ਭਾਗ 13 ਭੂਤ, ਪ੍ਰੇਤ ਚੂੰਬੜਨ ਦਾ ਸਮਾਂ ਲੰਘ ਗਿਆ ਹੈ ਜ਼ਿੰਦਗੀ ਜੀਨੇ ਦਾ ਨਾਮ ਹੈ
 ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਕੈਲੋ ਘੁੱਟ ਕੇ ਅੱਖਾਂ ਮਿਚੀ ਪਈ ਸੀ। ਉਸ ਨੂੰ ਨੀਂਦ ਨਹੀਂ ਆ ਰਹੀ ਸੀ। ਉਸ ਦੇ ਦੁਆਲੇ ਬਾਣ, ਨਿਵਾਰ ਦੇ ਮੰਜੇ ਡਹੇ ਹੋਏ ਸਨ। ਜਦੋਂ ਕੋਈ ਥੋੜ੍ਹਾ ਜਿਹਾ ਵੀ ਹਿੱਲਦਾ ਸੀ। ਚੂਲਾ ਚੂਕਣ ਲੱਗ ਜਾਂਦੀਆਂ ਸਨ। ਕੈਲੋ ਦੀਆਂ ਅੱਖਾਂ ਖੁੱਲ ਜਾਂਦੀਆਂ ਸਨ। ਫਿਰ ਉਹ ਸੌਣ ਦੀ ਕੋਸ਼ਿਸ਼ ਕਰਦੀ ਸੀ। ਪਾਸੇ ਮਾਰੀ ਜਾਂਦੀ ਸੀ। ਉਸ ਤੋਂ ਵੱਧ ਨਣਦ ਉਸਲ ਵੱਟੇ ਲੈਂਦੀ ਸੀ। ਇੰਨੇ ਬੰਦਿਆਂ ਵਿੱਚ, ਓਪਰੀ ਥਾਂ ਨੀਂਦ ਵੀ ਨਹੀਂ ਆਉਂਦੀ। ਜੇ ਕੋਈ ਬੱਚਾ ਨਾਲ ਪਿਆ ਹੁੰਦਾ। ਉਸ ਕੋਲੋਂ ਭੈਅ ਵੀ ਨਹੀਂ ਆਉਂਦਾ। ਇਹ ਤਾਂ ਵਿਆਹੀ ਤਿੰਨ ਜੁਆਕਾ ਦੀ ਮਾਂ, ਪੁਰਾਣੇ ਜ਼ਮਾਨੇ ਦੀ ਨੈਣ ਵਾਂਗ ਰਾਖੀ ਲਈ ਪਈ ਸੀ। ਇੱਕ ਉਸ ਨੂੰ ਡਰ ਸੀ। ਪ੍ਰੇਮ ਸ਼ਰਾਬੀ ਹੈ। ਸ਼ਰਾਬ ਬੰਦੇ ਨੂੰ ਬੇਵਕੂਫ਼ ਵਾਲਾ ਦਲੇਰ ਬਣਾਂ ਦਿੰਦੀ ਹੈ। ਸ਼ਰਾਬੀ ਕਿਸੇ ਕੋਲੋ ਨਹੀਂ ਡਰਦਾ। ਪ੍ਰੇਮ ਨੂੰ ਆਪਣੀ ਭੈਣ ਤੇ ਬਾਕੀ ਟੱਬਰ ਤੇ ਗ਼ੁੱਸਾ ਆ ਰਿਹਾ ਸੀ। ਸਾਰਾ ਟੱਬਰ ਇੱਕ ਥਾਂ ਤੇ ਘੁਸੜ ਕੇ ਪਿਆ ਸੀ। ਮਿਹਰੂ ਸ਼ਰਾਬੀ ਹੋਇਆ, ਇਕੱਲਾ ਨਾਲ ਵਾਲੇ ਕਮਰੇ ਵਿੱਚ ਪਿਆ ਸੀ। ਮੇਲਣਾਂ ਚੁਬਾਰੇ ਵਿੱਚ ਅਜੇ ਵੀ ਘੜਮੱਸ ਪਾ ਰਹੀਆਂ ਸਨ। ਉਹ ਸੋਚ ਰਿਹਾ ਸੀ। ਇੰਨਾ ਤੋਂ ਵਿਆਹ ਵਿੱਚ ਕੀ ਕਰਾਉਣਾ ਸੀ? ਇਹ ਤਾਂ ਸਾਰੇ ਖੌਰੂ ਪਾਉਣ ਨੂੰ ਸੱਦੇ ਹਨ। ਜੇ ਇੰਨਾ ਦਾ ਜੱਬ ਵਿਚਾਲੇ ਨਾਂ ਹੁੰਦਾ, ਅੱਜ ਮੇਰੇ ਤੇ ਕੈਲੋ ਵਿੱਚ ਰਾਈ ਜਿੰਨਾ ਵੀ ਫ਼ਾਸਲਾ ਨਹੀਂ ਹੋਣਾ ਸੀ। ਉਸ ਨੇ ਕੈਲੋ ਵੱਲ ਦੇਖਿਆ। ਮੱਧਮ ਬੱਤੀ ਵਿੱਚ ਉਸ ਨੂੰ ਕੈਲੋ ਦਾ ਮੂੰਹ ਵੀ ਨਹੀਂ ਦਿਸਿਆ। ਉਸ ਨੇ ਕੋਲ ਪਿਆ ਪਾਣੀ ਦਾ ਜੱਗ ਪੀ ਲਿਆ। ਉਸ ਨੂੰ ਹੱਥੂ ਆ ਗਿਆ। ਉਹ ਜ਼ੋਰ-ਜ਼ੋਰ ਦੀ ਖੰਘਣ ਲੱਗਾ। ਪੂਰਾ ਖ਼ਾਨਦਾਨ ਜਾਗ ਗਿਆ। ਉਸ ਦੇ ਖੰਘਣ ਤੇ ਸ਼ਰਾਬ ਦੀ ਬਦਬੂ ਆਉਂਦੀ ਕਰਕੇ, ਭੈਣ ਤਾਂ ਉੱਠ ਕੇ, ਮੇਲਣਾਂ ਵਿੱਚ ਜਾ ਰਲ਼ੀ ਸੀ। ਮਿਹਰੂ ਨੇ, ਪ੍ਰੇਮ ਨੂੰ ਆਪਦੇ ਕੋਲ ਸੱਦ ਲਿਆ। 
ਪਾਠੀ ਨੇ ਸਪੀਕਰ ਵਿੱਚ ਪਾਠ ਪੜ੍ਹਨਾ ਸ਼ੁਰੂ ਕਰ ਦਿੱਤਾ ਸੀ। ਕੈਲੋ ਨੂੰ ਲੱਗਾ, ਭੂਤ, ਪ੍ਰੇਤ ਚੂੰਬੜਨ ਦਾ ਸਮਾਂ ਲੰਘ ਗਿਆ ਹੈ। ਉਸ ਦੀ ਅੱਖ ਲੱਗ ਗਈ। ਜਦੋਂ ਉਸ ਦੀ ਜਾਗ ਖੁੱਲ੍ਹੀ ਚਿੱਟਾ ਦਿਨ ਚੜ੍ਹ ਗਿਆ ਸੀ। ਉਹੀ ਇਕੱਲੀ ਕਮਰੇ ਵਿੱਚ ਸੀ। ਉਹ ਬਾਹਰ ਆਈ, ਸਾਰੇ ਖਾਣ-ਪੀਣ ਵਿੱਚ ਮਗਨ ਸਨ। ਪ੍ਰੇਮ ਡੈਡੀ ਨਾਲ ਸੁੱਤਾ ਪਿਆ ਸੀ। ਵਿਹੜੇ ਵਿੱਚ ਕੈਲੋ ਦੇ ਭਰਾ ਆਏ ਬੈਠੇ ਸਨ। ਰਾਤੋ-ਰਾਤ ਪੇਕੇ ਘਰ ਵਾਲੇ ਕੈਲੋ ਨੂੰ ਬੈਰਾਗ ਗਏ ਸਨ। ਉਦਾਂ ਚਾਹੇ ਸੋਚਦੇ ਹੋਣ, ਮਸਾਂ ਕੁੜੀ ਦਾ ਭਾਰ ਲਾਇਆ ਹੈ। ਬੋਝ ਬਣੀ ਸਿਰ ਤੇ ਬੈਠੀ ਸੀ। ਪਰ ਲੋਕ ਦਿਖਾਵੇ ਦੀਆਂ ਰਸਮਾਂ ਵੀ ਬਹੁਤ ਜ਼ਰੂਰੀ ਹਨ। ਭਰਾ ਪਗ ਫੇਰੀ, ਮੁੜਦੀ ਗੱਡੀ ਲਈ ਲੈਣ ਆਏ ਸਨ। ਪ੍ਰੇਮ ਵੀ ਉੱਠ ਕੇ ਆ ਗਿਆ ਸੀ। ਉਨ੍ਹਾਂ ਨੂੰ ਦੇਖ ਕੇ ਉਸ ਨੇ ਕਿਹਾ, “ ਸਾਡੀ ਤਾਂ ਨੀਂਦ ਵੀ ਪੂਰੀ ਨਹੀਂ ਹੋਈ। ਤੁਸੀਂ ਪਹਿਲਾਂ ਹੀ ਸਾਜ਼ਰੇ ਆਏ ਬੈਠੇ ਹੋ। ਜੇ ਤੁਹਾਡੀ ਕੁੜੀ ਦੇ ਸਹੁਰੇ ਨੇੜੇ ਹਨ। ਇਸ ਦਾ ਮਤਲਬ ਇਹ ਨਹੀਂ। ਸਵੇਰ ਦੀ ਚਾਹ ਤੁਸੀਂ ਸਾਡੇ ਘਰ ਆ ਕੇ ਪੀਵੋ। “ ਕੈਲੋ ਦੇ ਵੱਡੇ ਭਰਾ ਨੇ ਕਿਹਾ, “ ਤੁਹਾਨੂੰ ਸਭ ਨੂੰ ਲੈਣ ਆਏ ਹਾਂ। ਅਸੀਂ ਤਾਂ ਚਾਹ ਪੀ ਕੇ ਆਏ ਹਾਂ। ਤੁਹਾਨੂੰ ਅੱਜ ਦੀ ਚਾਹ ਪਿਆਉਣੀ ਤੇ ਰੋਟੀ ਵੀ ਖਵਾਉਣੀ ਹੈ। “ ਕੈਲੋ ਦੀ ਸੱਸ ਨੇ ਕਿਹਾ, “ ਸਾਡੇ ਤਾਂ ਕਲ ਵਾਲੀਆਂ ਰੋਟੀਆਂ ਦਿਲ ਤੇ ਪਈਆਂ ਹਨ। ਅੱਜ ਤੁਹਾਡੇ ਘਰ ਜਾਣ ਦਾ ਸ਼ਗਨ ਕੈਲੋ ਤੇ ਪ੍ਰੇਮ ਦਾ ਹੈ। ਇਹ ਦੋਨੇਂ ਤੁਹਾਡੇ ਨਾਲ ਜਾਣਗੇ। ਵੈਸੇ ਵੀ ਇੰਨਾ ਨੇ ਸ਼ਾਮ ਤੱਕ ਚੰਡੀਗੜ੍ਹ ਜਾਣਾ ਹੈ। “ ਪ੍ਰੇਮ ਨੇ ਕਿਹਾ, “ ਗੱਲ ਤਾਂ ਠੀਕ ਹੈ। ਚਾਹ ਸਹੁਰੀ ਜਾ ਕੇ ਹੀ ਪੀਵਾਂਗੇ। ਹੁਣੇ ਤੁਰ ਪੈਂਦੇ ਹਾਂ। ਛੇਤੀ ਵਿਹਲੇ ਹੋ ਜਾਵਾਂਗੇ। “ ਕੈਲੋ ਦੇ ਛੋਟੇ ਭਰਾ ਨੇ ਕਿਹਾ, “ ਕਾਰ ਦਰਾਂ ਮੂਹਰੇ ਖੜ੍ਹੀ ਹੈ। ਤੁਸੀਂ ਬੈਠ ਜਾਵੋ। ਇਹੀ ਕਾਰ ਚੰਡੀਗੜ੍ਹ ਲੈ ਜਾਣੀ। ਡਰਾਈਵਰ ਭੇਜ ਦੇਵਾਂਗੇ। “ “ ਨਾਂ ਜੀ, ਮੈਂ ਆਪਦੀ ਗੱਡੀ, ਆਪ ਚਲਾਕੇ ਲੈ ਕੇ ਆਉਂਦਾ ਹਾਂ। ਮੈਨੂੰ ਭੀੜ-ਭੱੜਕਾ ਪਸੰਦ ਨਹੀਂ ਹੈ। ਕਲ ਦੇ ਇਹੀ ਧੱਕੇ ਖਾਂਦੇ ਹਾਂ। ਅੱਜ ਮੈਨੂੰ ਇਕਾਂਤ ਚਾਹੀਦੀ ਹੈ। ਤੁਸੀਂ ਅੱਗੇ-ਅੱਗੇ ਚੱਲੋ। ਅਸੀਂ ਤੁਹਾਡੇ ਪਿੱਛੇ ਆ ਰਹੇ ਹਾਂ। “

Comments

Popular Posts