ਭਾਗ 7 ਬਦਲਦੇ ਰਿਸ਼ਤੇ


ਤੂੰ ਪਾਣੀ ਵਿੱਚ ਮਧਾਣੀ ਪਾਈ ਰੱਖਦੀ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਸੁੱਖੀ ਦੀ ਅੱਖ ਪਟੱਕ ਦੇਣੇ ਖੁੱਲ ਗਈ ਸੀ। ਅਲਾਰਮ ਕਲੌਕ ਵੱਜ ਗਿਆ ਸੀ। ਉਹ ਵਿਆਹ ਵੇਲੇ ਦਾ ਸੁਪਨਾਂ ਦੇਖ਼ ਰਹੀ ਸੀ। ਉਸ ਨੇ ਸੁਖ ਦਾ ਸਾਹ ਲਿਆ। ਵਿਆਹ ਵੇਲੇ ਹੀ ਮਸਾਂ ਉਸ ਹਾਲਤ ਵਿਚੋਂ ਲੰਘੀ ਸੀ। ਸਵੇਰੇ ਉਠ ਕੇ, ਮਸਾਂ ਚਾਹ ਹੀ ਪੀ ਹੁੰਦੀ ਸੀ। ਸੁੱਖੀ ਨੇ ਸਟੋਪ ਉਤੇ ਚਾਹ ਰੱਖ ਦਿੱਤੀ। ਆਪ ਕੰਘੀ ਤੇ ਬਰਸ਼ ਕਰਨ ਲੱਗ ਗਈ। ਉਸ ਦੀ ਸੱਸ ਸੋਫ਼ੇ ਉਤੇ ਬੈਠੀ, ਟੀਵੀ ਉਤੇ ਕੀਰਤਨ ਸੁਣ ਰਹੀ ਸੀ। ਉਸ ਨੇ ਕਿਹਾ, " ਸੁੱਖ ਚਾਹ ਰਿਜ-ਰਿਜ ਕੇ ਕਮਲੀ ਹੋ ਗਈ ਹੈ। ਤੇਰਾ ਸ਼ੀਸ਼ਾ ਸੁਰਮਾਂ ਨਹੀਂ ਮੁੱਕਿਆ। " " ਮੰਮੀ ਵਾਲ ਹੀ ਮਸਾਂ ਵਾਹੇ ਹਨ। ਬੱਸ ਹੁਣੇ ਆ ਗਈ। " " ਮੇਰੇ ਤਾਂ ਗੋਡਿਆਂ ਤੋਂ ਨਹੀਂ ਤੁਰਿਆ ਜਾਂਦਾ। ਇਹੋ ਜਿਹੇ ਕੰਮ ਨੂੰ ਮੈਂ ਬਿੰਦ ਲਗਾਉਂਦੀ ਸੀ। ਤੂੰ ਪਾਣੀ ਵਿੱਚ ਮਧਾਣੀ ਪਾਈ ਰੱਖਦੀ ਹੈ। " " ਮੰਮੀ ਜੀ ਮਧਾਣੀ ਪਾਉਣ ਦਾ ਸਮਾਂ ਕਿਥੇ ਹੈ? 10 ਮਿੰਟ ਵੀ ਮੈਨੂੰ ਉਠੀ ਨੂੰ ਨਹੀਂ ਹੋਏ। ਪੰਜ ਵਜੇ ਤੋਂ ਦੁਪਿਹਰ ਦੇ ਇੱਕ ਵਜੇ ਤੱਕ ਨੌਕਰੀ ਕਰਨੀ ਹੈ। ਇੱਕ ਘੰਟਾ ਆ ਕੇ ਫਿਰ ਤੁਹਾਡਾ ਲੰਚ ਬੱਣਾਂਉਣ ਉਤੇ ਲਗਾਉਣਾਂ ਹੈ। ਪੰਜ ਘੰਟੇ ਦੀ ਫਿਰ ਜੌਬ ਕਰਨ ਜਾਂਣਾ ਹੈ। " " ਨੌਕਰੀ ਕਰਕੇ ਕੇ, ਕਿਹੜਾ ਮੈਨੂੰ ਡਾਲਰ ਫੜਾਉਣੇ ਹਨ? ਪੇਕਿਆਂ ਨੂੰ ਹੀ ਭੇਜਣੇ ਹਨ। ਮੈਨੂੰ ਤੇਰੇ ਡਾਲਰ ਕਮਾਂਇਆਂ ਦਾ ਕੀ ਭਾਅ ਹੈ? " ਸੁੱਖੀ ਨੇ ਚੁੱਪ ਰਹਿੱਣਾਂ ਹੀ ਠੀਕ ਸਮਝਿਆ।

ਗੈਰੀ ਦਾ ਡੈਡੀ ਭਾਗ ਸੁੱਤਾ ਪਿਆ ਸੀ। ਰੌਲਾ ਸੁਣ ਕੇ, ਉਠ ਆ ਗਿਆ ਸੀ। ਉਸ ਨੇ ਕਿਹਾ, " ਤੁਸੀ ਸਵੇਰੇ-ਸਵੇਰੇ, ਘਰ ਨੂੰ ਮੱਛੀ ਬਜ਼ਾਰ ਬੱਣਾਂਇਆ ਹੈ। ਕਿਹੜੀਆਂ ਗੱਲਾਂ ਦਾ ਰੌਲਾ ਪਾਇਆ ਹੈ। " " ਬਹੂ ਨੇ ਘਰ ਸਿਰ ਉਤੇ ਚੱਕਿਆ ਹੋਇਆ ਹੈ। ਇੱਕ ਗੱਲ ਮੂੰਹ ਵਿੱਚੋਂ ਨਿੱਕਲਣ ਨਹੀਂ ਦਿੰਦੀ। ਚਾਰ ਸੁਣੋਂਉਂਦੀ ਹੈ। ਤੋਬਾ-ਤੋਬਾ, ਰਾਮ ਦੀ ਦੁਹਾਈ। ਪਾਠ ਹੋ ਰਿਹਾ ਹੈ। ਇਸ ਦਾ ਵੀ ਕੋਈ ਡਰ, ਭੈ ਨਹੀ ਹੈ। " " ਉਹ ਤਾਂ ਬੱਚੀ ਹੈ। ਪਾਠ ਦਾ ਅਸਰ ਤੇਰੇ ਉਤੇ ਹੋਣਾਂ ਚਾਹੀਦਾ ਹੈ। ਕੀ ਤੇਰਾ ਤਾਂ ਪਾਠ ਸੁਣਨ ਵੱਲ ਹੀ ਧਿਆਨ ਹੈਨਾਂ? ਉਸ ਨੂੰ 20 ਕੰਮ ਹਨ। ਭੱਜ-ਨੱਠ ਕਰਕੇ, ਪੂਰਾ ਘਰ ਸਾਂਭੀ ਫਿਰਦੀ ਹੈ। " " ਤੇਰਾ ਮੱਤਲਬ ਹੈ। ਮੇਰਾ ਪਾਠ ਸੁਣਨ ਵਿੱਚ ਧਿਅਨ ਨਹੀਂ ਲੱਗਦਾ। ਉਸ ਨਾਲ ਮੈਂ ਲੜਦੀ ਹਾਂ। " " ਹਾਂ ਠੀਕ ਹੈ। ਜੇ ਤੈਨੂੰ ਐਡੀ ਛੇਤੀ ਸਮਝ ਲੱਗ ਗਈ ਹੈ। ਹੁਣ ਤੇਰੀ ਉਮਰ ਹੋ ਗਈ ਹੈ। ਇਕੋ ਪਾਸੇ ਰੱਬ ਵੱਲ ਸੁਰਤੀ ਜੋੜ ਕੇ ਰੱਖ। ਕੰਮ ਤਾਂ ਅਕਸਰ ਨੂੰ ਸੁੱਖੀ ਨੇ ਹੀ ਕਰਨੇ ਹਨ। ਜੇ ਤੂੰ ਕੋਈ ਕੰਮ ਨਹੀਂ ਕਰਨਾ। ਤੂੰ ਉਸ ਦੇ ਕੰਮਾਂ ਤੋਂ ਕੀ ਲੈਣਾਂ ਹੈ? "

ਸੀਬੋ ਨੇ ਕਿਹਾ, " ਮੈਂ ਤਾਂ ਸਵੇਰੇ ਉਠ ਕੇ, ਲੰਚ ਬੱਣਾਂਉਂਦੀ ਸੀ। ਇਹ ਇਕੋ ਟਾਇਮ ਡੀਨਰ, ਲੰਚ ਦਾ ਰਾਤ ਨੂੰ ਹੀ ਫਾਹਾ ਵੱਡ ਦਿੰਦੀ ਹੈ। " " ਕਿਉਂ ਝੂਠ ਬੋਲਦੀ ਹੈ। ਮੈਂ ਟਾਊਨ ਤੋਂ ਆਊਟ ਰਹਿੰਦਾ ਸੀ। ਵੀਕਇੰਡ ਨੂੰ ਆਉਂਦਾ ਸੀ। ਗੈਰੀ ਬੇਬੀ-ਸਿਟਰ ਕੋਲ ਰਹਿੰਦਾ ਸੀ। ਤੂੰ ਇਕੱਲੀ ਨੇ ਧੱਲੇ ਦੀਆਂ ਲਾਈਆਂ ਹਨ। " " ਚੁੱਪ-ਚੁੱਪ, ਬਕਵਾਸ ਨਹੀਂ ਕਰਨੀ। ਕੋਈ ਸੁਣ ਲਵੇਗਾ। ਸੁੱਖੀ ਤਾਂ ਪਹਿਲਾਂ ਹੀ ਮਾਨ ਨਹੀਂ ਹੈ। " " ਗੈਰੀ ਦੀ ਮਾਂ ਇਸੇ ਤਰਾ ਸਬ ਦੇ ਪਰਦੇ ਢੱਕੇ ਰਹਿੱਣ ਦੇਣੇ ਚਾਹੀਦੇ ਹਨ। ਸਾਰੀ ਦਿਹਾੜੀ ਸੋਫ਼ੇ ਉਤੇ ਬੈਠੀ ਉੱਲੂ ਵਾਂਗ ਝਾਂਕੀ ਜਾਂਦੀ ਹੈ। ਕੁੱਤੇ ਵਾਂਗ ਭੌਕੀਂ ਜਾਂਦੀ ਹੈ। ਕੋਈ ਤੇਰੀ ਪ੍ਰਵਾਹ ਨਹੀਂ ਕਰਦਾ। ਜਿੰਨਾਂ ਧਿਆਨ ਤੂੰ ਘਰ, ਆਉਣ-ਜਾਂਣ ਵਾਲਿਆ ਵਿੱਚ ਦਿੰਦੀ ਹੈ। ਕਿਸੇ ਕੰਮ ਵਿੱਚ ਲੱਗਾ। ਤੇਰਾ ਜੀਅ ਲੱਗ ਜਾਵੇ। "

