ਭਾਗ 17 ਜ਼ਨਾਨੀਆਂ ਦੇ ਪੇਕੇ ਰੁੱਸ ਕੇ ਜਾਣ ਵਾਂਗ, ਤੂੰ ਵੀ ਝੋਲੇ ਵਿੱਚ ਕੱਪੜੇ ਪਾ ਕੇ ਰੱਖ ਦਿਲਾਂ ਦੇ ਜਾਨੀ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਜੀਤ ਸ਼ਰਾਬ ਪੀ ਕੇ ਘਰ ਆਇਆ ਸੀ। ਉਸ ਨੂੰ ਘਰ ਸੁੰਨਾ-ਸੁੰਨਾ ਲੱਗਾ। ਉਸ ਨੇ ਚਾਰੇ ਪਾਸੇ ਦੇਖਿਆ। ਜਿੱਥੇ ਉਹ ਨਿੱਕੀ ਬੱਚੀ ਸੋਫ਼ੇ ਕੋਲ ਝੂਲੇ ਵਿੱਚ ਪਈ ਹੁੰਦੀ ਸੀ। ਉਹ ਥਾਂ ਖ਼ਾਲੀ ਸੀ। ਉਸ ਨੇ ਆਪਦੀ ਮਾਂ ਨੂੰ ਪੁੱਛਿਆ, “ ਬੀਬੀ ਉਹ ਮਾਂ ਧੀ ਨਹੀਂ ਦਿਸਦੀਆਂ। ਕਿਤੇ ਗਈਆਂ ਹੋਈਆਂ ਹਨ? “ ਗੁੱਡੀ ਦੀ ਸੱਸ ਨੇ, ਟੇਢਾ ਜਿਹਾ ਗੁੱਡੀ ਵੱਲ ਦੇਖਿਆ। ਉਸ ਨੇ ਜੁਆਬ ਦਿੱਤਾ, “  ਮੈਂ ਤੇ ਤੇਰਾ ਪਾਪਾ ਘਰ ਦੇ ਸੌਦੇ ਗਰੌਸਰੀ ਲੈਣ ਗਏ ਹੋਏ ਸੀ। ਜਦੋਂ ਵਾਪਸ ਆਏ। ਉਹ ਘਰ ਨਹੀਂ ਸੀ। ਆਪਦੇ ਕੱਪੜੇ ਵੀ ਲੈ ਗਈ ਹੈ। ਉਸ ਦੇ ਸੈਲਰ ਫ਼ੋਨ ਉੱਤੇ, ਕਈ ਫ਼ੋਨ ਕਰ ਚੁੱਕੀ ਹਾਂ। ਫ਼ੋਨ ਨਹੀਂ ਚੱਕਦੀ। ਜੀਤ ਨੇ ਗੁੱਡੀ ਵੱਲ ਦੇਖਿਆ। ਉਸ ਨੇ ਪੁੱਛਿਆ, “ ਗੁੱਡੀ ਕਿਤੇ ਤੂੰ ਤਾਂ ਨਹੀਂ, ਉਸ ਨੂੰ ਕੁੱਝ ਕਹਿ ਦਿੱਤਾ? ਉਸ ਬਗੈਰ ਘਰ ਦੀ ਰੌਣਕ ਹੀ ਚਲੀ ਗਈ ਹੈ।   ਅੱਛਾ ਤੇਰਾ ਉਸ ਬਗੈਰ ਜੀਅ ਨਹੀਂ ਲੱਗਦਾ। ਹੁਣ ਕੱਪੜੇ ਝੋਲੇ ਵਿੱਚ ਪਾ ਕੇ, ਤੂੰ ਉਸ ਦੇ ਘਰ ਚਲਾ ਜਾ। ਲੋਕ ਤਾਂ ਪਹਿਲਾਂ ਹੀ ਕਹਿੰਦੇ ਹਨ, ਭੈਣ ਘਰ ਭਾਈ ਕੁੱਤਾ   ਉਹ ਤੇਰੀ ਮੂੰਹ ਬੋਲੀ ਭੈਣ ਲੱਗਦੀ ਹੈ। ਮੂੰਹ ਬੋਲੇ ਰਿਸ਼ਤਿਆਂ ਉੱਤੇ ਤਾਂਹੀਂ ਤਾਂ ਲੋਕੀ ਛੱਕ ਕਰਦੇ ਹਨ। ਘਾਲ਼ਾ-ਮਾਲ਼ਾ ਤਾਂ ਖ਼ੂਨ ਦੇ ਰਿਸ਼ਤਿਆਂ ਵਿੱਚ ਸਕੇ ਪਿਉ ਵੀ ਕੰਜਰ ਬਣ ਕੇ ਕਰੀ ਜਾਂਦੇ ਹਨ। ਕਈ ਧੀਆਂ ਮਾਰੀ ਜਾਂਦੇ ਹਨ। ਕਈ ਵੇਚੀ ਵੀ ਜਾਂਦੇ ਹਨ। “ “ ਫਿਰ ਤੂੰ ਹੀ ਉਸ ਨੂੰ ਇੱਥੋਂ ਦਬੱਲਿਆ ਹੈ। ਤੂੰ ਇਹ ਘਰ ਸੰਭਾਲ, ਮੈਂ ਵੀ ਚਲਾ ਜਾਂਦਾ ਹਾਂ। “ “ ਕੀ ਅੱਗੇ ਘਰ ਤੂੰ ਹੀ ਥੱਮਿਆ ਹੋਇਆ ਹੈ? ਮੈਨੂੰ ਤਾਂ ਤੂੰ ਠੋਕਰ ਲੱਗਣ ਵਾਲੇ ਰੋੜੇ ਵਾਂਗ ਅੜਿੱਕਾ ਲੱਗਦਾ ਹੈ। ਜਿੰਨਾ ਦੇ ਮਰ ਜਾਂਦੇ ਹਨ। ਉਹ ਵੀ ਬੰਦਿਆਂ ਬਿਨਾਂ ਸਾਰੀ ਜਾਂਦੀਆਂ ਹਨ। ਤੇਰੇ ਬਗੈਰ ਮੇਰੀ ਦੁਨੀਆ ਸੁੰਨੀ ਨਹੀਂ ਹੋਣ ਲੱਗੀ। ਜੇ ਤੈਨੂੰ ਹੋਰ ਮਿਲਦੀਆਂ ਹਨ। ਘਾਟਾ ਮੈਨੂੰ ਵੀ ਨਹੀਂ ਹੈ। ਝੋਲੇ ਵਿੱਚ ਕੱਪੜੇ ਤੂੰ ਕਈ ਬਾਰ ਪਾ ਚੁੱਕਾਂ ਹੈ। ਜ਼ਨਾਨੀਆਂ ਦੇ ਪੇਕੇ ਰੁੱਸ ਕੇ ਜਾਣ ਵਾਂਗ, ਤੂੰ ਵੀ ਝੋਲੇ ਵਿੱਚ ਕੱਪੜੇ ਪਾ ਕੇ ਰੱਖ। ਉਹ ਕੱਪੜੇ ਇਕੱਠੇ ਕਰਨ ਲੱਗ ਗਿਆ। ਉਸ ਦੀ ਮਾਂ ਨੇ ਕਿਹਾ, “ ਤੂੰ ਕਿਥੇ ਚੱਲਿਆਂ ਹੈ? ਇਹ ਤਾਂ ਉਜਾੜ ਭਾਲਦੀ ਹੈ। ਮੈਨੂੰ ਵੀ ਕਿਤੇ ਲੈ ਚੱਲ।

