ਭਾਗ 37 ਧਰਤੀ ਬਰਫ਼ ਨਾਲ ਢਕੀ ਹੋਣ ਕਰਕੇ, ਚਿੱਟੀ ਚਾਦਰ ਵਰਗੀ ਲੱਗਦੀ ਸੀ ਜਾਨੋਂ ਮਹਿੰਗੇ ਯਾਰ 

ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ  satwinder_7@hotmail.com

ਆਕਾਸ਼ ਦੇ ਬੱਦਲਾਂ ਵਿੱਚ ਸਮੁੰਦਰ ਦੇ ਪਾਣੀ ਉੱਤੇ ਪਲੇਨ ਉੱਡ ਰਿਹਾ ਸੀ। 19 ਘੰਟੇ ਦੀ ਪਲੇਨ ਦੀ ਉਡਾਣ ਸੀ। ਪਲੇਨ ਟਰਾਂਟੋ ਲੈਂਡ ਕਰਨ ਵਾਲਾ ਸੀ। ਪਾਇਲਟ ਨੇ ਦੱਸਿਆ, “ ਟਰਾਂਟੋ ਵਿੱਚ ਬਹੁਤ ਹੈਵੀ ਸਨੋ ਫਾਲ ਹੋ ਰਹੀ ਹੈ। ਤਾਪਮਾਨ-40 ਹੈ। ਬਹੁਤ ਜ਼ਿਆਦਾ ਠੰਢ ਹੈ। ਮੋਟੀਆਂ ਜਾਕਟਾਂ, ਹੈਟ, ਗਲਵਜ਼ ਪਾ ਲਵੋ। ਲੋਕ ਹੈਂਡ ਬੈਗ ਵਿਚੋਂ ਹੈਟ, ਗਲਵਜ਼ ਲੱਭਣ ਲੱਗ ਗਏ ਸਨ। ਜੋ ਲੋਕ ਜਹਾਜ਼ ਦਿਆਂ ਸ਼ੀਸ਼ਿਆਂ ਕੋਲ ਬੈਠੇ ਸਨ। ਉਹ ਥੱਲੇ ਨੂੰ ਦੇਖਣ ਲੱਗ ਗਏ ਹਨ। ਧਰਤੀ ਬਰਫ਼ ਨਾਲ ਢਕੀ ਹੋਣ ਕਰਕੇ, ਚਿੱਟੀ ਚਾਦਰ ਵਰਗੀ ਲੱਗਦੀ ਸੀ। ਅਸਮਾਨ ਤੱਕ ਬਰਫ਼ ਹੀ ਉੱਡਦੀ ਦਿਸ ਰਹੀ ਸੀ। ਪਲੇਨ ਡਾਊਨ-ਟਾਊਨ ਉੱਤੋਂ ਦੀ ਗੇੜਾ ਲਾ ਰਿਹਾ ਸੀ। ਭਾਰੀ ਬਰਫ਼ ਪੈਣ ਕਰਕੇ, ਉੱਡਣ ਵਾਲੇ ਸਾਰੇ ਜਹਾਜ਼ ਕੈਂਸਲ ਕਰ ਦਿੱਤੇ ਸਨ। ਇੰਟਰ-ਨੈਸ਼ਨਲ ਜਹਾਜ਼ ਨੂੰ ਹੀ ਲੈਂਡ ਕਰਾ ਰਹੇ ਸਨ। ਪੂਰੇ ਕੈਨੇਡਾ ਵਿੱਚ ਵਿੱਚ ਇਹੀ ਹਾਲ ਸੀ। ਕੈਨੇਡਾ ਦੇ ਕਈ ਥਾਂਵਾਂ ‘ਤੇ - 40 ਡੀਗਰੀ ਠੰਢ ਸੀ। ਬਰਫ਼ ਗੋਡੇ-ਗੋਡੇ ਲੱਕ ਤੱਕ ਪਈ ਸੀ। ਬਰਫ਼ ਨੂੰ ਏਅਰਪੋਰਟ ਦੇ ਬਾਹਰੋਂ, ਚੰਗੀ ਤਰਾ ਸਾਫ਼ ਕੀਤਾ ਗਿਆ ਸੀ। ਫਿਰ ਵੀ ਪੈਰ ਤਿਲਕਦਾ ਸੀ। ਬਹੁਤ ਗੱਡੀਆਂ ਬਰਫ਼ ਵਿੱਚ ਫਸੀਆਂ ਖੜ੍ਹੀਆਂ ਸਨ। ਬੱਸਾਂ ਟਰੇਨਾਂ ਸਮੇਂ ਸਿਰ ਨਹੀਂ ਆ ਰਹੀਆਂ ਸਨ। ਛੋਟੀਆਂ ਕਾਰਾਂ, ਟੈਕਸੀਆਂ, ਬੱਸਾਂ, ਟਰੱਕ ਵੱਡੀਆਂ ਗੱਡੀਆਂ ਬਰਫ਼ ਵਿੱਚ ਫਸੀ ਜਾਂਦੀਆਂ ਸਨ। ਸੜਕ ਨੂੰ ਸਾਫ਼ ਕਰਕੇ, ਕੰਢਿਆਂ ਦੇ ਉੱਤੇ ਬਰਫ਼ ਦੇ ਢੇਰ ਲਗਾਏ ਗਏ ਸਨ। ਹਵਾ ਤੇ ਬਰਫ਼ ਦਾ ਤੁਫ਼ਾਨ ਆਇਆ ਹੋਇਆ ਸੀ। 35 ਕਿੱਲੋਮੀਟਰ ਹਵਾ ਹੋਣ ਕਾਰਨ ਬਰਫ਼ ਉੱਡ ਕੇ, ਜਿੱਥੇ ਇਕੱਠੀ ਹੁੰਦੀ ਸੀ। ਬਰਫ਼ ਦੇ ਢੇਰ ਲੱਗੀ ਜਾਂਦੇ ਸਨ। ਬਹੁਤੇ ਕੰਮ ਠੱਪ ਹੋ ਗਏ ਸਨ। ਸਕੂਲ ਕਾਲਜ ਵੀ ਬੰਦ ਕਰ ਦਿੱਤੇ ਗਏ ਸਨ। ਲੋਕਾਂ ਦਾ ਘਰਾਂ ਵਿਚੋਂ ਨਿਕਲਣਾ ਮੁਸ਼ਕਲ ਹੋ ਗਿਆ ਸੀ। ਕਈਆਂ ਨੂੰ ਆਦਤ ਹੁੰਦੀ ਹੈ। ਗੱਡੀ ਵਿੱਚ ਤੇਲ ਖ਼ਾਲੀ ਟੈਂਕੀ ਹੋਣ ਤੇ ਪਾਉਂਦੇ ਹਨ। ਘਰ ਸੌਦੇ ਉਦੋਂ ਲੈ ਕੇ ਆਉਂਦੇ ਹਨ। ਜਦੋਂ ਖ਼ਾਲੀ ਠੂਠਾ ਖੜਕਣ ਲੱਗ ਜਾਵੇ। ਐਸੇ ਲੋਕ ਦੁੱਧ, ਲੂਣ, ਤੇਲ, ਆਟਾ ਲਿਉਣ ਵੱਲੋਂ ਘਰ ਅੰਦਰ ਫਸੇ ਬੈਠੇ ਸਨ। ਬਰਫ਼ ਨੇ ਆਮ ਜੀਵਨ ਵਿੱਚ ਵਿਘਨ ਪਾ ਦਿੱਤਾ ਸੀ।

