ਭਾਗ 20 ਰੱਬ ਨੇ ਸਾਨੂੰ ਸਬ ਨੂੰ ਦਿਨ ਰਾਤ ਵਿੱਚ 24 ਘੰਟੇ ਦਾ ਸਮਾਂ ਦਿੱਤਾ ਹੈ ਬੁੱਝੋ ਮਨ ਵਿੱਚ ਕੀ?
ਰੱਬ ਨੇ ਸਾਨੂੰ ਸਬ ਨੂੰ ਦਿਨ ਰਾਤ ਵਿੱਚ 24 ਘੰਟੇ ਦਾ ਸਮਾਂ ਦਿੱਤਾ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com


ਜੇ ਬੰਦਾ ਚਾਹੇ ਕੁੱਝ ਵੀ ਕਿਸੇ ਵੀ ਉਮਰ ਵਿੱਚ ਸਿੱਖ ਸਕਦਾ ਹੈ। ਜੋ ਫ਼ਾਇਦੇ ਵਾਲੀ ਗੱਲ ਹੈ। ਉਹ ਲੋਕਾਂ ਨੂੰ ਦੱਸਣੀ ਚਾਹੀਦੀ ਹੈ। ਹੋਰਾਂ ਨੂੰ ਨਾਲ ਲੈ ਕੇ ਮਿਲ ਕੇ ਅੱਗੇ ਵਧਣਾ ਹੈ। ਜੇ ਕੁੱਝ ਕਰਨਾ ਆਉਂਦਾ ਹੈ। ਉਸ ਦਾ ਹੰਕਾਰ ਨਹੀਂ ਕਰਨਾ। ਹੋਰਾਂ ਨਾਲ ਮਿਲ ਕੇ ਅੱਗੇ ਵਧਣਾ ਹੈ। ਪੈਸਾ ਕਮਾਉਣ ਲਈ ਉਮਰ ਕੋਈ ਖ਼ਾਸ ਨਹੀਂ ਹੁੰਦੀ। ਕਈ 14 ਸਾਲ ਵਿੱਚ ਵੀ ਕੰਮ ਕਰਨ ਲੱਗ ਜਾਂਦੇ ਹਨ। ਉਹ ਲੋਕਾਂ ਦੇ ਹਟਾਉਣ 'ਤੇ ਵੀ ਕੰਮ ਕਰਨੋਂ ਨਹੀਂ ਹਟਦੇ। ਲੋਕ ਪਹਿਲਾਂ ਕੰਮ ਕਰਨਾ ਹਟਾਉਂਦੇ ਹਨ। ਫਿਰ ਅਮੀਰ ਬਣੇ ਨੂੰ ਦੇਖ ਕੇ ਹੈਰਾਨ ਹੁੰਦੇ ਹਨ। ਇਸ ਲਈ ਲੋਕਾਂ, ਰਿਸ਼ਤੇਦਾਰਾਂ, ਹਟਾਉਣ ਵਾਲਿਆਂ ਵੱਲੋਂ ਅੰਨ੍ਹੇ, ਬੋਲੇ, ਗੁੰਗੇ ਬਣੇ ਰਹਿਣਾ ਹੈ। ਕਿਸੇ ਨੂੰ ਦੇਖ ਕੇ, ਕਹੇ, ਦੱਸੇ, ਹਟਾਏ 'ਤੇ ਵੀ ਕੋਈ ਵੀ ਕੰਮ ਕਰਨੋਂ ਨਹੀਂ ਹਟਣਾ। ਅੱਜ ਜੋ ਕਰਦੇ ਹਾਂ। ਉਹੀ ਸਾਡਾ ਕਲ ਦਿਨ ਹੈ। ਐਸੀ ਗ਼ਲਤੀਆਂ ਨਾ ਕਰੀਏ। ਜੋ ਨੁਕਸਾਨ ਵੱਲ ਲੈ ਕੇ ਜਾਂਦੀਆਂ ਹਨ। ਆਪ ਦੇ ਮਨ ਨੂੰ ਜਿੱਤਣਾ ਹੈ। ਲੋਕਾਂ ਨੂੰ ਮੋਹਿਤ ਕਰਨਾ ਹੈ। ਲੋਕ ਹੀ ਸਾਨੂੰ ਬਹੁਤ ਕੁੱਝ ਸਿੱਖਾਉਂਦੇ ਹਨ। ਆਪਦੇ ਅੰਦਰ ਬਦਲਾ ਕਰਨਾ ਹੈ। ਮਨ ਨੂੰ ਚੰਗੇ ਪਾਸੇ ਲਗਾਉਣਾ ਹੈ। ਜੇ ਮਨ ਗ਼ਲਤ ਪਾਸੇ ਜਾਵੇਗਾ, ਤਾਂ ਨੁਕਸਾਨ ਉਠਾਉਣਾ ਪੈਣਾ ਹੈ। ਜੇ ਅੱਜ ਇਸੇ ਸਮੇਂ ਕੰਮ ਸਹੀਂ ਕਰ ਰਹੇ ਹਾਂ। ਕਲ ਲਾਭ ਮਿਲੇਗਾ। ਕੰਮ ਸ਼ੁਰੂ ਕਰਨ ਲਈ ਦਿਨ-ਰਾਤ ਚੰਗੇ ਸਮੇਂ ਦੀ ਉਡੀਕ ਨਹੀਂ ਕਰਨੀ। ਸਾਰਾ ਸਮਾਂ ਚੰਗਾ ਹੈ। ਹਰ ਦਿਨ ਹਰ ਘੜੀ ਚੰਗੀ ਹੈ। ਜੇ ਬੱਚਾ ਵੀਰਵਾਰ, ਮੰਗਲਵਾਰ ਨੂੰ ਹੁੰਦਾ ਹੈ। ਉਹ ਖ਼ੁਸ਼ੀ ਦਿੰਦਾ ਹੈ। ਕੰਮ ਕਰਨ ਦਾ ਵੀ ਕੋਈ ਮਾੜਾ ਦਿਨ ਨਹੀਂ ਹੈ। ਪੈਸੇ ਬਗੈਰ ਦੁਨੀਆ ਨਹੀਂ ਚੱਲਦੀ। ਪੈਸਾ, ਪਰਿਵਾਰ, ਪਿਆਰ, ਪ੍ਰਮਾਤਮਾ ਸਾਡੇ ਜੀਵਨ ਲਈ ਬਹੁਤ ਜ਼ਰੂਰੀ ਹਨ। ਇੰਨਾ ਬਿਨ ਜੀਵਨ ਕਮਜ਼ੋਰ ਹੈ। ਜੇ ਕੋਲ ਪੈਸਾ ਹੋਵੇਗਾ। ਆਪ ਦੀਆਂ ਲੋੜਾਂ ਪੂਰੀਆਂ ਕਰ ਕੇ ਵੀ ਕਿਸੇ ਦੀ ਮਦਦ ਕਰ ਸਕਦੇ ਹਾਂ। ਲੋਕ ਸੇਵਾ ਕਰਨ ਦੀ ਆਦਤ ਸਾਡੇ ਵਿੱਚ ਹੋਣੀ ਚਾਹੀਦੀ ਹੈ। ਅੰਗ ਹੀਣ ਲੋਕਾਂ ਦੀ ਮਦਦ ਕਰਨੀ ਹੈ। ਇਸ ਲਈ ਪੈਸੇ ਕੋਲ ਹੋਣੇ ਜ਼ਰੂਰੀ ਹਨ। ਭੂਤ ਕਾਲ ਲੰਘਿਆ ਸਮਾਂ ਜੈਸਾ ਵੀ ਨਿਕੱਲ ਗਿਆ। ਉਸ ਨੂੰ ਯਾਦ ਨਹੀਂ ਕਰਨਾ ਹੈ। 