ਭਾਗ 46 ਵਿਆਹ ਦਾ ਖ਼ਰਚਾ ਤੇ ਇੱਜ਼ਤ ਦੋਨੇਂ ਬਚ
ਗਏ ਜਾਨੋਂ ਮਹਿੰਗੇ ਯਾਰ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com
ਪਾਲੀ ਨੂੰ ਜੱਗੀ ਆਪਦੀ ਰਿਸ਼ਤੇਦਾਰੀ ਵਿੱਚ ਸਾਕ
ਕਰਾਉਣਾ ਚਾਹੁੰਦੀ ਸੀ। ਉਸ ਨੇ ਕਈ ਮੁੰਡਿਆਂ ਦੀਆਂ ਫ਼ੋਟੋਆਂ ਵੀ ਉਸ ਨੂੰ ਦਿਖਾਈਆਂ ਸਨ। ਹੋਰ ਵੀ
ਕਈਆਂ ਲੋਕਾਂ ਨੇ, ਮੁੰਡਿਆਂ
ਦੀ ਦੱਸ ਪਾਈ ਸੀ। ਕੁੜੀ-ਮੁੰਡਾ ਕਿਸੇ ਦੇ ਜਵਾਨ ਹੁੰਦੇ ਹਨ। ਵਿਆਹੁਣ ਦਾ ਫ਼ਿਕਰ ਲੋਕਾਂ ਨੂੰ ਹੁੰਦਾ
ਹੈ। ਪਾਲੀ ਕਿਸੇ ਨੂੰ ਰਾਹ ਨਹੀਂ ਦਿੰਦੀ ਸੀ। ਉਸ ਨੇ ਯੂਨੀਵਰਸਿਟੀ ਦੀ ਪੜ੍ਹਾਈ ਕਰਦੀ ਨੇ ਆਪਦੇ ਲਈ ਆਪ ਮੁੰਡਾ ਲੱਭ ਲਿਆ ਸੀ। ਉਸ ਨੇ ਮੁੰਡੇ
ਬਾਰੇ 2 ਸਾਲ ਘਰ ਨਹੀਂ ਦੱਸਿਆ। ਜਦੋਂ ਘਰ ਵਾਲੇ ਵਿਆਹ ਦੇ ਬਹੁਤਾ ਹੀ ਪਿੱਛੇ ਪੈ ਗਏ। ਉਸ ਨੇ ਆਪਣੀ
ਮਾਂ ਨੂੰ ਕਿਹਾ, “ ਕੀ
ਤੁਸੀਂ ਸੱਚੀਂ ਮੇਰਾ ਵਿਆਹ ਕਰਨਾ ਚਾਹੁੰਦੇ ਹੋ? ਮੇਰੇ ਕੋਲ ਮੁੰਡਾ ਲੱਭਿਆ ਹੋਇਆ ਹੈ। ਮੇਰੇ ਨਾਲ
ਪੜ੍ਹਦਾ ਹੈ। ਮੈਂ ਉਸ ਨੂੰ ਪਿਆਰ ਕਰਦੀ ਹਾਂ। ਮੈਂ ਉਸ ਨਾਲ ਵਿਆਹ ਕਰਾਉਣਾ ਹੈ। “ “ ਪਾਲੀ ਇਸ ਘਰ ਵਿੱਚ ਪਿਆਰ ਕਰਨ ਦਾ ਰਿਵਾਜ ਨਹੀਂ
ਹੈ। ਕੁੜੀਏ, ਮੁੰਡਾ
ਤਾਂ ਅਸੀਂ ਆਪੇ ਲੱਭਾਂਗੇ। “ “ ਮੈਨੂੰ ਪਤਾ ਹੈ, ਨਿਰਮਲ ਚਾਚਾ ਵਿਆਹ ਕਰਾ ਕੇ ਵੀ ਚਾਚੀ ਤੋਂ ਬਗੈਰ, ਹੋਰਾਂ ਔਰਤਾਂ ਨੂੰ ਪਿਆਰ ਕਰਦਾ ਫਿਰਦਾ ਹੈ। ਕੀ
ਉਹ ਠੀਕ ਹੈ? ਮੰਮੀ
ਜੇ ਕੋਈ ਮੁੰਡਾ ਤੁਹਾਨੂੰ ਪਸੰਦ ਹੈ। ਤੁਸੀਂ ਉਸ ਨਾਲ ਆਪ ਵਿਆਹ ਕਰਾ ਲਵੋ। ਮੈਂ ਵਿਆਹ ਉਸ ਨਾਲ
ਕਰਾਂਗੀ। ਜਿਸ ਨੂੰ ਪਿਆਰ ਕਰਦੀ ਹਾਂ। ਜੋ ਮੈਨੂੰ ਪਸੰਦ ਹੈ। “ ਉਹ ਫੇਸਬੁੱਕ ਖੋਲੀ ਬੈਠੀ ਸੀ। ਉਸ ਨੇ ਉਸ
ਮੁੰਡੇ ਦੀ ਫ਼ੋਟੋ ਮਾਂ ਨੂੰ ਦਿਖਾ ਦਿੱਤੀ। ਫ਼ੋਟੋ ਉੱਤੇ ਹੀ ਉਸ ਨੇ ਰੰਗ ਦੇਖ ਕੇ ਪੁੱਛਿਆ, “ ਕੀ ਇਹ ਜ਼ਿਮੀਂਦਾਰਾਂ ਦਾ ਮੁੰਡਾ ਹੈ? ਮੈਨੂੰ ਤਾਂ ਇਹ ਹੋਰ ਜਾਤ ਦਾ ਲੱਗਦਾ ਹੈ। ਰੰਗ
ਤਾਂ ਦੇਖ ਲੈਂਦੀ, ਕਿੰਨਾ
ਕਾਲਾ ਹੈ? “ “ ਮੰਮੀ
ਤੇਰੇ ਨਾਲੋਂ ਡੈਡੀ ਦਾ ਰੰਗ ਵੀ ਕਾਲਾ ਹੈ। ਮੈਨੂੰ ਤਾਂ ਕਦੇ ਜੈਸ ਦਾ ਕਾਲਾ ਰੰਗ ਨਹੀਂ ਲੱਗਾ। ਮੈਂ
ਤਾਂ ਉਸ ਦਾ ਦਿਲ ਦੇਖਿਆ ਹੈ। ਮੈਨੂੰ ਪਤਾ ਹੈ, ਮੈਂ ਉਸੇ ਨਾਲ ਜੀਵਨ ਬਿਤਾ ਸਕਦੀ ਹਾਂ। “
ਪਾਲੀ ਦਾ ਡੈਡੀ ਗੁਰਨਾਮ ਪਿੱਛੇ ਖੜ੍ਹਾ ਸੁਣ
ਰਿਹਾ ਸੀ। ਉਸ ਨੇ ਕਿਹਾ, “ ਪਾਲੀ
ਤੇਰੇ ਵਿੱਚ ਜ਼ੁਬਾਨ ਲੜਾਉਣ ਦੀ ਹਿੰਮਤ ਆ ਗਈ ਹੈ। ਮੇਰੀ ਲੋਕਾਂ ਵਿੱਚ ਇੱਜ਼ਤ ਬਣੀ ਹੈ। ਮੈ ਦੋ ਬਾਰ
ਐਮ ਐਲ ਏ ਦੀਆਂ ਵੋਟਾਂ ਵਿੱਚ ਖੜ੍ਹ ਚੁੱਕਾਂ ਹਾਂ। ਭਾਵੇਂ ਹਾਰ ਹੀ ਗਿਆ ਹਾਂ। ਫਿਰ ਵੀ ਮੇਰਾ ਨਾਮ
ਹੈ। ਕੈਲਗਰੀ ਸਾਰਾ ਸ਼ਹਿਰ ਮੈਨੂੰ ਜਾਣਦਾ ਹੈ। ਤੇਰਾ ਇਸ ਨਾਲ ਮੈਂ ਵਿਆਹ ਨਹੀਂ ਕਰਾਂਗਾ। ਫੇਸਬੁੱਕ
