ਭਾਗ 6 ਬਦਲਦੇ ਰਿਸ਼ਤੇ


ਪੈਸਿਆਂ ਦੀ ਕਰਤਾ-ਧਰਤਾ ਬੇਬੇ ਹੀ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਸੁੱਖੀ ਦੇ ਮੰਮੀ-ਡੈਡੀ ਨਾਲ ਉਸ ਦੀ ਨਾਨੀ ਨਸੀਬੋ ਵੀ ਆਪਦੇ ਪਿੰਡ ਮੁੜ ਗਈ ਸੀ। ਨਾਨੀ ਨੇ ਹੀ ਨੂੰਹਾਂ ਕੋਲੋ ਵਿਆਹ ਦੀ ਤਿਆਰੀ ਕਰਾਂਉਣੀ ਸੀ। ਉਨਾਂ ਨੂੰ ਕਵੇਲੇ ਦੇਖ਼ ਕੇ, ਸੁੱਖੀ ਦੀਆਂ ਦੋਨੇ ਮਾਮੀਆਂ ਹੈਰਾਨ ਹੋ ਗਈਆਂ। ਵੱਡੀ ਮਾਮੀ ਨੇ ਸੁੱਖੀ ਦੇ ਡੈਡੀ ਲਾਭ ਨੂੰ ਪੁੱਛਿਆ, " ਬਾਈ ਸੁੱਖ ਤਾਂ ਹੈ। ਬੇਬੇ ਤੇ ਭੈਣ ਨਾਲ ਇਸ ਵੇਲੇ ਆਏ ਹੋਂ। " ਲਾਭ ਨੇ ਕਿਹਾ, " ਕੀ ਆਪਦੇ ਘਰ ਆਉਣ ਨੂੰ ਵੀ ਸਮਾਂ ਬਿਚਾਰੀਦਾ ਹੈ? ਜਿਥੇ ਰਾਤ ਪੈ ਗਈ। ਉਥੇ ਹੀ ਘਰ ਸਮਝ ਕੇ ਡੇਰੇ ਲੱਗਾਈਦੇ ਹਨ। " ਸੁੱਖੀ ਦੀ ਛੋਟੀ ਮਾਮੀ ਨੇ ਕਿਹਾ, " ਬਾਈ ਵੱਡੀ ਨੂੰ ਮਜ਼ਾਕ ਕਰਨ ਦੀ ਆਦਤ ਹੈ। ਤੁਹਾਡਾ ਆਪਦਾ ਘਰ ਹੈ। ਜਦੋਂ ਮਰਜ਼ੀ, ਚਾਹੇ ਅੱਧੀ ਰਾਤ ਨੂੰ ਆਵੋ। ਤੁਸੀਂ ਮੂੰਹ-ਹੱਥ ਧੋ ਕੇ ਰੋਟੀਆਂ ਖਾਵੋ। " ਸੁੱਖੀ ਦੀ ਮੰਮੀ ਗੇਲੋ ਨੇ ਕਿਹਾ, " ਸਾਰੇ ਰਸਤੇ ਮੀਂਹ ਪੈਂਦਾ ਰਿਹਾ ਹੈ। ਹਵਾ ਚੱਲਣ ਨਾਲ ਠੰਡ ਹੋ ਗਈ ਹੈ। ਅਜੇ ਵੀ ਠੰਡ ਬਹੁਤ ਲੱਗ ਰਹੀ ਹੈ। ਰੋਟੀ ਤੋਂ ਪਹਿਲਾਂ ਚਾਹ ਪਿਲਾ ਦੇਵੇ। " ਨਸੀਬੋ ਨੇ ਕਿਹਾ, " ਰੋਟੀ ਦੀ ਅਜੇ ਭੁੱਖ ਨਹੀਂ ਹੈ। ਲੱਡੂ, ਮਿੱਠਾਈਆਂ ਖਾਦੇ ਹੋਏ ਹਨ। ਅਜੇ ਥੱਲੇ ਨਹੀਂ ਹੋਏ। "

ਗੇਲੋ ਦੇ ਵੱਡੇ ਭਰਾ ਨੇ ਕਿਹਾ, " ਮਾਂ ਮੇਰੀਏ ਤੁਸੀਂ ਲੱਡੂ, ਮਿੱਠਾਈਆਂ ਕਿਥੋਂ ਖਾ ਲਏ। ਹਾਈ ਬਲੱਡ ਸ਼ੂਗਰ ਦੀ ਬਿਮਾਰੀ ਹੈ। ਤੁਹਾਨੂੰ ਮਿੱਠਾ ਜ਼ਹਿਰ ਹੈ। " " ਹੁਣ ਪੁੱਤ ਬਹੁਤ ਕੰਮ ਕਰਨਾਂ ਪੈਣਾਂ ਹੈ। ਕੰਮ ਕਰਨ ਵਾਲਿਆਂ ਨੂੰ ਤੇ ਖੁਸ਼ੀ ਵਿੱਚ ਕੋਈ ਬਿਮਾਰੀ ਨੇੜੈ ਨਹੀਂ ਲੱਗਦੀ। ਸੁੱਖੀ ਲਈ ਕਨੇਡਾ ਵਾਲਾ ਮੁੰਡਾ ਲੱਭਾ ਹੈ। ਸੁੱਖੀ ਦਾ ਵਿਆਹ ਕਰਨਾਂ ਹੈ। " ਦੋਂਨੇਂ ਮਾਮੀਆਂ ਗੇਲੋ ਦੇ ਦੁਆਲੇ ਹੋ ਗਈਆਂ। ਛੋਟੀ ਮਾਮੀ ਨੇ ਕਿਹਾ, " ਬੀਬੀ ਮੁੰਡਾ ਕਿਹੋ ਜਿਹਾ ਹੈ? ਕਿਹਦੇ ਵਰਗਾ ਹੈ? ਕੀ ਕੰਮ ਕਰਦਾ ਹੈ? " ਗੇਲੋ ਨੇ ਕਿਹਾ, " ਮੁੰਡਾ 6 ਫੁੱਟ ਊਚਾ ਹੈ। ਮੈਨੂੰ ਤਾਂ ਦੁਨੀਆਂ ਵਿਚੋਂ ਉਹੀ ਸਨੁੱਖਾ ਦਿਸਦਾ ਹੈ। ਕੰਮ ਤਾਂ ਪੁੱਛਿਆਂ ਨਹੀਂ ਕੀ ਕਰਦਾ ਹੈ? ਜਦੋਂ ਕਨੇਡਾ ਵਾਲਾ ਹੈ। ਕੰਮ ਤਾਂ ਕਰਦਾ ਹੀ ਹੋਣਾਂ ਹੈ। " ਨਸੀਬੋ ਬੇਬੇ ਨੇ ਕਿਹਾ, " ਬਹੂ ਤੂੰ ਇਉ ਪੁੱਛਦੀ ਹੈ। ਜਿਵੇਂ ਤੂੰ ਵਿਆਹ ਕਰਾਂਉਣਾਂ ਹੋਵੇ। ਮੁੰਡਿਆਂ ਦੀ ਵੀ ਸ਼ਕਲ ਦੇਖ਼ੀਦੀ ਹੈ। ਸ਼ੇਰਾਂ ਦੇ ਮੂੰਹ ਉਤੇ ਕੁਦਰਤੀ ਬਥੇਰਾ ਰੋਹਬ ਹੁੰਦਾ ਹੈ। "