ਉਸ ਦਾ ਡੈਡੀ ਆ ਗਿਆ। ਉਸ ਨੇ ਪੁੱਛਿਆ, “ ਜੀਤ ਗਲ਼ ਵਿੱਚ ਬੈਗ ਪਾਇਆ ਹੈ। ਤੂੰ ਕਿਥੇ ਚੱਲਿਆਂ ਹੈ? “  ਗੁੱਡੀ ਮੈਨੂੰ ਜਿਉਣ ਨਹੀਂ ਦਿੰਦੀ। ਸਾਹ ਬੰਦ ਕੀਤਾ ਪਿਆ ਹੈ। ਮੈਨੂੰ ਇਹ ਖ਼ੁਸ਼ ਨਹੀਂ ਦੇਖ ਸਕਦੀ। ਇਸ ਨੇ ਉਹ ਕੁੜੀ ਭਜਾ ਦਿੱਤੀ ਹੈਬਿਚਾਰੀ ਪਤਾ ਨਹੀਂ ਕੀ ਕਹਿੰਦੀ ਹੋਣੀ ਹੈ? “ “ ਭਾਈ ਗੁੱਡੀ ਤੂੰ ਬੜਾ ਲੋਹੜਾ ਮਾਰਿਆ। ਤੈਨੂੰ ਉਹ ਕੁੜੀ ਕੀ ਕਹਿੰਦੀ ਸੀ? ਵਿਚਾਰੀ ਦੁਖੀ ਆਸਰਾ ਲੈਣ ਆਈ ਸੀ। ਸਹੁਰੇ ਤੰਗ ਕਰਦੇ ਸਨ।   ਗੁੱਡੀ ਨੇ ਮਸ਼ਕਰੀ ਹਾਸੀ ਹੱਸੀ। ਬੁੱਲ੍ਹ ਦੰਦਾਂ ਨਾਲ ਟੁੱਕਦੀ ਨੇ ਕਿਹਾ, “ ਆਪ ਦੇ ਜਾਣੀ ਮੇਰੇ ਨਾਲ ਕਿਹੜਾ ਤੁਸੀਂ ਘੱਟ ਕਰਦੇ ਹੋ? ਮੈਨੂੰ ਵੀ ਦੱਸੋ, ਤੁਹਾਡੇ ਕੋਲੋਂ ਬਚ ਕੇ, ਮੈਂ ਕਿਥੇ ਚਲੀ ਜਾਵਾਂ? ਤੁਹਾਡਾ ਸਬ ਦਾ ਏਕਾ ਹੈ। ਮੈਂ ਇਕੱਲੀ ਹੀ ਦੈਗੜੀ ਹਾਂ। ਮੈਂ ਆਪਦਾ ਤੇ ਉਸ ਦਾ ਉਝੜਦਾ ਘਰ ਬਚਾ ਲਿਆ ਹੈ। ਜੀਤ ਉਸ ਨੂੰ ਆਪਦੇ ਘਰ ਵਸਾਉਣ ਨੂੰ ਫਿਰਦਾ ਸੀ। ਮੈਂ ਘਰੋਂ ਚੱਲੀ ਜਾਂਦੀ ਹਾਂ। ਤੁਸੀਂ ਉਸ ਨੂੰ ਘਰ ਲੈ ਆਵੋ। ਸੱਚ ਇਹ ਤਾਂ ਘਰ ਮੇਰੇ ਨਾਮ ਹੈ। ਤੁਸੀਂ ਉਸ ਨੂੰ ਲਿਆ ਕੇ, ਕਿਤੇ ਹੋਰ ਰੱਖ ਲਵੋ। ਤੁਹਾਡੀ ਬਹੁਤ ਸੇਵਾ ਕਰੇਗੀ। ਦੋਨਾਂ ਨੂੰ ਪੈਨਸ਼ਨ ਹੋਈ ਹੈ। ਐਸੀ ਗ਼ਰੀਬ ਸਹੁਰਿਆਂ ਵੱਲੋਂ ਤੰਗ ਕੀਤੀਆਂ ਔਰਤਾਂ ਲਈ ਕੋਈ ਥਾਂ ਟਿਕਾਣਾ ਹੀ ਖ਼ਰੀਦ ਦੇਵੋ। “ “ ਕੁੜੇ ਤੂੰ ਕੀ ਕਹੀ ਜਾਂਦੀ ਹੈ? ਸੋਚ ਕੇ ਬੋਲੀਦਾ ਹੈ। ਉਹ ਮੇਰੇ ਪਿੰਡ ਦੀ ਕੁੜੀ ਹੈ। ਉਸ ਦਾ ਪਿਉ ਮੇਰੇ ਨਾਲ ਪੜ੍ਹਦਾ ਸੀ। ਇਸ ਦੀ ਭੈਣ ਲੱਗਦੀ ਹੈ। “ “ ਪਾਪਾ ਜੀ ਇਸ ਨੂੰ ਪੁੱਛੋ, ਇਹ ਉਸ ਬਾਰੇ ਕੀ ਕਹਿੰਦਾ ਸੀ? ਮੈਨੂੰ ਇਸ ਨੇ ਕਿਹਾ, “ ਮੈਂ ਆਪ ਮਰਦ ਹਾਂ। ਮੈਂ ਇਸ ਨੂੰ ਕਿਸੇ ਹੋਰ ਮਰਦ ਕੋਲ ਨਹੀਂ ਜਾਣ ਦਿੰਦਾ। ਲੱਤਾਂ ਵੱਢ ਕੇ ਅੰਦਰ ਰੱਖਾਂਗਾ। ਗੁੱਡੀ ਦੀ ਸੱਸ ਨੇ ਕਿਹਾ, “ ਇਸ ਨੇ ਖਾਦੀ-ਪੀਤੀ ਵਿੱਚ ਮਜ਼ਾਕ ਕੀਤਾ ਹੋਣਾ ਹੈ। “ “ ਉਹ ਮਹੀਨਾ ਘਰ ਰਹੀ ਹੈ। ਬੀਜੀ ਜਿਸ ਦਿਨ ਖਾਦੀ-ਪੀਤੀ ਵਿੱਚ ਚੰਦ ਚੜ੍ਹਾ ਦਿੰਦਾ। ਉਸ ਦਿਨ ਵੀ ਤੁਹਾਨੂੰ ਮਜ਼ਾਕ ਹੀ ਲੱਗਣਾ ਸੀ। ਇਸ ਨੂੰ ਕਹੋ, ਘਰੋਂ ਬਾਹਰ ਜਾ ਕੇ, ਜਿਹਦੇ ਨਾਲ ਮੂੰਹ ਕਾਲਾ ਕਰਨਾ ਹੈ ਕਰੀ ਜਾਵੇ। ਅੱਖੀਂ ਦੇਖ ਕੇ ਮੱਖੀ ਨਹੀਂ ਖਾਂਦੀ ਜਾਂਦੀ।

