ਭਾਗ 54 ਪਤੀ ਤੇ ਦੁਨੀਆ ਲਈ ਵਿਆਹ ਪਰ ਸਾਡਾ ਬੁੱਝੋ ਮਨ ਵਿੱਚ ਕੀ?

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com

 

 ਵਿਆਹ ਤੋਂ ਪਹਿਲਾਂ ਬਹੁਤ ਚਾਅ ਸੀ। ਜਦੋਂ ਦੇਖਦੇ ਸੀ। ਵਿਆਹੀ ਹੋਈ ਕੁੜੀਆਂ, ਬਹੂਆਂ ਨਵੇਂ ਬਰੀ ਦੇ ਕੱਪੜੇ ਪਾ ਕੇ, ਛਮ-ਛਮ ਝਾਂਜਰਾਂ ਛਣਕਾਉਂਦੀਆਂ ਵਿਹੜੇ ਵਿੱਚ ਪਹਿਲਾਂ ਪਾਉਂਦੀਆਂ ਫਿਰਦੀਆਂ ਹਨ। ਰੂਪ ਨਾਲ ਨਿੱਖਰੀਆਂ ਕੁੜੀਆਂ ਪੇਕੇ ਫੇਰਾ ਪਾਉਣ ਆਉਂਦੀਆਂ ਹਨ। ਸੋਨੇ ਦੇ ਗਹਿਣੇ, ਕੱਚ ਦੀਆਂ ਚੂੜੀਆਂ, ਵਿਆਹੀ ਕੁੜੀ ਪਰੀ ਹੀ ਤਾਂ ਲੱਗਦੀ ਹੈ। ਸਿਆਣੀਆਂ ਬੂੜੀਆਂ ਹੱਥ ਲਾ ਕੇ ਪਾਏ ਹੋਏ ਸੂਟ ਨੂੰ ਦੇਖਦੀਆਂ ਹਨ। ਝੁਮਕਿਆਂ, ਗਲ਼ ਦੇ ਹਾਰ ਨੂੰ ਹੱਥਾਂ ਨਾਲ ਜੋਖ ਕੇ ਦੇਖਦੀਆਂ, ਔਰਤਾਂ ਅਸਲ ਵਿੱਚ ਸੱਜ ਵਿਆਹੀ ਕੁੜੀ ਦੇ ਮੂੰਹ ਦੀ ਰੌਣਕ ਦੇਖਦੀਆਂ ਹਨ। ਹੌਲੀ-ਹੌਲੀ ਪੁੱਛੀ ਵੀ ਜਾਂਦੀਆਂ ਹਨ, " ਕੁੜੇ ਕੁੜੀਏ, ਸੱਸ ਕਿਹੋ ਜਿਹੀ ਹੈ। ਸਹੁਰੇ ਕੈਸੇ ਹਨ। ਪੂਰਾ ਉਨ੍ਹਾਂ ਨੇ ਤੈਨੂੰ ਹੱਥਾਂ ਉੱਤੇ ਖਿਡਾਇਆ ਹੋਣਾ ਹੈ।" ਉਸ ਦੇ ਨਾਲ ਬੋੜੀ ਗਾਡ ਪਤੀ ਦੇਖ ਕੇ ਤਾਂ ਹੋਰ ਵੀ ਖ਼ੁਸ਼ੀ ਹੁੰਦੀ ਸੀ। ਘਰ ਦੇ ਕੰਮ ਛੱਡ ਕੇ, ਮੁੰਡਾ ਪਤੀ ਉਸ ਦੇ ਨਾਲ ਘੁੰਮਦਾ ਫਿਰਦਾ ਸੀ। ਬੜੀ ਹੈਰਾਨੀ ਵੀ ਹੁੰਦੀ ਸੀ। ਵਿਆਹ ਕਰਾ ਕੇ ਇਹ ਦੋਨੇਂ ਬਹੁਤ ਖ਼ੁਸ਼ ਹਨ। ਐਸਾ ਲੱਗਦਾ ਹੁੰਦਾ ਸੀ। ਤਾਂਹੀਂ ਤਾਂ ਲੋਕ ਕਹਿੰਦੇ ਹਨ, " ਇੰਨਾ ਦਾ ਵਿਆਹ ਹੋ ਗਿਆ। " ਵਿਆਹ, ਜਿਸ ਦਾ ਮਤਲਬ ਖ਼ੁਸ਼ੀ ਹੈ। ਇਹ ਸਭ ਦੇਖ ਕੇ, ਮਨ ਕਹਿੰਦਾ ਸੀ, " ਐਵੇਂ ਲੋਕ ਕਹੀ ਜਾਂਦੇ ਹਨ। ਵਿਆਹ ਮੋਤੀ ਚੂਰ ਦੇ ਲੱਡੂ ਵਰਗਾ ਹੁੰਦਾ ਹੈ। ਜੋ ਖਾਵੇ ਉਹ ਵੀ ਪਛਤਾਵੇ, ਜੋ ਨਾਂ ਖਾਵੇ ਉਹ ਵੀ ਪਛਤਾਵੇ। ਖਾਣ ਨੂੰ ਹੱਥ ਲਵੋ ਲੱਡੂ ਭੁਰ ਜਾਂਦਾ ਹੈ। "

ਸੋਚਿਆ ਸੀ ਵਿਆਹ ਨੂੰ ਨਵੇਂ ਸੋਹਣੇ ਕੱਪੜੇ ਮਿਲਣਗੇ। ਮੇਰੇ ਵਿਚੋਲੇ ਦੋ ਬਜ਼ੁਰਗ 70 ਕੁ ਸਾਲਾਂ ਦੇ ਸਨ। ਕੱਚੀਆਂ ਕਲਾਸਾਂ ਤੋਂ ਦੋਨੇਂ ਗੂੜ੍ਹੇ ਦੋਸਤ ਸਨ। ਮੈਂ ਦਸਵੀਂ ਵਿੱਚ ਪੜ੍ਹਦੀ ਸੀ। ਜਦੋਂ ਉਹ ਇੱਕ ਬਾਰ ਸਾਡੇ ਘਰ ਆਏ। ਪਾਪਾ ਜੀ ਦਾ ਅਸੂਲ ਸੀ ਕਿਸੇ ਉਪਰੇ ਨੂੰ ਘਰ ਨਹੀਂ ਲੈ ਕੇ ਆਉਂਦੇ ਸੀ। ਉਸ ਦਿਨ ਮੈਂ ਉਨ੍ਹਾਂ ਨੂੰ ਚਾਹ ਪਿਲਾਈ। ਉਸ ਤੋਂ ਕੁੱਝ ਦਿਨਾਂ ਬਾਅਦ ਹੀ ਪਾਪਾ ਜੀ ਨੂੰ ਉਨ੍ਹਾਂ ਨੇ ਮੇਰੇ ਲਈ ਪਟਨੇ ਰਹਿੰਦੇ ਮੁੰਡੇ ਦੀ ਦੱਸ ਪਾਈ। ਉਹ ਮੁੰਡਾ ਮੇਰਾ ਮੰਗੇਤਰ ਮੇਰੇ ਨਾਲੋਂ ਇੱਕ ਸਾਲ ਛੋਟਾ ਹੋਣ ਕਰ ਕੇ ਉਦੋਂ 9 ਵੀਂ ਕਲਾਸ ਵਿੱਚ ਸੀ। ਉਨ੍ਹਾਂ ਵਿਚੋਂ ਇੱਕ ਬਜ਼ੁਰਗ ਦੀ ਮੇਰੀ ਮਾਮੀ ਭਾਣਜੀ ਸੀ। ਇਸ ਕਰ ਕੇ ਮਾਮੀ ਦੇ ਮਾਮੇ ਨਾਲ ਪਾਪਾ ਜੀ ਦੀ ਦੋਸਤੀ ਹੋ ਗਈ। ਦੂਜਾ ਬਜ਼ੁਰਗ ਮੇਰੇ ਸਹੁਰਾ ਜੀ ਦਾ ਮਾਮਾ ਜੀ ਸੀ। ਦੋਨੇਂ ਵਿਚੋਲੇ ਮੇਰੇ ਸਹੁਰਾ ਜੀ ਨੂੰ ਲੈ ਕੇ ਬਗੈਰ ਮੇਰੀ ਸੱਸ ਦੇ, ਬਗੈਰ ਮੁੰਡੇ ਦੀ ਫ਼ੋਟੋ ਮੁੰਡਾ ਦੇਖੇ, ਅਸੀਂ ਇੱਕ ਰੁਪਏ ਨਾਲ ਘਰ ਵਿੱਚ ਹੀ ਮੰਗਣਾ ਕਰ ਲਿਆ। ਸੱਚ ਮੰਨਣਾ ਸਾਡਾ ਇੱਕ ਪੈਸਾ ਖ਼ਰਚ ਨਹੀਂ ਹੋਇਆ। ਦੁੱਧ ਚਾਹ ਵਿੱਚ ਹੀ ਸਰ ਗਿਆ। ਰੱਬ ਹੀ ਜਾਣਦਾ ਹੈ। ਕਾਹਲੀ ਕਾਹਦੀ ਸੀ। ਮੇਰੇ ਮੰਗਣੇ ਦੇ ਸੂਟ ਮਾਰੇ ਗਏ। ਜਦੋਂ ਮੇਰੀ ਸੱਸ ਨੂੰ ਪਤਾ ਲੱਗਾ, ਮੰਗਣਾ ਕਰ ਦਿੱਤਾ ਹੈ। ਉਹ ਮੈਨੂੰ ਦੇਖਣ ਆਈ। ਅਸ਼ੀਰਵਾਦ ਦੇ ਕੇ ਗਈ। ਸ਼ਾਇਦ ਸੋਚਦੀ ਹੋਣੀ ਹੈ। ਇਹ ਮੇਰੀ ਇੱਕੋ ਨੂੰਹ ਹੈ। ਸੇਵਾ ਇਸੇ ਨੇ ਕਰਨੀ ਹੈ। ਮੰਗਣਾ ਹੁੰਦੇ ਹੀ ਸਹੁਰੇ ਪਰਿਵਾਰ ਦਾ ਕੈਨੇਡਾ ਦਾ ਵੀਜ਼ਾ ਲੱਗ ਗਿਆ। ਸਾਰੇ ਇਹੀ ਸੋਚਣ ਲੱਗੇ ਮੈਂ ਹੀ ਸ਼ਾਇਦ ਚੰਗੇ ਕਰਮਾਂ ਕਰ ਕੇ, ਕੈਨੇਡਾ ਦਾ ਵੀਜ਼ਾ ਲੁਆ ਦਿੱਤਾ ਹੈ। ਕੈਨੇਡਾ ਨੂੰ ਚੜ੍ਹਨ ਤੋਂ ਪਹਿਲਾਂ ਮੇਰੇ ਮੰਗੇਤਰ ਨੇ ਵਿਚੋਲੇ ਕੋਲ ਮੈਨੂੰ ਦੇਖਣ ਦੀ ਇੱਛਾ ਕੀਤੀ। ਉਸ ਨੇ ਕਿਹਾ, " ਮੈਂ ਆਪਣੀ ਮੰਗੇਤਰ ਨੂੰ ਦੇਖਣਾ ਹੈ। ਕਿਹੋ ਜਿਹੀ ਹੈ? " ਸਹੁਰਾ ਜੀ ਦੇ ਮਾਮੇ ਦਾ 50 ਕੁ ਸਾਲਾਂ ਦਾ ਮੁੰਡਾ ਸੀ। ਉਸ ਨੇ ਕਿਹਾ, " ਤੂੰ ਕੁੜੀ ਦਾ ਕੀ ਦੇਖਣਾ ਹੈ? ਕੁੜੀ ਸਾਡੀ ਦੇਖੀ ਹੈ। ਸਾਡੇ ਪਸੰਦ ਹੈ। ਰੱਬ ਦਾ ਰੂਪ ਹੈ। " ਮੰਗੇਤਰ ਨੇ ਕਿਹਾ, " ਵਿਆਹ ਤੂੰ ਕਰਾਉਣਾ ਹੈ ਜਾਂ ਮੈਂ, ਰੱਬ ਦਾ ਰੂਪ ਹੈ ਤਾਂ ਅੱਜ ਹੀ ਦੇਖਣੀ ਹੈ। " ਵਿਚੋਲੇ ਦੋਨੇਂ ਬਜ਼ੁਰਗ ਸੁਨੇਹਾ ਲੈ ਕੇ ਆ ਗਏ। ਮੈਨੂੰ ਬੈਠਾ ਕੇ ਕਹਿਣ ਲੱਗੇ, " ਮੁੰਡਾ ਦੇਖਣ ਆ ਰਿਹਾ ਹੈ। ਕਿਤੇ ਜੁਆਬ ਹੀ ਨਾਂ ਦੇ ਦੇਵੇ, ਸਾਨੂੰ ਲੱਗਦਾ ਹੈ। ਤੂੰ ਆਪ ਹੀ ਉਸ ਨੂੰ ਜੁਆਬ ਦੇ ਦੇਵੀ। ਕਹੀਂ ਮੁੰਡਾ ਮੇਰੇ ਪਸੰਦ ਨਹੀਂ ਹੈ। ਨਾਲ ਹੀ ਮੁੰਡੇ ਦੀ ਭੈਣ ਆਵੇਗੀ। ਜਿਹੜੀ ਕਹਿ ਰਹੀ ਹੈ। ਤੁਸੀਂ ਤਾਂ ਮੇਰਾ ਭਰਾ ਐਵੇਂ ਹੀ ਮੰਗ ਦਿੱਤਾ। ਸਾਨੂੰ ਤਾਂ ਹੋਰ ਬਹੁਤ ਕੁੜੀਆਂ ਦੇ ਰਿਸ਼ਤੇ ਆਉਂਦੇ ਹਨ। " ਮੇਰੇ ਮਾਪਿਆਂ ਨੇ ਕਦੇ ਵੀ ਮੇਰੇ ਖ਼ਿਲਾਫ਼ ਕੋਈ ਗੱਲ ਨਹੀਂ ਕੀਤੀ। ਮੇਰੀ ਹਰ ਸਲਾਹ ਲਈ ਜਾਂਦੀ ਰਹੀ ਹੈ। ਪਾਪਾ ਜੀ ਕਹਿਣ ਲੱਗੇ, " ਮੈਨੂੰ ਆਪਣੀ ਧੀ ਉੱਤੇ ਮਾਣ ਹੈ। ਮੇਰੀ ਧੀ ਕਿਸੇ ਇਗਜ਼ਾਮ ਵਿਚੋਂ ਫੇਲ ਨਹੀਂ ਹੋਈ। ਇਹ ਵੀ ਇਸ ਦਾ ਪੇਪਰ ਹੀ ਹੈ। " ਮੈਂ ਬਜ਼ੁਰਗਾ ਨੂੰ ਕਿਹਾ, " ਕੋਈ ਗੱਲ ਨਹੀਂ, ਆਪਾਂ ਆਪਣੇ ਘਰ ਆਏ ਮਹਿਮਾਨ ਦਾ ਨਿਰਾਦਰ ਨਹੀਂ ਕਰਨਾ। ਉਹ ਜੋ ਫ਼ੈਸਲਾ ਕਰਨਗੇ। ਅਸੀਂ ਸਿਰ ਮੱਥੇ ਕਬੂਲ ਕਰਾਂਗੇ। " ਉਸ ਦਿਨ ਵੀ ਮੈਂ ਪਾਸ ਹੋ ਗਈ।

 ਮੇਰੇ ਸਹੁਰਿਆ ਨੂੰ ਮੰਗਣੇ ਤੋਂ 7 ਸਾਲਾਂ ਬਾਅਦ ਵਿਆਹ ਦਾ ਖ਼ਿਆਲ ਆਇਆ। ਮੰਗਣੇ ਦੀ ਅਪਲਾਈ ਕੈਨੇਡਾ ਅਬੈਰਸੀ ਨੇ ਰੱਦ ਕਰ ਦਿੱਤੀ ਸੀ। ਕਿਉਂਕਿ ਸਾਡੀ ਦੋਨਾਂ ਦੀ ਇੰਟਰਵਿਊ ਦੇ ਬਿਚਾਰ ਨਹੀਂ ਮਿਲੇ ਸਨ। ਮੇਰੇ ਮੰਗੇਤਰ ਨੂੰ ਲੈ ਕੇ ਉਸ ਦੀ ਵੱਡੀ ਭੈਣ ਇੰਡੀਆ ਗਈ। ਉਹ ਦੋ ਦਿਨ ਮੇਰੇ ਘਰ ਰਹੇ। ਫਿਰ ਸਹੁਰਾ ਜੀ ਦੇ ਮਾਮੇ ਵਿਚੋਲੇ ਦੇ ਘਰ ਚਲੇ ਗਏ। 