ਵਿਚਾਰਾ ਬੜਾ ਚੰਗਾ ਸਿਆਣਾਂ ਬੰਦਾ ਸੀ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ

Satwinder_7@hotmail.com-

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਲੋਕੀਂ ਉਸ ਦੇ ਮਰਨ ਪਿਛੋਂ ਗੱਲਾਂ ਕਰ ਰਹੇ ਸਨ। ਨੇੜੇ ਦੇ ਦੋਸਤ ਨੇ ਕਿਹਾ," ਬਹੁਤ ਭਲਾ ਮਾਣਸ ਬੰਦਾ ਸੀ। ਦਿਲ ਦਾ ਬਾਦਸ਼ਾਹ ਸੀ। ਖ਼ਰਚਾ ਕਰਨ ਲੱਗਾ ਪਿਛੇ ਨਹੀਂ ਹੱਟਦਾ ਸੀ। ਭੱਜ ਕੇ ਬੋਤਲ ਚੱਕ ਲਿਉਂਦਾ ਸੀ।" ਇਕ ਹੋਰ ਨੇ ਕਿਹਾ," ਇਸ ਸਾਲ ਜਦੋਂ ਕੱਬਡੀ ਵਾਲੇ ਮੁੰਡੇ ਆਏ ਸੀ। ਸਾਰਾ ਖ਼ਰਚਾ ਇਸੇ ਨੇ ਕੀਤਾ ਸੀ। ਅਸੀਂ ਤਾਂ ਪੈਸੇ ਇੱਕਠੇ ਕਰਦੇ ਹੀ ਰਹਿ ਗਏ। " ਬਹੁਤੇ ਲੋਕ ਇਹੀ ਕਹਿੰਦੇ ਸਨ," ਵਿਚਾਰਾ ਬੜਾ ਚੰਗਾ ਬੰਦਾ ਸੀ। ਇਹ ਕਮਲ ਕਿਵੇਂ ਕੁੱਟ ਗਿਆ? " ਨਾਲ ਖੜ੍ਹੇ ਨੇ ਹਾਮੀ ਭਰੀ," ਬੜਾਂ ਲਿਆਕਤ ਵਾਲਾ ਬੰਦਾ ਸੀ। ਹਰ ਕੰਮ ਜੁੰਮੇਵਾਰੀ ਨਾਲ ਕਰਦਾ ਸੀ। ਉਮੀਦ ਤੋਂ ਵੱਧ ਸਿਆਣਾਂ ਸੀ। ਦੂਜੇ ਪਾਸੇ ਹੋਰ ਬੰਦੇ ਗੱਲਾਂ ਕਰ ਰਹੇ ਸੀ। ਸ਼ਇਦ ਇਸ ਮਰਨ ਵਾਲੇ ਦੇ ਨਾਲ ਕੰਮ ਕਰਦੇ ਸਨ। ਇੱਕ ਨੇ ਕਿਹਾ," ਭਲਾ ਮਾਣਸ ਬੰਦਾ ਸੀ। ਕਦੇ ਊਚੀ ਅਵਾਜ਼ ਨਹੀ ਬੋਲਦਾ ਸੀ। ਸਮਝ ਨਹੀ ਆਉਂਦੀ ਐਸਾ ਕਦਮ ਕਿਉਂ ਚੱਕਿਆ? ਨਾਲ ਵਾਲੇ ਨੇ ਹੁੰਗਾਰਾਂ ਦਿੱਤਾ," ਮੈਨੂੰ ਤਾਂ ਲੱਗਦਾ ਹੈ," ਸ਼ਕਲ ਭੋਲੀ-ਭੋਲੀ ਦੇ ਨਾਲ ਬੰਦਾ ਸਿਧੇ ਖਿਆਲਾ ਦਾ ਸੀ। ਉਹਦੇ ਵਰਗਾ ਹੋਰ ਕੋਈ ਦੁਨੀਆਂ ਉਤੇ ਸਾਊ ਬੰਦਾ ਨਹੀਂ ਹੋਣਾਂ। " ਬੁਜਰੁਗ ਨੇ ਹਾਮੀ ਭਰੀ," ਖਿੜੇ ਮੱਥੇ ਮਿਲਦਾ ਸੀ। ਐਸੇ ਬੰਦੇ ਦੁਨੀਆਂ ਵਿਚੋਂ ਘੱਟ ਹੀ ਮਿਲਦੇ ਹਨ। ਮਾਪਿਆ ਦਾ ਆਗਿਆਕਾਰ ਪੁੱਤਰ ਸੀ। ਸਸਕਾਰ ਸਮੇਂ ਭਾਰੀ ਇੱਕਠ ਸੀ। ਸ਼ਹਿਰ ਦਾ ਹਰ ਬੰਦਾ ਉਥੇ ਸੀ।" ਇੱਕ ਹੋਰ ਬੰਦੇ ਨੇ ਆਪਣੇ ਸਿਰ ਦੇ ਵਾਲਾਂ ਵਿੱਚ ਹੱਥ ਫੇਰਦੇ ਨੇ ਕਿਹਾ," ਬੈਂਕ ਤੋਂ ਬਹੁਤ ਕਰਜ਼ਾ ਤਾਂ ਸਿਰ ਦੇ ਵਾਲਾਂ ਜਿੰਨਾਂ ਲਿਆ ਸੀ। ਕਰਜ਼ਾ ਲੈ ਕੇ ਪੌਰਪਟੀ ਆਪਣੇ ਨਾਂਮ ਕਰਾਉਣੀ। ਦਿਲ ਨੂੰ ਤੱਸਲੀ ਦੇਣ ਵਾਲੀ ਗੱਲ ਹੈ। ਸਿਰ ਉਤੇ ਤਾਂ ਕਰਜ਼ੇ ਦੀ ਤਲਵਾਰ ਲੱਟਕਦੀ ਹੈ। ਦਿਮਾਗ ਉਤੇ ਬੋਝ ਹੀ ਹੋਣਾਂ ਸੀ। ਗਲ਼ੇ ਉਤੋਂ, ਫਾਹੇ ਦੇ ਰੱਸੇ ਦੇ ਝੱਟਕੇ ਵਾਂਗ ਬਿੰਦ ਵਿੱਚ ਲੱਥ ਗਿਆ। ਹੈ ਤਾਂ ਸੱਚੀਂ ਦਲੇਰ ਬੰਦਾਂ ਸੀ। ਤਾਂਹੀ ਤਾਂ ਆਪਣੇ ਗਲ਼ੇ ਵਿੱਚ ਆਪੇ ਰੱਸਾ ਪਾ ਕੇ ਮਰ ਗਿਆ। ਅਸੀਂ ਐਵੇਂ ਅਦਾਲਤਾਂ ਨੂੰ ਅਰਜ਼ੀਆਂ ਦਿੰਦੇ ਫਿਰਦੇ ਹਾਂ। ਲੋਕਾਂ ਨੂੰ ਫ਼ਾਂਸੀਆਂ ਦੇਣੀਆਂ ਬੰਦ ਕਰੋਂ। ਅੱਜ ਕੱਲ ਘਰਦਿਆਂ ਨਾਲ ਹੀ ਤੂੰ-ਤੂੰ, ਮੈਂ-ਮੈਂ ਹੋਣ ਤੇ ਇਸ ਤਰਾਂ ਮਰੀ ਜਾਂਦੇ ਹਨ। "