ਬੀਜੀ ਮੈਂ ਗੁੱਡੀ ਦੇ ਮੂੰਹ ਨਹੀਂ ਲੱਗਦਾ। ਜੇ ਇਸ ਨੂੰ ਇੱਕ ਗੱਲ ਕਹੋ, 10 ਗੱਲਾਂ ਕਹਿੰਦੀ ਹੈ। ਜਿੰਨਾ ਚਿਰ ਹੋਰ ਗੱਲ ਨਹੀਂ ਲੱਭਦੀ। ਗੱਲ ਦਾ ਖਹਿੜਾ ਨਹੀਂ ਛੱਡਦੀ। ਇਸ ਨੂੰ ਕਹੋ, “  ਅਸੀਂ ਤਾਂ ਇੰਡੀਆ ਨੂੰ ਚੱਲੇ ਹਾਂ। ਫਿਰ ਮਗਰ ਫ਼ੋਨ ਨਾਂ ਕਰੇ। ਮੈਂ 6 ਮਹੀਨੇ ਨਹੀਂ ਮੁੜਨਾ। ਤੁਸੀਂ ਪਾਪੇ ਨਾਲ ਆਉਣਾ ਹੋਇਆ ਆ ਜਾਇਉ। ਗੁੱਡੀ ਨੇ ਸੌਖਾ ਜਿਹਾ ਸਾਹ ਲੈ ਕੇ ਕਿਹਾ, “ ਕਿੰਨੇ ਵਜੇ ਦੀ ਫਲਾਈਟ ਹੈ? ਮੈਂ ਏਅਰਪੋਰਟ ਉੱਤੇ ਛੱਡ ਆਉਂਦੀ ਹਾਂ। ਕਿਤੇ ਜਹਾਜ਼ ਖੁੰਝ ਨਾਂ ਜਾਵੇ। “ “ ਇੰਨੀ ਮਿਹਰਬਾਨੀ ਕਰਨ ਨੂੰ ਤੂੰ ਰਹਿਣ ਦੇ, ਮੇਰੇ ਕੋਲ ਬੰਦੇ ਹੈਗੇ ਨੇ। ਤੂੰ ਆਪਦਾ ਘਰ ਸੰਭਾਲ ਕੇ ਰੱਖ ਲੈ।

 

 

 

 

 

 
 
 

Comments

Popular Posts