ਨੂੰ ਬੰਦ ਕਰ। ਤੇਰਾ ਜੁਗਾੜ ਜਿਹਾ ਮੈਂ ਚੱਕ ਕੇ, ਬਾਹਰ ਮਾਰਨਾ ਹੈ। “ ਜੱਗੀ ਆਪਦੇ ਕਮਰੇ ਵਿੱਚ ਬੈਠੀ ਸਬ ਕੁੱਝ ਸੁਣ
ਰਹੀ ਸੀ। ਜੇ ਉਹ ਬੋਲਦੀ ਤਾਂ
ਕਿਸੇ ਨੇ ਵੀ ਉਸ ਦੀ ਗੱਲ ਨਹੀਂ ਸੁਣਨੀ ਸੀ। ਸਿਮਰਨ ਘਰ ਆ ਗਿਆ ਸੀ। ਉਸ ਨੇ ਕਿਹਾ, “ ਅੱਗੇ ਤੁਹਾਡਾ ਕਲੇਸ਼ ਸੀ। ਇਹ ਮੁੰਡਾ ਪਸੰਦ
ਨਹੀਂ ਕਰਦੀ। ਪਾਲੀ ਜਿਸ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ। ਤੁਸੀਂ ਮੰਨਦੇ ਕਿਉਂ ਨਹੀਂ ਹੋ? ਬਾਹਰ ਦੇ ਰੰਗ ਤੋਂ ਬੰਦੇ ਦੇ ਅੰਦਰ ਦੇ ਰੰਗ ਦਾ ਪਤਾ ਨਹੀਂ ਲੱਗਦਾ। ਮੈਂ ਵੀ
ਕੁੜੀ ਲੱਭ ਲਈ ਹੈ। ਰੌਲਾ ਪਾਉਣ ਦੀ ਲੋੜ ਨਹੀਂ ਹੈ। ਮੈਂ ਹੁਣੇ ਦਸ ਦਿੰਦਾ ਹਾਂ। ਉਹ ਗੋਰੀ ਹੈ। ਜੇ
ਤੁਸੀਂ ਨਹੀਂ ਮੰਨੋਗੇ। ਮੈਂ ਘਰੋਂ ਚੱਲਿਆ ਜਾਣਾ ਹੈ। “ ਗੁਰਨਾਮ ਨੇ ਸਿਮਰਨ ਨੂੰ ਜੱਫੀ ਵਿੱਚ ਲੈ ਲਿਆ।
ਉਸ ਨੇ ਕਿਹਾ, “ ਇਹ
ਕਮਾਲ ਕੀਤੀ ਹੈ। ਪੰਜਾਬੀ ਨੇ ਗੋਰੀ ਮੇਮ ਪੱਟ ਲਈ ਹੈ। ਦੱਸ ਕਿਦਣ ਜੰਨ ਚੜ੍ਹਾਈਏ। ਹੁਣ ਸ਼ਰੀਕਾਂ ਦੀ
ਹਿੱਕ ਉੱਤੇ ਸੱਪ ਲਿਟੇਗਾ। ਵਿਆਹ ਕਰਾ ਕੇ, ਪੰਜਾਬ ਦਾ ਗੇੜਾ ਮਾਰ ਕੇ ਆਈ। ਮੈਂ ਆਪ ਤੇਰੇ
ਨਾਲ ਚੱਲਾਂਗਾ। ਲਾਲੀ ਦਾ ਧਿਆਨ ਟੀਵੀ ਉੱਤੇ ਚੱਲਦੀ ਫ਼ਿਲਮ ਵੱਲ ਚਲਾ ਗਿਆ। 13 ਕੁ ਸਾਲਾਂ ਦੀ ਕੁੜੀ
ਤੇ ਉਸ ਦਾ ਛੋਟਾ ਭਰਾ, ਡੈਡੀ
