ਭਾਗ 41, 42, 43 ਬਦਲਦੇ ਰਿਸ਼ਤੇ

ਲੁੱਕ-ਲੁੱਕ ਕੇ ਲਾਈਆਂ, ਜਹਾਨ ਵਿੱਚ ਜੌਹਰ ਹੋ ਜਾਂਦੀਆਂ ਹਨ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਸੁੱਖੀ ਬਾਰ-ਬਾਰ ਸੀਨੀਅਰ ਸੈਂਟਰ ਨਹੀਂ ਜਾਣਾ ਚਾਹੁੰਦੀ ਸੀ। ਸੁੱਖੀ ਨੂੰ ਸੀਬੋ ਕੋਲ ਹਰ ਦੂਜੇ ਦਿਨ ਜਾਣਾ ਵੀ ਔਖਾ ਲੱਗਦਾ ਸੀ। ਸੀਬੋ ਨੂੰ ਜੇ ਕਿਸੇ ਡਾਕਟਰ ਨੇ ਚੈਕ-ਅਪ ਲਈ ਦੇਖਣਾ ਹੁੰਦਾ ਸੀ। ਸੁੱਖੀ ਨੂੰ ਹੀ ਲਿਜਾਣੀ ਪੈਂਦੀ ਸੀ। ਸੁੱਖੀ ਦੇ ਘਰ ਦੇ ਕੰਮ ਵਿੱਚੇ ਰਹਿ ਜਾਂਦੇ ਸੀ। ਇਸ ਲਈ ਸੁੱਖੀ ਉਸ ਨੂੰ ਘਰ ਲੈ ਆਈ ਸੀ। ਉਸ ਦੇ ਘਰ ਆਉਣ ਦਾ ਇਹ ਸੁਖ ਹੋ ਗਿਆ ਸੀ। ਲਸਣ, ਪਿਆਜ਼, ਸਬਜ਼ੀ ਕੱਟ ਦਿੰਦੀ ਸੀ। ਆਟਾ ਗੁੰਨ੍ਹਣ ਤੇ ਬੈਠ ਕੇ ਕਰਨ ਵਾਲੇ ਕੰਮ ਕਰ ਦਿੰਦੀ ਸੀ। ਕੰਮ ਕਰਨ ਵਾਲਾ ਬੰਦਾ ਵਿਹਲਾ ਨਹੀਂ ਬੈਠ ਸਕਦਾ।

ਬੌਬ ਦਾ ਐਕਸੀਡੈਂਟ ਹੋਇਆ ਸੀ। ਉਸ ਦੀ ਗਰਦਨ ਅਜੇ ਵੀ ਦੁਖਦੀ ਸੀ। ਫਿਜ਼ਿਉਥਰੈਪੀ, ਮਿਸਿਜ਼ ਤੇ ਸੇਕ ਦਿਵਾਉਣ ਜਾਂਦਾ ਹੁੰਦਾ ਸੀ। ਪਹਿਲਾਂ ਤਿੰਨ ਕੁ ਮਹੀਨੇ ਤਾਂ ਕਾਰ ਇੰਨਸ਼ੋਰੈਂਸ ਪੈਸੇ ਦਿੰਦੀ ਰਹੀ। ਬੌਬ ਨੂੰ ਟਰੀਟਮਿੰਟ ਦੇਣ ਵਾਲਿਆਂ ਨੂੰ ਇੰਨਸ਼ੋਰੈਂਸ ਵਾਲਿਆਂ ਨੇ, ਹੋਰ ਪੈਸੇ ਦੇਣ ਤੋਂ ਮਨਾ ਕਰ ਦਿੱਤਾ ਸੀ। ਹੁਣ ਬੌਬ ਫਿਜ਼ੀਕਲ ਐਕਸਰਸਾਈਜ ਕਰਨ ਜਿੰਮ ਜਾਂਦਾ ਸੀ। ਫਿਜ਼ਿਉਥਰੈਪੀ ਸੀਬੋ ਨੂੰ ਮਿਸਾਜ਼ ਕਰਾਉਣ ਬੌਬ ਲੈ ਜਾਂਦਾ ਸੀ। ਇਸ ਫਿਜ਼ਿਉਥਰੈਪੀ ਕਲੀਨਿਕ ਵਿੱਚ ਲੱਕ ਤੇ ਢੂਹੀ ਨੂੰ ਗਰਮ ਪੈਡ ਨਾਲ ਸੇਕ ਦਿੰਦੇ ਸਨ। ਕਸਰਤ ਵੀ ਕਰਾਉਂਦੇ ਸਨ। ਸੀਨੀਅਰ ਹੋਣ ਕਰ ਕੇ, ਸੀਬੋ ਦੀ ਹੈਲਥ ਇੰਨਸ਼ੋਰੈਂਸ ਫ਼ਰੀ ਸੀ।

