ਭਾਗ 57 ਆਪਾਂ ਪਿੰਡ ਛੱਡ ਕੇ, ਪ੍ਰਦੇਸਾਂ ਵਿੱਚੋਂ ਕੀ ਖੱਟਿਆ ਹੈ?  ਆਪਣੇ ਪਰਾਏ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਗਾਮੇ ਨੇ ਕੈਨੇਡਾ ਵਿੱਚ ਪੈਟਰੋਲ ਪੰਪ ਦਾ ਬਿਜ਼ਨਸ ਖ਼ੋਲ ਲਿਆ ਸੀ। ਇਹ ਮਨੀਲਾ ਕੈਨੇਡਾ ਕਿਤੇ ਵੀ ਜਾ ਕੇ ਰਹਿ ਸਕਦੇ ਸਨ। ਤਾਰੋ ਨੇ ਗਾਮੇ ਨੂੰ ਕਿਹਾ, “ ਮਨੀਲਾ ਤੋਂ ਆਉਣ ਲੱਗਿਆ ਨੇ ਕੁੱਝ ਵੀ ਨਹੀਂ ਖ਼ਰੀਦਿਆ ਸੀ। ਇੱਥੇ ਹੀ ਸੋਨੂੰ ਦਾ ਬਹੁਤ ਸਮਾਨ ਪਿਆ ਸੀ। ਇਸੇ ਲਈ ਸਰ ਗਿਆ ਸੀ। ਇੰਡੀਆ ਜਾਣ ਨੂੰ ਚੀਜ਼ਾਂ ਖਰੀਦੀਣੀਆ ਪੈਣੀਆਂ ਹਨ। ਗਾਮੇ ਨੇ ਕਿਹਾ, ਪੰਜਾਬ ਤੋਂ ਹੀ ਆਏ ਹਾਂ। ਹੁਣ ਤਾਂ ਜ਼ਮਾਨਾ ਬਦਲ ਗਿਆ ਹੈ। ਉੱਥੇ ਸਾਰਾ ਕੁੱਝ ਸਾਬਣ, ਟੈਂਪੂ, ਤੇਲ ਮਿਲਦਾ ਹੈ। “ “ ਉੱਥੇ ਹਰ ਚੀਜ਼ ਵਿੱਚ ਮਿਲਾਵਟ ਹੈ। ਮੈਂ ਤਾਂ ਕੱਪੜੇ ਧੋਣ ਵਾਲਾ ਸਾਬਣ ਵੀ ਲੈ ਕੇ ਜਾਣਾ ਹੈ। ਉੱਥੇ ਤਾਂ ਪਾਣੀ ਵਿੱਚ ਵੀ ਮਿਲਾਵਟ ਹੈ। ਕੀ ਪਾਣੀ ਵੀ ਇੱਥੋਂ ਹੀ ਲੈ ਕੇ ਜਾਵੇਗੀ? “ “ ਪਾਣੀ ਕਦੇ ਮਾੜਾ ਹੋਇਆ ਹੈ? ਨਿਤਾਰ, ਉਬਾਲ ਕੇ ਸਾਫ਼ ਹੋ ਜਾਂਦਾ ਹੈ। ਕਈ ਪਿੰਡਾਂ ਵਿੱਚ ਛੱਪੜਾਂ ਦੇ ਪਾਣੀ ਨੂੰ ਸਾਫ਼ ਕਰ ਦਿੱਤਾ ਹੈ। ਛੱਪੜਾਂ ਦੁਆਲੇ ਫੁੱਲ ਲੱਗਾ ਦਿੱਤੇ ਹਨ। ਇੰਜ ਲੱਗਦਾ ਹੈ, ਜਿਵੇਂ ਤਲਾਬ ਹੋਵੇ। ਉੱਥੇ ਮੱਛੀਆਂ ਪਾਲ਼ੀਆ ਜਾਂਦੀਆਂ ਹਨ।   ਉਹੀ ਤਾਂ ਮੈਂ ਕਹਿੰਦਾ ਹਾਂ। ਹੁਣ ਪਿੰਡਾ ਵਿੱਚ ਵੀ ਹਰ ਚੀਜ਼ ਮਿਲਦੀ ਹੈ। ਮੱਛੀ, ਪੀਜ਼ਾ, ਬਰਗਰ ਤੇ ਹਰੀਆਂ ਸਬਜ਼ੀਆਂ ਜੋ ਮਰਜ਼ੀ ਖਾਵੋ। ਬਰਫ਼ ਪੈਣ ਤੋਂ ਪਹਿਲਾਂ ਹੀ ਕੈਨੇਡਾ ਤੋਂ ਨਿਕਲ ਚੱਲੀਏ। ਇੱਥੇ ਠੰਢ ਬਹੁਤ ਪੈਂਦੀ ਹੈ। ਤਾਰੋ ਜਦੋਂ ਵੀ ਸਟੋਰ ਜਾਂਦੀ ਸੀ।। ਹਰ ਗੇੜੇ ਚੀਜ਼ਾਂ ਖ਼ਰੀਦ ਲੈਂਦੀ ਸੀ। ਚਾਰ ਅਟੈਚੀ ਪੂਰੇ ਭਰ ਗਏ ਸਨ। ਗਾਮਾ ਅਟੈਚੀਆਂ ਦਾ ਭਾਰ ਜੋਖਣ ਲੱਗਾ ਸੀ। ਰਾਜ ਤੇ ਡਾਕਟਰ ਆ ਗਏ। ਡਾਕਟਰ ਨੇ ਕਿਹਾ, “ ਅੰਕਲ ਇਹ ਕੰਮ ਸਾਨੂੰ ਕਰਨ ਦਿਉ। ਅਸੀਂ ਅਟੈਚੀਆਂ ਦਾ ਭਾਰ ਦੇਖਦੇ ਹਾਂ। “ “ ਮੈਂ ਆਪੇ ਜੋਖ ਲੈਣਾ ਹੈ। ਪੜ੍ਹਨ ਵਾਲੇ ਮੁੰਡਿਆਂ ਤੋਂ ਕਿਤਾਬਾਂ ਮਸਾਂ ਚੱਕੀਆਂ ਜਾਂਦੀਆਂ ਹਨ। 28 ਕਿੱਲੋ ਭਾਰ ਅੱਜ ਕਲ ਦੇ ਪੜ੍ਹਾਕੂ ਕਿਥੇ ਚੱਕਦੇ ਹਨ? “ ਰਾਜ ਨੇ ਕਿਹਾ, “ ਅਸੀਂ ਜਿੰਮ ਜਾਂਦੇ ਹਾਂ। ਅੰਕਲ ਸਾਡੇ ਡੌਲ਼ਿਆਂ ਦੇ ਮਸਲਜ਼ ਦੇਖੋ। ਸਗੋਂ ਤੁਸੀਂ ਵੀ ਇੰਡੀਆ ਤੋਂ ਵਾਪਸ ਆ ਕੇ, ਸਾਡੇ ਨਾਲ ਜਿੰਮ ਵਿੱਚ ਐਕਸਰ-ਸਾਈਜ਼ ਕਰਨ ਚੱਲਿਆ ਕਰਿਉ। ਅਟੈਚੀ ਜਮਾਂ ਕਰਾਉਣ ਤੱਕ ਸਾਡੀ ਜ਼ੁੰਮੇਵਾਰੀ ਹੈ।

ਗਾਮਾ ਤੇ ਤਾਰੋ ਨੇ ਬੱਚੇ ਨੂੰ ਇੰਡੀਆ ਲੈ ਕੇ, ਜਾਣ ਦੀ ਤਿਆਰੀ ਕਰ ਲਈ ਸੀ। ਏਅਰਪੋਰਟ ਉੱਤੇ ਪਲੇਨ ਵਿੱਚ ਜਾਣ ਵਾਲਿਆਂ ਦੀਆ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਤੋਂ ਵੱਧ ਲੋਕ ਏਅਰਪੋਰਟ ਉੱਤੇ ਹੁੰਦੇ ਹਨ। ਸਮਾਨ ਜਮਾਂ ਕਰਾ ਕੇ, ਅੱਧਾ ਘੰਟਾ ਜਹਾਜ਼ ਦੀ ਉਡੀਕ ਕਰਨੀ ਪਈ। ਸਮੇਂ ਸਿਰ ਪਲੇਨ ਭਰ ਕੇ ਉਡ ਗਿਆ ਸੀ। ਜਹਾਜ਼ ਵਿੱਚ ਲੋਕ ਸੁੱਤੇ ਪਏ ਸਨ। ਤਾਰੋ ਨੇ ਗਾਮੇ ਨੂੰ ਕਿਹਾ, “ ਮੈਨੂੰ ਸਮਝ ਨਹੀਂ ਲੱਗਦੀ। ਆਪਾਂ ਪਿੰਡ ਛੱਡ ਕੇ, ਪ੍ਰਦੇਸਾਂ ਵਿੱਚੋਂ ਕੀ ਖੱਟਿਆ ਹੈ? ਆਪਦੀ ਅਸਲੀ ਪੂਜੀ ਤਾਂ ਗੁਆ ਲਈ ਹੈ। “ “ ਖੱਟਣ ਨੂੰ ਦੁਨੀਆ ਉੱਤੇ ਕੁੱਝ ਨਹੀਂ ਹੈ। ਅੰਤ ਨੂੰ ਬੰਦਾ ਖ਼ਾਲੀ ਹੱਥ ਜਾਂਦਾ ਹੈ। ਪੈਸਾ ਤੇ ਰਿਸ਼ਤੇ ਇਸੇ ਦੁਨੀਆ ਜੋਗੇ ਹਨ। ਸੋਨੂੰ ਦੀ ਤਰਾਂ, ਸਬ ਸਾਥ ਛੱਡ ਜਾਂਦੇ ਹਨ। ਉਹੀ ਮੈਂ ਸੋਚਦਾ ਹਾਂ। ਪੈਸਾ ਤਾਂ ਪਿੰਡ ਬਥੇਰਾ ਸੀ। ਲੋਕਾਂ ਦੀ ਜ਼ਮੀਨ ਵੀ ਮੇਰੇ ਨਾਮ ਸੀ। ਪ੍ਰਦੇਸਾਂ ਵਿੱਚ ਜਾਣ ਵੱਲੋਂ, ਕੀ ਥੁੜਿਆ ਖੜ੍ਹਾ ਸੀ? ਆਪਦੀ ਔਲਾਦ ਹੀ ਨਹੀਂ ਰਹੀ। ਪੈਸਾ ਕੀ ਕਰਾਂਗੇ? ਲੋਕਾਂ ਨੂੰ ਕੀ ਦੱਸਾਂਗੇ? ਪੈਸੇ ਪਿੱਛੇ ਬੰਦਾ ਕੀ-ਕੀ ਗੁਆ ਲੈਂਦਾ ਹੈ? ਪੈਸੇ ਪਿੱਛੇ ਬਹੁਤ ਰਿਸ਼ਤੇ ਟੁੱਟ, ਗੁਆਚ ਜਾਂਦੇ ਹਨ। “ “ ਰਿਸ਼ਤੇ ਵੀ ਦੇਣੇ-ਲੈਣੇ ਦੇ ਸਬੰਦ ਨਾਲ ਬਣਦੇ ਹਨ। ਐਵੇਂ ਕੋਈ ਕਿਸੇ ਦਾ ਨਹੀਂ ਬਣਦਾ। ਲੋਕਾਂ ਨੇ ਕਿਹੜਾ ਜ਼ਖ਼ਮਾਂ ਉੱਤੇ ਮਲ੍ਹਮ ਲਗਾਉਣੀ ਹੈ? ਉਹ ਤਾਂ ਜ਼ਖ਼ਮਾਂ ਉੱਤੇ ਨਮਕ ਛਿੜਕਣਗੇ। ਕਿਸੇ ਦੀ ਗੱਲ ਨੂੰ ਦਿਲ ਉੱਤੇ ਨਾਂ ਲਾਈ। ਆਪਾਂ ਚਾਰ ਮਹੀਨੇ ਲਾ ਕੇ, ਵਾਪਸ ਮੁੜ ਆਉਣਾ ਹੈ। ਉੱਥੇ ਹੁਣ ਮਿੱਟੀ ਨਾਲ ਮਿੱਟੀ ਨਹੀਂ ਹੋਇਆ ਜਾਣਾ। “ “ ਅਜੇ ਪਿੰਡ ਪਹੁੰਚੇ ਨਹੀਂ ਮੁੜਨ ਦੀਆਂ ਸਲਾਹਾਂ ਪਹਿਲਾਂ ਘੜ ਲਈਆਂ। ਅੰਨ-ਜਲ ਦੇ ਬੱਸ ਹੈ। ਬੰਦਾ ਦਾਣਾ-ਪਾਣੀ ਚੁਗਦਾ ਫਿਰਦਾ ਹੈ।

Comments

Popular Posts