ਨਾਲ ਸਟੋਰ ਗਏ ਹੋਏ ਸਨ। ਕੁੜੀ ਨੇ 12 ਬਿਸਕੁਟਾਂ ਵਾਲਾ ਡੱਬਾ ਚੱਕਿਆਂ। ਜੋ 2 ਡਾਲਰਾਂ ਦਾ ਸੀ। ਉਸ
ਨੇ ਡੈਡੀ ਨੂੰ ਪੁੱਛਿਆ, “ ਕੀ
ਮੈਨੂੰ ਤੁਸੀਂ ਇਹ ਖ਼ਰੀਦ ਕੇ ਦੇ ਦੇਵਾਂਗੇ? “ “ ਨਹੀਂ
ਮੇਰੇ ਕੋਲ ਫ਼ਾਲਤੂ ਖ਼ਰਚਣ ਲਈ ਪੈਸੇ ਨਹੀਂ ਹਨ। “ ਕੁੜੀ ਹੱਥ ਬੰਨੀ ਖੜ੍ਹੀ ਸੀ। “ ਪਲੀਜ਼-ਪਲੀਜ਼ “ ਉਸ ਨੇ ਕਹਿ ਕੇ, ਕਈ ਬਾਰ ਇਹ ਗੱਲ ਦੁਹਰਾਈ। ਉਨ੍ਹਾਂ ਦੀ ਸ਼ਾਪਿੰਗ
ਵਾਲੀ ਟੋਕਰੀ ਵਿੱਚ ਇੱਕ ਸਬਜ਼ੀ, ਦੁੱਧ
ਦਾ ਡੱਬਾ, ਬ੍ਰਿਡ ਸਨ। ਮੁੰਡਾ ਇੱਕ 15 ਡਾਲਰਾਂ ਦਾ
ਖਿੰਡਾਉਣਾ ਲੈ ਕੇ ਆ ਗਿਆ। ਉਸ ਨੇ ਲਿਆ ਕੇ, ਕੈਸ਼ੀਅਰ ਅੱਗੇ ਰੱਖ ਦਿੱਤਾ। ਡੈਡੀ ਨੇ ਕੋਈ
ਨਾਂਹ-ਨੁੱਕਰ ਨਹੀਂ ਕੀਤੀ। ਮਸਾਂ 28 ਕੁ ਡਾਲਰਾਂ ਦਾ ਸਮਾਨ ਸੀ। ਉਨ੍ਹਾਂ ਦੇ ਡੈਡੀ ਨੇ ਠੇਕੇ ਤੋਂ
30 ਡਾਲਰਾਂ ਦੀ ਬੋਤਲ ਤੇ 10 ਡਾਲਰਾਂ ਦੀ ਮੱਛੀ ਫੜੀ। ਉਹ ਖਾ–ਪੀ ਕੇ ਸੌ ਗਿਆ। ਪਤਨੀ ਕੰਮ ਉੱਤੇ ਗਈ ਹੋਈ ਸੀ।
ਉਸ ਬੰਦੇ ਨੇ, ਬੱਚਿਆਂ
ਨੂੰ ਖਾਣ-ਪੀਣ ਨੂੰ ਕੁੱਝ ਨਹੀਂ ਦਿੱਤਾ। ਪਾਲੀ ਨੇ ਟੀਵੀ ਬੰਦ ਕਰ ਦਿੱਤਾ। ਉਸ ਵਿੱਚ ਇੰਨੀ ਹਿੰਮਤ
ਆਈ। ਉਹ ਊਚੀ ਚਿਲਾਈ, ਉਸ
ਨੇ ਕਿਹਾ, “ ਜੇ ਤੁਸੀਂ ਮੇਰੀ ਪਸੰਦ ਨਾਲ ਸਹਿਮਤ ਨਹੀਂ ਹੋ।
ਮੈਂ ਘਰ ਛੱਡ ਕੇ ਜਾ ਰਹੀ ਹਾਂ। “ ਉਸ
ਨੇ ਜੈਸ ਨੂੰ ਫ਼ੋਨ ਕਰਕੇ ਕਿਹਾ, “ ਮੈਂ
ਇੱਥੇ ਨਹੀਂ ਰਹਿਣਾ। ਜਿੱਥੇ ਮੁੰਡੇ, ਕੁੜੀ
