ਹੱਡੀਆਂ ਦੇ ਦੇਸੀ ਸਿਆਣੇ ਚੀਰ ਫਾੜ ਤੋਂ ਬੱਚਾ ਲੈਂਦੇ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ) –ਕੈਨੇਡਾ satwinder_7@hotmail.com
ਲੋਹੇ ਨੂੰ ਕਿਸੇ ਰੂਪ ਵਿੱਚ ਢਾਲਣ ਲਈ ਅੱਗ ਵਿੱਚੋਂ ਦੀ ਕੱਢਿਆ ਜਾਂਦਾ ਹੈ। ਫਿਰ ਉਸ ਦੇ ਅਲੱਗ-ਅਲੱਗ ਆਕਾਰ ਬਣਾਏ ਜਾਂਦੇ ਹਨ। ਉਸੇ ਤਰਾਂ ਜਿਸ ਸਿਰਲੇਖ ਉੱਤੇ ਉਹ ਹੁਕਮ ਦੇਣ ਵਾਲਾ ਮੇਰੇ ਤੋਂ ਲਿਖਾਉਂਦਾ ਹੈ। ਮੈਨੂੰ ਆਪ ਨੂੰ ਉਸ ਪ੍ਰੀਖਿਆ ਵਿੱਚੋਂ ਦੀ ਕੱਢਦਾ ਹੈ। ਭੋਰਾ ਵੀ ਮਨ ਘੱਟ ਬਣਾਉਣ ਦੀ ਲੋੜ ਨਹੀਂ ਪੈਂਦੀ। ਹਰ ਕਹਾਣੀ ਮੇਰੀਆਂ ਅੱਖਾਂ ਅੱਗੇ ਵਾਪਰਦੀ ਹੈ। ਮੈਨੂੰ ਆਪ ਨੂੰ ਕੁੱਝ ਲੱਭਣ ਦੀ ਲੋੜ ਨਹੀਂ ਪੈਂਦੀ। ਇੱਕ ਦਿਨ ਮੇਰਾ ਅਚਾਨਕ ਹੱਥ ਥੱਲੇ ਨਾਂ ਲੱਗਾ ਸਾਰਾ ਭਾਰ ਸੱਜੇ ਹੱਥ ਦੇ ਅੰਗੂਠੇ ਉਤੇ ਆ ਗਿਆ। ਮੈਂ ਗੌਲ਼ਿਆ ਹੀ ਨਹੀਂ। ਸੋਚਿਆ ਆਪੇ ਆਰਾਮ ਆ ਜਾਵੇਗਾ। ਅੰਗੂਠਾ ਨੀਲਾ ਹੋ ਗਿਆ। ਚਾਰ ਦਿਨ ਕੰਪਿਊਟਰ ਉੱਤੇ ਉਵੇਂ ਹੀ ਲਿਖਦੀ ਰਹੀ। ਚੀਸ ਨਾਂ ਹਟੀ ਤਾਂ ਐਮਰਜੈਂਸੀ ਹਸਪਤਾਲ ਚਲੀ ਗਈ। ਐਕਸਰੇ ਕਰਨ ਪਿਛੋਂ ਪਤਾ ਲੱਗਾ। ਅੰਗੂਠੇ ਦੀ ਜੜ ਦੀ ਗੱਠ ਨਿਕਲ ਗਈ ਹੈ। ਮਾਸ ਖ਼ੋਲ ਕੇ ਅਪਰੇਸ਼ਨ ਪਿੱਛੋਂ ਪਲੱਸਤਰ ਕਰਨਾ ਪਵੇਗਾ। ਸਨਿੱਚਰਵਾਰ ਹੋਣ ਕਰਕੇ ਡਾਕਟਰ ਡਿਊਟੀ ਉੱਤੇ ਨਹੀਂ ਸੀ। ਮੈਂ ਤੇ ਨਰਸਾਂ ਐਮਰਜੈਂਸੀ ਹਸਪਤਾਲ ਉਸ ਡਾਕਟਰ ਦਾ ਫ਼ੋਨ ਉਡੀਕ ਰਹੀਆਂ ਸੀ। ਨਰਸ ਨੇ ਕਿਹਾ, " ਜੇ ਸਮਾਂ ਹੋਇਆ ਉਹ ਆ ਕੇ, ਅੱਜ ਅਪਰੇਸ਼ਨ ਕਰ ਦੇਵੇਗਾ। " ਉਸ ਦਿਨ ਮੇਰੇ ਮਨ ਵਿੱਚ ਆਇਆ, " ਜੇ ਪਲੱਸਤਰ ਲੱਗ ਗਿਆ। ਲਿਖਣਾ ਬੰਦ ਹੋ ਜਾਵੇਗਾ। ਅੰਗੂਠੇ ਤੋਂ ਕੀ ਕਰਾਉਣਾ ਹੈ? ਕਿਹੜਾ ਕਲਮ ਨਾਲ ਲਿਖਣਾ ਹੈ? ਕੰਪਿਊਟਰ ਉੱਤੇ ਲਿਖਣ ਲਈ ਬਾਕੀ ਚਾਰ ਉਂਗਲ਼ਾਂ ਬਹੁਤ ਹਨ। ਘਰ ਦੇ ਘਰ ਦਾ ਪੂਰਾ ਕੰਮ ਕਰਨ ਲੱਗੇ ਰਹਿਣਗੇ। ਬੈਠੀ ਨੂੰ ਬੱਚੇ ਤੇ ਪਤੀ ਰੋਟੀ ਦੇਣ ਲੱਗ ਗਏ ਸਨ। ਜਦੋਂ ਲਿਖਦੀ ਤੋਂ ਕੰਪਿਊਟਰ ਉੱਤੇ ਸ਼ਿਫ਼ਟ ਕਰਨ ਵੇਲੇ ਉਂਗਲੀਂ ਨਹੀਂ ਪਹੁੰਚਦੀ ਤਾਂ ਬੱਚੇ ਮਦਦ ਕਰ ਦਿੰਦੇ। ਹੋਰ ਕੀ ਚਾਹੀਦਾ ਹੈ? ਸੱਤੀ ਹਸਪਤਾਲ ਵਿੱਚੋਂ ਖਿਸਕ ਚੱਲ। " ਫਿਰ ਸੋਚਿਆ, " ਇੱਕ ਤੋਂ ਦੋ ਭਲੇ ਹਨ। ਆਪਣੀ ਭੈਣ ਦੀ ਸਲਾਹ ਲੈ ਲਵਾਂ। " ਉਸ ਨੂੰ ਟਰਾਂਟੋ ਫ਼ੋਨ ਕੀਤਾ। ਉਸ ਨੇ ਦੱਸਿਆ, " ਮੇਰੇ ਮੁੰਡੇ ਦਾ ਮੋਢਾ 10 ਕੁ ਸਾਲ ਪਹਿਲਾਂ ਖੇਡਦੇ ਦਾ ਨਿਕਲ ਗਿਆ ਸੀ। ਹੱਡੀਆਂ ਦੇ ਦੇਸੀ ਸਿਆਣੇ ਨੇ ਚੜ੍ਹਾ ਦਿੱਤਾ ਸੀ। ਮੁੜ ਕੇ ਕਦੇ ਦਰਦ ਨਹੀਂ ਹੋਈ। ਤੂੰ ਚੀਰ-ਫਾੜ ਕਰਾਉਣ ਨੂੰ ਰਹਿਣ ਦੇ। ਕਿਸੇ ਹੱਡੀਆਂ ਦੇ ਦੇਸੀ ਸਿਆਣੇ ਕੋਲੋਂ ਅੰਗੂਠਾ ਚੜ੍ਹਵਾ ਲੈ। " ਮੇਰੇ ਵੀ ਦਿਲ ਨੂੰ ਗੱਲ ਲੱਗ ਗਈ। ਛੋਟੇ ਹੁੰਦਿਆਂ, ਖੇਡਦਿਆਂ ਗਿੱਟਾ ਮੁਚ ਜਾਂਦਾ ਸੀ। ਘਰ ਵਿੱਚ ਹੀ ਜਾਂ ਹੱਡੀਆਂ ਦੇ ਸਿਆਣੇ ਤੋਂ ਮਾਲਸ਼ ਕਰਾਉਣ ਨਾਲ ਠੀਕ ਹੋ ਜਾਂਦਾ ਸੀ। ਐਸੇ ਹੱਡੀਆਂ ਦੇ ਸਿਆਣੇ, ਭਾਵ ਹੱਡੀਆਂ ਦੀ ਸਿਆਣ ਕਰਨ ਵਾਲੇ, ਕਿਹੜੀ ਹੱਡੀ ਕਿਥੇ ਟਿਕਣੀ ਹੈ? ਜਾਣਕਾਰੀ ਵਾਲੇ ਬੰਦੇ ਭਾਲਣ ਨਾਲ ਹਰ ਸ਼ਹਿਰ ਵਿੱਚ ਲੱਭ ਹੀ ਜਾਂਦੇ ਹਨ। ਇੰਨੇ ਨੂੰ ਨਰਸ ਨੇ ਆ ਕੇ ਕਿਹਾ, " ਡਾਕਟਰ ਫੁਟਹਿਲ ਹਸਪਤਾਲ ਵਿੱਚ ਅਪਰੇਸ਼ਨ ਕਰ ਰਿਹਾ ਹੈ। ਤੂੰ ਘਰ ਜਾ ਕੇ ਅਰਾਮ ਕਰ। ਉਹ ਤੈਨੂੰ ਆਪੇ ਫੋਨ ਕਰ ਲਵੇਗਾ। " ਮੇਰਾ ਰੁਝਾਨ ਫਿਰ ਲਿਖਣ ਵੱਲ ਹੋ ਗਿਆ। ਦੂਜੇ ਦਿਨ ਮੈਂ ਗੁਆਂਢਣ ਨੂੰ ਫ਼ੋਨ ਕੀਤਾ। ਤਾਂ ਉਨ੍ਹਾਂ ਨੇ ਮੈਨੂੰ ਹੱਡੀਆਂ ਦੇ ਸਿਆਣੇ, ਹੱਡੀਆਂ ਚੜ੍ਹਾਉਣ ਵਾਲੇ ਦਾ ਫ਼ੋਨ ਨੰਬਰ ਦੇ ਦਿੱਤਾ। ਉਸ ਨੇ ਦੱਸਿਆ, " ਉਸ ਦਾ ਨਾਮ ਸਰੂਪ ਸਿੰਘ ਮੰਡੇਰ ਹੈ। ਇਹ ਵੀ ਕਲਮ ਪ੍ਰੇਮੀ ਸ਼ਬਦਾਂ ਦਾ ਆਸ਼ਕ ਹੈ। ਕਵਿਤਾਵਾਂ ਲਿਖਦਾ ਹੈ। ਉਸ ਦੇ ਪਤੀ ਨੇ ਉਸ ਕੋਲੋਂ ਗਿੱਟੇ ਤੇ ਢੂਹੀ ਦੀ ਨਾੜ ਠੀਕ ਕਰਾਈ ਹੈ। ਉਸ ਨੇ ਕੁੜੀ ਦਾ ਵੀ ਗਿੱਟਾ ਉੱਤਰਿਆ ਠੀਕ ਕੀਤਾ ਹੈ। " ਮੈਂ ਉਸ ਦੇ ਘਰ ਗਈ, ਉਸ ਨੇ ਅੰਗੂਠਾ ਬਹੁਤ ਇੱਧਰ ਉੱਧਰ ਖਿੱਚਿਆ, ਬਹੁਤ ਦੁੱਖ ਵੀ ਲੱਗਿਆ। ਮੈਨੂੰ ਲੱਗਾ, ਅੰਗੂਠੇ ਨੂੰ ਜੋੜਨ ਦੀ ਬਜਾਏ ਉਸ ਨੇ ਪੱਟ ਦਿੱਤਾ ਹੈ। ਹੱਥ ਪੂਰਾ ਸੁੱਜ ਗਿਆ। ਤੀਜੇ ਦਿਨ ਫਿਰ ਮੈਂ ਆਪ ਮੁਹਾਰੇ ਹੀ ਉਸ ਕੋਲ ਚਲੀ ਗਈ। ਮੈਂ ਕਿਹਾ, " ਇੱਕ ਬਾਰ ਹੋਰ ਛੱਕ ਕੱਢ ਦੇਵੋ। ਅਜੇ ਅੰਗੂਠਾ ਠੀਕ ਨਹੀਂ ਲੱਗਦਾ। " ਉਸ ਨੇ ਪਹਿਲੇ ਦਿਨ ਦੀ ਤਰਾਂ ਫਿਰ ਅੰਗੂਠੇ ਨੂੰ ਚੰਗੀ ਤਰਾਂ ਝੰਜੋੜ ਦਿੱਤਾ। ਪੂਰੇ ਹਫ਼ਤੇ ਪਿੱਛੋਂ ਮੈਂ ਅੰਗੂਠੇ ਦਾ ਐਕਸਰੇ ਕਰਾਇਆ। ਇਸ ਦੀ ਰਿਪੋਰਟ ਤੀਜੇ ਦਿਨ ਫੈਮਲੀ ਡਾਕਟਰ ਕੋਲ ਆ ਗਈ। ਮੈਂ ਡਾਕਟਰ ਨੂੰ ਮਿਲੀ। ਤਾਂ ਡਾਕਟਰ ਮੈਨੂੰ ਦੱਸ ਰਿਹਾ ਸੀ, " ਅੰਗੂਠਾ ਠੀਕ ਹੈ। ਥੋੜ੍ਹੀ ਦਰਦ ਤਾਂ ਕੁੱਝ ਦਿਨ ਰਹੇਗੀ। " ਮੈਂ ਸੋਚ ਰਹੀ ਸੀ, ਸੱਚ ਹੀ ਤੀਰ ਤੁੱਕਾ ਲੱਗ ਜਾਂਦਾ ਹੈ। ਕਈ ਬਾਰ ਕੋਈ ਨਾੜ ਚੜ੍ਹ ਜਾਵੇ, ਘਰ ਵਿੱਚ ਵੀ ਕਿਸੇ ਤੋਂ ਦੋ ਚਾਰ ਕੁ ਬਾਰ ਮਾਲਸ਼ ਕਰ ਲਈਏ। ਠੀਕ ਹੋ ਜਾਈਦਾ ਹੈ।
ਭਾਵੇਂ ਅੱਜ ਦੁਨੀਆ ਚੰਦ ਤੇ ਪਹੁੰਚ ਗਈ ਹੈ। ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ। ਬਹੁਤ ਪੜ੍ਹੇ ਲਿਖੇ ਡਾਕਟਰ ਹਨ। ਹੱਡੀਆਂ ਦੇ ਦੇਸੀ ਸਿਆਣੇ ਹੱਡੀਆਂ ਚੜ੍ਹਾਉਣ ਵਾਲੇਸਰੀਰ ਦੀ ਚੀਰ ਫਾੜ ਤੋਂ ਬੱਚਾ ਲੈਂਦੇ ਹਨ। ਡਾਕਟਰ ਤਾਂ ਮਾਸ ਚੀਰ ਕੇ ਹੀ ਹੱਡੀ ਨੂੰ ਬਰਾਬਰ ਉਸੇ ਥਾਂ ਤੇ ਕਰਦੇ ਹਨ। ਡਾਕਟਰ ਪਲੱਸਤਰ ਲਾ ਦੇਣ ਤਾਂ ਦੋ ਹਫ਼ਤੇ ਖੋਲਦੇ ਨਹੀਂ ਹਨ। ਜੇ ਹੱਡੀ ਠੀਕ ਨਾਂ ਬੈਠੇ ਪਲੱਸਤਰ ਫਿਰ ਲੱਗਾ ਦਿੰਦੇ ਹਨ। ਚੰਗਾ ਹੋਵੇਗਾ, ਜੇ ਉਦਾ ਹੀ ਸਰ ਜਾਵੇ। ਖਿੱਚ ਕੇ ਹੀ ਹੱਡੀ ਆਪਣੀ ਥਾਂ ਉੱਤੇ ਬੈਠ ਜਾਵੇ। ਉਸ ਪਿੱਛੋਂ ਐਕਸਰੇ ਜ਼ਰੂਰ ਕਰਾ ਲੈਣੇ ਚਾਹੀਦੇ ਹਨ। ਮੈਨੂੰ ਇੱਕ ਰੱਬ ਦੇ ਉੱਤੇ ਹੋਰ ਜ਼ੋਰਦਾਰ ਹੈਰਾਨੀ ਤੇ ਤਸੱਲੀ ਹੋਈ ਹੈ। ਉਹ ਜੀਵਾਂ ਨੂੰ ਬਣਾਉਣ ਵਾਲਾ ਬਹੁਤ ਵਧੀਆ ਕਾਰੀਗਰ ਹੈ। ਕਿੰਨੇ ਵਧੀਆ ਜੋੜ ਲਗਾਉਂਦਾ ਹੈ। ਕੋਈ ਊਚ-ਨੀਚ ਨਹੀਂ ਰਹਿਣ ਦਿੰਦਾ। ਸਾਡੇ ਸਰੀਰ ਤੇ ਸਾਰੇ ਅੰਗ ਰਬੜ ਵਾਂਗ ਮੁੜਦੇ ਹਨ। ਜੋੜ ਮੁੜਦਿਆਂ ਕੋਈ ਦਰਦ ਨਹੀਂ ਹੁੰਦਾ। ਇਹ ਜੋੜ ਜੇ ਹਿੱਲ ਜਾਵੇ, ਬੰਦੇ ਦੀ ਜਾਨ ਨੂੰ ਬਣ ਜਾਂਦੀ ਹੈ।  ਕੋਈ ਰੱਬੀ ਗੁਰ ਵਾਲਾ ਹੀ ਬਰਾਬਰ ਕਰ ਸਕਦਾ ਹੈ। ਉਹ ਡਾਕਟਰ ਵੀ ਹਨ ਤੇ ਹੱਡੀਆਂ ਦੇ ਦੇਸੀ ਸਿਆਣੇ ਹੱਡੀਆਂ ਚੜ੍ਹਾਉਣ ਵਾਲੇ ਵੀ ਹਨ। ਤੁਹਾਨੂੰ ਕੀਹਦੇ ਤੋ ਆਰਾਮ ਆਉਂਦਾ ਹੈ? ਕੀਹਦੇ ਉੱਤੇ ਜ਼ਕੀਨ ਹੈ? ਉਹ ਤੁਹਾਡੀ ਮਰਜ਼ੀ ਹੈ। ਪਰ ਪਹਿਲਾਂ ਸੌਖਾ ਤਰੀਕਾ ਵਰਤਣ ਵਿੱਚ ਕੋਈ ਹਰਜ ਨਹੀਂ ਹੈ।

Comments

Popular Posts