ਵੱਡੀ ਮਾਮੀ ਨੇ ਕਿਹਾ, " ਬੇਬੇ ਸ਼ੇਰ ਤੋਂ ਕਿਤੇ ਕੁੜੀ ਡਰ ਹੀ ਨਾਂ ਜਾਵੇ। ਅੱਗੇ ਹੀ ਸੁੱਖੀ ਮੁੱਠੀ ਵਿੱਚ ਆਉਣ ਜੋਗੀ ਹੈ। " " ਸੁੱਖੀ ਦੋਤੀ ਕਿਹਦੀ ਹੈ? ਮੇਰੀ ਦੋਤੀ ਇੰਨੀ ਵੀ ਕੰਮਜ਼ੋਰ ਨਹੀਂ ਹੈ। ਜੋ ਲੱਲੂ-ਪੰਜੂ ਤੋਂ ਡਰ ਜਾਵੇਗੀ। ਜਦੋਂ ਮੈਂ ਤੁਹਾਡੇ ਬਾਪੂ ਨੂੰ ਦੱਬਕਾ ਮਾਰਦੀ ਸੀ। ਥਾਂਏ ਦਹਿਲ ਜਾਂਦਾ ਸੀ। ਮੁੜਕੇ ਮੇਰੀ ਗੱਲ ਦਾ ਮੋੜ ਨਹੀਂ ਕਰਦਾ ਸੀ। " " ਬੇਬੇ ਤੂੰ ਬਾਪੂ ਤੋਂ ਦੂਗਣੀ ਸੀ। ਉਸ ਦੀ ਘਰ ਵਿੱਚ ਪੁਗਦੀ ਵੀ ਨਹੀਂ ਸੀ। ਜੇ ਬਾਪੂ ਕੁਸਕਦਾ, ਫਿਰ ਤੂੰ ਉਸ ਨੂੰ ਆਪਦੇ ਨੇੜੇ ਨਹੀਂ ਲੱਗਣ ਦੇਣਾਂ ਸੀ। ਬਾਪੂ ਨੇ ਤੇਰੇ ਕੋਲੋ ਰੋਟੀ ਲੈ ਕੇ ਖਾਂਣੀ ਹੁੰਦੀ ਸੀ। ਉਹਦੀ ਕਿਹੜਾ ਮਾਂ ਕੋਲ ਬੈਠੀ ਸੀ? ਵੱਡੀ ਬੇਬੇ ਤਾਂ ਛੋਟੇ ਚਾਚੇ ਵੱਲ ਰਹਿੰਦੀ ਸੀ। " " ਗਿੱਠ ਜੁਬਾਨ ਲੱਗੀ ਹੈ। ਕੋਈ ਬੈਠਾਂ ਖੜ੍ਹਾ ਦੇਖ਼ ਲਿਆ ਕਰੋ। ਜੁਮਾਈ ਭਾਈ ਆਇਆ ਹੋਇਆ ਹੈ। " " ਬੇਬੇ ਤੂੰ ਤਾਂ ਟੀਚਰ ਵੀ ਨਹੀਂ ਸਹਾਰਦੀ। ਗੁੱਸਾ ਛੱਡ, ਦੱਸ ਸੁੱਖੀ ਦੇ ਵਿਆਹ ਦੀ ਕੀ ਸਲਾਹ ਕਰਨੀ ਹੈ? ਤੇਰਾ ਛੋਟਾ ਪੁੱਤ ਵੀ ਆ ਗਿਆ ਹੈ। "

ਚਾਰ ਦਿਨਾਂ ਤੋਂ ਚੋਗੀਆਂ ਕਪਾਹ ਚੁਗ ਰਹੀਆਂ ਸਨ। ਸੁੱਖੀ ਦਾ ਛੋਟਾ ਮਾਮਾ ਖੇਤੋਂ ਟਰਾਲੀ ਵਿੱਚ ਕਪਾਹ ਦੀਆਂ ਪੰਡਾ ਲੈ ਕੇ ਆਇਆ ਸੀ। ਟਰਾਲੀ ਵਿਹੜੇ ਵਿਚ ਖੜ੍ਹਾ ਦਿੱਤੀ ਸੀ। ਸਵੇਰ ਨੂੰ ਮੰਡੀ ਲੈ ਕੇ ਜਾਂਣੀ ਸੀ। ਕਿਸਾਨ ਦੇ ਘਰ ਜਦੋਂ ਫ਼ਸਲ ਆਉਂਦੀ ਹੈ। ਖੁਸ਼ੀ ਤੇ ਲਾਲੀ ਚੇਹਰੇ ਉਤੇ ਆ ਜਾਂਦੀ ਹੈ। ਪੱਕੀ ਫ਼ਸਲ ਨੂੰ ਦੇਖ਼ ਕੇ, ਕਰੜੀ ਕੀਤੀ ਮੇਹਨਤ ਦਾ ਥਕੇਵਾਂ ਭੁੱਲ ਜਾਂਦਾ ਹੈ।