ਵਿੱਚ ਇੰਨਾ ਫ਼ਰਕ ਸਮਝਿਆ ਜਾਂਦਾ ਹੈ। “ ਜੈਸ
ਉਸੇ ਵੇਲੇ ਆ ਗਿਆ। ਉਹ ਘਰੋਂ ਜਾਣ ਹੀ ਲੱਗੀ ਸੀ। ਤਾਰੋਂ ਨੇ ਕਿਹਾ, “ ਮੁੰਡੇ ਨੂੰ ਅੰਦਰ ਸੱਦ ਲੈ। ਸਾਨੂੰ ਨਿਰਮਲ ਨਾਲ
ਵੀ ਗੱਲ ਕਰ ਲੈਣ ਦੇ। ਉਸ ਦੀ ਦੂਜੇ ਸ਼ਹਿਰ ਵਿੱਚ ਬਹੁਤ ਜਾਣ ਪਛਾਣ ਹੈ। ਤੇਰੇ ਵਿਆਹ ਦਾ ਫਾਹਾ ਕਿਸੇ
ਦੂਜੇ ਸ਼ਹਿਰ ਵਿੱਚ ਜਾ ਕੇ ਵੱਢ ਦਿੰਦੇ ਹਾਂ। “
ਨਿਰਮਲ ਘਰ ਹੀ ਸੁੱਤਾ ਪਿਆ ਸੀ। ਉਸ ਦੇ ਘਰ ਆਏ
ਦਾ ਕਿਸੇ
ਨੂੰ ਪਤਾ ਨਹੀਂ ਲੱਗਾ ਸੀ। ਉਹ ਸਬ ਸੁਣ ਰਿਹਾ ਸੀ। ਉਹ ਮਹਿਸੂਸ ਕਰ ਰਿਹਾ ਸੀ। ਘਰ ਦੀਆਂ ਕੰਧਾ
ਹਿੱਲ ਰਹੀਆਂ ਹਨ। ਉਹ ਵੀ ਉਨ੍ਹਾਂ ਕੋਲ ਸੋਫ਼ੇ ਉੱਤੇ ਆ ਕੇ ਬੈਠ ਗਿਆ। ਉਸ ਨੇ ਕਿਹਾ, “ ਮੇਰੀ ਇਹ ਸਲਾਹ ਹੈ। ਆਪਣੇ ਘਰ ਦੇ ਮੈਂਬਰ
ਵੈਨਕੂਵਰ ਜਾ ਕੇ ਪਾਲੀ ਦਾ ਵਿਆਹ ਕਰ ਦਿੰਦੇ ਹਾਂ। ਲੋਕਾਂ ਨੂੰ ਇਹੀ ਦੱਸਣਾ ਹੈ। ਪਾਲੀ ਲਈ ਮੁੰਡਾ
ਵੈਨਕੂਵਰ ਮਿਲ ਗਿਆ ਹੈ। “ ਉਹ
ਆਉਂਦੇ ਵੀਕਇੰਡ ਨੂੰ ਵੈਨਕੂਵਰ ਚਲੇ ਗਏ। ਮੋਟਲ ਵਿੱਚ ਕਿਰਾਏ ਉੱਤੇ ਕਮਰੇ ਲੈ ਕੇ, ਦੋ ਰਾਤਾਂ ਉੱਥੇ ਰਹੇ। ਵੈਨਕੂਵਰ ਦੇ ਗੁਰਦੁਆਰਾ
ਸਾਹਿਬ ਵਿੱਚ ਵਿਆਹ ਕਰ ਦਿੱਤਾ। ਵਿਆਹ ਦਾ ਖ਼ਰਚਾ ਤੇ ਇੱਜ਼ਤ ਦੋਨੇਂ ਬਚ ਗਏ। ਆਪ ਦੇ ਧੀ-ਪੁੱਤ ਨਾਲੋਂ
ਲੋਕਾਂ ਦਾ ਮੂੰਹ ਮੁਲਾਹਜ਼ਾ ਪਿਆਰਾ ਸੀ।
Comments
Post a Comment