ਉਧਰ ਮਰਨ ਵਾਲੇ ਦੀ ਪਤਨੀਆਂ ਦੀਆਂ ਰੋਂਦ ਦੀਆਂ ਚੀਕਾਂ ਹੋਰ ਉਚੀ ਹੋ ਗਈਆਂ ਸਨ। ਤਿੰਂਨੇ ਬੱਚੇ 5 , 6, 9 ਸਾਲਾਂ ਦੇ ਮਾਂ ਨੂੰ ਚੁੰਬੜੇ ਬੈਠੇ ਸਨ। ਸ਼ਇਦ ਸੋਚਦੇ ਹੋਣੇ ਨੇ। ਇਹ ਵੀ ਸਾਨੂੰ ਛੱਡ ਕੇ ਕਿਤੇ ਕਿਸੇ ਪਾਸੇ ਚਲੀ ਨਾਂ ਜਾਵੇ। ਉਨਾਂ ਬੱਚਿਆਂ ਦੀ ਨਾਨੀ ਨੇ ਕਿਹਾ," ਆਪ ਮਰ ਗਿਆ। ਕਿਤੋਂ ਦਾ ਡਰਪੋਕ ਨਾਂ ਹੋਵੇ। ਭੋਰਾ-ਭਰ ਬੱਚਿਆਂ ਨੂੰ ਰੁਲਣ ਲਈ ਛੱਡ ਗਿਆ। ਕਿਧਰ ਦਾ ਚੰਗਾ ਬੰਦਾ ਸੀ? ਸਾਰੀ ਜੁੰਮੇਵਾਰੀ ਮੇਰੀ ਧੀ ਉਤੇ ਸੁੱਟ ਗਿਆ। ਆਪ ਉਹ ਜਿੰਦਗੀ ਤੋਂ ਫੇਲ ਹੋ ਗਿਆ। ਤੇ ਬਿਜ਼ਨਸ ਵਿੱਚ ਵੀ ਫੇਲ ਹੋ ਚੁੱਕਾ ਸੀ। ਕੀ ਚੰਗੇ ਕੰਮ ਕਰ ਕਰ ਗਿਆ? ਮੇਰੀ ਧੀ ਨੂੰ ਸਾਰੀ ਉਮਰ ਦੀ ਕੈਦ ਦਿਆ ਗਿਆ।" ਗੁਆਂਢਣ ਔਰਤ ਬੈਠੀ ਸੀ। ਉਸ ਨੇ ਕਿਹਾ," ਬੰਦੇ ਕੋਲ ਪੈਸਾ ਦੇਖ ਕੇ ਤਾਂ ਤੇਰੀ ਕੁੜੀ ਨੇ ਉਸ ਨਾਲ ਵਿਆਹ ਕਰਾਇਆ ਸੀ। ਤਹਾਨੂੰ ਵੀ ਪਸੰਦ ਹੀ ਹੋਣਾਂ ਹੈ। ਚੰਗਾ ਸਮਝ ਕੇ ਹੀ ਰਿਸ਼ਤਾ ਕੀਤਾ ਹੋਣਾਂ ਹੈ। ਉਸ ਸਮੇਂ ਤਾਂ ਇਸ ਨੇ ਆਪਣੇ ਮਾਂ-ਬਾਪ ਦੀ ਇੱਕ ਵੀ ਸੁਣੀ ਨਹੀਂ ਸੀ। "
ਉਹ ਮਸਾ ਚੁੱਪ ਕੀਤੀ ਸੀ। ਔਰਤ ਦੀਆਂ ਗੱਲਾਂ ਸੁਣ ਕੇ ਬੋਲ ਪਈ," ਤੁਹਾਨੂੰ ਕੀ ਲੱਗਦਾ ਹੈ? ਮੇਰੀ ਧੀ ਨੇ ਸਾਡੇ ਕੋਲੋ ਪੁੱਛ ਕੇ ਵਿਆਹ ਕਰਾਇਆ। ਆਪਣੇ ਆਪ ਗੁੰਦਣਾਂ-ਗੁੰਦ ਕੇ ਸਾਨੂੰ ਦੱਸਿਆ ਸੀ। ਵਿਆਹ ਉਤੇ ਤਾ ਸਾਨੂੰ ਸੱਦਿਆ ਹੀ ਸੀ। ਕੋਈ ਸਲਾਹ ਨਹੀਂ ਲਈ। ਨਾਂ ਹੀ ਮੁੰਡੇ ਦੇ ਖਾਨ ਦਾਨ ਦਾ ਪਤਾ ਕੀਤਾ। " ਮਰਨ ਵਾਲੇ ਮੁੰਡੇ ਦੀ ਭੂਆ ਨੇ ਦੁੱਖ ਜਾਹਰ ਕੀਤਾ," ਮੇਰਾ ਭਰਾ-ਭਰਜਾਈ ਤਾਂ ਦੋਨਂੇ ਹੀ ਅੰਧਰੰਗ ਦੇ ਮਾਰੇ ਮੰਜੇ ਉਤੇ ਬੈਠੇ ਹਨ। ਆਪ-ਆਪਣੀ ਮਰਜ਼ੀ ਨਾਲ ਚੱਲ ਫਿਰ ਵੀ ਨਹੀਂ ਸਕਦੇ। ਸਾਰਾ ਬੋਝ ਨੂੰਹੁ ਉਤੇ ਪੈ ਗਿਆ। ਐਸੀ ਕਮਾਈ ਵਲੋਂ ਕੀ ਖੜ੍ਹਾ ਸੀ। ਇੱਕਲੀ ਔਰਤ ਕੀ ਕਰਗੀ? ਬੈਂਕਾਂ ਵਾਲੇ ਸਾਰੀ ਜਾਇਦਾਦ ਲੈ ਗਏ। " 9 ਸਾਲਾਂ ਦੀ ਵੱਡੀ ਕੁੜੀ ਸਾਰੀਆਂ ਗੱਲਾਂ ਸੁਣ ਰਹੀ ਸੀ। ਉਸ ਨੇ ਕਿਹਾ," ਮੈਂ ਕੰਮ ਕਰਕੇ ਆਪਣੀ ਮੰਮੀ ਨੂੰ ਪੈਸੇ ਦੇਵਾਗੀ। ਮੰਮੀ ਇੱਕਲੀ ਨਹੀਂ ਹੈ। ਕੀ ਮੇਰੇ ਡੈਡੀ ਸੱਚੀ ਮਰ ਗਏ ਹਨ? ਮੇਰੇ ਡੈਡੀ ਮਰ ਨਹੀਂ ਸਕਦੇ। ਸਾਨੂੰ ਛੱਡ ਕੇ ਨਹੀਂ ਜਾ ਸਕਦੇ। ਮੇਰੀ ਮੰਮੀ ਨੇ ਤਾਂ ਕਦੇ ਜੋਬ ਨਹੀਂ ਕੀਤੀ। " ਉਹ ਆਪਣੇ ਡੈਡੀ ਦੀ ਸਹਮਣੇ ਪਈ ਲਾਸ਼ ਉਤੇ ਮੂੰਹ ਪਰਨੇ ਜਾ ਡਿੱਗੀ, " ਡੈਡੀ ਉਠੋਂ, ਜਾਗ ਜਾਵੋਂ, ਸਾਰੇ ਝੂਠ ਬੋਲਦੇ ਹਨ। ਤੁਸੀਂ ਮਰੇ ਨਹੀਂ। ਹੁਣ ਮੇਰੇ ਨਾਲ ਸਕੂਲ ਕੌਣ ਜਾਵੇਗਾ? ਦੋਂਨੇ ਛੋਟੇ ਮੁੰਡੇ ਮੰਮੀ ਦੀਆ ਲੱਤਾਂ ਨੂੰ ਛੱਡ ਕੇ, ਆਪਣੇ ਡੈਡੀ ਵੱਲ, ਡੈਡੀ-ਡੈਡੀ ਕਰਦੇ ਭੱਜੇ। ਜਾ ਕੇ ਉਸ ਉਪਰ ਉਲਰ ਗਏ। ਅੱਗੇ ਨਾਲੋਂ ਵੀ ਹੋਰ ਰੋਣ ਲੱਗ ਗਏ। ਬੁੜੀਆਂ ਦੇ ਰੌਣ ਦੀ ਅਵਾਜ਼ ਇੱਕ ਦਮ ਤੇਜ ਹੋ ਗਈ। ਮਰਨ ਵਾਲੇ ਦੀ ਪਤਨੀ ਨੂੰ ਫਿਰ ਦੰਦਲ ਪੈ ਗਈ ਸੀ। ਕੁੱਝ ਸਿਆਣੀਆਂ ਔਰਤਾਂ ਉਸ ਨੂੰ ਹਲੂਣ ਰਹੀਆਂ ਸਨ। ਮਸਾ ਇੱਕ ਮਿੰਟ ਪਿਛੋਂ ਉਸ ਨੇ ਅੱਖਾਂ ਝੱਮਕੀਆਂ। ਕਿਸੇ ਨੇ ਵਿਚੋਂ ਕਿਹਾ," ਬੱਚਿਆਂ ਨੂੰ ਬਾਹਰ ਲੈ ਜਾਵੋਂ। ਦਾਗ਼ ਲਗਾਉਣ ਦਾ ਸਮਾਂ ਹੋ ਗਿਆ ਹੈ। " ਬੱਚਿਆਂ ਦੇ ਡੈਡੀ ਦੀ ਭੂਆ ਨੇ ਤਿੰਨੇ ਬੱਚੇ ਆਪਣੇ ਪਤੀ ਨਾਲ ਘਰ ਨੂੰ ਤੋਰ ਦਿੱਤੇ। ਅਰਦਾਸ ਕੀਤੀ ਗਈ। ਅਰਦਾਸ ਵਿੱਚ ਮਰਨ ਵਾਲੇ ਨੂੰ ਸੁਵਰਗ ਤੇ ਅਕਾਲ ਪੁਰਖ ਦੇ ਚਰਨਾਂ ਵਿੱਚ ਸ਼ਾਂਤੀ ਨਾਲ ਰਹਿੱਣ ਲਈ ਕਿਹਾ ਗਿਆ। ਪਰ ਘਰ ਵਾਲੇ ਜਿਸ ਨਰਕ ਵਿੱਚ ਧੱਕ ਕੇ ਮਰਨ ਵਾਲਾਂ ਚਲਾ ਗਿਆ। ਅਰਦਾਸ ਵਿੱਚ ਉਸ ਦਾ ਕੋਈ ਇਤਰਾਜ਼ ਨਹੀਂ ਕੀਤਾ ਗਿਆ। ਕਹਿੰਦੇ ਨੇ," ਹਰ ਜੀਵ ਉਮਰ ਪੂਰੀ ਭੋਗ ਕੇ ਦੁਨੀਆਂ ਤੋਂ ਜਾਂਦਾ ਹੈ। " ਜੀਆ ਘਾਤ ਕਰਨ ਨੂੰ ਐਸੀਆਂ ਉਮਰ ਰੱਬ ਨਾਂ ਹੀ ਦੇਵੇ। ਸਭ ਦੀ ਜਾਨ ਸੁਕਣੇ ਪਾ ਕੇ, ਅੱਧ ਵਿਚਕਾਰੋਂ ਪਰਵਾਰ ਦਾ ਜੀਅ ਮਰ ਜਾਵੇ। ਸਭ ਲਈ ਨਰਕ ਇਸੇ ਦੁਨੀਆਂ ਵਿੱਚ ਹੈ। ਕਿਸਮਤ ਨੂੰ ਕੋਈ ਬਦਲ ਨਹੀਂ ਸਕਦਾ। ਕੋਈ ਸਿਆਣਪ ਕੰਮ ਨਹੀਂ ਆਉਂਦੀ। ਸਭ ਅਕਲਾਂ ਧਰੀਆਂ-ਧਰਾਈਆ ਰਹਿ ਜਾਂਦੀਆਂ ਹਨ। ਕਾਲ ਦੇ ਅੱਗੇ ਬਸ ਨਹੀਂ ਚੱਲਦਾ।

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ

Satwinder_7@hotmail.com-

Comments

Popular Posts