ਭਾਗ 2 ਜੋਸ਼ ਅੱਗੇ, ਰੋਸ ਕੰਮ ਨਹੀਂ ਕਰਦਾ
ਆਪਣੇ ਪਰਾਏ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਮਾੜੇ ਸਮੇਂ ਬੀਤ ਗਏ ਨੂੰ ਯਾਦ ਕਰਕੇ, ਆਪਣਾ ਅੱਜ ਦਾ ਦਿਨ ਖ਼ਰਾਬ ਨਾਂ ਕਰੀਏ। ਹੁਣ ਦੇ ਸਮੇਂ ਨੂੰ ਜੀਅ ਭਰ ਕੇ ਜਿਉਂਣਾਂ ਸਿੱਖੀਏ। ਪਤੀ-ਪਤਨੀ, ਬੱਚੇ, ਮਾਪੇਂ, ਰਿਸ਼ਤੇਦਾਰ ਸਾਰੇ ਹੀ ਇੱਕ ਦੂਜੇ ਨਾਲ ਲੜਦੇ ਹਨ। ਪਰਿਵਾਰ ਵਿਚੋਂ, ਘਰ ਦੇ ਜੀਅ ਦੂਰ ਵੀ ਚਲੇ ਜਾਂਦੇ ਹਨ। ਇੱਕ ਦੂਜੇ ਨੂੰ ਧੱਕੇ ਮਾਰ ਕੇ, ਘਰੋਂ ਬਾਹਰ ਵੀ ਕੱਢ ਦਿੰਦੇ ਹਨ। ਆਪੇ ਸਮਝੌਤਾ ਕਰ ਲੈਂਦੇ ਹਨ। ਕਈ ਜੀਅ ਮਰ ਵੀ ਜਾਂਦੇ ਹਨ। ਕੀ ਐਸੀਆਂ ਘਟਨਾਵਾਂ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੈ। ਜਾਂ ਭੁਲਾਉਣ ਵਿੱਚ ਵੱਧ ਸ਼ਾਂਤੀ, ਆਰਾਮ ਮਿਲਦਾ ਹੈ। ਜੇ ਕਿਸੇ ਲੜਾਈ, ਵਿੱਛੜੇ ਬੰਦੇ, ਮਰੇ ਨੂੰ ਯਾਦ ਕਰੀ ਜਾਈਏ। ਜੀਵਨ ਦੁੱਖਾਂ ਭਰਿਆ ਬਣ ਜਾਵੇਗਾ। ਜੇ ਲੋਕ ਆਪ ਰੌਣ, ਪਿੱਟਣ ਵਾਲੀ ਜ਼ਿੰਦਗੀ ਨਹੀਂ ਚਾਹੁੰਦੇ। ਦੂਜੇ ਲੋਕਾਂ ਨੂੰ ਪੁਰਾਣੀਆਂ, ਕੌੜੀਆਂ ਗੱਲਾਂ, ਮਾੜੀਆਂ ਘਟਨਾਵਾਂ ਯਾਦ ਰੱਖਣ ਲਈ ਕਿਉਂ ਉਤੇਜਿਤ ਕਰਦੇ ਹਨ? ਨਗਿੰਦਰ ਕੋਲ ਕਈ ਬੰਦੇ ਆ ਚੁੱਕੇ ਸਨ। ਜੋ ਆਪ ਨੂੰ ਸਿਆਣੇ ਕਹਾਉਂਦੇ ਸਨ। ਉਸ ਦਾ ਛੋਟਾ ਭਰਾ ਕਈ ਬਾਰ ਕਹਿ ਚੁੱਕਾ ਸੀ, “ ਵੱਡੇ ਭਰਾ, ਮੈਂ ਤੇਰੇ ਨਾਲੋਂ ਉਮਰ ਵਿੱਚ 10 ਸਾਲ ਛੋਟਾਂ ਹਾਂ। ਬਾਪੂ ਦੱਸਦਾ ਹੁੰਦਾ ਸੀ, “ ਸੰਨ 1965 ਤੇ 71 ਦੀ ਪਾਕਿਸਤਾਨ ਦੀ ਲੜਾਈ ਸਮੇਂ ਭਾਰਤੀ ਨੌਜਵਾਨ ਬਹੁਤ ਮਾਰੇ ਗਏ ਸਨ। ਤੂੰ ਆਪਣੇ ਜਸਵੰਤ ਨੂੰ ਫ਼ੌਜ ਵਿੱਚ ਕਿਉਂ ਭੇਜਣਾ ਸੀ? ਉਸ ਦੀ ਰੀਸ ਨਾਲ ਮੇਰਾ ਮੁੰਡਾ ਛੋਟੂ ਵੀ ਬਿਸਤਰ ਗੋਲ ਕਰੀ ਫਿਰਦਾ ਹੈ। ਤੇਰੇ ਵਾਲਾ ਹਿੰਮਤ ਵੀ ਲੋਕਾਂ ਨੂੰ ਕਹਿੰਦਾ ਫਿਰਦਾ ਹੈ, “ ਮੈਂ ਵੀ ਵੱਡੇ ਦੇ ਨਾਲ ਹੀ ਫ਼ੌਜ ਵਿੱਚ ਚੱਲੇ ਜਾਣਾ ਹੈ। ਜਸਵੰਤ ਨੂੰ ਸਮਝਾ ਫ਼ੌਜੀਆਂ ਵਾਲੀ ਟੌਹਰ ਕੱਢ ਕੇ, ਪਿੰਡ ਵਿੱਚ ਗੇੜੇ ਦੇਣੋਂ ਹੱਟ ਜਾਵੇ।

 ਛੋਟੇ ਭਾਈ ਅੱਥਰਾ ਘੋੜਾ, ਜਵਾਨ ਪੁੱਤਰ ਕਾਬੂ ਨਹੀਂ ਆਉਂਦੇ ਹੁੰਦੇ। ਹੰਭ, ਥੱਕ ਕੇ ਟਿਕਦੇ ਹਨ। ਇੰਨਾ ਨੂੰ ਹੌਲੀ-ਹੌਲੀ ਪਲੋਸਣਾ ਪੈਂਦਾ ਹੈ। ਜਦੋਂ ਇੰਨਾ ਨੂੰ ਰਸਤਾ ਦਿਸ ਪਿਆ। ਆਪੇ ਸਿੱਧੇ ਹੋ ਜਾਣਗੇ। ਜਸਵੰਤ ਐਸੇ ਤੋਹਫ਼ੇ ਲੈ ਕੇ ਆਇਆ ਹੈ। ਮੈਂ ਪੂਰੀ ਜ਼ਿੰਦਗੀ ਵਿੱਚ ਵੀ ਨਹੀਂ ਦੇਖੇ। ਤੇਰੇ ਤੇ ਆਪ ਦੀ ਚਾਚੀ ਲਈ ਰੇਸ਼ਮੀ ਸੂਟ ਲੈ ਕੇ ਆਇਆ। ਹਰ ਮਹੀਨੇ ਸਾਰੀ ਤਨਖ਼ਾਹ ਭੇਜ ਦਿੰਦਾ ਹੈ। ਖਾਣ-ਪੀਣ, ਰਹਿਣ, ਪਹਿਨਣ ਨੂੰ ਸਰਕਾਰ ਛੱਤ, ਬਿਸਤਰਾ, ਰੋਟੀ, ਬੂਟ, ਸੂਟ ਦਿੰਦੀ ਹੈ। ਮੁੰਡਾ ਖ਼ੁਸ਼ ਹੈ। ਉਸ ਦਾ ਕੰਮ ਵਿੱਚ ਜੀਅ ਲੱਗਾ ਹੈ। ਹੋਰ ਮੈਨੂੰ ਕੀ ਚਾਹੀਦਾ ਹੈ?   “ “ ਰੇਸ਼ਮੀ ਕੱਪੜਾ ਮੈਂ ਕਦੇ ਦੇਖਿਆ ਵੀ ਨਹੀਂ ਹੈ। ਸੁਣਿਆ ਹੀ ਹੈ। ਅਜੇ ਤੱਕ ਸਾਡੇ ਸੂਟ ਦਿੱਤੇ ਕਿਉਂ ਨਹੀਂ ਹਨ? ” “ ਜਦੋਂ ਤੂੰ ਮਿਲਣ ਆਉਣਾ ਸੀ, ਤਾਂ ਹੀ ਦੇਣੇ ਸਨ। ਜਸਵੰਤ ਨਹਾ ਰਿਹਾ ਹੈ। ਦਿਹਾੜੀ ਵਿੱਚ ਦੋ ਬਾਰ ਨਹਾਉਂਦਾ ਹੈ। ਅੱਗੇ ਦਿਨ ਚੜ੍ਹੇ ਤੋਂ ਉੱਠਦਾ ਸੀ। ਹੁਣ ਇਹ ਸਾਨੂੰ ਸੁੱਤਿਆਂ ਨੂੰ ਉਠਾਲਦਾ ਹੈ। ਹੁਣ ਬੰਦਾ ਬਣ ਗਿਆ ਹੈ। ਹਰ ਕੰਮ ਸਾਵਧਾਨ ਹੋ ਕੇ ਕਰਦਾ ਹੈ।

ਇੱਕ ਬਜ਼ੁਰਗ ਦਰਵਾਜ਼ਾ ਖੁੱਲ੍ਹਾ ਦੇਖ ਕੇ, ਦਰਾਂ ਅੰਦਰ ਲੰਘ ਆਇਆ ਸੀ। ਉਸ ਨੇ ਉੱਚੀ ਆਵਾਜ਼ ਮਾਰ ਕੇ ਪੁੱਛਿਆ, “ ਕੀ ਇਹ ਜਸਵੰਤ ਫ਼ੌਜੀ ਦਾ ਘਰ ਹੈ? “ ਜਸਵੰਤ ਦੇ ਚਾਚੇ ਨੇ ਕਿਹਾ, “ ਆ ਜਾ ਬਾਬਾ ਲੰਘ ਆ। ਕੀ ਤੂੰ ਮੇਰਾ ਤੇ ਵੱਡੇ ਭਾਈ ਨਗਿੰਦਰ ਦਾ ਨਾਮ ਭੁੱਲ ਗਿਆ ਹੈ? ਫ਼ੌਜੀ ਕਿਵੇਂ ਯਾਦ ਰਹਿ ਗਿਆ? “  ਉਹ ਐਨਕਾਂ ਨੂੰ ਠੀਕ ਕਰਦਾ ਬੋਲਿਆ, “ ਛੋਟੇ ਕੀ ਤੂੰ ਨਹੀਂ ਸੁਣਿਆਂ? ਸਾਰੇ ਪਿੰਡ ਵਿੱਚ ਜਸਵੰਤ ਫ਼ੌਜੀ ਦੀਆਂ ਗੱਲਾਂ ਹੁੰਦੀਆਂ ਹਨ। ਮੈਨੂੰ ਡਾਢਾ ਡਰ ਲੱਗਦਾ ਹੈ। ਮੁੰਡਿਆਂ ਨੂੰ ਸਰਕਾਰ ਬੂਟ, ਸੂਟ ਦੇ ਕੇ, ਜੋ ਧੜਾ-ਧੜ ਫ਼ੌਜੀ ਭਰਤੀ ਕਰ ਰਹੀ ਹੈ। ਇਹ ਫਿਰ ਪਾਕਿਸਤਾਨ ਨਾਲ ਪੰਗਾ ਲੈਣਗੇ। ਆਪਣੇ ਮੁੰਡੇ ਮੂਹਰੇ ਲਾ ਕੇ, ਮਰਵਾ ਦੇਣਗੇ। ਇੰਨਾ ਨਿੱਕਿਆਂ ਨੂੰ ਤੁਸੀਂ ਕੁੱਝ ਸਮਝਾਉ। ਨਗਿੰਦਰ ਨੇ ਕਿਹਾ, “ ਬਾਬਾ ਤੈਨੂੰ ਐਨਕਾਂ ਦਾ ਸ਼ੀਸ਼ਾ ਬਦਲਾਉਣਾ ਚਾਹੀਦਾ ਹੈ। ਇਹ 25 ਸਾਲ ਪੁਰਾਣੀ ਲੱਗਦੀ ਹੈ। ਦਰਸ਼ਨ, ਜਸਵੰਤ ਤੇ ਹਿੰਮਤ ਐਡੇ ਨਿੱਕੇ ਵੀ ਨਹੀਂ ਹਨ। ਉਹ 24, 24 ਸਾਲਾਂ ਦੇ 6 ਫ਼ੁੱਟੇ, 200 ਕੁਵਿੰਟਲ ਭਾਰ ਦੇ ਨੌਜਵਾਨ ਹਨ। ਤੈਨੂੰ ਇੱਕ ਹੱਥ ਨਾਲ ਚੱਕ ਲੈਣਗੇ। ਦੁਸ਼ਮਣ ਦਾ ਫ਼ਿਕਰ ਨਾਂ ਕਰ। ਸੰਨ 1965 ਤੇ 71 ਵਿੱਚ ਕੀ ਹਾਲ ਕੀਤਾ ਸੀ? ਕੀ ਤੈਨੂੰ ਪਤਾ ਹੈ? ਹੁਣ ਤਾਂ ਆਪਣੇ ਮੁੰਡੇ ਭਰਤੀ ਹੋ ਗਏ ਹਨ। ਜਿਸ ਦਿਨ ਦਾ ਜਸਵੰਤ ਛੁੱਟੀ ਆਇਆ ਹੈ। ਪਿੰਡ ਵਿਚ ਕੋਈ ਚੋਰੀ ਨਹੀਂ ਹੋਈ ਨਾਂ ਹੀ ਕੋਈ ਹੋਰ ਲੜਾਈ ਝਗੜਾ ਹੋਇਆ ਹੈ।   ਅੱਛਾ ਛੋਟੇ ਮੈਂ ਚੱਲਦਾ ਹਾਂ। ਮੇਰੀ ਉਮਰ ਹੋ ਗਈ ਹੈ। ਹੁਣ ਪੁੱਗਦੀ ਨਹੀਂ ਹੈ। ਘਰਵਾਲੀ ਤੇ ਆਪ ਦੇ ਜਣੇ ਗੱਲ ਨਹੀਂ ਮੰਨਦੇ। ਹੋਰ ਕੌਣ ਗੱਲ ਮੰਨਦਾ ਹੈ? ਸਬ ਆਪਣੇ ਘੋੜੇ ਭਜਾਉਂਦੇ ਹਨ। ਜਸਵੰਤ ਨੇ ਬਾਬੇ ਨੂੰ ਬਾਂਹ ਤੋਂ ਫੜ ਕੇ, ਬੈਠਾ ਲਿਆ। ਉਸ ਨੇ ਕਿਹਾ, “ ਬਾਬਾ ਤੈਨੂੰ ਯਾਦ ਹੈ। ਅਸੀਂ ਕੰਧ ਟੱਪ ਕੇ, ਤੁਹਾਡੇ ਬੇਰ ਤੇ ਅਮਰੂਦ ਖਾਂ ਜਾਂਦੇ ਸੀ। ਤੂੰ ਸਾਡੇ ਰੋੜੇ ਮਾਰਦਾ ਹੁੰਦਾ ਸੀ। ਅੱਜ ਤੈਨੂੰ ਮੈਂ ਅਖਰੋਟ ਬਦਾਮ ਖੁਆਉਂਦਾ ਹਾਂ। ਬਾਬੇ ਨੇ ਕਿਹਾ, “ ਮੈਂ ਛੇਤੀ ਘਰ ਜਾਣਾ ਹੈ। ਰੋਟੀ ਦਾ ਸਮਾਂ ਹੋ ਗਿਆ। ਤੂੰ ਇਸ ਪਰਨੇ ਦੇ ਲੜ ਮੇਵੇ ਬੰਨ੍ਹ ਦੇ, ਬੰਤੋਂ ਨੂੰ ਵੀ ਖੁਵਾ ਦੇਵਾਂਗਾ।   