ਭਾਗ 4 ਬਦਲਦੇ ਰਿਸ਼ਤੇ


ਵਿਆਹ ਤੋਂ ਪਹਿਲਾਂ ਦਾ ਪਿਆਰ ਐਸਾ ਵੈਸਾ ਹੀ ਹੁੰਦਾ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਗੈਰੀ ਤੇ ਸੀਬੋ ਸ਼ਗਨ ਕਰਨ ਪਿਛੋਂ ਆਪਦੇ ਘਰ ਚਲੇ ਗਏ ਸਨ। ਸੁੱਖੀ ਨੇ ਮੰਮੀ ਨੂੰ ਕਿਹਾ, " ਮੈਂ ਕਨੇਡਾ ਵਿੱਚ ਨਹੀਂ ਜਾਂਣਾਂ। ਹੋਰ ਪੜ੍ਹਾਈ ਕਰਕੇ, ਪੰਜਾਬ ਵਿੱਚ ਪ੍ਰੋਫੈਸਰ ਬੱਣ ਕੇ, ਹੋਰਾਂ ਨੂੰ ਪੜ੍ਹਾਉਣਾਂ ਹੈ। ਮੇਰੇ ਮਨ-ਪਸੰਦ ਦਾ ਮੁੰਡਾ ਸੰਨੀ ਹੈ। ਮੈਂ ਉਸ ਨਾਲ ਪਿਆਰ ਕਰਦੀ ਹਾਂ। ਉਸ ਨਾਲ ਵਿਆਹ ਕਰਾਂਉਣਾਂ ਹੈ। " " ਇਥੇ ਹੀ ਜੁਬਾਨ ਬੰਦ ਕਰ ਲੈ। ਜੇ ਕਿਸੇ ਨੇ ਸੁਣ ਲਿਆ। ਤੇਰੇ ਸੌਹੁਰਿਆਂ ਨੂੰ ਦੱਸ ਦੇਵੇਗਾ। ਪਿਆਰ ਜਾਂ ਮਨ-ਪਸੰਦ ਐਸਾ ਕੁੱਝ ਨਹੀਂ ਹੁੰਦਾ। ਜਿਸ ਕੋਲ ਰਹਿੱਣ ਲੱਗ ਜਾਵੋ। ਉਸੇ ਨਾਲ ਪਿਆਰ ਹੋ ਜਾਂਦਾ ਹੈ। ਉਹੀ ਮਨ-ਪਸੰਦ ਬੱਣ ਜਾਂਦਾ ਹੈ। " " ਮਾਂ ਮੇਰਾ ਪਿਆਰ ਸੰਨੀ ਨਾਲ ਹੈ। ਗੈਰੀ ਨੂੰ ਡੈਡੀ ਪਤਾ ਨਹੀਂ ਕਿਥੋਂ ਫੜ ਲਿਆਏ। ਕੀ ਇਦਾ ਵੀ ਰਿਸ਼ਤੇ ਹੁੰਦੇ ਹਨ? " " ਬਹੁਤੀ ਜੁਬਾਨ ਨਾਂ ਚਲਾ। ਕੈਂਚੀ ਲੈ ਕੇ ਕੱਟ ਦੇਵਾਂਗੀ। ਜੇ ਤੇਰੇ ਪਿਉ ਨੇ ਇਹ ਬਕਬਾਸ ਸੁਣ ਲਈ। ਤੈਨੂੰ ਤਾਂ ਮਾਰੂਗਾ ਹੀ, ਬੇਗਾਨਾਂ ਪੁੱਤ ਮਰਾਵੇਗੀ। ਸਾਡੇ ਉਤੇ ਤਰਸ ਕਰ। ਜਦੋਂ ਤੇਰਾ ਗੈਰੀ ਨਾਲ ਵਿਆਹ ਹੋ ਗਿਆ। ਤੂੰ ਕਨੇਡਾ ਚਲੀ ਗਈ। ਤੂੰ ਸਾਡੇ ਨਾਲ ਪੰਜੇ ਭੈਣ ਭਰਾ ਵੀ ਕਨੇਡਾ ਸੱਦ ਲਵੇਗੀ। ਸਾਰਾ ਟੱਬਰ ਰੋਟੀ ਪੈ ਜਾਵੇਗਾ। ਮੈਂ ਤੇਰੇ ਮੂਹਰੇ ਹੱਥ ਬੰਨਦੀ ਹਾਂ। "

