂ-ਪੁੱਤਰ, ਮੰਮੀ-ਡੈਡੀ ਦੀ ਕਿੰਨੀ ਕੁ ਇੱਜ਼ਤ ਕਰਦੇ ਹਨ? ਇਸ ਨਾਲ ਮਾਪਿਆ ਨੂੰ ਫ਼ਰਕ ਨਹੀਂ ਪੈਂਦਾ। ਉਨ੍ਹਾ ਦਾ ਪੁੱਤਰ ਚੈਨ ਕੈਨੇਡਾ ਵਾਲਾ ਬਣ ਗਿਆ ਸੀ। ਕੁੱਝ ਤਾਂ ਚੰਗਾ ਕੀਤਾ ਸੀ। ਮਾਪੇ ਹੂਬੇ ਨਹੀਂ ਸਮਾਉਂਦੇ ਹਨ। ਪੁੱਤ-ਕੁਪੁੱਤ ਬਣ ਜਾਂਦੇ ਹਨ। ਮਾਂਪੇ-ਕੁਮਾਪੇ ਨਹੀਂ ਬੱਣਦੇ। ਮਾਪੇ ਕਦੇ ਆਪਣੇ ਬੱਚਿਆ ਤੋਂ ਅੱਲਗ ਨਹੀਂ ਹੁੰਦੇ। ਬੱਚੇ ਮਾਂਪਿਆਂ ਦੀਆਂ ਅੱਖਾਂ ਦੇ ਤਾਰੇ ਹੁੰਦੇ ਹਨ। ਸਬ ਤੋਂ ਜ਼ਿਆਦਾ, ਆਪਦੇ ਬੱਚੇ ਪਿਆਰੇ ਹੁੰਦੇ ਹਨ।


Comments

Popular Posts