ਜੇ ਕੋਈ ਛੋਟੀ ਵੱਡੀ ਗੱਡੀ ਬਰਫ਼ ਵਿੱਚ ਫਸ ਗਈ ਸੀ। ਬਰਫ਼ ਵਿਚੋਂ ਕੱਢਣੀ ਬਹੁਤ ਔਖੀ ਸੀ। ਹੱਥ, ਪੈਰ ਦੋ ਮਿੰਟ ਵਿੱਚ ਬਰਫ਼ ਵਰਗੇ ਹੋ ਜਾਂਦੇ ਸਨ। ਟੋ-ਟਰੱਕ ਜਾਂ ਹੋਰ ਗੱਡੀ ਨਾਲ ਖਿੱਚ ਕੇ ਕੱਢ ਰਹੇ ਸਨ। ਜੇ ਗੱਡੀ ਬਰਫ਼ ਵਿੱਚ ਫਸ ਜਾਵੇ। ਉਸ ਲਈ ਬਹੁਤੇ ਲੋਕ ਬਰਫ਼ ਹਟਾਉਣ ਦੇ ਬੇਲਚੇ, ਕਹੀਆਂ ਗੱਡੀ ਨਾਲ ਰੱਖਦੇ ਹਨ। ਜਿਹੜੇ ਟਾਇਰ ਸਲਿਪ ਹੁੰਦੇ ਹਨ। ਉਨ੍ਹਾਂ ਥੱਲੇ ਕਾਰਪਿਟ, ਗਲੀਚਾ ਰੱਖਣ ਨਾਲ ਗੱਡੀ ਅੱਗੇ ਪਿੱਛੇ ਹੋ ਜਾਂਦੀ ਹੈ। ਤੇਜ਼ ਹਵਾ ਤੇ ਬਰਫ਼ ਨਾਲ ਬੰਦਿਆਂ ਦਾ ਤੁਰਨਾ ਮੁਸ਼ਕਲ ਹੋਇਆ ਸੀ। ਜਾਨਵਰ, ਚਿੜੀਆਂ ਤੇ ਹੋਰ ਹਿਰਨ ਵਰਗੇ ਪਸ਼ੂ ਕਿਤੇ ਛੁਪ ਗਏ ਸਨ। ਬਹੁਤੀ ਠੰਢ ਵਿੱਚ ਇਹ ਮਰ ਵੀ ਜਾਂਦੇ ਹਨ। ਪਹਾੜ, ਪੇੜ ਬਰਫ਼ ਨਾਲ ਲੱਦੇ ਹੋਏ ਸਨ। ਹੈਪੀ ਨੂੰ ਉਸ ਦਾ ਦੋਸਤ ਲੈਣ ਆਇਆ ਸੀ। ਸਿਕੰਦਰ ਤੇ ਸੁਖਵਿੰਦਰ ਦੇ ਤਿੱਲੇ ਵਾਲੀਆਂ ਪੰਜਾਬੀ ਜੁੱਤੀਆਂ ਪਾਈਆਂ ਹੋਈਆਂ ਸਨ। ਪੈਰ ਧਰਤੀ ਉੱਤੇ ਨਹੀਂ ਟਿਕਦਾ ਸੀ। ਹੈਪੀ ਨੇ ਦੇਖਿਆ, ਇੰਨਾ ਨਾਲ ਇੱਕ ਕੁੜੀ ਵੀ ਹੈ। ਉਹ ਜੋਤ ਦੀ ਸਾਲੀ ਸੀ। ਪਲੇਨ ਵਿੱਚ ਤਾਂ ਕਿਤੇ ਦਿਸੀ ਨਹੀਂ ਸੀ। ਪਤਾ ਨਹੀਂ ਕਿਥੇ ਲੁਕੋ ਕੇ ਬੈਠਾਈ ਸੀ? ਸਿਕੰਦਰ ਨੇ ਟੈਕਸੀ ਕਰ ਲਈ ਸੀ। ਸੁਖਵਿੰਦਰ ਤੇ ਕੁੜੀ ਨੂੰ ਕਿਰਾਏ ਦੀ ਬੇਸਮਿੰਟ ਵਿੱਚ ਛੱਡ ਦਿੱਤਾ ਸੀ। ਸਕੰਦਰ ਆਪਣੇ ਕੰਮ ਉੱਤੇ ਚਲਾ ਗਿਆ ਸੀ। ਇਹ ਮਕਾਨ ਪੰਜਾਬੀਆਂ ਦਾ ਸੀ। ਉੱਪਰ ਦੀ ਮੰਜ਼ਲ ਉੱਤੇ ਉਹ ਆਪ ਹੀ ਰਹਿੰਦੇ ਸਨ। ਉਨ੍ਹਾਂ ਨੂੰ ਪਤਾ ਸੀ। ਇੰਨੀ ਠੰਢ ਵਿੱਚ ਇਹ ਕੁੜੀ ਨਾਲ ਲੈ ਕੇ. ਖਾਣ ਵਾਲੀਆਂ ਚੀਜ਼ਾਂ ਕਿਥੋਂ ਖ਼ਰੀਦੇਗੀ? ਕੁੱਝ ਦਿਨ ਉਨ੍ਹਾਂ ਨੇ ਰੋਟੀ ਵੀ ਮੁਫ਼ਤ ਵਿੱਚ ਦੇ ਦਿੱਤੀ।

ਮਕਾਨ ਮਾਲਕ ਪੰਜਾਬੀ ਦੀਆਂ ਕਵਿਤਾਵਾਂ ਲਿਖਦਾ ਸੀ। ਨਿਰਮਲ ਉਸ ਕੋਲ ਆਉਂਦਾ ਸੀ। ਉਸ ਦੀਆਂ ਲਿਖਤਾਂ ਗਾਉਂਦਾ ਸੀ। ਕਈ ਬਾਰ ਉਹ ਢੋਲਕੀ ਵਜਾ ਕੇ ਗਾਉਂਦੇ ਸਨ। ਸੁਖਵਿੰਦਰ ਨੂੰ ਕਵਿਤਾਵਾਂ ਸੁਣਨ ਦਾ ਸ਼ੌਕ ਸੀ। ਉਹ ਵੀ ਪੂਰਾ ਹਿੱਸਾ ਲੈਂਦੀ ਸੀ। ਉਸ ਦੀ ਨਿਰਮਲ ਨਾਲ ਨੇੜਤਾ ਵੱਧ ਗਈ ਸੀ। ਉਸ ਦੇ ਨਾਨਕੇ ਪਿੰਡ ਦੀ ਹੋਣ ਕਰਕੇ, ਉਸ ਨੂੰ ਮਾਸੀ ਕਹਿਣ ਲੱਗ ਗਿਆ ਸੀ। ਜਦੋਂ ਵੀ ਟਰਾਂਟੋ ਆਉਂਦਾ ਸੀ। ਇੱਥੇ ਹੀ ਠਹਿਰਦਾ ਸੀ। ਨਿਰਮਲ ਦੀ ਅੱਖ ਸੁਖਵਿੰਦਰ ਦੇ ਨਾਲ ਉਸ ਕੁੜੀ ਉੱਤੇ ਵੀ ਸੀ। ਸੁਖਵਿੰਦਰ ਨੂੰ ਨਿਰਮਲ, ਸਿਕੰਦਰ ਵਰਗਾ ਹੀ ਲੱਗਦਾ ਸੀ। ਦੋਨਾਂ ਦੀਆਂ ਆਦਤਾਂ ਇੱਕੋ ਹੀ ਸਨ।
 

Comments

Popular Posts