ਉਹ ਗੱਲਾਂ ਕਰ ਰਹੀਆਂ ਸਨ। ਸੁੱਖੀ ਦਾ ਡੈਡੀ ਲਾਭ ਵੀ ਆ ਗਿਆ। ਉਸ ਨੇ ਕਿਹਾ, " ਤੂੰ ਮੇਰੀ ਕੁੜੀ ਅੱਗੇ ਹੁਣੇ ਹੱਥ ਬੰਨੀ ਜਾਂਦੀ ਹੈ। ਅਜੇ ਤਾਂ ਇਸ ਦਾ ਵਿਆਹ ਦਿਵਾਲੀ ਤੋਂ ਪਿਛੋਂ ਪੰਜਵੇਂ ਦਿਨ ਦਾ ਰੱਖਿਆ ਹੈ। " " ਸੁੱਖੀ ਦੇ ਡੈਡੀ ਤੁਸੀਂ ਵਿਆਹ ਵੀ ਰੱਖ ਦਿੱਤਾ। ਚੰਗਾ ਕੀਤਾ ਹੈ। ਮੈਂ ਤਾਂ ਇਸ ਨੂੰ ਮੱਤ ਦਿੰਦੀ ਸੀ। ਸੌਹੁਰੀ ਕਿਵੇਂ ਸਾਊ ਬੱਣ ਕੇ ਰਹਿੱਣਾਂ ਹੈ? ਜੇ ਪੁਰਾਉਣੇ ਤੇ ਸੱਸ ਸੌਹੁਰੇ ਦੀ ਆਗਿਆ ਵਿੱਚ ਰਹੇਂਗੀ। ਉਨਾਂ ਦੀ ਸੇਵਾ ਕਰੇਗੀ। ਕੁੱਝ ਪੱਲੇ ਖੱਟੇਂਗੀ। ਆਪਣਾਂ ਵੀ ਕੁੱਝ ਬੱਣ ਜਾਵੇਗਾ। " " ਤੂੰ ਵੀ ਠੀਕ ਕਹਿੰਦੀ ਹੈ, ਸੁੱਖੀ ਦੀ ਮਾਂ ਧੀ ਨੂੰ ਸਿਆਣੀ ਮੱਤ ਦੇ। ਸੌਹੁਰਿਆਂ ਤੋਂ ਕੋਈ ਉਲਾਭਾਂ ਨਾਂ ਆਵੇ। ਤੂੰ ਅੱਜ ਹੀ ਮੇਰੇ ਨਾਲ ਸੁੱਖੀ ਦੇ ਨਾਨਕੀ ਚੱਲ। ਦਿਨ ਛਿੱਪਣ ਤੋਂ ਪਹਿਲਾਂ ਉਥੇ ਪਹੁੰਚ ਜਾਈਏ। ਉਨਾਂ ਨੂੰ ਵੀ ਖੁਸ਼-ਖਬਰੀ ਦੱਸ ਦਈਏ। " " ਮੈਂ ਵੀ ਇਹੀ ਸੋਚਦੀ ਸੀ। ਉਨਾਂ ਨੂੰ ਛੇਤੀ ਦੱਸਣਾਂ ਪੈਣਾਂ ਹੈ। ਅੱਗਲਿਆ ਨੇ ਪਹਿਲੀ ਨਾਨਕ ਛੱਕ ਪੂਰਨੀ ਹੈ। " " ਤਾਂਹੀ ਤਾਂ ਅੱਜ ਹੀ ਦੱਸਣ ਜਾਂਣਾਂ ਹੈ। ਆਪਣੇ ਵਿਆਹ ਨੂੰ ਤਾਂ ਕੁੱਝ ਸਰਿਆਂ ਨਹੀਂ। ਕੁਵਾੜ ਖਾਨਾਂ ਮੇਰੇ ਮੱਥੇ ਮਾਰਿਆ। ਹੁਣ ਦੇਖ਼ਦੇ ਹਾਂ। ਮੇਰੀ ਕੁੜੀ ਦੇ ਵਿਆਹ ਵਿੱਚ ਕੀ ਦੇ ਕੇ ਜਾਂਣਗੇ?" " ਗੱਲ ਸੋਚ ਕੇ ਕਰਿਆ ਕਰ। ਕੁਵਾੜ ਖਾਨਾਂ ਕਿਹਨੂੰ ਕਿਹਾ ਹੈ? " " ਮੁਆਫ਼ ਕਰ ਬਾਬਾ, ਮੇਰੇ ਮੂੰਹ ਵਿਚੋਂ ਸੱਚੀ ਗੱਲ ਨਿੱਕਲ ਜਾਂਦੀ ਹੈ। ਹੁਣ ਮੂੰਹ ਮੋਟਾ ਬੱਣਾਂ ਕੇ ਨਾਂ ਬੈਠ ਜਾਵੀ। ਤੇਰੀ ਉਮਰ ਤਾਂ ਜਿਵੇਂ ਕਿਵੇ ਕੱਟ ਗਈ। ਹੁਣ ਤਾਂ ਖੁਸ਼ ਹੋ ਜਾ। ਕੁੜੀ ਨੇ ਕਨੇਡਾ ਚੱਲੀ ਜਾਂਣਾਂ ਹੈ। ਚੱਲ ਉਠ ਕੇ ਪੇਕਿਆਂ ਨੂੰ ਜਾਂਣ ਲਈ ਤਿਆਰ ਹੋ ਜਾ। ਛੇਤੀ ਤੁਰ ਚੱਲੀਏ। "