13 ਤਰੀਕ ਲੋਹੜੀ ਦਾ ਦਿਨ ਸੀ। ਉਸ ਦੀ 40 ਸਾਲਾਂ ਦੀ ਭੈਣ ਤੇ 40 ਸਾਲਾਂ ਦੀ ਵਿਚੋਲੇ ਦੀ ਨੂੰਹ ਨੂੰ ਨਾਲ ਲੈ ਕੇ ਗੱਲ ਕਰਨ ਆਈਆਂ। ਉਹ ਕਹਿਣ ਲੱਗੀਆਂ," ਸਾਡਾ ਸਾਰਾ ਪਰਿਵਾਰ ਕੈਨੇਡਾ ਹੈ। ਅਸਲੀ ਵਿਆਹ ਕੈਨੇਡਾ ਕਰਾਂਗੇ। ਆਪਾਂ ਊਈਂ-ਮੀਚੀ ਦਾ ਵਿਆਹ ਕਰ ਲਈਏ। ਕੈਨੇਡਾ ਅਬੈਰਸੀ ਫ਼ੋਟੋ ਤੇ ਮੂਵੀ ਹੀ ਚਾਹੀਦੇ ਹਨ। ਅਬੈਰਸੀ ਨੂੰ ਕੀ ਪਤਾ ਵਿਆਹ ਸੱਚੀਂ ਦਾ ਹੈ ਜਾਂ ਉਈਂ-ਮਿੱਚੀ ਦਾ ਹੈ? " ਇਹ ਪੰਗਾ ਮੇਰੇ ਨਾਲ ਲੈ ਬੈਠੀਆਂ। ਰੱਬ ਨੇ ਮੈਨੂੰ ਐਨੀ ਹਿੰਮਤ ਦੇ ਦਿੱਤੀ ਕਿ ਮੈਂ ਭੁੱਲ ਹੀ ਗਈ। ਇਹ ਮੇਰੇ ਮੰਗੇਤਰ ਦੀ ਭੈਣ ਤੇ ਚਾਚੀ ਹੈ। ਮੈਂ ਕਿਹਾ," ਜੀ ਮੇਰੇ ਮਾਪੇ ਇੱਥੇ ਹਨ। ਵਿਆਹ ਇੱਥੇ ਹੀ ਹੋਵੇਗਾ। ਕੰਨਿਆ ਦਾਨ ਮੇਰੇ ਪਾਪਾ ਜੀ ਨੇ ਕਰਨਾ ਹੈ। ਤੇ ਵਿਆਹ ਸੱਚੀ-ਮੁੱਚੀ ਦਾ ਹੀ ਕਰਨਾ ਹੈ। ਮੇਰੇ ਮਾਪੇ ਤੇ ਮੈਂ ਸ੍ਰੀ ਗੁਰੂ ਗ੍ਰੰਥੀ ਸਾਹਿਬ ਜੀ ਅੱਗੇ ਝੂਠਾ ਵਿਆਹ ਨਹੀਂ ਕਰ ਸਕਦੇ। ਅਗਰ ਤੁਹਾਡਾ ਐਸਾ ਕੋਈ ਇਰਾਦਾ ਹੈ। ਮੁਆਫ਼ ਕਰੋ। ਮੈਂ ਐਸਾ ਵਿਆਹ ਨਹੀਂ ਕਰਾਉਣਾ। ਕੋਈ ਹੋਰ ਕੁੜੀ ਲੱਭੋ ਜੋ ਐਸੀ ਖੇਡ ਖੇਡ ਲਵੋ। " ਅਸਲ ਵਿੱਚ ਇਹ ਔਰਤਾਂ ਵਾਲਾ ਚਲਿੱਤਰ ਖੇਡਣ ਆਈਆਂ ਸਨ। ਭੈਣ ਤਾਂ ਆਪਣੇ ਭਰਾ ਦਾ ਰਿਸ਼ਤਾ ਕਿਤੇ ਹੋਰ ਵਟਾ ਸੱਟਾ ਕਰਨਾ ਚਾਹੁੰਦੀ ਸੀ। ਜੋ ਉਸ ਦੇ ਪਤੀ ਦੇ ਦੋਸਤ ਦੀ ਕੁੜੀ ਸੀ। ਵਿਚੋਲੇ ਦੀ ਨੂੰਹ ਆਪਣੀ ਭਾਣਜੀ ਦਾ ਰਿਸ਼ਤਾ ਕਰਨਾ ਚਾਹੁੰਦੀ ਸੀ। ਇਹ ਸਾਡੇ ਨਾਲ ਵਿਆਹ ਦੀ ਤਰੀਕ ਲੰਬੀ ਪਾਈ ਜਾਂਦੇ ਸਨ। ਮੇਰੇ ਤੋਂ ਛੋਟੀ ਭੈਣ ਦਾ ਵਿਆਹ ਦੋ ਸਾਲ ਪਹਿਲਾਂ ਕੈਨੇਡੀਅਨ ਮੁੰਡੇ ਨਾਲ ਹੋ ਚੁਕਾ ਸੀ। ਉਹ ਕੈਨੇਡਾ ਚਲੀ ਗਈ ਸੀ। ਅਸੀਂ ਬਗੈਰ ਚਾਹ ਪਿਲਾਏ ਉੱਨੀ ਪੈਰੀਂ ਦੋਨੇਂ ਮੋੜ ਦਿੱਤੀਆਂ। ਮੇਰੀ ਮਾਂ ਸਾਗ ਬਣਾ ਰਹੀ ਸੀ। ਦੂਜੇ ਦਿਨ ਮਾਘੀ ਸੀ। ਪਾਪਾ ਜੀ ਟਰੱਕਾਂ ਨਾਲ ਮਾਲ ਲਹਾਉਣ ਗਏ ਹੋਏ ਸਨ। ਦੂਜੇ ਦਿਨ ਅਸੀਂ ਟਰੱਕ ਤੇ ਸੰਗਤ ਲੈ ਕੇ ਮੁਕਤਸਰ ਜਾਣਾ ਸੀ। ਪਾਪਾ ਜੀ ਸੰਗਤ ਦੀ ਸੇਵਾ ਦਾ ਕੰਮ ਮੁਫ਼ਤ ਵਿੱਚ ਕਰਦੇ ਹੁੰਦੇ ਸਨ। ਰੱਬ ਨੇ ਸਾਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਰੱਖਿਆ। ਅੰਨ-ਧੰਨ, ਸਬਰ ਬਹੁਤ ਅਣ ਮੰਗਿਆ ਦਿੱਤਾ ਹੈ।

 ਮੂੰਹ ਹਨੇਰਾ ਹੋ ਗਿਆ ਸੀ। ਸਾਡੇ ਘਰ ਦੇ ਅੰਦਰ ਕਾਰ ਦਾਖ਼ਲ ਹੋਈ। ਮੇਰਾ ਮੰਗੇਤਰ ਇਕੱਲਾ ਹੀ ਉੱਤਰ ਕੇ ਆ ਰਿਹਾ ਸੀ। ਉਸ ਨੇ ਮੇਰੀ ਮਾਂ ਤੋਂ ਮੇਰੇ ਨਾਲ ਗੱਲ ਕਰਨ ਦੀ ਇਜਾਜ਼ਤ ਮੰਗੀ। ਮਾਂ ਨੇ ਕਿਹਾ, " ਤੁਸੀਂ ਦੋਨੇਂ ਗੱਲਾਂ ਕਰ ਸਕਦੇ ਹੋ। " ਮਾਂ ਦੇ ਸਾਹਣੇ ਹੀ ਉਹ ਮੇਰੇ ਨਾਲ ਵਿਹੜੇ ਵਿੱਚ ਖੜ੍ਹ ਕੇ ਹੀ ਗੱਲਾਂ ਕਰਨ ਲੱਗਾ। ਉਸ ਨੂੰ ਮੈਂ ਵੀ ਬੈਠਣ ਨੂੰ ਨਹੀਂ ਕਿਹਾ। ਨਾ ਹੀ ਚਾਹ ਪਾਣੀ ਪੁੱਛਿਆ। ਮੰਗੇਤਰ ਨੇ ਮੈਨੂੰ ਪੁੱਛਿਆ, " ਤੂੰ ਕਦੋਂ ਵਿਆਹ ਕਰਾਉਣਾ ਹੈ? " ਮੈਂ ਕਿਹਾ, " ਪਾਪਾ ਜੀ ਘਰ ਆ ਜਾਣ, ਵਿਆਹ ਉਦੋਂ ਹੀ ਕਰ ਲੈਂਦੇ ਹਾਂ। " ਸੱਚੀ ਪਾਪਾ ਜੀ ਉਸੇ ਸਮੇਂ ਆ ਗਏ। ਮੰਗੇਤਰ ਨੇ ਪਾਪਾ ਜੀ ਨੂੰ ਕਿਹਾ, " ਮੈਂ ਅਨੰਦ ਲੈਣ ਪੰਜ ਦਿਨਾਂ ਨੂੰ ਆਵਾਂਗਾ। " ਸਾਡੀ ਸਮਿਤੀ ਨਾਲ ਪੰਜਵੇਂ ਦਿਨ ਦਾ ਵਿਆਹ ਰੱਖ ਲਿਆ। ਚਾਰ ਬੰਦੇ ਬਰਾਤ ਵਿੱਚ ਸਨ। ਮੇਰੇ ਨਾਨਕੇ ਦਾਦਕੇ ਦਾ ਆਪਣਾ ਹੀ ਘਰ ਦਾ ਮੇਲ ਬਥੇਰਾ ਸੀ। ਪਤੀ ਜੀ ਨੇ ਮਹੀਨੇ ਪਿੱਛੇ ਕੈਨੇਡਾ ਵਾਪਸ ਆ ਕੇ, ਮੇਰੀ ਅਪਲਾਈ ਕਰ ਦਿੱਤੀ। ਵਿਆਹ ਦੇ ਤਿੰਨ ਮਹੀਨੇ ਬਾਦ ਕੈਨੇਡਾ ਵੀਜ਼ਾ ਆ ਗਿਆ। ਉਸੇ ਦਿਨ ਪਾਪਾ ਜੀ ਵੀਜ਼ਾ ਲੈ ਕੇ ਸੀਟ ਬੁੱਕ ਕਰਾਉਣ ਚਲੇ ਗਏ। ਤੀਜੇ ਦਿਨ ਦੀ ਮੇਰੀ ਕੈਨੇਡਾ ਦੀ ਫਲਾਈਟ ਸੀ।

 ਹਰ ਕੁੜੀ ਨੂੰ ਨਿਧੜਕ ਹੋ ਕੇ ਆਪਣੀ ਜ਼ਿੰਦਗੀ ਦੇ ਫ਼ੈਸਲੇ ਕਰਨੇ ਚਾਹੀਦੇ ਹਨ। ਉਸ ਨੂੰ ਨਿਭਾਉਣ ਦੀ ਜੁੰਮੇਬਾਰੀ ਤੁਹਾਡੀ ਹੈ। ਮੰਮੀ ਡੈਡੀ ਵਿਚੋਲਣ ਦਾ ਫਿਰ ਕੋਈ ਕੰਮ ਨਹੀਂ। ਜਿੰਦਗੀ ਭਰ ਦਾ ਸੁਆਲ ਹੈ। ਹਰ ਕੁੜੀ ਮੁੰਡੇ ਨੇ ਆਪਦੇ ਤਨ ‘ਤੇ ਦੁਖ-ਸੁਖ ਸਹਿਣੇ ਹਨ। ਇੱਕ ਬਾਰ ਸ਼ਾਂਦੀ ਹੋ ਗਈ। ਸਮਝੋ ਖਿਸਕਣ ਲਈ ਕੋਈ ਰਸਤਾ ਨਹੀਂ ਹੈ। ਕਈ ਸੋਚਦੇ ਹਨ। ਬੁੱਢੀ, ਵਿਧਵਾ ਕੋਈ ਵੀ ਮਿਲ ਜਾਵੇ ਕੈਨੇਡਾ ਦੀ ਮੋਹਰ ਲਗ ਜਾਵੇ। ਜਿੰਦਗੀ ਇੰਨੀ ਸੌਖੀ ਨਹੀਂ ਹੈ।