ਭਾਗ 55 ਕਈ ਬੰਦੇ ਵਿਆਹ ਵਿੱਚ ਮਿੰਨਤਾਂ ਨਾਲ ਜਾਂਦੇ ਹਨ ਬੁੱਝੋ ਮਨ ਵਿੱਚ ਕੀ?

ਕਈ ਬੰਦੇ ਵਿਆਹ ਵਿੱਚ ਮਿੰਨਤਾਂ ਨਾਲ ਜਾਂਦੇ ਹਨ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਰੁੱਸਣਾ ਬੰਦੇ ਦੀ ਆਦਤ ਹੈ। ਕਈ ਦੂਜੇ ਨੂੰ ਦੇਖ ਕੇ ਮੂੰਹ ਮੋਟਾ ਕਰ ਲੈਂਦੇ ਹਨ। ਕਈ ਗੱਲ-ਗੱਲ ਤੇ ਗ਼ੁੱਸਾ ਦਿਖਾਉਂਦੇ ਹਨ। ਕਿੱਲੇ ਬੰਨ੍ਹੇ ਮਾੜੇ ਪਸ਼ੂ ਵਾਂਗ ਖੌਰੂ ਪਾਉਂਦੇ ਹਨ। ਦੂਜੇ ਨਾਲ ਖਹਿੰਦੇ ਹਨ। ਸਿੰਘ ਫਸਾਉਂਦੇ ਹਨ। ਭੁੱਲੀਆਂ ਪੁਰਾਣੀਆਂ ਸੜੀਆਂ ਹੋਈਆਂ ਗੱਲਾਂ ਛੇੜਦੇ ਹਨ। ਜ਼ਖ਼ਮ ਨੋਚਣ ਵਾਂਗ ਘਸੀਆਂ ਪੀਟੀਆਂ ਗੱਲਾਂ ਦੁਹਰਾਉਂਦੇ ਹਨ। ਜਿਸ ਦਾ ਨਾ ਹੀ ਕੋਈ ਮਤਲਬ ਹੁੰਦਾ ਹੈ। ਐਸੀਆਂ ਗੱਲਾਂ ਕਰਨ ਨਾਲ ਬੀਤੇ ਸਮੇਂ ਉੱਤੇ ਕੋਈ ਫ਼ਰਕ ਨਹੀਂ ਪੈਂਦਾ। ਸਗੋਂ ਅੱਜ ਦਾ ਸਮਾਂ ਫ਼ਜ਼ੂਲ ਦੀਆਂ ਗੱਲਾਂ ਕਰ ਕੇ ਖ਼ਰਾਬ ਹੁੰਦਾ ਹੈ। ਖ਼ੂਨ ਦੇ ਰਿਸ਼ਤਿਆਂ ਵਿੱਚ ਵੈਰ ਪਾਈ ਰੱਖਦੇ ਹਨ। ਆਪਣੇ ਛੱਡ ਕੇ ਬੇਗਾਨਿਆਂ ਦੀਆਂ ਲਾੜਾ ਚੱਟਦੇ ਹਨ। ਕਿਉਂਕਿ ਬੇਗਾਨੇ ਨਵੇਂ ਬਣੇ ਦੋਸਤ ਨਵੇਂ ਮਿਲੇ ਬੰਦੇ ਦੀਆਂ ਅਸਲੀ ਕਰਤੂਤਾਂ ਨਹੀਂ ਜਾਣਦੇ ਹੁੰਦੇ। ਬੰਦੇ ਦੀਆਂ ਜੜਾਂ ਤਾਂ ਖ਼ੂਨ ਦੇ ਰਿਸ਼ਤਿਆਂ ਵਾਲੇ ਸਕੇ ਭੈਣ-ਭਰਾ, ਮਾਪੇ, ਧੀਆਂ-ਪੁੱਤਰ ਤੇ ਨੇੜੇ ਦੇ ਰਿਸ਼ਤੇਦਾਰ ਹੀ ਜਾਣਦੇ ਹੁੰਦੇ ਹਨ। ਕਈ ਬੰਦੇ ਆਪਣੇ ਖ਼ੂਨ ਦੇ ਰਿਸ਼ਤਿਆਂ ਨੂੰ ਭੁੱਲ ਜਾਂਦੇ ਹਨ। ਨਵੇਂ ਲੋਕਾਂ ਨਾਲ ਲਿਹਾਜ਼ ਪਾਉਂਦੇ ਹਨ। ਦੂਜੇ ਲੋਕ ਚੰਗੇ ਲੱਗਦੇ ਹਨ। ਬਾਹਰ ਹੋਰਾਂ ਲੋਕਾਂ ਨਾਲ ਯਾਰੀਆਂ ਕਰਦੇ ਹਨ। ਆਪਣੇ ਸਕਿਆਂ ਦਾ ਕੋਈ ਕੰਮ ਨਹੀਂ ਕਰਦੇ। ਲੋਕਾਂ ਦੇ ਕੰਮ ਝੱਟ ਕਰਦੇ ਹਨ। ਡਾਢੇ ਅੱਖਾਂ ਫੇਰੀਆਂ ਵੈਰੀ ਕੁੱਲ ਜਹਾਨ। ਭੈਣ ਭਰਾ ਮੁੱਖ ਮੋੜਨ ਅੰਗ ਸਾਕ ਪ੍ਰੀਤਾਂ ਤੋੜਨ। ਲੋਕਾਂ ਸ਼ਰੀਕੇ ਵਾਲਿਆਂ ਤੇ ਭੈਣ-ਭਰਾ ਤੇ ਹੋਰਾਂ ਨੇ ਕੀ ਕਰਨਾ ਹੈ? ਜੋ ਰੱਬ ਨੂੰ ਮਨਜ਼ੂਰ ਹੈ। ਰੱਬ ਨੇ ਉਹੀ ਕਰਨਾ ਹੈ। ਬੰਦਾ ਦੂਜੇ ਬੰਦੇ ਨੂੰ ਦੇਖ ਕੇ ਜਰਦਾ ਨਹੀਂ ਹੈ। ਕਈ ਤਾਂ ਐਸੇ ਵੀ ਹੁੰਦੇ ਹਨ। ਵਿਆਹ ਮੰਗਣੇ ਵਿੱਚ ਸਿਆਪਾ ਪਾਉਂਦੇ ਹੀ ਹਨ। ਚਾਚੇ, ਤਾਏ, ਭੁਆਂ, ਫੁੱਫੜ, ਮਾਸੀਆਂ, ਮਾਸੜ ਹੋਰ ਰਿਸ਼ਤੇਦਾਰ ਰੁੱਸ-ਰੁੱਸ ਬੈਠਦੇ ਹਨ। ਵਿਆਹ ਵਿੱਚ ਵੜਨਾ ਵੀ ਹੁੰਦਾ ਹੈ। ਨਖ਼ਰੇ ਵੀ ਕਰਦੇ ਹਨ। ਮਿੰਨਤਾਂ ਕਰਾਉਂਦੇ ਹਨ। ਕਈ ਪੈਰੀਂ ਹੱਥ ਲਗਵਾਉਂਦੇ ਹਨ। ਮਰਦ ਤੋਂ ਪੱਗ ਸਿਰ ਤੋਂ ਲਹਾ ਕੇ ਮਨਾਉਣ ਵਾਲੇ ਦੇ ਪੈਰਾਂ ਵਿੱਚ ਰੱਖਦੇ ਹਨ। ਜੇ ਔਰਤ ਪ੍ਰਧਾਨ ਹੋਵੇ ਉਸ ਤੋਂ ਚੁੰਨੀ ਪੈਰਾਂ ਤੇ ਰਖਵਾਉਂਦੇ ਹਨ। ਵਿਆਹ ਵਿੱਚ ਆਉਣਾ ਵੀ ਹੁੰਦਾ ਹੈ। ਹਾੜੇ ਕਢਾ ਕੇ ਆਉਂਦੇ ਹਨ। ਫਿਰ ਆ ਕੇ ਹਰ ਪ੍ਰੋਗਰਾਮ ਵਿੱਚ ਨੁਕਸ ਕੱਢਦੇ ਹਨ। ਰੱਜ ਕੇ ਭੜਥੂ ਪਾਉਂਦੇ ਹਨ। ਐਸੇ ਲੋਕਾਂ ਨੂੰ ਆਪ ਦੇ ਘਰ, ਵਿਆਹ, ਪ੍ਰੋਗਰਾਮ ਦਾ ਸ਼ਿੰਗਾਰ ਬਣਾ ਕੇ ਕੀ ਖੱਟਣਾ ਹੈ? ਜੋ ਰੁੱਸਦਾ ਹੈ। ਜੀਅ ਸਦਕੇ ਰੁੱਸੇ। ਕਿਸੇ ਦੇ ਹਾੜੇ ਕੱਢਣ, ਮਿੰਨਤਾਂ ਕਰਨ ਦੀ ਕੋਈ ਲੋੜ ਨਹੀਂ ਹੈ। ਜਿਵੇਂ ਬਾਕੀ ਲੋਕਾਂ ਨੂੰ ਸੱਦਾ ਦਿੱਤਾ ਜਾਂਦਾ ਹੈ। ਵੈਸੇ ਹੀ ਐਸੇ ਨੱਕ ਚੜ੍ਹਿਆਂ ਵਿਹਾਰ ਕਰਨਾ ਚਾਹੀਦਾ ਹੈ। ਕੋਈ ਸਪੈਸ਼ਲ ਤਰਲਾ ਕਰਨ ਦੀ ਲੋੜ ਨਹੀਂ ਹੈ। ਕਈ ਮਿੰਨਤਾਂ ਕਰਨ ਪਿੱਛੋਂ ਵੀ ਮਨ ਵਿਚੋਂ ਖ਼ਾਰ, ਮੈਲ ਨਹੀਂ ਕੱਢਦੇ। ਸਗੋਂ ਐਸੇ ਬੰਦਿਆਂ ਨੂੰ ਸੱਦਿਆ ਹੀ ਨਾ ਜਾਵੇ। ਇੱਜ਼ਤ ਢੱਕੀ ਰਹਿ ਸਕਦੀ। ਐਸੇ ਲੋਕ ਸਾਰਾ ਕੁੱਝ ਨੁਕਸ ਕੱਢ ਕੇ ਦੇਖਦੇ ਰਹਿੰਦੇ ਹਨ। ਖੰਭਾ ਦੀਆਂ ਉਡਾਰ ਬਣਾ ਕੇ ਗੱਲਾਂ ਹੋਰਾਂ ਲੋਕਾਂ ਵਿੱਚ ਫੈਲਾਉਂਦੇ ਹਨ।

ਕਈ ਤਾਂ ਭਾਨੀ ਮਾਰਨ ਦੀ ਕੋਸ਼ਿਸ਼ ਕਰਦੇ ਹਨ। ਮੁੰਡੇ ਕੁੜੀ ਵਾਲਿਆਂ ਨੂੰ ਲੂਤੀਆਂ ਲਗਾਉਂਦੇ ਹਨ। ਰਿਸ਼ਤਾ ਸਿਰੇ ਹੀ ਨਹੀਂ ਚੜ੍ਹਨ ਦਿੰਦੇ। ਇਹ ਲੋਕ ਬਹੁਤ ਨੇੜੇ ਦੇ ਨਜ਼ਦੀਕੀ ਦੋਸਤ ਰਿਸ਼ਤੇਦਾਰ, ਗੁਆਂਢੀ ਜਾਂ ਘਰ ਵਿਚੋਂ ਹੀ ਹੁੰਦੇ ਹਨ। ਕਿਸੇ ਦੂਜੇ, ਤੀਜੇ ਬੰਦਿਆਂ ਨੇ ਐਸੀ ਕਰਤੂਤ ਕਰ ਕੇ ਕੀ ਖੱਟਣਾ ਹੈ? ਉਹੀ ਭਾਨੀ ਮਾਰਦਾ ਹੈ। ਜਿਸ ਦਾ ਕਿਸੇ ਨੂੰ ਖ਼ੁਸ਼ ਦੇਖ ਕੇ ਕਾਲਜਾ ਮੱਚਦਾ ਹੈ।

ਵਿਆਹ ਜਾਂ ਕਿਸੇ ਪ੍ਰੋਗਰਾਮ ਭੋਜਨ ਦੀ ਦਾਅਵਤ ਪਿੱਛੋਂ ਕਈ ਰਿਸ਼ਤੇਦਾਰ, ਦੋਸਤ ਕਹਿੰਦੇ ਹਨ, “ ਸਾਡੀ ਕੋਈ ਸਿਆਣ ਨਹੀਂ ਕੱਢੀ। ਹੋਰਾਂ ਦੀ ਬਹੁਤ ਪੁੱਛ-ਗਿੱਛ ਕੀਤੀ। ਦਾਲਾਂ-ਸਬਜ਼ੀਆਂ ਸੁਆਦ ਨਹੀਂ ਸੀ। ਰੋਟੀ ਸਮੇਂ ਤੇ ਨਹੀਂ ਮਿਲੀ। ਰੋਟੀ ਪੁੱਛੀ ਹੀ ਨਹੀਂ। ਦਾਰੂ ਪੀਣ ਨੂੰ ਨਹੀਂ ਦਿੱਤਾ। ਮਿਠਿਆਈ ਦੇ ਡੱਬੇ ਨਹੀਂ ਦਿੱਤੇ। ਵਿਆਹ ਵਿੱਚ ਭਾਜੀ ਚੱਜ ਦੀ ਨਹੀਂ ਦਿੱਤੀ। ਦਾਜ ਬਰੀ ਦਾ ਦੇਣ, ਲੈਣ ਨਹੀਂ ਦਿਖਾਇਆ। ਚਾਹ ਪਾਣੀ ਨਹੀਂ ਪੁੱਛਿਆ। ਵਿਆਹ ਵਿੱਚ ਸੇਵਾ ਨਹੀਂ ਕੀਤੀ। ਵਿਆਹ ਵਿੱਚ ਨਾਨਕੀਆਂ ਦੀ ਦਾਦਕੀਆਂ ਤੋਂ ਵੱਧ ਪੁੱਛ-ਗਿੱਛ ਸੀ। ਦਾਦਕੀਆਂ ਨੇ ਨਾਨਕੀਆਂ ਦੀ ਸਿਆਣ ਨਹੀਂ ਕੱਢੀ। ਲੋਕਾਂ ਦਾ ਕੰਮ ਚਰਚਾ ਕਰਨੀ ਹੁੰਦਾ ਹੈ।

ਜੋ ਵਿਆਹ, ਪ੍ਰੋਗਰਾਮ ਭੋਜਨ ਦੀ ਦਾਅਵਤ ਵਿੱਚ ਮਿੰਨਤਾਂ ਨਾਲ ਜਾਂਦੇ ਹਨ। ਐਸੇ ਲੋਕਾਂ ਨੇ ਵੈਸੀਆਂ ਹੀ ਗੱਲਾਂ ਕਰਨੀਆਂ ਹਨ। ਐਸੇ ਲੋਕਾਂ ਨੂੰ ਅੱਖੋਂ ਉਹਲੇ ਕਰ ਦੇਣਾ ਚਾਹੀਦਾ ਹੈ। ਐਸੀਆਂ ਗੱਲਾਂ ਨਾ ਹੀ ਸੁਣੀਆਂ ਜਾਣ। ਲੋਕਾਂ ਨੂੰ ਖ਼ੁਸ਼ ਨਹੀਂ ਕਰ ਸਕਦੇ। ਵਿਆਹ, ਪ੍ਰੋਗਰਾਮ ਭੋਜਨ ਦੀ ਦਾਅਵਤ ਵਿੱਚ ਹਰ ਕਿਸੇ ਦੇ ਪਸੰਦ ਦਾ ਖਾਣਾ ਨਹੀਂ ਪਰੋਸ ਸਕਦੇ। ਨਾ ਹੀ ਕਿਸੇ ਦੇ ਮੂੰਹ ਵਿੱਚ ਬੁਰਕੀਆਂ ਪਾ ਸਕਦੇ ਹਾਂ। ਹਰ ਇੱਕ ਨੂੰ ਸੱਦ-ਸੱਦ ਕੇ ਥਾਲ਼ੀ ਪਰੋਸ ਕੇ ਇਹ ਵੀ ਨਹੀਂ ਕਹਿ ਸਕਦੇ, “ ਬਈ ਖਾਣਾ ਲੱਗ ਗਿਆ ਹੈ। ਆਜੋ ਤੁਹਾਡੇ ਮੂੰਹ ਵਿੱਚ ਬੁਰਕੀਆਂ ਪਾਈਏ। ਜਿੰਨੇ ਮੂੰਹ ਹਨ। ਲੋਕਾਂ ਨੇ ਉਨੀਆਂ ਹੀ ਗੱਲਾਂ ਕਰਨੀਆਂ ਹਨ। ਕਿਸੇ ਨੂੰ ਖ਼ੁਸ਼ ਨਹੀਂ ਕਰ ਸਕਦੇ। ਮਰਦ-ਔਰਤ ਆਪ ਦਾ ਤਨ-ਧੰਨ ਇੱਕ ਦੂਜੇ ਨੂੰ ਦੇ ਦਿੰਦੇ ਹਨ। ਇੱਕ ਦੂਜੇ ਮੂਹਰੇ ਨੰਗੇ ਹੋ ਜਾਂਦੇ ਹਨ। ਖ਼ੁਸ਼ ਤਾਂ ਉਹ ਵੀ ਨਹੀਂ ਹੁੰਦੇ। ਉਹ ਵੀ ਪਤੀ-ਪਤਨੀ ਇੱਕ ਦੂਜੇ ਦੀ ਇੱਜ਼ਤ ਚੰਗੀ ਤਰਾ ਉਤਾਰਦੇ ਹਨ। ਪਤੀ-ਪਤਨੀ ਇੱਕ ਦੂਜੇ ਦੇ ਭੈਣ, ਭਰਾਵਾਂ, ਰਿਸ਼ਤੇਦਾਰਾਂ ਨੂੰ ਖ਼ੂਬ ਕੋਸਦੇ ਹਨ। ਫਿਰ ਵੀ ਪਸ਼ੂਆਂ ਵਾਂਗ ਇੱਕੋ ਖੁਰਲੀ ਵਿੱਚ ਹਰ ਰੋਜ਼ ਮੂੰਹ ਮਾਰਦੇ ਹਨ।

ਲੋਕ ਐਸੇ ਹੀ ਹਨ। ਕਿਸੇ ਨੂੰ ਖ਼ੁਸ਼ ਨਹੀਂ ਕਰ ਸਕਦੇ। ਲੋਕਾਂ ਦੀ ਪ੍ਰਵਾਹ ਛੱਡੋ। ਆਪਣੀ ਜ਼ਿੰਦਗੀ ਆਪਣੇ ਮੁਤਾਬਿਕ ਜੀਵੋ। ਲੋਕਾਂ ਨੂੰ ਖ਼ੁਸ਼ ਕਰਨ ਲੱਗੇ। ਆਪਣਾ ਖਾਣਾ-ਪੀਣਾ ਭੁੱਲ ਜਾਵੇਗਾ। ਆਪ ਦੀ ਸਿਹਤ ਖ਼ਰਾਬ ਹੋ ਜਾਵੇਗੀ। ਆਪ ਦਾ ਰਾਂਝਾ ਰਾਜ਼ੀ ਰੱਖੋ। ਲੋਕਾਂ ਵਲ ਨਾ ਹੀ ਦੇਖੋ। ਲੋਕਾਂ ਦੀਆਂ ਬਹੁਤ ਮੰਗਾ ਹਨ। ਆਪਣੀ ਜਾਨ ਦੀ ਦੇਖ-ਭਾਲ ਕਰੋ। ਲੋਕਾਂ ਨੂੰ ਜੱਫਾ ਪਾਉਣ ਦੀ ਕੋਸ਼ਿਸ਼ ਨਾ ਹੀ ਕਰੋ। ਲੋਕਾਂ ਦੇ ਥੱਲੇ ਆ ਕੇ, ਦਬ ਕੇ ਮਰ ਜਾਵੋਗੇ।

Comments

Popular Posts