ਫਿਜ਼ਿਉਥਰੈਪੀ ਵਾਲੇ ਇੱਕ ਟਰੀਟਮਿੰਟ ਦੇਣ ਦੇ 80 ਡਾਲਰ ਲੈਂਦੇ ਹਨ। 15 ਕੁ ਮਿੰਟ ਗਰਮ ਤੌਲੀਏ ਦਾ ਸੇਕ ਗਰਦਨ, ਪਿੱਠ ਦੁਖਦੇ ਥਾਂ ਦਿੰਦੇ ਹਨ। ਦੋ ਮਿੰਟ ਦੋ ਕੁ ਫਿਜ਼ੀਕਲ ਐਕਸਰਸਾਈਜ ਦਸ ਕੇ ਘਰ ਤੋਰ ਦਿੰਦੇ ਹਨ। ਮਿਸਾਜ਼ ਲਈ ਇੱਕ ਘੰਟੇ ਲਈ ਬੁੱਕ ਕੀਤਾ ਹੁੰਦਾ ਹੈ। 15 ਮਿੰਟ ਪਹਿਲਾਂ ਹੀ ਗੱਲਾਂ ਬਾਤਾਂ ਵਿੱਚ ਲੰਘਾ ਦਿੰਦੇ ਹਨ। 20 ਮਿੰਟ ਪਹਿਲਾਂ ਹੀ ਬਾਹਰ ਤੋਰ ਦਿੰਦੇ ਹਨ। ਮਰੀਜ਼ ਕਹਿਣਾ ਵੀ ਚਾਹੁੰਦਾ ਹੈ, " ਜ਼ਾਬਤਾ ਪੂਰਾ ਕਰ ਰਹੇ ਹੋ। ਤੋਲਾ, ਰੱਤੀ ਫ਼ਰਕ ਨਹੀਂ ਪਿਆ। ਤਕਲੀਫ਼ ਤਾਂ ਉੱਨੀ ਹੀ ਹੈ। " ਪਰ ਡਰਦੇ ਮਾਰੇ ਮਰੀਜ਼ ਕਹਿ ਨਹੀਂ ਸਕਦੇ। ਬਈ ਇੰਨਸ਼ੋਰੈਂਸ ਵਾਲਿਆਂ ਨੂੰ ਪੁੱਠੀ ਰਿਪੋਰਟ ਹੀ ਨਾਂ ਭੇਜ ਦੇਣ। ਇੱਕ ਕਲੀਨਿਕ ਵਿੱਚ ਤਾਂ ਇੱਕ ਬਾਰ ਦਾ ਹੀ, ਇੱਕ ਟਰੀਟਮਿੰਟ ਦਾ ਡਬਲ ਚਾਰਜ ਕਰਦੇ ਸਨ। ਬਹੁਤੇ ਮਰੀਜ਼ ਪੁੱਛਦੇ ਵੀ ਨਹੀਂ ਹਨ। ਕਿੰਨੇ ਪੈਸੇ ਇੰਨਸ਼ੋਰੈਂਸ ਵਾਲਿਆਂ ਤੋਂ ਲੈ ਰਹੇ ਹੋ? ਕਿੰਨੀਆਂ ਟਰੀਟਮਿੰਟ ਹੋ ਗਈਆਂ ਹਨ? ਕਿੰਨੀਆਂ ਰਹਿੰਦੀਆਂ ਹਨ? ਕਲੀਨਿਕ ਵਿੱਚ ਹਰ ਰੋਜ਼ ਟਰੀਟਮਿੰਟ ਦੇਣ ਲਈ ਸੱਦ ਲੈਂਦੇ ਹਨ। ਛੇਤੀ-ਛੇਤੀ ਇੰਨਸ਼ੋਰੈਂਸ ਤੋਂ ਪੈਸਾ ਇਕੱਠਾ ਕਰਨ ਦਾ ਢੰਗ ਬਣਾਇਆ ਹੋਇਆ ਹੈ। ਫਿਜ਼ਿਉਥਰੈਪੀ ਪਿੱਛੋਂ ਮਰੀਜ਼ ਨੂੰ ਆਰਾਮ ਆਵੇ ਜਾਂ ਨਾਂ ਕੋਈ ਗਰੰਟੀ ਨਹੀਂ ਹੈ। ਮਰੀਜ਼ ਦਾ ਵੀ ਧਿਆਨ ਸਰੀਰ ਦੇ ਦੁੱਖ ਦੂਰ ਕਰਨ ਦਾ ਹੁੰਦਾ ਹੀ ਨਹੀਂ ਹੈ। ਇੰਨਸ਼ੋਰੈਂਸ ਤੋਂ ਕਲੇਮ ਕਰ ਕੇ ਪੈਸੇ ਲੈਣ ਦੀ ਇਹ ਜੁਗਤ ਹੈ। ਇੰਨਸ਼ੋਰੈਂਸ ਵਾਲੇ ਖਹਿੜਾ ਛਡਾਉਣ ਦੇ ਮਾਰੇ 20, 30 ਹਜ਼ਾਰ ਦੇ ਕੇ, ਬਚਣ ਦੀ ਕੋਸ਼ਿਸ਼ ਕਰਦੇ ਹਨ। ਬਹੁਤ ਵੱਡਾ ਫੋਰਡ ਹੋ ਰਿਹਾ ਹੈ। ਹਰ ਕੋਈ ਦੂਜੇ ਨੂੰ ਮੂਰਖ ਬਣਾਉਣ ਲੱਗਾ ਹੋਇਆ ਹੈ।

ਸੁੱਖੀ ਦੇ ਕੋਲ ਭਾਵੇਂ ਸੀਬੋ ਰਹਿੰਦੀ ਸੀ। ਤਿੰਨ ਜੁਆਕ ਸਨ। ਫਿਰ ਵੀ ਗੁਆਂਢੀ ਪੰਜਾਬੀ ਸੁੱਖੀ ਵੱਲ ਸ਼ੱਕੀ ਨਜ਼ਰਾਂ ਨਾਲ ਦੇਖਦੇ ਸਨ। ਲੋਕਾਂ ਨੂੰ ਪਤਾ ਸੀ। ਸੀਬੋ ਉਸ ਦੀ ਸੱਸ ਹੈ। ਸੁੱਖੀ ਦਾ ਪਤੀ ਘਰ ਨਹੀਂ ਹੈ। ਜੁਆਨ ਔਰਤ ਇਕੱਲੀ ਰਹੇ। ਲੋਕਾਂ ਦਾ ਬੜਾ ਢਿੱਡ ਦੁਖਦਾ ਹੁੰਦਾ। ਇਹ ਆਪ ਖ਼ਸਮ ਬਣਨ ਨੂੰ ਫਿਰਦੇ ਹੁੰਦੇ ਹਨ। ਕਈ ਮਰਦ ਦੂਜੇ ਦੀ ਔਰਤ ਦਾ ਸੁਪਨਾ ਦੇਖ ਕੇ ਹੀ ਸੁਆਦ ਲੈ ਲੈਂਦੇ ਹਨ। ਆਪ ਦੀਆਂ ਕਹਾਣੀਆਂ ਜੋੜਨ ਲੱਗ ਜਾਂਦੇ ਹਨ। ਲੋਕਾਂ ਨੂੰ ਕਿਸੇ ਦੇ ਘਰ ਦੀ ਗੱਲ ਦਾ ਪਤਾ ਵੀ ਨਾਂ ਹੋਵੇ। ਪੂਰਾ ਕਸੂਰ ਔਰਤ ਵਿੱਚ ਕੱਢਦੇ ਹਨ। ਚਾਹੇ ਕੋਈ ਗ਼ਲਤ ਔਰਤ ਐਸੇ ਮਰਦਾਂ ਨਾਲ ਰਲ ਜਾਵੇ। ਖ਼ੈਰ ਨਹੀਂ ਕਰਦੇ। ਆਪ ਦੇ ਲਈ ਮਾੜੀ ਔਰਤ ਵੀ ਠੀਕ ਹੀ ਲੱਗਦੀ ਹੈ। ਗ਼ਲਤ ਮਰਦ ਵੀ ਬਿਲਕੁਲ ਆਜ਼ਾਦ ਹੈ। ਜੋ ਚਾਹੇ ਕਰ ਸਕਦਾ ਹੈ। ਸੁੱਖੀ ਦੇ ਘਰ ਵਿੱਚ ਆਲੇ-ਦੁਆਲੇ ਦੇ ਇੰਡੀਅਨ ਦੀਆਂ ਅੱਖਾਂ ਸੁੱਖੀ ਤੇ ਲੱਗੀਆਂ ਹੋਈਆਂ ਸਨ। ਘਰ ਨੂੰ ਸ਼ੀਸ਼ੇ ਦੀਆਂ ਵਿੰਡੋ ਬਹੁਤ ਵੱਡੀਆਂ ਲੱਗੀਆਂ ਸਨ। ਦੂਰਬੀਨ ਦੀ ਵੀ ਲੋੜ ਨਹੀਂ ਸੀ। ਘਰ ਦੇ ਅੰਦਰ ਦਾ ਸੀਨ ਧੁੱਪ ਤੇ ਲਾਈਟਾਂ ਨਾਲ ਸਾਫ਼ ਦਿਸਦਾ ਸੀ। ਕਈ ਉਸ ਦੇ ਘਰ ਅੰਦਰ ਬਾਹਰ ਜਾਣ ਦਾ ਪੂਰਾ ਖ਼ਿਆਲ ਰੱਖਦੇ ਸਨ।

ਦੁੱਖ ਸਮੇਂ ਸਾਰੇ ਸਾਥ ਛੱਡ ਜਾਂਦੇ ਹਨ। ਹਰ ਕੋਈ ਬਚਦਾ ਫਿਰਦਾ ਹੈ। ਕਿਤੇ ਕੋਈ ਕੁੱਝ ਮੰਗ ਹੀ ਨਾਂ ਲਵੇ। ਪਰ ਜੇ ਔਰਤ ਕਿਸੇ ਮੁਸੀਬਤ ਵਿੱਚ ਫਸੀ ਹੋਵੇ। ਫਿਰ ਜ਼ਰੂਰ ਇੱਕ ਦੂਜੇ ਤੋਂ ਮੂਹਰੇ ਹੋ ਕੇ, ਦਿਖਾਵਾ ਦਿਖਾਉਣ ਦੀ ਮਰਦ ਕੋਸ਼ਿਸ਼ ਕਰਦੇ ਹਨ। ਕਈ ਆਪ ਦੀ ਚਾਲ ਵਿੱਚ ਕਾਮਯਾਬ ਹੋ ਜਾਂਦੇ ਹਨ। ਕਈ ਤਾਂ ਐਸੇ ਵੀ ਸਨ। ਸੁੱਖੀ ਦੀ ਕਾਰ ਮਗਰ ਕਾਰ ਲਾ ਲੈਂਦੇ ਸਨ। ਤੇਲ ਫੂਕਣ ਦਾ ਕੋਈ ਫ਼ਿਕਰ ਨਹੀਂ ਸੀ। ਦੇਖਣਾ ਸੀ, ਬੇਗਾਨੀ ਤੀਵੀਂ ਜਾ ਕਿਥੇ ਰਹੀ ਹੈ? ਉਪਰੋਂ ਫੜ ਕੇ ਬਲੈਕ ਮੇਲ ਕਰਨ ਦੀ ਤਾੜ ਵਿੱਚ ਸਨ। ਸੁੱਖੀ ਨੂੰ ਵੀ ਪਤਾ ਸੀ। ਜਾਣ-ਪਛਾਣ ਵਾਲੇ ਅਚਾਨਕ ਮੂਹਰੇ ਕਿਵੇਂ ਆ ਜਾਂਦੇ ਹਨ? ਨਾਲ ਦੇ ਘਰ ਵਾਲਾ ਗੁਆਂਢੀ ਨਵਾਂ ਆਇਆ ਸੀ। ਉਸ ਦੀ ਪਤਨੀ ਵੀ ਸੀ। ਸੁੱਖੀ ਦੇ ਘਰੋਂ ਕੋਈ ਨਾਂ ਕੋਈ ਚੀਜ਼ ਮੰਗਣ ਬਹਾਨੇ ਆ ਜਾਂਦਾ ਸੀ। ਪਿਛਲੀ ਮੰਗੀ ਚੀਜ਼ ਵਾਪਸ ਨਹੀਂ ਕਰਦਾ ਸੀ। ਇਹ ਜ਼ਰੂਰ ਕਹਿ ਜਾਂਦਾ ਸੀ, " ਕੋਈ ਹੋਰ ਕੰਮ ਹੋਇਆ ਜ਼ਰੂਰ ਦੱਸਣਾ। " ਅੰਦਰ ਨੂੰ ਚਾਰੇ ਪਾਸੇ ਦੇਖਦਾ ਸੀ। ਸੀਬੋ ਨੇ ਕਈ ਬਾਰ ਕਿਹਾ ਸੀ, " ਬਰਫ਼ ਹਟਾਉਣ ਵਾਲਾ ਜੇ ਵਾਪਸ ਨਹੀਂ ਵੀ ਕਰਨਾ। ਦੋਨਾਂ ਘਰਾਂ ਦੇ ਵਿਚਕਾਰ ਵਾਲੀ ਕੰਧ ਨਾਲ ਰੱਖ ਦਇਆ ਕਰੋ। " " ਹਾਂ ਜੀ ਫ਼ਿਕਰ ਨਾਂ ਕਰੋ। ਚੇਤੇ ਨਾਲ ਮੋੜ ਹੀ ਦੇਵਾਂਗਾ। ਮੈਂ ਨਵਾਂ ਖ਼ਰੀਦ ਲੈਣਾ ਹੈ। ਤੁਸੀ ਕਦੇ ਸਾਡੇ ਘਰ ਆਉਣਾ। ਚਾਹ ਪੀ ਜਾਣੀ। ਤੁਸੀਂ ਤਾਂ ਦਰਾਂ ਵਿਚੋਂ ਮੋੜ ਦਿੰਦੇ ਹੋ। ਅੰਦਰ ਲੰਘਣ ਲਈ ਝੂਠੀ-ਮੂਠੀ ਵੀ ਨਹੀਂ ਕਹਿੰਦੇ। " " ਬਾਈ ਮੈਂ ਤਾਂ ਉੱਠ ਕੇ ਚਾਹ ਧਰਨ ਜੋਗੀ ਨਹੀਂ ਹਾਂ। ਮਨੁੱਖ, ਮਨੁੱਖ ਕੋਲ ਆਉਂਦੇ ਚੰਗੇ ਲੱਗਦੇ ਹਨ। " " ਬੀਬੀ ਤੂੰ ਤਾਂ ਗ਼ੁੱਸਾ ਕਰ ਗਈ। ਭਾਬੀ ਤਾਂ ਚਾਹ ਪਿਲਾ ਸਕਦੀ ਹੈ। " " ਤੇਰੀ ਸੁੱਖੀ ਭਾਬੀ ਕਿਵੇਂ ਲੱਗੀ? ਭੈਣ ਜੀ ਕਹੀਦਾ ਹੈ। ਭੈਣ ਕਹਿਣ ਵਿੱਚ ਵੱਧ ਮਾਣ-ਇੱਜ਼ਤ ਹੁੰਦੀ ਹੈ। " ਕਦੇ ਕੁੱਝ ਵੀ ਵਾਪਸ ਨਹੀਂ ਦਿੱਤਾ ਸੀ। ਸੁੱਖੀ ਨੇ ਕੈਵਨ ਨੂੰ ਕਈ ਬਾਰ ਉਨ੍ਹਾਂ ਦੇ ਘਰ ਭੇਜਿਆ ਸੀ। ਆਪ ਦਰ ਹੀ ਨਹੀਂ ਖੋਲ੍ਹਦੇ ਸੀ।

ਦੁਨੀਆ ਵਿੱਚ ਇਕੱਲੇ ਮਰਦ ਹੀ ਨਹੀਂ ਹਨ। ਜੋ ਦਹਿਲੀਆਂ ਟੱਪਦੇ ਫਿਰਦੇ ਹਨ। ਕਈ ਔਰਤਾਂ ਵੀ ਦਰ-ਦਰ ਤੁਰੀਆਂ ਫਿਰਦੀਆਂ ਹਨ। ਗੈਰੀ ਨਾਲ ਜੋ ਔਰਤ ਰਹਿੰਦੀ ਸੀ। ਉਹ ਘਰ ਤੋਂ ਬਾਹਰ ਗਈ ਹੋਈ ਵਾਪਸ ਨਹੀਂ ਆਈ ਸੀ। ਕੋਈ ਹੋਰ ਲੱਭ ਗਿਆ ਹੋਣਾ ਹੈ। ਉਸ ਨੇ ਥੋੜ੍ਹੀ ਘਰ ਬੰਨ੍ਹਣਾ ਸੀ। ਘਰ ਵਿੱਚ ਚਮਚਾ ਨਾਂ ਕੌਲੀ, ਗਲਾਸ ਵੀ ਪਾਣੀ ਪੀਣ ਨੂੰ ਨਹੀਂ ਸੀ। ਕਈਆਂ ਦੀ ਹਾਲਤ ਐਸੀ ਹੈ। ਨੰਗ-ਮਲੰਗ ਬਣ ਕੇ ਜ਼ਿੰਦਗੀ ਕੱਢ ਦਿੰਦੇ ਹਨ। ਨਾਂ ਚੱਜ ਨਾਲ ਕਮਾਈ ਕਰਦੇ ਹਨ। ਨਾਂ ਚੱਜ ਨਾਲ ਰਹਿੰਦੇ ਹਨ। ਜਿੱਥੇ ਰਾਤ ਪਈ ਕੱਟ ਲੈਂਦੇ ਹਨ। ਕਲ ਦੀ ਸਵੇਰ ਦੇਖੀ ਜਾਵੇਗੀ। ਗੈਰੀ ਕਈ ਦਿਨ ਉਸ ਔਰਤ ਨੂੰ ਉਡੀਕਦਾ ਰਿਹਾ। ਉਹ ਮੁੜ ਕੇ ਨਾਂ ਆਈ। ਉਹ ਵੈਨਕੂਵਰ ਤੋਂ ਵਾਪਸ ਆ ਗਿਆ ਸੀ। ਗੈਰੀ ਆਪ ਦੇ ਦੋਸਤ ਦੇ ਘਰ ਰਹਿਣ ਲੱਗ ਗਿਆ ਸੀ। ਉਸ ਨੂੰ ਆਪ ਦੇ ਘਰ ਜਾਣ ਵਿੱਚ ਸ਼ਰਮ ਆ ਰਹੀ ਸੀ। ਉਸ ਨੇ ਸੁੱਖੀ ਨੂੰ ਫ਼ੋਨ ਕਰ ਕੇ ਕਿਹਾ, " ਮੈਂ ਆਪ ਦੇ ਦੋਸਤ ਬਿੱਲੂ ਦੇ ਘਰ ਬੈਠਾ ਹਾਂ। " " ਉੱਥੇ ਕੀ ਹੈ? ਘਰ ਆ ਜਾਣਾ ਸੀ। ਮੈਂ ਹੁਣੇ ਲੈਣ ਆ ਜਾਂਦੀ ਹਾਂ। " ਸੁੱਖੀ ਗੈਰੀ ਕੋਲ ਚਲੀ ਗਈ। ਸੁੱਖੀ ਨੇ ਗੈਰੀ ਨੂੰ ਕਿਹਾ, " ਹੁਣ ਕੀ ਸਲਾਹ ਹੈ? " " ਸਲਾਹ ਤੇਰੇ ਨਾਲ ਮਨ ਪ੍ਰਚਾਉਣ ਦੀ ਹੈ। ਤੂੰ ਚੀਜ਼ ਬੜੀ ਮਜ਼ੇਦਾਰ ਹੈ। ਸੱਚੀ ਤੇਰੇ ਵਰਗੀ ਹੋਰ ਨਹੀਂ ਹੋ ਸਕਦੀ। ਅਖੀਰ ਤੇਰੇ ਕੋਲ ਦੁਨੀਆ ਫ਼ਿਰਕੇ ਆ ਗਿਆ। " " ਠੀਕ ਹੈ, ਮੇਰੇ ਨਾਲ ਘਰ ਚੱਲ। " " ਬਿੱਲੂ ਤੇ ਉਸ ਦੀ ਪਤਨੀ ਘਰ ਨਹੀਂ। ਇਸ ਤਰਾਂ ਬਗੈਰ ਬਿੱਲੂ ਨੂੰ ਦੱਸੇ, ਕਿਵੇਂ ਜਾ ਸਕਦਾ ਹਾਂ? ਤੂੰ ਮੇਰੇ ਕੋਲ ਤਾਂ ਆ। ਇਸ ਨੂੰ ਕਹਿੰਦੇ ਨੇ, " ਆਗਿਆਕਾਰ ਪਤਨੀ। " ਜੋ ਪਤੀ ਦਾ ਤੇਰੇ ਵਾਂਗ ਕਹਿਣਾ ਮੰਨੇ। ਵੈਸੇ ਤਾਂ ਤੂੰ ਮੈਨੂੰ ਹੀ ਪਿਆਰ ਕਰਦੀ ਹੈਂ। "

" ਤੂੰ ਕਦੋਂ ਇੱਕ ਪਾਸਾ ਕਰਨਾ ਹੈ? ਬਾਹਰ ਦੀ ਕਦ ਝਾਕ ਛੱਡਣੀ ਹੈ? " " ਹੁਣ ਤੂੰ ਜਾ, ਉਹ ਆਉਣ ਵਾਲੇ ਹਨ। ਇਸ ਤਰਾਂ ਚੰਗਾ ਨਹੀਂ ਲੱਗਦਾ। ਬਿੱਲੂ ਨੂੰ ਲੱਗਦਾ ਹੈ। ਮੈਂ ਘਰਵਾਲੀ ਨਾਲ ਰੁੱਸਿਆ ਬੈਠਾਂ ਹਾਂ। " ਸੁੱਖੀ ਨੂੰ ਉਸ ਦੀਆਂ ਗੱਲਾਂ ਤੋਂ ਖਿਝ ਆ ਗਈ। ਉਸ ਨੇ ਕਿਹਾ, " ਮੈਂ ਤੈਨੂੰ ਲੈਣ ਆਈ ਹਾਂ। ਉੱਠ ਕੇ ਮੇਰੇ ਨਾਲ ਤੁਰ। ਬਿੱਲੂ ਦਾ ਨਵਾਂ ਵਿਆਹ ਹੋਇਆ ਹੈ। ਪਤੀ-ਪਤਨੀ ਵਿੱਚ ਰਹਿਣਾ ਔਖਾ ਹੈ। " ਗੈਰੀ ਬਗੈਰ ਸੁੱਖੀ ਦੀ ਗੱਲ ਸੁਣੇ। ਫ਼ੋਨ ਨਾਲ ਖੇਡਣ ਲੱਗ ਗਿਆ ਸੀ। ਗੈਰੀ ਲੋੜ ਵੇਲੇ ਸੁੱਖੀ ਨੂੰ ਫ਼ੋਨ ਕਰ ਕੇ ਸੱਦ ਲੈਂਦਾ ਸੀ। ਬਿੱਲੂ ਕੋਲ ਗੈੱਸਟ ਰੂਮ ਵਿਹਲਾ ਪਿਆ ਸੀ। ਉਹ ਦੋ ਮਹੀਨੇ ਦਾ ਬਿੱਲੂ ਕੋਲ ਹੀ ਸੀ। ਗੈਰੀ ਬੱਚਿਆਂ ਤੇ ਮਾਂ ਤੋਂ ਡਰਦਾ ਘਰ ਨਹੀਂ ਗਿਆ ਸੀ। ਸੁੱਖੀ ਨੇ ਕਿਸੇ ਨੂੰ ਨਹੀਂ ਦੱਸਿਆ ਸੀ। ਗੈਰੀ ਬਿੱਲੂ ਦੇ ਘਰ ਹੈ। ਸੁੱਖੀ ਨੂੰ ਉਲਟੀਆਂ ਲੱਗ ਗਈਆਂ ਸਨ। ਕਿਮ ਨੇ ਕਿਹਾ, " ਮੰਮੀ ਉਲਟੀ ਬੰਦ ਕਰਨ ਦੀ ਗੋਲ਼ੀ ਖਾ ਲਵੋ। ਆਰਾਮ ਆ ਜਾਵੇਗਾ। ਤੁਸੀਂ ਕੀ ਖਾਂਦਾ ਸੀ? " " ਅਜੇ ਤਾਂ ਰੋਟੀ ਵੀ ਨਹੀਂ ਖਾਦੀ। ਦੋ ਬਾਰ ਚਾਹ ਪੀਤੀ ਹੈ। " ਸੀਬੋ ਨੇ ਉਸ ਦੀ ਸਿਹਤ ਦੇਖ ਕੇ, ਅੰਦਾਜ਼ਾ ਲਾ ਲਿਆ ਸੀ। ਉਸ ਨੇ ਕਿਹਾ, " ਸੁੱਖੀ ਇਹ ਕਿਥੋਂ ਚੰਦ ਚੜ੍ਹਾ ਲਿਆ ਹੈ? " " ਬੀਜੀ ਉਲਟੀ ਹੀ ਤਾਂ ਲੱਗੀ ਹੈ। ਹੱਟ ਜਾਵੇਗੀ। " " ਇਹ ਇੱਦਾਂ ਨਹੀਂ ਹਟਦੀ। ਮੂੰਹ ਤਾਂ ਦੇਖ ਬੱਗਾ ਹੋਇਆ ਪਿਆ ਹੈ। ਸਰੀਰ ਭਰਦਾ ਜਾਂਦਾ ਹੈ। ਦੱਸਦੀ ਕਿਉਂ ਨਹੀਂ? ਮੇਰਾ ਪੁੱਤ ਤਾਂ ਦੋ ਸਾਲਾਂ ਦਾ ਘਰ ਨਹੀਂ ਹੈ। ਤੈਨੂੰ ਬੱਚਾ ਕਿਵੇਂ ਠਹਿਰ ਗਿਆ? " " ਬੀਜੀ ਕਿਹੋ ਜਿਹੀਆਂ ਗੱਲਾਂ ਕਰਦੇ ਹੋ? ਵੈਸੇ ਹੀ ਮਨ ਉੱਛਲ ਗਿਆ। " " ਝੂਠ ਨਾਂ ਬੋਲ, ਮੈਂ ਇਹ ਵਾਲ ਧੁੱਪ ਵਿੱਚ ਪੱਕਾ ਕੇ ਚਿੱਟੇ ਨਹੀਂ ਕੀਤੇ। ਤੇਰੇ ਵਰਗੀ ਦੀ ਚਾਲ ਦੇਖ ਕੇ ਦੱਸ ਦਿੰਦੀ ਹਾਂ। ਬੱਚਿਆਂ ਦੀ ਹੀ ਸ਼ਰਮ ਕਰਨੀ ਸੀ। " " ਬੀਜੀ ਇਹੋ ਜਿਹੀਆਂ ਗੱਲਾਂ ਗੈਰੀ ਨੂੰ ਵੀ ਦੱਸਣੀਆਂ ਸੀ। ਉਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨੀ ਸੀ। " " ਖ਼ਬਰਦਾਰ ਜੇ ਮੇਰੇ ਮੂਹਰੇ ਬੋਲੀ। ਉਹ ਤਾਂ ਮਰਦ ਹੈ। ਨ੍ਹਾਤਾ-ਧੋਤਾ ਉਹ-ਜਿਹਾ ਹੋ ਜਾਂਦਾ ਹੈ। ਤੇਰਾ ਤਾਂ ਢਿੱਡ ਬਾਹਰ ਨੂੰ ਆਉਣਾ ਹੈ। ਲੋਕੀ ਮੂੰਹ ਵਿੱਚ ਉਂਗਲਾਂ ਦੇਣਗੇ। ਮੇਰੇ ਧੌਲ਼ੇ-ਝਾਟੇ ਵਿੱਚ ਖੇਹ ਪਾ ਦਿੱਤੀ। " " ਬੀਜੀ ਉਹੀ ਗੈਰੀ ਹੈ। ਜੋ ਤੁਹਾਨੂੰ ਸੀਨੀਅਰ ਸੈਂਟਰ ਛੱਡ ਆਇਆ ਸੀ। ਮੁੜ ਕੇ ਖ਼ਬਰ ਨੂੰ ਨਹੀਂ ਗਿਆ। ਮੈਂ ਤੁਹਾਨੂੰ ਫਿਰ ਲਿਆ ਕੇ ਟੱਬਰ ਵਿੱਚ ਬੈਠਾ ਦਿੱਤਾ। ਤੁਸੀਂ ਮੇਰੇ ਲਈ ਕੈਸੀਆਂ ਗੱਲਾਂ ਕਰਦੇ ਹੋ?"

" ਤੂੰ ਸਾਨੂੰ ਕਿਸੇ ਪਾਸੇ ਦਾ ਨਹੀਂ ਛੱਡਿਆ। ਗੈਰੀ ਦੀ ਲਿਹਾਜ਼ ਕਰਦੀ। ਮੇਰਾ ਪੁੱਤ ਹੁਣ ਹਿੱਕ ਕੱਢ ਕੇ ਕਿਵੇਂ ਤੁਰੇਗਾ? " " ਮੈਂ ਗੈਰੀ ਤੋਂ ਬਗੈਰ ਕਿਸੇ ਨੂੰ ਪਿਆਰ ਨਹੀਂ ਕਰਦੀ। " " ਫਿਰ ਇਹ ਕੀ ਰੰਗ ਲਾਇਆ ਹੈ? ਕੀਹਦਾ ਬੱਚਾ ਹੋਣ ਵਾਲਾ ਹੈ? " " ਜੇ ਮੇਰੇ ਬੱਚਾ ਹੋਣ ਵਾਲਾ ਵੀ ਹੋਇਆ। ਗੈਰੀ ਦਾ ਹੀ ਹੋਵੇਗਾ। " " ਉਹ ਤਾਂ ਕੈਲਗਰੀ ਵਿੱਚ ਵੀ ਨਹੀਂ ਹੈ। ਬੱਚਾ ਕਿਵੇਂ ਹੋਣ ਵਾਲਾ ਹੋ ਸਕਦਾ ਹੈ? " ਸੁੱਖੀ ਨੇ ਗੈਰੀ ਨੂੰ ਫੋਨ ਮਿਲਾ ਕੇ ਸੀਬੋ ਨੂੰ ਫੜਾ ਦਿੱਤਾ। ਸੀਬੋ ਉੱਚੀ-ਉੱਚੀ ਰੋਣ ਲੱਗ ਗਈ। ਉਸ ਨੇ ਫ਼ੋਨ ਤੇ ਕਿਹਾ, " ਪੁੱਤ ਤੂੰ ਕਿਥੇ ਹੈ? ਤੇਰੇ ਬਿਨਾਂ ਹਨੇਰ ਆ ਗਿਆ। ਆ ਕੇ ਦੇਖ ਸੁੱਖੀ ਕਿਵੇਂ ਜਲੂਸ ਕੱਢਣ ਲੱਗੀ ਹੈ? " " ਮੰਮੀ ਗੱਲ ਕੀ ਹੋਈ ਹੈ? ਮੈਂ ਹੁਣੇ ਘਰ ਆਉਂਦਾ ਹਾਂ। " ਗੈਰੀ ਘਰ ਆ ਗਿਆ। ਸੀਬੋ ਨੇ ਹੈਰਾਨ ਹੋ ਕੇ ਪੁੱਛਿਆ, " ਤੂੰ ਇੰਨੀ ਛੇਤੀ ਵੈਨਕੂਵਰ ਤੋਂ ਕਿਵੇਂ ਆ ਗਿਆ? " " ਮਾਂ ਮੈਂ ਦੋ ਮਹੀਨੇ ਦਾ ਆਇਆਂ ਹਾਂ। ਬਿੱਲੂ ਦੇ ਘਰ ਸੀ। ਸੁੱਖੀ ਨੇ ਦੱਸਿਆ ਨਹੀਂ ਹੋਣਾ। " " ਵਾਹਿਗੁਰੂ-ਸਤਿਨਾਮ ਮੈਨੂੰ ਬਖ਼ਸ਼ ਦੇਵੀ। ਮੈਂ ਸੁੱਖੀ ਸਿਰ ਤੁਹਮਤਾਂ ਲੱਗਾ ਰਹੀ ਸੀ। ਗੈਰੀ ਪੁੱਤ ਤੂੰ ਪਿਉ ਬਣਨ ਵਾਲਾ ਹੈ। " " ਮੈਨੂੰ ਪਤਾ ਸੀ। ਲੁੱਕ-ਲੁੱਕ ਕੇ ਲਾਈਆਂ, ਜਹਾਨ ਵਿੱਚ ਜ਼ਾਹਿਰ ਹੋ ਜਾਂਦੀਆਂ ਹਨ। ਮੈਂ ਤਾਂ ਛੁਪਿਆ ਬੈਠਾ ਸੀ। ਇਸ ਨੇ ਜ਼ਾਹਿਰ ਕਰ ਦਿੱਤਾ। ਅੱਗੇ ਘਰ ਵਿੱਚ ਜੰਨ-ਸੰਖਿਆ ਥੋੜ੍ਹੀ ਸੀ। " " ਵੇ ਪੁੱਤ ਤੂੰ ਛੁਪਦਾ ਕਿਉਂ ਫਿਰਦਾ ਹੈ? ਇਹ ਤੇਰਾ ਆਪ ਦਾ ਘਰ ਹੈ। ਖਾ ਪੀ ਮੌਜ ਕਰ। ਰੱਬ ਨੇ ਸੋਹਣੇ ਰੰਗ ਭਾਗ ਲਾਏ ਹਨ। " " ਮੰਮੀ ਤੂੰ ਘਰ ਕਿਵੇਂ ਆ ਗਈ? ਤੇਰੇ ਤੋਂ ਮੈਂ ਮਸਾਂ ਖਹਿੜਾ ਛਡਾਇਆ ਸੀ। ਤੇਰੀ ਹਾਏ-ਹਾਏ ਸੁਣਨੀ ਪੈਣੀ ਹੈ। ਤੇਰੇ ਹੁੰਦਿਆਂ ਮੌਜ ਕਿਵੇਂ ਹੋ ਸਕਦੀ ਹੈ? ਲੈਕਚਰ ਸੁਣਨਾ ਪੈਦਾ ਹੈ। " " ਠੀਕ ਹੈ, ਹੁਣ ਤੂੰ ਚਾਰ ਬੱਚਿਆਂ ਦਾ ਪਿਉ ਬਣਨ ਵਾਲਾ ਹੈ। ਬੰਦਾ ਬਣ ਜਾ। ਘਰੋਂ ਭੱਜਣਾ ਛੱਡ ਦੇ। "

ਬੱਚਾ ਹੋਣ ਵਾਲਾ ਹੋਣ ਕਰ ਕੇ, ਸੁੱਖੀ ਨੇ ਕੰਮ ਤੇ ਜਾਣਾ ਬੰਦ ਕਰ ਦਿੱਤਾ ਸੀ। ਜਿਉਂ ਦਾ ਬੰਦਾ ਊਦਾ ਤਾਂ ਕੰਮ ਨਹੀਂ ਛੱਡ ਸਕਦਾ। ਰੱਬ ਹੀ ਕਿਸੇ ਬਹਾਨੇ ਨਾਲ ਬੈਠਾ ਦਿੰਦਾ ਹੈ। ਬੌਬ, ਕਿਮ, ਕੈਵਨ ਬਹੁਤ ਖ਼ੁਸ਼ ਸਨ। ਘਰ ਵਿੱਚ ਨਵਾਂ ਬੇਬੀ ਆਉਣ ਵਾਲਾ ਸੀ। ਕੈਨੇਡਾ ਵਿੱਚ ਪਹਿਲੇ ਬੱਚੇ ਜਿੰਨੇ ਵੀ ਵੱਡੇ ਹੋ ਜਾਣ, ਜਦੋਂ ਮਾਂ ਦੇ ਹੋਰ ਬੱਚਾ ਹੋਣ ਵਾਲਾ ਹੁੰਦਾ ਹੈ। ਨਵੀਂ ਬਹੂ ਤੋਂ ਵੀ ਵੱਧ ਚਾਹ ਕਰਦੇ ਹਨ। ਕੈਨੇਡਾ ਵਿੱਚ ਕੁੱਝ ਕੁ ਨੂੰ ਛੱਡ ਕੇ, ਜ਼ਿਆਦਾ ਤਰ ਲੋਕ ਕੁੜੀ-ਮੁੰਡੇ ਵਿੱਚ ਫ਼ਰਕ ਨਹੀਂ ਸਮਝਦੇ। ਬੱਚਾ ਹੈਲਥੀ ਹੋਣਾ ਚਾਹੀਦਾ ਹੈ। ਸੁੱਖੀ ਦੇ ਕੁੜੀ ਹੋਈ ਸੀ। ਹੌਸਪੀਟਲ ਵਿੱਚ ਹੀ ਬੌਬ, ਕਿਮ, ਕੈਵਨ ਉਸ ਨੂੰ ਖਿੰਡਾਉਣੇ ਡੌਲ਼ ਦੀ ਤਰਾਂ ਚੱਕੀ ਫਿਰ ਰਹੇ ਸਨ। ਘਰ ਆ ਕੇ ਵੀ ਉਸ ਨੂੰ ਚੁੱਕਣ ਲਈ ਇੱਕ ਦੂਜੇ ਨਾਲ ਲੜਦੇ ਸਨ। ਬੱਚਿਆਂ ਤੋਂ ਵੱਧ ਸੀਬੋ ਸ਼ੋਰ ਮਚਾ ਰਹੀ ਸੀ। ਉਸ ਨੇ ਕਿਹਾ, " ਕਿਤੇ ਖਿਚਾ-ਧੂਹੀ ਕਰਦੇ। ਨਿੱਕੀ ਦੀ ਲੱਤ ਬਾਂਹ ਹੀ ਨਾਂ ਕੱਢ ਦਿਓ। ਇਸ ਨੂੰ ਮੈਨੂੰ ਫੜਾ ਦੇਵੋ। "

 

 

Comments

Popular Posts