ਉਸ ਨੂੰ ਵੱਡੇ ਭਰਾ ਨੇ ਦੱਸਿਆ, " ਸੁੱਖੀ ਦਾ ਵਿਆਹ ਧਰ ਦਿੱਤਾ ਹੈ। ਵਿਆਹ ਵਿੱਚ ਹਫ਼ਤਾ ਰਹਿੰਦਾ ਹੈ। ਆਪਾਂ ਸੁੱਖੀ ਦੇ ਵਿਆਹ ਵਿੱਚ ਪੈਸੇ ਦੀ ਮਦੱਦ ਕਰਨੀ ਹੈ। " " ਇਹ ਟਰਾਲੀ ਕਪਾਹ ਦੀ ਸੁੱਖੀ ਦੇ ਵਿਆਹ ਉਤੇ ਲਾ ਦੇਣੀ ਹੈ। " ਗੇਲੋ ਨੇ ਕਿਹਾ, " ਇੰਨੇ ਕੁ ਨਾਲ ਨਹੀਂ ਸਰਨਾਂ। ਪਹਿਲਾ ਵਿਆਹ ਹੈ। ਇਸੇ ਤੋਂ ਨਾਨਕਿਆਂ ਦਾ ਨਾਂਮ ਨਿੱਕਲਣਾਂ ਹੈ। " ਨਸੀਬੋ ਬੇਬੇ ਨੇ ਕਿਹਾ, " ਟੂੰਮ ਛੱਲੇ ਦਾ ਫ਼ਿਕਰ ਨਾਂ ਕਰੋਂ। ਮੇਰੇ ਕੋਲ ਬਥੇਰੇ ਭਾਰੀ ਸੰਗੀ ਫੁੱਲ ਤੇ ਥੋਡੇ ਬਾਪੂ ਦਾ ਕੰਠਾ ਪਿਆ ਹੈ। 40 ਤੋਲਿਆਂ ਤੋਂ ਜ਼ਿਆਦਾ ਸੋਨਾ ਪਿਆ ਹੈ। " ਗੇਲੋ ਨੇ ਕਿਹਾ, " ਬੇਬੇ ਤੂੰ ਤਾਂ ਮੇਰੇ ਮਨ ਦਾ ਬੋਝ ਉਤਾਰ ਦਿੱਤਾ। ਭਰਜਾਈ ਹੁਣ ਰੋਟੀ ਵੀ ਸੁਆਦ ਲੱਗੇਗੀ। ਨੀਦ ਵੀ ਰੱਜ ਕੇ ਆਵੇਗੀ। ਲਿਆਉ ਰੋਟੀ ਖਾਈਏ। ਸਵੇਰੇ ਸਾਜਰੇ ਤੁਰਨਾਂ ਹੈ। ਘਰ ਬਹੁਤ ਕੰਮ ਕਰਨ ਵਾਲੇ ਹਨ। ਇੱਕ ਜਾਂਣੀ ਮੇਰੇ ਨਾਲ ਚੱਲਿਉ। " " ਭੈਣ ਅਸੀਂ ਦੋਂਨੇਂ ਹੀ ਤੇਰੇ ਨਾਲ ਜਾਂਣ ਨੂੰ ਤਿਆਰ ਹਾਂ। ਤਿਆਰੀ ਇਕੱਲੀ ਬੇਬੇ ਨੇ ਹੀ ਕਰ ਲੈਣੀ ਹੈ। ਪੈਸਿਆਂ ਦੀ ਕਰਤਾ-ਧਰਤਾ ਬੇਬੇ ਹੀ ਹੈ। " " ਜੇ ਮੈਂ ਤੁਹਾਨੂੰ ਘਰ ਦੀਆਂ ਚਾਬੀਆਂ ਸੰਭਾਂਲ ਦੇਵਾਂ। ਤੁਸੀ ਤਾਂ ਪੇਕਿਆਂ ਨੁੰ ਲੁੱਟਾ ਦੇਵੋਗੀਆਂ। ਮੈਨੂੰ ਤੀਰਥ ਯਾਤਰਾ ਤੇ ਤੋਰ ਦੇਵੋਗੀਆਂ। "



Comments

Popular Posts