ਮੰਮੀ-ਡੈਡੀ ਦੇ ਘਰੋ ਜਾਂਣ ਸਾਰ ਸੁੱਖੀ ਨੇ, ਘਰ ਦੇ ਸਾਰੇ ਗਹਿੱਣੇ, ਪੈਸੇ ਤੇ ਸੂਟ ਇਕੱਠੇ ਕਰ ਲਏ। ਗੁਆਂਢੀਆਂ ਦੇ ਛੋਟੇ ਮੁੰਡੇ ਨੂੰ ਭੇਜ ਕੇ, ਸੰਨੀ ਨੂੰ ਸੁਨੇਹਾ ਦੇ ਕੇ ਸੱਦ ਲਿਆ। ਉਸ ਨੇ ਸੰਨੀ ਨੂੰ ਕਿਹਾ, " ਸੰਨੀ ਆਪਾਂ ਨਵੀਂ ਜਿੰਦਗੀ ਸ਼ੁਰੂ ਕਰਦੇ ਹਾਂ। ਮੇਰੇ ਕੋਲ ਬਹੁਤ ਗਹਿੱਣੇ, ਪੈਸੇ ਤੇ ਸੂਟ ਹਨ। ਬਹੁਤ ਵਧੀਆ ਜਿੰਦਗੀ ਗੁਜ਼ਰ ਜਾਵੇਗੀ। " " ਸੁੱਖੀ ਮੈਂ ਆਪਦੇ ਮਾਪਿਆਂ ਨੂੰ ਛੱਡ ਕੇ ਨਹੀਂ ਭੱਜ ਸਕਦਾ। ਆਪਾਂ ਭੱਜ ਕੇ ਕਿਥੇ ਜਾਂਵਾਂਗੇ? ਤੈਨੂੰ ਪਤਾ ਹੈ। ਮੇਰੀ ਕੋਈ ਪਿੰਡੋਂ ਬਾਹਰ ਜਾਂਣ-ਪਛਾਂਣ ਨਹੀਂ ਹੈ। " " ਸੰਨੀ ਆਪਾਂ ਐਡੀ ਦੂਰ ਭੱਜ ਚੱਲੀਏ। ਆਪਾਂ ਨੂੰ ਕੋਈ ਲੱਭ ਨਾਂ ਸਕੇ। ਬੰਬੇ, ਦਿੱਲੀ ਵੱਲ ਨਿੱਕਲ ਚੱਲਦੇ ਹਾਂ। ਤੂੰ ਉਥੇ ਆਪਦੇ ਮੰਮੀ-ਡੈਡੀ ਨੂੰ ਸੱਦ ਲਵੀਂ।" " ਘਰੋਂ ਭੱਜਣਾਂ ਤੇ ਲੋਕਾਂ ਤੋਂ ਲੁੱਕਣਾਂ। ਇਹ ਤੇਰਾ 15 ਦੇ ਪਹਾੜੇ ਜਿੰਨਾਂ ਸੌਖਾ ਨਹੀਂ ਹੈ। ਤੈਨੂੰ ਕੁੱਝ ਨਹੀਂ ਹੋਣਾਂ। ਪੁਲੀਸ ਵਾਲੇ ਕੁੱਟ-ਕੁੱਟ ਕੇ, ਮੇਰੀ ਛਿਲ ਲਾਹ ਦੇਣਗੇ। ਮੇਰੇ ਤੋਂ ਪੁਲੀਸ ਤੇ ਲੋਕਾਂ ਦੀ ਕੁੱਟ ਨਹੀਂ ਖਾਂਦੀ ਜਾਂਣੀ। ਮੈਂ ਤੇਰੇ ਬਗੈਰ ਰਹਿ ਸਕਦਾਂ ਹਾਂ। ਜਿਵੇਂ ਤੈਨੂੰ ਮੁੰਡਾ ਲੱਭ ਗਿਆ। ਮੈਨੂੰ ਵੀ ਕੋਈ ਲੱਭ ਜਾਵੇਗੀ। ਤੂੰ ਕਨੇਡੀਅਨ ਨਾਲ ਵਿਆਹ ਕਰਾ ਕੇ, ਮੌਜ ਲੁੱਟ। ਮੇਰਾ ਖਹਿੜਾ ਛੱਡ। ਮੇਰੇ ਕੋਲੋ ਨੌਕਰੀ ਨਹੀਂ ਹੋਣੀ। ਘਰ ਮੈਂ ਵਹਿਲਾ ਬੈਠਾ, ਜਮੀਨ ਦੇ ਸਿਰੋਂ ਰੋਟੀ ਖਾ ਸਕਦਾ ਹਾਂ। ਤੂੰ ਮੈਨੂੰ ਭੁੱਲ ਜਾ। " " ਸੰਨੀ ਕੀ ਤੇਰਾ ਪਿਆਰ ਇੰਨਾਂ ਕੱਚਾ ਸੀ? ਜੋ ਇੰਨੀ ਛੇਤੀ ਟੁੱਟ ਗਿਆ। " " ਤੂੰ ਵੀ ਮੌਜ਼ ਲੁੱਟੀ, ਮੇਰਾ ਮਨ ਪ੍ਰਚਾਵਾ ਹੋ ਗਿਆ। ਵਿਆਹ ਤੋਂ ਪਹਿਲਾਂ ਦਾ ਪਿਆਰ ਐਸਾ ਵੈਸਾ ਹੀ ਹੁੰਦਾ ਹੈ। ਕੋਈ ਜੁੰਮੇਬਾਰੀ ਨਹੀਂ ਹੁੰਦੀ। ਤੇਰਾ ਬੋਝ ਸਹਾਰਨ ਵਾਲਾ ਕਨੇਡੀਅਨ ਆ ਗਿਆ ਹੈ। ਨਾਲੇ ਪੂਰੇ ਪਰਿਵਾਰ ਦੀ ਬੇੜੀ ਸਿਰੇ ਲਾ ਦੇਵੇਗਾ। ਉਦਾ ਵੀ ਸਾਨ੍ਹ ਵਾਂਗ ਬਹੁਤ ਤੱਕੜਾ ਹੈ। "

 

 

 

Comments

Popular Posts