ਬੱਚਿਆਂ ਤੇ ਗੈਰੀ ਦਾ ਲੰਚ ਰਾਤ ਨੂੰ ਹੀ ਪੈਕ ਕਰਕੇ ਰੱਖ ਦਿੱਤਾ ਸੀ। ਜਿਆਦਾ ਤਰ ਚੌਲ, ਚਿਕਨ, ਬਰਿਡ ਦੇ ਸੰਨਵਿਚ, ਟੋਸਟ, ਫ਼ਲ, ਸੈਲਿਡ ਹੀ ਖਾਂਣ ਨੂੰ ਹੁੰਦੇ ਸਨ। ਇੰਨੀ ਤੇਜ ਜਿੰਦਗੀ ਵਿੱਚ, ਹਰ ਕੋਈ ਝੱਟ-ਪੱਟ ਬੱਣਨ ਵਾਲਾ ਫੂਡ ਹੀ ਪਸੰਦ ਕਰਦਾ ਹੈ। ਸੱਸ-ਸੌਹੁਰੇ ਦੀ ਰੋਟੀ ਦੁਪਿਹਰੇ ਆ ਕੇ ਬੱਣਾਂ ਦਿੰਦੀ ਸੀ। ਹੁਣ ਤਾਂ ਤਿੰਨ ਬੱਚਿਆਂ ਦੀ ਮਾਂ ਬੱਣ ਗਈ ਸੀ। ਇੱਕ ਮੁੰਡਾ ਉਸ ਦਾ ਆਪਣਾਂ ਸੀ। ਗੈਰੀ ਨੇ, ਗੋਰੀ ਨਾਲ ਦੋ ਬੱਚੇ ਬੱਣਾਏ ਸਨ। ਗੋਰੀ, ਗੈਰੀ ਦੇ ਦੋਸਤ ਕੋਲ ਚੱਲੀ ਗਈ ਸੀ। ਵੱਡੀ ਕੁੜੀ ਸੀ। ਜੋ ਸੁੱਖੀ ਤੋਂ 15 ਸਾਲ ਛੋਟੀ ਸੀ। ਉਸ ਤੋਂ ਛੋਟਾ 13 ਸਾਲਾਂ ਦਾ ਮੁੰਡਾ ਸੀ। ਗੈਰੀ ਦੇ ਮੰਮੀ-ਡੈਡੀ ਤੇ ਗੈਰੀ ਦੇ ਸਾਰੇ ਕੰਮ ਸੁੱਖੀ ਨੂੰ ਕਰਨੇ ਪੈਂਦੇ ਸਨ। ਫੱਟਾ-ਫੱਟ ਉਸ ਨੇ ਬਿਡ ਉਤੇ ਰਜਾਈ ਸਿਧੀ ਕਰ ਦਿੱਤੀ ਸੀ। ਗੈਰੀ ਪੂਰੀ ਰਾਤ ਟੈਕਸੀ ਚਲਾਉਂਦਾ ਸੀ। ਦਿਨ ਨੂੰ ਸੌਂਦਾ ਸੀ। ਸੁੱਖੀ ਨੂੰ ਨੌਕਰੀ ਵੀ ਕਰਨੀ ਪੈਂਦੀ ਸੀ। ਹੋਰ ਪੈਸੇ ਬੱਚਾਉਣ ਨੂੰ ਉਹ ਦੋ ਜੌਬਾਂ ਕਰਦੀ ਸੀ।

Comments

Popular Posts