ਜਸਵੰਤ ਨੇ ਅਖਰੋਟ ਬਦਾਮਾਂ ਦਾ ਬੁੱਕ ਭਰ ਕੇ, ਦੁਪੱਟੇ ਨਾਲ ਬੰਨ੍ਹ ਦਿੱਤਾ। ਕੁੱਝ ਉਸ ਦੀ ਹਥੇਲੀ ਉੱਤੇ ਰੱਖ ਦਿੱਤੇ।  ਬਾਬੇ ਨੇ ਕਿਹਾ, “ ਮੈ ਸ਼ਹਿਰ ਜਾ ਕੇ, ਅੱਖਾਂ ਦਿਖਾ ਹੀ ਆਵਾਂ। ਆਪਣੇ ਘਰ ਤੋਂ ਬਗੈਰ ਕੁੱਝ ਸਾਫ਼ ਦਿਸਦਾ ਨਹੀਂ ਹੈ। ਸੱਚੀ ਜਸਵੰਤ ਕਮਾਊ ਪੁੱਤ ਬਣ ਗਿਆ ਹੈ। ਮੇਰਾ ਨਖੱਟੂ ਪੁੱਤ ਮੈਨੂੰ ਰੋਟੀ ਨਹੀਂ ਪੁੱਛਦਾ। ਸੁੱਕੇ ਮੇਵੇ ਤਾਂ ਕਿਥੋਂ ਦੇਣੇ ਹਨ? 

ਜਸਵੰਤ ਦੀ ਛੁੱਟੀ ਖ਼ਤਮ ਹੋ ਗਈ ਸੀ। ਫ਼ੌਜ ਦੀ ਭਰਤੀ ਜਲੰਧਰ, ਬੱਦੋਵਾਲ, ਪਟਿਆਲੇ, ਫ਼ਿਰੋਜ਼ਪੁਰ ਪੰਜਾਬ ਦੀ ਹੋ ਰਹੀ ਸੀ। ਜਸਵੰਤ ਨੇ ਪਿੰਡ ਦੇ ਬਹੁਤ ਨੌਜਵਾਨ ਤਿਆਰ ਕਰ ਲਏ ਸਨ। ਕਈਆਂ ਦੇ ਮਾਪਿਆ ਨੇ, ਪੁੱਤਰ ਖ਼ੁਸ਼ੀ ਨਾਲ ਭੇਜ ਦਿੱਤੇ ਸਨ। ਕਈ ਰੋਣਾ ਲੈ ਕੇ ਬੈਠੇ ਹੋਏ ਸਨ। ਪਰ ਜਵਾਨਾਂ ਦੇ ਅੰਦਰ ਜੋਸ਼ ਠਾਠਾਂ ਮਾਰ ਰਿਹਾ ਸੀ। ਜੋਸ਼ ਅੱਗੇ, ਰੋਸ ਕੰਮ ਨਹੀਂ ਕਰਦਾ। ਰੋਸ ਕਮਜ਼ੋਰ ਕਰਦਾ ਹੈ। ਜੋਸ਼ ਸ਼ਕਤੀ ਸਾਲੀ ਤੇ ਪੱਕੇ ਇਰਾਦੇ ਕਰਦਾ ਹੈ। ਹੌਸਲੇ ਵਧਾਉਂਦਾ ਹੈ। ਸਫਲਤਾ ਦਿੰਦਾ ਹੈ। ਅੱਗੇ ਵਧਾਉਂਦਾ ਹੈ।

Comments

Popular Posts