ਮੈਨੂੰ ਮੇਰਾ ਮਨ ਰੱਬ ਲੱਗਦਾ

ਸਤਵਿੰਦਰ ਸੱਤੀ (ਕੈਲਗਰੀ) - ਕੈਨੇਡਾ

satwinder_7@hotmail.com

ਮਨ ਬਹੁਤ ਪਿਆਰਾ ਹੈ। ਮਨ ਸਾਨੂੰ ਸਬ ਤੋਂ ਨੇੜੇ ਹੈ। ਮਨ ਸਾਡੀ ਸੁਣਦਾ ਹੈ। ਜਿਵੇਂ ਅਸੀਂ ਚਾਹੁੰਦੇ ਹਾਂ। ਉਵੇਂ ਕਰਦਾ ਹੈ। ਦੂਜੇ ਕਿਸੇ ਬੰਦੇ ਨਾਲ ਗੱਲ ਕਰਨ ਲੱਗੇ, ਅਸੀਂ ਕਿੰਨੀ ਬਾਰ ਸੋਚਦੇ ਹਾਂ? ਮਨ ਦੇ ਨਾਲ ਗੱਲ ਕਰਨ ਲੱਗੇ, ਬਹੁਤ ਸੋਚਣ ਦੀ ਲੋੜ ਨਹੀਂ ਹੈ। ਇਹ ਚੰਗੀ ਮਾੜੀ ਗੱਲ ਵਿੱਚ ਝੱਟ ਸਹਿਮਤ ਹੋ ਜਾਂਦਾ ਹੈ। ਮਨ ਹੀ ਸਾਨੂੰ ਮੰਦਰ ਵਿੱਚ ਲੈ ਕੇ ਜਾਂਦਾ ਹੈ। ਮਨ ਹੀ ਕਿਸੇ ਨੂੰ ਦਾਨ ਦੇਣ ਨੂੰ ਕਹਿੰਦਾ ਹੈ। ਮਨ ਹੀ ਕਿਸੇ ਨੂੰ ਪਿਆਰ ਕਰਦਾ ਹੈ। ਮਨ ਹੀ ਕਿਸੇ ਨਾਲ ਨਫ਼ਰਤ ਸ਼ੁਰੂ ਕਰ ਦਿੰਦਾ ਹੈ। ਮਨ ਹੀ ਚੋਰੀ ਕਰਾਉਂਦਾ ਹੈ। ਕਿਸੇ ਚੀਜ਼ ਨੂੰ ਦੇਖਣ ਵਿੱਚ ਮਨ ਦੀ ਮਰਜ਼ੀ ਪਹਿਲਾਂ ਹੁੰਦੀ ਹੈ। ਮਨ ਦਾ ਧਿਆਨ ਪਹਿਲਾਂ ਜਾਂਦਾ ਹੈ। ਫਿਰ ਹੱਥ ਜਾਂਦੇ ਹਨ। ਮਨ ਮਚਲਾ ਵੀ ਬਹੁਤ ਹੈ। ਮਨ ਹੰਭਲਾ ਵੀ ਮਾਰਦਾ ਹੈ। ਮਨ ਉਤਸ਼ਾਹਿਤ ਕਰਦਾ ਹੈ। ਮਨ ਕੰਮ ਚੋਰ ਵੀ ਹੈ। ਮਨ ਮਿਹਨਤ ਵੱਲ ਪ੍ਰੇਰਦਾ ਹੈ। ਮਨ ਸੋਹਣਾ ਵੀ ਕੰਮ ਕਰਦਾ ਹੈ। ਮਨ ਹੀ ਨੀਚ ਹਰਕਤ ਕਰਦਾ ਹੈ। ਮਨ ਬੰਦੇ ਨੂੰ ਉੱਚਾ ਉਠਾਉਂਦਾ ਹੈ। ਮਨ ਹੀ ਬੇਈਮਾਨੀ ਕਰਾਉਂਦਾ ਹੈ। ਮਨ ਹੀ ਚੰਗੇ ਪਾਸੇ ਪ੍ਰੇਰਦਾ ਹੈ। ਮਨ ਮੂਰਖ ਵੀ ਬਣਾਂ ਦਿੰਦਾ ਹੈ। ਮਨ ਰੱਬੀ ਗੁਣ ਵੀ ਇਕੱਠੇ ਕਰ ਲੈਂਦਾ ਹੈ। ਚੰਗਾ ਹੈ, ਰੱਬ ਕਿਸੇ ਦਾ ਬੁਰਾ ਨਾਂ ਕਰਾਏ। ਮਨ ਚੰਗੇ ਪਾਸੇ ਲੱਗ ਕੇ ਸਬ ਦਾ ਭਲਾ ਸੋਚੇ। ਮਨ ਨੂੰ ਆਪ ਦੇ ਕਾਬੂ ਵਿੱਚ ਰੱਖੀਏ। ਮਨ ਦੇ ਗ਼ੁਲਾਮ ਨਾਂ ਹੋ ਜਾਈਏ। ਮਨ ਨੂੰ ਤਕੜੇ ਹੱਥੀਂ ਲੈਣਾ ਪੈਂਦਾ ਹੈ। ਮਨ ਰੱਬ ਦਾ ਦੂਜਾ ਰੂਪ ਹੈ। ਮਨ ਵਿੱਚ ਰੱਬ ਦੀ ਨੂਰੀ ਜੋਤ ਜੱਗ ਰਹੀ ਹੈ। ਇਸੇ ਜੋਤ ਦੀ ਲੋ ਸਾਡੇ ਵਿੱਚ ਸ਼ਕਤੀ ਭਰਦੀ ਹੈ। ਮਨ ਐਡਾ ਬਲਵਾਨ ਹੈ। ਇਸ ਤੋਂ ਕੋਈ ਵੀ ਕੰਮ ਲੈ ਸਕਦੇ ਹਾਂ। ਮਨ ਅੰਦਰ ਬਹੁਤ ਖ਼ਜ਼ਾਨੇ ਭਰੇ ਪਏ ਹਨ। ਹਰ ਚੀਜ਼ ਦੀ ਖੋਜ ਮਨ ਨੇ ਕੀਤੀ ਹੈ। ਮਨ ਸ਼ਬਦਾਂ ਦੇ ਜੋੜ ਨੂੰ ਕਿਸੇ ਪਾਸੇ ਵੀ ਕਰ ਸਕਦਾ ਹੈ। ਮਨ ਹੀ ਦੁਨੀਆ ਨੂੰ ਹਿਲਾ ਸਕਦਾ ਹੈ। ਮੈਨੂੰ ਮੇਰਾ ਮਨ ਰੱਬ ਲੱਗਦਾ, ਮੈਂ ਕੀ ਲੈਣਾ ਕਿਸੇ ਹੋਰ ਤੋਂ ਕੋਈ ਰੱਬ ਨੂੰ ਮੰਨਦਾ ਜਾਂ ਨਹੀਂ।
ਰੱਬ ਨੂੰ ਲੋਕ ਡਰਦੇ ਮੰਨਦੇ ਹਨ। ਬਈ ਕਿਤੇ ਕੰਮ ਨਾਂ ਵਿਗੜ ਜਾਵੇ। ਉਸ ਤੋਂ ਹੋਰ-ਹੋਰ ਚੀਜ਼ਾਂ ਮੰਗਣੀਆਂ ਹੁੰਦੀਆਂ ਹਨ। ਇਸ ਤੋਂ ਤਾਂ ਰੋਜ਼ ਲੈਣਾ ਹੀ ਲੈਣਾ ਹੈ। ਸਿਆਣਾਂ ਬੰਦਾ ਗੁਆਂਢੀ ਨਾਲ ਵੀ ਨਹੀਂ ਵਿਗਾੜਦਾ। ਕਦੇ ਲੋੜ ਪੈ ਜਾਂਦੀ ਹੈ। ਇਹ ਤਾਂ ਬੰਦਾ ਹੈ। ਵੱਡੇ-ਵੱਡੇ ਦੇਸ਼ ਵੀ ਇੱਕ ਦੂਜੇ ਨਾਲ ਬਣਾਂ ਕੇ ਰੱਖਦੇ ਹਨ। ਕੀ ਪਤਾ ਕਿਹੜੀ ਚੀਜ਼ ਦੀ ਲੋੜ ਪੈ ਜਾਵੇ? ਜੇ ਕਿਸੇ ਤੱਕ ਲੋੜ ਨਹੀਂ ਹੈ। ਪਰ ਬੰਦੇ ਦਾ ਸ਼ੈਤਾਨ ਮਨ ਸੋਚਦਾ ਹੈ, ਉਸ ਤੋਂ ਕੀ ਲੈਣਾ ਹੈ? ਉਸ ਨੂੰ ਮਨ ਵਿਚੋਂ ਡਲੀਟ ਕਰ ਕੇ ਕੱਢ ਦਿੱਤਾ ਜਾਂਦਾ ਹੈ। ਕੀ ਜ਼ਮੀਰ ਇੰਨੀ ਮਰ ਗਈ ਹੈ? ਉਸੇ ਬੰਦੇ, ਚੀਜ਼, ਨਸ਼ੇ ਨੂੰ ਲੋੜ ਸਮੇਂ ਪਿਆਰ ਕਰਦੇ ਹਾਂ। ਉਸੇ ਨੂੰ ਕੰਮ ਨਿਕਲ ਜਾਣ ਤੇ ਭੁੱਲ ਜਾਂਦੇ ਹਾਂ। ਦਿਲਾਂ ਵਾਲਿਆਂ ਦੀ ਦੁਨੀਆ ਬੜੀ ਅਜੀਬ ਹੈ। ਇਹ ਦੁਨੀਆ ਕਿਸੇ ਦੀ ਨਹੀਂ ਬਣਦੀ। ਹਰ ਬੰਦੇ ਨੂੰ ਆਪੋ ਧੁਪੀ ਪਈ ਹੈ। ਬੰਦੇ ਕੋਲ ਦੂਜੇ ਲਈ ਸਮਾਂ ਹੀ ਨਹੀਂ ਹੈ। ਬੰਦੇ ਨੂੰ ਲੱਗਦਾ ਹੁੰਦਾ ਹੈ। ਲੋਕ ਮੈਨੂੰ ਦੇਖ ਰਹੇ ਹਨ। ਬੰਦੇ ਨੇ ਕਿਤੇ ਪਾਰਟੀ, ਵਿਆਹ ਦੇ ਪ੍ਰੋਗਰਾਮ ਉੱਤੇ ਜਾਣਾ ਹੋਵੇ। ਬੰਦਾ ਆਪਣੇ-ਆਪ ਨੂੰ ਬਹੁਤ ਸ਼ਿੰਗਾਰਦਾ ਹੈ। ਬਹੁਤ ਸੋਹਣੀ ਤਰਾਂ ਤਿਆਰ ਹੁੰਦਾ ਹੈ। ਜਾਂਚਣ ਚਾਹੁੰਦਾ ਹੈ। ਬਈ ਮੈਂ ਸਬ ਤੋਂ ਸੋਹਣਾ ਵਧੀਆ ਦਿਸਾਂ। ਹਰ ਕੋਈ ਇਸ ਤਰਾਂ ਹੀ ਤਿਆਰ ਹੋ ਕੇ ਆਉਂਦਾ ਹੈ। ਪਾਰਟੀ, ਵਿਆਹ ਦੇ ਪ੍ਰੋਗਰਾਮ ਉੱਤੇ ਜਾ ਕੇ, ਲੋਕਾਂ ਨੂੰ ਕਿੰਨੇ ਕੁ ਧਿਆਨ ਨਾਲ ਦੇਖਿਆ ਜਾਂਦਾ ਹੈ? ਬੰਦਾ ਆਪਣਾ-ਆਪ ਹੀ ਦੇਖੀ ਜਾਂਦਾ ਹੈ। ਮੱਲੋ-ਮੱਲੀ ਦੂਜੇ ਦੀ ਇਸ ਲਈ ਪ੍ਰਸੰਸਾ ਕਰਦੇ ਹਨ। ਸੋਚਦੇ ਹਨ, ਤਾਂ ਹੀ ਕੋਈ ਮੇਰੇ ਵੱਲ ਦੇਖੇਗਾ। ਮੇਰੇ ਕੱਪੜਿਆਂ ਤੇ ਮੇਰੀ ਪ੍ਰਸੰਸਾ ਹੋਵੇਗੀ। ਆਪ ਦੀ ਪ੍ਰਸੰਸਾ ਕਰਾ ਕੇ ਮਨ ਬਹੁਤ ਖ਼ੁਸ਼ ਹੁੰਦਾ। ਪਰ ਕਈਆਂ ਦਾ ਮਨ ਤਾਂ ਖ਼ੁਸ਼ ਹੁੰਦਾ, ਜਦੋਂ ਕਿਸੇ ਦੀ ਇੱਜ਼ਤ ਉਤਾਰ ਦੇਵੇ। ਕੀ ਇਸ ਤਰਾ ਕਰਨ ਨਾਲ ਮਨ ਨੂੰ ਸਕੂਨ ਮਿਲ ਜਾਂਦਾ ਹੈ? ਜਾਂ ਕੀ ਮਨ ਹੋਰ ਭਟਕਣ ਲੱਗ ਜਾਂਦਾ ਹੈ? ਮਨ ਇਸ ਤਰਾਂ ਸ਼ਾਂਤ ਨਹੀਂ ਹੋ ਸਕਦਾ। ਸਮੁੰਦਰ ਵਿੱਚ ਜਦੋਂ ਛੱਲਾਂ ਉੱਠਦੀਆਂ ਹਨ। ਧਰਤੀ ਉੱਤੇ ਹਿੱਲ ਜੁੱਲ ਹਨੇਰੀ ਆਉਂਦੀ ਹੈ। ਜਵਾਰ-ਭਾਟਾ ਭੱਟ ਦੇ ਹਨ। ਨੁਕਸਾਨ ਕਰ ਕੇ ਜਾਂਦੇ ਹਨ। ਉਵੇਂ ਹੀ ਮਨ ਹੈ। ਜਦੋਂ ਮਨ ਵਿੱਚ ਭੂਚਾਲ ਆਉਂਦਾ ਹੈ। ਆਪ ਦਾ ਪਹਿਲਾਂ ਨੁਕਸਾਨ ਕਰਦਾ ਹੈ। ਫਿਰ ਦੁਨੀਆ ਲਈ ਖ਼ਤਰਾ ਬਣ ਜਾਂਦਾ ਹੈ। ਨਸ਼ੇੜੀ, ਪਾਗਲ ਬੰਦੇ ਨੂੰ ਕਾਬੂ ਕਰਨਾ ਬਹੁਤ ਔਖਾ ਹੈ। ਮਨ ਨੂੰ ਸ਼ਾਂਤ ਰੱਖਣ ਲਈ ਦੂਜਿਆਂ ਨਾਲ ਛੇੜ-ਛੇੜ, ਚਲਾਕੀਆਂ ਬੰਦ ਕਰਨੀਆਂ ਪੈਂਦੀਆਂ ਹਨ। ਮਨ ਤਾਂਹੀਂ ਟਿਕਾ ਵਿੱਚ ਰਹਿ ਕੇ, ਤਾਂ ਸ਼ਾਂਤ ਹੁੰਦਾ ਹੈ। ਮਨ ਸ਼ਾਂਤ ਹੋਵੇ ਤਾਂ ਬਹੁਤ ਕੀਮਤੀ ਕੰਮ ਕਰਨੇ ਸ਼ੁਰੂ ਕਰ ਦਿੰਦਾ ਹੈ। ਬੰਦੇ ਨੂੰ ਬੁਲੰਦੀਆਂ ਉੱਤੇ ਲੈ ਜਾਂਦਾ ਹੈ।
 

Comments

Popular Posts