ਕਿਸੇ ਬੇਜੋੜ ਨਾਲ ਕੱਟੀ ਜਾਵੇਗੀ। ਵਿਆਹ ਮਨ ਪਸੰਧ ਵਾਲੇ ਨਾਲ ਕਰਾਵੋ। ਉਸ ਦੇ ਵਿਚਾਰ ਜਰੂਰ ਜਾਣ ਲਵੋ। ਬਗੈਰ ਦਾਜ ਲਏ ਸਾਦੇ ਵਿਆਹ ਕਰਨੇ ਚਾਹੀਦੇ ਹਨ। ਤਾਂ ਕੇ ਆਪਣੇ ਮਾਪਿਆਂ ਉੱਤੇ ਬੋਝ ਬਣ ਕੇ ਨਾਂ ਰਹਿ ਜਾਣ ’ਤੇ ਮਾਪੇ ਇਸ ਬੋਝ ਥੱਲੇ ਦੱਬ ਕੇ, ਨਾਂ ਮਰ ਜਾਣ। ਸਾਡੇ ਛੇ ਭੈਣਾਂ ਦਾ ਵਿਆਹ ਇਸੇ ਤਰਾਂ ਸਾਦੇ ਤੇ ਪੰਜਾਂ ਦਿਨਾਂ ਉੱਤੇ ਹੋਏ ਹਨ। ਇੱਕ ਵੀਰ ਸਣੇ, ਪੂਰੇ ਸਹੁਰਾ ਪਰਿਵਾਰਾਂ ਸਮੇਤ ਸਾਰੀਆਂ ਕੈਨੇਡਾ ਵਿੱਚ ਹਾਂ। ਰੱਬ ਦਾ ਬਹੁਤ ਸ਼ੁਕਰ ਹੈ। ਪਤੀ ਤੇ ਦੁਨੀਆ ਲਈ ਵਿਆਹ ਪਰ ਸਾਡਾ ਜੀਵਨ ਦਾਅ ਉੱਤੇ ਗਿਆ ਸੀ। ਉਦੋਂ ਤੋਂ ਆਪਣਾ ਆਪ ਭੁੱਲ ਕੇ, ਪਤੀ ਤੇ ਸਹੁਰੇ ਪਰਿਵਾਰ ਨੂੰ ਹੀ ਸੰਭਾਲਦੇ ਆ ਰਹੇ ਹਾਂ। ਰੱਬ ਕਿਰਪਾ ਕਰੇ ਹਰ ਜਨਮ ਵਿੱਚ ਇਸ ਪਤੀ ਨਾਲ ਮੇਰਾ ਸਬੰਧ ਬਣਾਇਆ ਰਹੇ। ਮੁਫ਼ਤ ਦਾ ਨੌਕਰ ਤੇ ਕਮਾਊ ਬੰਦਾ ਮਿਲਿਆ ਹੈ। ਪਾਪਾ ਜੀ ਨੂੰ ਸਾਰੇ ਜਮਾਈ ਪੁੱਤ ਦੋਸਤਾਂ ਵਰਗੇ ਮਿਲੇ ਹਨ। ਰੱਬ ਦਾ ਸ਼ੂਕਰ ਹੈ। ਇੱਕ ਗੱਲ ਹੈ। ਜੇ ਪਤਾ ਹੈ, ਬਈ ਇਹੀ ਕੁੱਝ ਜ਼ਿੰਦਗੀ ਵਿੱਚ ਹੋਣਾ ਹੈ। ਤਾਂ ਸਭ ਖ਼ੁਸ਼ੀ-ਖ਼ੁਸ਼ੀ ਪਰਵਾਨ ਕਰ ਲੈਣਾ ਚਾਹੀਦਾ ਹੈ। ਬੰਦੇ ਸਬ ਇਕੋ ਜਿਹੇ ਹੀ ਹੁੰਦੇ ਹਨ। ਜਾਨਵਰ ਵੀ ਬੰਦਿਆ ਵਾਲੀਆਂ ਸ਼ਰਾਰਤਾ ਕਰਦੇ ਹਨ।

Comments

Popular Posts