35 ਸਾਲ ਦੀ ਉਮਰ ਵਿੱਚ ਵੀ ਆਪ ਨੂੰ ਬਦਲਣਾ ਸ਼ੁਰੂ ਕੀਤਾ ਹੈ। ਤਾਂ ਵੀ ਬਹੁਤ ਵਾਦੀਆਂ ਕੰਮ ਹੈ। ਲੋਕ ਪਿਛਲਾ ਸਮਾਂ ਨਹੀਂ ਦੇਖਦੇ। ਸਿਰਫ਼ ਅੱਜ ਨੂੰ ਦੇਖਦੇ ਹਨ। ਅੱਜ ਦੀ ਫ਼ਿਕਰ ਕਰਨੀ ਹੈ। ਜੋ ਲੋਕ ਤੁਹਾਡੇ ਅੱਗੇ ਵਧਣ ਵਿੱਚ ਰੁਕਾਵਟ ਪਾਉਂਦੇ ਹਨ। ਉਨ੍ਹਾ ਨੂੰ ਛੱਡਣਾ ਹੈ। ਜੋ ਲੋਕ ਅੱਗੇ ਵਧਣ ਵਿੱਚ ਮਦਦ ਕਰਦੇ ਹਨ। ਬਹੁਤੀ ਦਖ਼ਲ ਨਹੀਂ ਦਿੰਦੇ। ਉਹੀ ਦੋਸਤ ਹਨ।

ਕਈ ਬੰਦੇ ਕਹਿੰਦੇ ਹਨ, " ਅੱਜ ਮੈਂ ਬਿਮਾਰ ਹਾਂ। ਅੱਜ ਕੰਮ ਨੂੰ ਮਨ ਨਹੀਂ ਕਰਦਾ। ਵੱਡੇ ਲੋਕ ਪਹਿਲਾਂ ਹੀ ਕੰਮ ਕਰਨ ਦਾ ਸਮਾਂ ਮਿਥਦੇ ਹਨ। ਉਹ ਦਿਨ ਆਉਣ 'ਤੇ ਬਹਾਨੇ ਨਹੀਂ ਬਣਾਉਂਦੇ। ਚੰਗੇ ਬੰਦੇ ਹੋ, ਤਾਂ ਪੈਸਾ ਕਮਾ ਕੇ ਚੰਗੇ ਥਾਂ ਲੱਗਾ ਸਕਦੇ ਹੋ। ਜੇ ਮਨ ਵਿੱਚ ਖ਼ਰਾਬੀ ਚੱਲ ਰਹੀ ਹੈ। ਪੈਸਾ ਕਮਾ ਕੇ ਉਹ ਬੰਦਾ ਮਾੜੇ ਕੰਮ ਕਰੇਗਾ। ਜੇ ਬੰਦਾ ਸਾਦਾ ਜੀਵਨ ਜਿਉਂ ਰਿਹਾ ਹੈ। ਜੀਵਨ ਸੌਖਾ ਬੀਤੇਗਾ। ਰੱਬ ਨੇ ਸਾਨੂੰ ਸਬ ਨੂੰ ਦਿਨ ਰਾਤ ਵਿੱਚ 24 ਘੰਟੇ ਦਾ ਸਮਾਂ ਦਿੱਤਾ ਹੈ। ਇੰਨੇ ਸਮੇਂ ਵਿੱਚ ਅਸੀਂ ਬਹੁਤ ਕੁੱਝ ਕਰ ਸਕਦੇ ਹਾਂ। ਮਿਹਨਤ ਕਰਨ ਵਾਲੇ ਨੂੰ ਫਲ ਮਿਲੇਗਾ। ਮਿਹਨਤ ਕਰਨ ਵਾਲਿਆਂ ਦੇ ਜੁੱਤੇ ਘਸਦੇ ਹਨ। ਪਸੀਨਾ ਵਹਿੰਦਾ ਹੈ। ਤਾਂਹੀਂ ਤਾਂ ਅਮੀਰ ਬਣ ਸਕਦੇ ਹਾਂ। ਕਮਾਊ ਪੁੱਤ ਨੂੰ ਮਾਪੇ ਸ਼ਾਬਾਸ਼ੇ ਦਿੰਦੇ ਹਨ। ਪਿਆਰ ਕਰਦੇ ਹਨ। ਨਖੱਟੂ ਪੁੱਤ ਨੂੰ ਕੋਸਦੇ ਰਹਿੰਦੇ ਹਨ। ਕਈ ਲੋਕ ਐਸੇ ਹਨ। ਮਹਿੰਗੇ ਸ਼ੈਲਰ ਲੈਂਦੇ ਹਨ। ਜੁੱਤੀਆਂ, ਕੱਪੜੇ ਇੰਨੇ ਮਹਿੰਗੇ ਲੈਂਦੇ ਹਨ। ਉਸ ਵਿੱਚ ਚਾਰ ਜੋੜੇ ਆ ਸਕਦੇ ਹਨ। ਕਈ ਫੇਸਬੁੱਕ. ਵੱਟਸਅੱਪ 'ਤੇ ਬੈਠੇ ਰਹਿੰਦੇ ਹਨ। ਜਿਸ ਦਾ ਕੋਈ ਖ਼ਾਸ ਲਾਭ ਨਹੀਂ ਹੈ। ਐਸੀਆਂ ਵੈੱਬ ਸਾਈਡ ਨੇ ਸਾਨੂੰ ਨੋਟ ਨਹੀਂ ਦੇਣੇ। ਨੋਟ ਕਮਾਉਣ ਨੂੰ ਮਿਹਨਤ ਕਰਨੀਆਂ ਪੈਣੀ ਹੈ।

ਕੋਈ ਕਿਸੇ ਨੂੰ ਬਦਲ ਨਹੀਂ ਸਕਦਾ। ਬੰਦੇ ਨੂੰ ਆਪ ਹਰ ਫ਼ੈਸਲਾ ਲੈਣਾ ਪੈਦਾ ਹੈ। ਕਰਜ਼ਾਈ ਅਮੀਰ, ਗ਼ਰੀਬ ਜੋ ਵੀ ਬਣਨਾ ਹੈ। ਬੰਦੇ 'ਤੇ ਨਿਰਭਰ ਹੈ। ਇਰਾਦੇ ਵਿੱਚ ਦਮ ਹੈ। ਬੰਦਾ ਕੰਮ ਕਰਦਾ ਹੈ। ਜੇ ਇਰਾਦੇ ਕੱਚੇ ਹਨ। ਬੰਦਾ ਬਹਾਨੇ ਬਣਾਉਂਦਾ ਹੈ। ਹਰ ਬੰਦਾ ਲੋਕਾਂ ਦਾ ਹੀਰੋ ਬਣਨਾ ਚਾਹੁੰਦਾ ਹੈ। ਲੋਕਾਂ ਦੀ ਬੱਲੇ-ਬੱਲੇ ਖੱਟਣ ਲਈ, ਕਰਜ਼ੇ ਲੈ ਕੇ ਸ਼ਾਨੋ ਸ਼ੌਕਤ ਦਿਖਾਈ ਜਾਂਦੀ ਹੈ। ਇਹ ਸਬ ਕਰਨ ਲਈ ਬੈਂਕ ਮਾਸਟਰ ਕਾਰਡ ਤੋਂ ਪੈਸੇ ਲਏ ਜਾਂਦੇ ਹਨ। ਘਰ ਦੀਆਂ ਗੱਲਾਂ ਕੰਮ ਤੇ ਕੰਮ ਦਾ ਗ਼ੁੱਸਾ ਬੰਦਾ ਘਰ ਵਿੱਚ ਲੈ ਆਉਂਦਾ ਹੈ। ਘਰ ਵਿੱਚ ਤੇ ਕੰਮ ਦੀਆਂ ਜ਼ੁੰਮੇਵਾਰੀਆਂ ਅਲੱਗ-ਅਲੱਗ ਹੁੰਦੀਆਂ ਹਨ। ਮਿਕਸ ਨਹੀਂ ਕਰਨੀਆਂ ਚਾਹੀਦੀਆਂ। ਜੋ ਵੀ ਕੰਮ ਕਰਨਾ ਹੈ। ਪੂਰੇ ਮਨ ਨਾਲ ਕਰਨਾ ਹੈ। ਉਹ ਚਾਹੇ ਕੰਮ ਜਾਂ ਘਰ ਜਾਂ ਪਬਲਿਕ ਕੰਮ ਹੋਵੇ। ਮਨ ਲਾ ਕੇ ਕੰਮ ਕਰਨ ਵਾਲੇ ਨੂੰ ਕੋਈ ਹਰਾ ਨਹੀਂ ਸਕਦਾ। ਨਾਂ ਹੀ ਉਹ ਪਿੱਛੇ ਮੁੜ ਕੇ ਦੇਖਦਾ ਹੈ। ਨਾ ਹੀ ਕਿਸੇ ਨੂੰ ਆਪ ਦੀ ਜ਼ਿੰਦਗੀ ਵਿੱਚ ਦਖ਼ਲ ਦੇਣ ਦਿੰਦਾ ਹੈ। ਜਿਸ ਕੰਮ ਵਿੱਚ ਮਨ, ਸਮਾਂ ਲੱਗਾ ਦਿੱਤਾ ਜਾਂਦਾ ਹੈ। ਉਸ ਦਾ ਫਲ ਜ਼ਰੂਰ ਮਿਲਦਾ ਹੈ। ਇੱਕ ਘਰ ਬਣਾਉਣ ਵਾਲੇ ਮਿਸਤਰੀ ਨੇ ਕਿਹਾ, " ਮੈਂ ਇਹ ਮਕਾਨ ਬਣਾਉਣ ਨੂੰ 15 ਦਿਨ ਲਗਾਵਾਂਗਾ। " ਮਕਾਨ ਮਾਲਕ ਨੇ ਕਿਹਾ, " ਐਸਾ ਕਿਵੇਂ ਹੋ ਸਕਦਾ ਹੈ। ਇੰਨੀ ਛੇਤੀ ਤੂੰ ਘਰ ਕਿਵੇਂ ਬਣਾ ਦੇਵੇਗਾ। " " ਮੈਨੂੰ ਇਹ ਸਮਾਨ ਮਿਲਣਾ ਚਾਹੀਦਾ ਹੈ। ਤਿੰਨ ਮਜ਼ਦੂਰ ਦੇਣੇ ਹੋਣਗੇ। ਇੱਕ ਮਜ਼ਦੂਰ ਮੇਰਾ ਆਪਣਾ ਹੋਵੇਗਾ। ਜੋ ਮੈਂ ਕਹਾਂਗਾ। ਸਬ ਨੇ ਵੈਸਾ ਕਰਨਾ ਹੈ। ਕੋਈ ਚੀਜ਼ ਇੱਟਾਂ, ਸੀਮਿੰਟ, ਰੇਤਾ ਹੋਰ ਸਬ ਕੁੱਝ ਥੁੜਨਾ ਨਹੀਂ ਚਾਹੀਦਾ। ਖਾਣਾ ਵੀ ਸਮੇਂ ਸਿਰ ਮਿਲਣਾ ਚਾਹੀਦਾ ਹੈ। ਮੈਂ ਸਵੇਰੇ ਅੱਠ ਵਜੇ ਤੋਂ ਰਾਤ ਦੇ ਗਿਆਰਾਂ ਵਜੇ ਤੱਕ ਕੰਮ ਕਰਾਂਗਾ। ਸਬ ਬੰਦੇ ਮੇਰੇ ਸਿਰ 'ਤੇ ਰਹਿਣੇ ਚਾਹੀਦੇ ਹਨ। ਮਕਾਨ ਬਣਨ ਨੂੰ 16 ਵਾਂ ਦਿਨ ਨਹੀਂ ਲੱਗੇਗਾ। " 16 ਵੇਂ ਦਿਨ ਚਾਰ ਕਮਰਿਆਂ ਦਾ ਮਕਾਨ ਤਿਆਰ ਸੀ। ਲੋਕ ਉਸ ਦੀ ਕਾਰੀਗਰੀ ਦੀ ਦਾਤ ਦਿੰਦੇ ਸਨ। ਕਈ ਬੰਦੇ ਐਸੇ ਹਨ। ਜੋ ਆਪ ਦੀ ਜ਼ਿੰਦਗੀ ਨੂੰ ਹਰ ਰੋਜ਼ ਬਿਹਤਰ ਬਣਾਉਂਦੇ ਹਨ। ਆਪ ਨੂੰ ਇੰਨਾ ਤਜਰਬੇਕਾਰ ਬਣਾਉਣਾ ਹੈ। ਦੇਖਣ ਵਾਲੇ ਵੀ ਹੈਰਾਨ ਹੋ ਜਾਣ। ਜੇ ਕਿਸੇ ਕੰਮ ਵਿੱਚ ਫ਼ਾਇਦਾ ਨਹੀਂ ਹੋਇਆ। ਬੈਠ ਕੇ ਰੋਣ ਦੀ ਲੋੜ ਨਹੀਂ ਹੈ। ਹੋਰ ਕੰਮ ਸ਼ੁਰੂ ਕਰਨਾ ਹੈ। ਇੰਨਾਂ ਹੀ ਰੱਬ ਦਾ ਸ਼ੁਕਰ ਕਰਨਾ ਹੈ। ਜਿੰਦਾ ਹੋ। ਪੂਰੀ ਜਿੰਦਗੀ ਬਾਕੀ ਹੈ।

ਕਈ ਬਾਰ ਦੇਖਿਆ ਹੋਣਾ ਹੈ। ਉਨ੍ਹਾਂ ਹੀ ਦਿਨਾਂ ਵਿੱਚ ਇੱਕੋ ਘਰ ਵਿੱਚ ਕਿਸੇ ਦੀ ਅਰਥੀ ਉੱਠਦੀ ਹੈ। ਵਿਆਹ ਵੀ ਹੁੰਦਾ ਹੈ। ਇਸ ਲਈ ਕਿਸੇ ਵੀ ਚੀਜ਼ ਦੇ ਸਮੇਂ ਨੂੰ ਕਈ ਬਾਰ ਬੰਦਾ ਵੀ ਨਹੀਂ ਬਦਲ ਸਕਦਾ। ਹੋਣਾ ਉਹੀ ਹੈ। ਜੋ ਮਿਥਿਆ ਗਿਆ ਹੁੰਦਾ ਹੈ। ਕਿਸੇ ਕੰਮ ਨੂੰ ਮਿਥਣਾ ਬਹੁਤ ਜ਼ਰੂਰੀ ਹੇ। ਮਿਥਿਆ ਹੋਇਆ ਕੰਮ ਬੰਦਾ ਛੇਤੀ ਕਿਤੇ ਟਾਲ ਨਹੀਂ ਸਕਦਾ। ਬਹਾਨੇ ਬਣਾਂ ਕੇ ਰੋਕ ਨਹੀਂ ਸਕਦਾ। ਹਰ ਕੰਮ ਵਿੱਚ ਕੁੱਝ ਸਮਾਂ ਕੰਮ ਸਿੱਖਣ ਨੂੰ ਵੀ ਦੇਈਏ। ਇਸ ਤਰਾਂ ਕਰਨ ਨਾਲ ਤਜਰਬਾ ਆਉਂਦਾ ਹੈ। ਹਰ ਤਜਰਬਾ ਪੈਸੇ ਇਕੱਠੇ ਕਰਾਉਂਦਾ ਹੈ। ਬਾਰ-ਬਾਰ ਇੱਕੋ ਕੰਮ ਕਰਨ ਨਾਲ ਹੱਥ ਖੁੱਲਦਾ ਹੈ। ਜਿਸ ਦੇ ਹੱਥ ਵਿੱਚ ਪੈਸਾ ਹੈ। ਉਸ ਨੂੰ ਕਿਸੇ ਤੋਂ ਮਦਦ ਲੈਣ ਦੀ ਲੋੜ ਨਹੀਂ ਹੈ। ਕਿਸੇ ਤੋਂ ਕਰਜ਼ਾ ਲੈਣ ਦੀ ਲੋੜ ਨਹੀਂ ਹੈ। ਧਿਆਨ ਆਪ ਦੇ ਉੱਤੇ ਰੱਖਣਾ ਹੈ। ਹਰ ਘੰਟੇ ਦੀ ਆਪ ਦੀ ਖ਼ਬਰ ਰੱਖਣੀ ਹੈ। ਮੈਂ ਪਿਛਲੇ ਘੰਟੇ ਕੀ ਕੀਤਾ ਹੈ? ਹਰ ਦੋ ਚਾਰ ਘੰਟੇ ਪਿੱਛੋਂ ਮਨ ਤੋਂ ਇਹ ਪੁੱਛਦੇ ਰਹੀਏ। ਕੀ ਫ਼ਾਇਦੇ ਦਾ ਕੰਮ ਕੀਤਾ ਹੈ? ਕਿੰਨੇ ਲੋਕਾਂ ਨਾਲ ਪਿਆਰ ਦੀ ਗੱਲ ਕੀਤੀ ਹੈ? ਕਿੰਨੇ ਲੋਕਾਂ ਨਾਲ ਗ਼ੁੱਸੇ ਦੀ ਗੱਲ ਕੀਤੀ ਹੈ? ਜੇ ਕਿਸੇ ਨੇ ਕੋਈ ਕੰਮ ਨਹੀਂ ਕਿਤਾ, ਕੀ ਉਸ ਉਤੇ ਚਲਾਉਣਾ ਜਰੂਰੀ ਹੈ? ਗਲ਼ੀ ਦੇ ਕੁੱਤੇ ਦੀ ਜਾਨਵਰ ਹੋਣ ਕਰਕੇ ਭੌਕਣ ਦੀ ਆਦਤ ਹੈ। ਬੰਦਾ ਤਾਂ ਇੰਨਸਾਨ ਹੈ।

ਘਰੋਂ ਜਾਂਦੇ ਸਮੇਂ ਲੋੜ ਮੁਤਾਬਿਕ ਜੇਬ ਵਿੱਚ ਪੈਸੇ ਲੈ ਕੇ ਜਾਣੇ ਹਨ। ਹਿਸਾਬ ਰੱਖਣਾ ਹੈ। ਕਿੰਨੇ ਪੈਸੇ ਖ਼ਰਚਾ ਕੀਤੇ ਹਨ? ਸੋਚ ਕੇ ਪੈਸੇ ਕਿਸੇ ਬਿਜ਼ਨਸ ਵਿੱਚ ਲਗਾਉਣਾ ਚਾਹੀਦਾ ਹੈ। ਵੱਡੀਆਂ ਕਾਰਾਂ, ਮਹਿੰਗੇ ਕੱਪੜੇ ਤੇ ਗਹਿਣੇ ਖ਼ਰੀਦ ਕੇ ਰੱਖਣ ਨਾਲ ਪੈਸੇ ਕਾਠ ਮਾਰ ਕੇ ਰੱਖੇ ਜਾਂਦੇ ਹਨ। ਜੇ ਕੋਈ ਘਰ, ਜ਼ਮੀਨ ਲਏ ਹਨ। ਉਹ ਦਾ ਮੁੱਲ ਸੁੱਤੇ ਪਿਆ ਵੀ ਵਧੀ ਜਾਂਦਾ ਹੈ। ਐਸਾ ਵੀ ਨਹੀਂ ਹੈ, ਕਿ ਦਸ ਘਰ ਖ਼ਰੀਦੇ ਜਾਣ। ਹੈਂਡਕ ਬਹੁਤ ਵਧ ਜਾਵੇਗੀ। ਜੇ ਘਰ ਕਿਰਾਏ 'ਤੇ ਨਾ ਚੜ੍ਹੇ। ਮਨ ਨੂੰ ਸ਼ਾਂਤੀ ਵਿੱਚ ਰੱਖਣਾਂ ਮੁਸ਼ਕਲ ਹੈ। ਇਸ ਲਈ ਸੰਜਮ ਵਿੱਚ ਰਹਿਣਾ ਹੈ। ਜਿੰਨੇ ਖ਼ਰਚੇ ਘੱਟ ਹੋਣਗੇ। ਮਨ ਅਡੋਲ ਰਹੇਗਾ। ਜੇ ਫ਼ਜ਼ੂਲ ਖ਼ਰਚੀ ਦੀ ਆਦਤ ਹੈ। ਕੰਮ ਵੀ ਊਨਾ ਕਰਨਾ ਪਵੇਗਾ। ਕਈ ਬਾਰ ਸੇਲ 'ਤੇ ਲੱਗੀ ਹਰ ਚੀਜ਼ ਘਰ ਚੱਕ ਲੈਂਦੇ ਹਾਂ। ਘਰ ਵਾਧੂ ਚੀਜ਼ਾਂ ਨਾਲ ਭਰੀ ਜਾਂਦੇ ਹਾਂ। ਇਸ ਖ਼ਰਚੇ ਬਿਨ ਵੀ ਸਰ ਸਕਦਾ ਹੈ।

Comments

Popular Posts