ਬੰਦਾ ਕਾਨੂੰਨ ਵੀ ਡਰ ਕੇ ਲੁਕਦਾ ਫਿਰਦਾ 
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ ਪਰਾਏsatwinder_7@hotmail.com ਘਰ ਆ ਕੇ ਤਾਰੋ ਨੂੰ ਕੁੱਝ ਔੜ ਨਹੀਂ ਰਿਹਾ ਸੀ। ਜਿਵੇਂ ਮੱਤ ਮਾਰੀ ਗਈ ਹੋਵੇ। ਗੱਭਰੂ ਪੁੱਤ ਦੀ ਮੌਤ ਨੇ, ਸਰੀਰ ਦੀ ਸੱਤਿਆ ਕੱਢ ਦਿੱਤੀ ਸੀ। ਅਜੇ ਵੀ ਉਸ ਦੇ ਕੰਨ ਬਿੜਕਾਂ ਲੈ ਰਹੇ ਸਨ। ਉਹ ਸੋਚ ਰਹੀ ਸੀ, ਸੋਨੂੰ ਉਸ ਨੂੰ ਆਵਾਜ਼ ਮਾਰ ਕੇ ਕਹੇਗਾ, “ ਮੰਮੀ ਅੱਜ ਆਪਦੇ ਹੱਥਾਂ ਨਾਲ ਰੋਟੀਆਂ ਬਣਾਂ ਕੇ ਖੁਆ। ਕਿੰਨੇ ਚਿਰ ਤੋਂ ਚੱਜ ਨਾਲ ਰੋਟੀ ਨਹੀਂ ਖਾਦੀ। ਅੱਧਾ ਭੁੱਖਾ ਹੀ ਰਹਿ ਜਾਂਦਾ ਹਾਂ। “ “ ਪੁੱਤ ਤਾਂਹੀਂ ਤਾਂ ਕਹਿੰਦੀ ਸੀ, “ ਪੰਜਾਬੀ ਕੁੜੀ ਨਾਲ ਵਿਆਹ ਕਰਵਾ ਲੈ। ਜਦੋਂ ਉਹ ਆਪ ਨੂੰ ਦੋ ਰੋਟੀਆਂ ਲਾਹੇਗੀ। ਪਹਿਲਾਂ ਤੂੰ ਚੱਕ ਕੇ ਖਾ ਲਿਆ ਕਰ। ਇਸ ਫਿਲਪੀਨੋ ਨੇ ਤਾਂ ਨੂਡਲ, ਮੱਛੀਆਂ ਨਾਲ ਚੌਲ ਹੀ ਖਾਣੇ ਹਨ। ਤੈਨੂੰ ਕਿਥੋਂ ਫੁਲਕੇ ਦੇ ਦੇਵੇਗੀ? “ ਗਾਮੇ ਨੇ ਪੁੱਛਿਆ, “ ਕੀਹਦੇ ਨਾਲ ਗੱਲਾਂ ਕਰਦੀ ਹੈ? ਸੁਪਨਿਆਂ ਵਿੱਚੋਂ ਬਾਹਰ ਆ ਜਾ। ਸੋਨੂੰ ਦੇ ਦੋਸਤ ਖਾਣ ਨੂੰ ਰੋਟੀ ਲੈ ਕੇ ਆਏ ਹਨ। ਕਦੋਂ ਦੇ ਕਿਚਨ ਵਿੱਚ ਬੈਠੇ ਤੈਨੂੰ ਉਡੀਕਦੇ ਹਨ। “ “ ਤੁਹਾਨੂੰ ਰੋਟੀ ਖਾਣੀ ਸੁੱਝਦੀ ਹੈ। ਮੇਰਾ ਪੁੱਤਰ ਮਰਿਆ ਪਿਆ ਹੈ। “ ਇੱਕ ਕੁੜੀ ਨੇ ਕਿਹਾ, “ ਆਂਟੀ ਮੈਂ ਆਪਦੇ ਹੱਥਾਂ ਨਾਲ ਖਾਣਾ ਤਿਆਰ ਕੀਤਾ ਹੈ। ਥੋੜ੍ਹਾ-ਥੋੜ੍ਹਾ ਖਾ ਲਵੋ। ਸੋਨੂੰ ਨੂੰ ਵੀ ਮੈਂ ਖਾਣਾ ਖਾਣ ਨੂੰ ਕਾਲਜ ਵਿੱਚ ਲਿਜਾ ਕੇ ਦਿੰਦੀ ਸੀ। ਉਂਗਲਾਂ ਚੱਟਦਾ ਰਹਿ ਜਾਂਦਾ ਸੀ। ਚੱਲੋ ਕਿਚਨ ਵਿੱਚ ਉਸ ਦੇ ਦੋਸਤ ਤੁਹਾਡੇ ਨਾਲ ਗੱਲਾਂ ਕਰਨੀਆਂ ਚਾਹੁੰਦੇ ਹਨ। “ “ ਕੀ ਉਸ ਨੂੰ ਸੱਚੀ ਤੂੰ ਹੀ ਰੋਟੀ ਦਿੰਦੀ ਹੁੰਦੀ ਸੀ? ਕੀ ਤੂੰ ਹੀ ਸਿਮਰਨ ਹੈ? “ “ ਹਾਂ ਜੀ ਮੈਂ ਹੀ ਉਹੀ ਹਾਂ। ਕੀ ਉਸ ਨੇ ਮੇਰੇ ਬਾਰੇ ਤੁਹਾਨੂੰ ਦੱਸਿਆ ਸੀ? “ “ ਹਾਂ ਕਹਿ ਰਿਹਾ ਸੀ, “ ਸਿਮਰਨ ਮੈਨੂੰ ਬਹੁਤ ਪਿਆਰ ਕਰਦੀ ਹੈ। ਬਹੁਤ ਪਿਆਰੀ ਕੁੜੀ ਹੈ। ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ। ਪਰ ਮੈਂ ਵਿਕੀ ਨਾਲ ਹੀ ਵਿਆਹ ਕਰਾਉਣਾ ਹੈ। “ “ ਫਿਰ ਤਾਂ ਤੁਸੀਂ ਮੈਨੂੰ ਜਾਣਦੇ ਹੋ। ਅੱਜ ਤੋਂ ਤੁਸੀਂ ਮੇਰੀ ਮਾਂ ਹੋ। ਮੇਰੀ ਮਾਂ ਵੀ ਛੋਟੀ ਹੁੰਦੀ ਦੀ ਮਰ ਗਈ ਸੀ। ਕੀ ਤੁਸੀਂ ਮੈਨੂੰ ਆਪਦੀ ਧੀ ਸਮਝੋਗੇ?“ “ ਹਾਂ ਤੂੰ ਮੇਰੀ ਬੇਟੀ ਹੀ ਹੈ। ਤੂੰ ਮੈਨੂੰ ਮਾਂ ਕਹਿ ਸਕਦੀ ਹੈ। “ ਕੁੜੀ ਤਾਰੋ ਨੂੰ ਬਾਂਹੋਂ ਫੜ ਕੇ ਕਿਚਨ ਵਿੱਚ ਲੈ ਗਈ। ਸੋਨੂੰ ਦੇ ਦੋਸਤਾਂ ਨੇ ਬਾਰੀ-ਬਾਰੀ ਕਿਹਾ, “ ਅਸੀਂ ਵੀ ਇੱਥੇ ਪੜ੍ਹਨ ਲਈ ਆਏ ਹਾਂ। ਸਾਡੇ ਮੰਮੀ-ਡੈਡੀ ਇੰਡੀਆ ਹਨ। ਬਿਲਕੁਲ ਤੁਹਾਡੇ ਵਰਗੇ ਹੀ ਹਨ। ਜੋ ਵੀ ਕੰਮ ਹੋਵੇ, ਸਾਨੂੰ ਚਾਹੇ ਅੱਧੀ ਰਾਤ ਨੂੰ ਸੱਦ ਲੈਣਾ। “ ਉਹ ਨਾਲ-ਨਾਲ ਰੋਟੀ ਵੀ ਖਾ ਰਹੇ ਸਨ। ਗਾਮੇ ਨੇ ਪੁੱਛਿਆ, “ ਪੁੱਤਰ ਤੁਸੀਂ ਇੰਨੇ ਚੰਗੇ ਹੋ। ਕੀ ਸੋਨੂੰ ਤੁਹਾਡਾ ਸੱਚੀ ਦੋਸਤ ਸੀ?ਫਿਰ ਉਸ ਨਾਲ ਇਹ ਕਿਵੇਂ ਹੋ ਗਿਆ? “ ਇੱਕ ਮੁੰਡੇ ਨੇ ਕਿਹਾ, “ ਜੀ ਅਸੀਂ ਕਾਲਜ ਦੇ ਦੋਸਤ ਹਾਂ। ਉਹ ਸਾਡੇ ਨਾਲ ਚਾਰ ਕੁ ਮਹੀਨੇ ਪੜ੍ਹਿਆ ਹੈ। ਉਸ ਪਿੱਛੋਂ ਅਸੀਂ ਤੇ ਸਿਮਰਨ ਨੇ, ਉਸ ਨੂੰ ਬਹੁਤ ਸਮਝਾਇਆ, “ ਕਾਲਜ ਪੜ੍ਹਨ ਆਇਆ ਕਰ। ਕਿਥੇ ਰਹਿੰਦਾ ਹੈ? “ ਉਹ ਸਾਨੂੰ ਮਿਲਨੋਂ ਹੱਟ ਗਿਆ ਸੀ। “ ਦੂਜੇ ਮੁੰਡੇ ਨੇ ਕਿਹਾ, “ ਅਂਸੀ ਫਿਰ ਵੀ ਉਸ ਕੋਲ ਆਉਂਦੇ ਸੀ। ਇੱਕ ਦਿਨ ਉਹ ਸਾਨੂੰ ਨਸ਼ੇ ਖਾਦੇ ਵਿੱਚ ਮਿਲਿਆ। ਉਸ ਨੇ ਕਿਹਾ, “ ਤੁਸੀਂ ਉਸੇ ਕਾਲਜ ਵਿੱਚ ਜਾਈ ਜਾਂਦੇ ਹੋ। ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹੋ। ਮੇਰੇ ਕੋਲ ਦੇਖੋ ਕਿੱਡੀ ਮਹਿੰਗੀ ਕਾਰ, ਵੱਡਾ ਘਰ ਹੈ। ਡਰੱਗ ਦੇ ਪੈਕਟ ਹੀ ਵੇਚਣੇ ਹਨ। ਤੁਸੀਂ ਵੀ ਮੇਰੇ ਨਾਲ ਕੰਮ ਕਰਨ ਲੱਗ ਜਾਵੋ। ਪੰਡ ਡਾਲਰਾਂ ਦੀ ਮਿਲੇਗੀ। “ ਗਾਮੇ ਨੇ ਕਿਹਾ, “ ਤੁਸੀਂ ਕਿਸੇ ਨੂੰ ਦੱਸਿਆ ਕਿਉਂ ਨਹੀਂ? ਬੰਤੇ ਨੂੰ ਹੀ ਦੱਸ ਦਿੰਦੇ। “ ਇੱਕ ਮੁੰਡੇ ਦੇ ਪੱਗ ਬੰਨੀ ਹੋਈ ਸੀ। ਉਸ ਨੇ ਕਿਹਾ, “ ਅਸੀਂ ਸਕੀਮਾਂ ਬਣਾਂ ਹੀ ਰਹੇ ਸੀ। ਸੋਨੂੰ ਨੂੰ ਮਦਦ ਦੇ ਕੇ, ਇਸ ਨਰਕ ਵਿੱਚੋਂ ਕੱਢੀਏ। ਅਸੀਂ ਕੁੱਝ ਕਰਦੇ, ਇਹ ਕੰਮ ਹੋ ਗਿਆ। “ ਸਿਮਰਨ ਨੇ ਕਿਹਾ, “ ਸਾਨੂੰ ਤੁਹਾਡੀ ਇਜਾਜ਼ਤ ਚਾਹੀਦੀ ਹੈ। ਉਸ ਦਾ ਸਮਾਨ ਫੋਲਣਾ ਹੈ। ਕੀ ਪਤਾ ਕੋਈ ਸਬੂਤ ਹੱਥ ਲੱਗ ਜਾਵੇ। ਅਸਲੀ ਬੰਦੇ ਫੜਨੇ ਹਨ। ਮੈਂ ਟੀਵੀ ਨਿਊਜ਼ ਚੈਨਲ, ਰੇਡੀਉ ਤੇ ਅਖ਼ਬਾਰਾਂ ਲਈ ਮੁਫ਼ਤ ਲੋਕ ਸੇਵਾ ਕਰਦੀ ਹਾਂ। ਦੋਸ਼ੀਆਂ ਦਾ ਭਾਂਡਾ ਭੰਨਣਾ ਹੈ। ਜੇ ਇਹ ਕੰਮ ਛੇਤੀ ਤੋਂ ਛੇਤੀ ਹੋ ਜਾਵੇ। ਗਰਮ ਲੋਹੇ ਉੱਤੇ ਸੱਟ ਵੱਧ ਲੱਗਦੀ ਹੈ। ਲੋਕ ਪਹਿਲਾਂ ਹੀ ਬਹੁਤ ਭਟਕੇ ਹੋਏ ਹਨ। “ ਤਾਰੋ ਨੇ ਕਿਹਾ, “ ਜੇ ਤੁਸੀਂ ਇਹ ਕੰਮ ਕਰ ਸਕਦੇ ਹੋ। ਅਸੀਂ ਤੁਹਾਡੇ ਨਾਲ ਹਾਂ। ਤੁਸੀਂ ਉਸ ਦੀਆਂ ਸਾਰੀਆਂ ਚੀਜ਼ਾਂ ਦੇਖ ਸਕਦੇ ਹੋ। “ ਸਾਰੇ ਇਕੱਠੇ ਹੀ ਬੋਲ ਪਏ, “ ਇਹ ਕੰਮ ਹੁਣੇ ਸ਼ੁਰੂ ਕਰਨਾ ਹੈ। ਉਸ ਦਾ ਸੈਲਸ ਫ਼ੋਨ, ਕੰਪਿਊਟਰ, ਸਾਰੀਆਂ ਚਾਬੀਆਂ ਸਾਨੂੰ ਦੇ ਦੇਵੋ। ਦੋ ਜਾਣੇ ਸੈਲਸ ਫ਼ੋਨ, ਕੰਪਿਊਟਰ ਚੈੱਕ ਕਰਨਗੇ। ਇੱਕ ਜਾਣਾ ਕਾਰ ਦੀ ਤਲਾਸ਼ੀ ਲਵੇਗਾ। ਸਿਮਰਨ ਬੈਂਕ ਦਾ ਲਾਕਰ ਦੇਖੇਗੀ। ਪਾਸਵਰਡ ਸਾਨੂੰ ਪਤਾ ਹੈ। ਅਸੀਂ ਅਲਮਾਰੀਆਂ ਲਾਕਰ ਫੋਲਦੇ ਹਾਂ। ਬੰਤੇ ਮਾਮੇ ਤੇਰੀ ਸਾਨੂੰ ਬਹੁਤ ਲੋੜ ਹੈ। ਜੋ ਰਾਜ ਤੂੰ ਜਾਣਦਾ ਹੈ। ਸਬ ਪਾਜ ਖ਼ੋਲ ਦੇ। ਸਾਨੂੰ ਉੱਥੇ ਤੱਕ ਆਪੇ ਪਹੁੰਚਣ ਵਿੱਚ ਸਮਾਂ ਲੱਗਣਾ ਹੈ। ਇਹੀ ਸਾਡੀ ਸੋਨੂੰ ਨੂੰ ਸੱਚੀ ਸ਼ਰਧਾਂਜਲੀ ਹੈ। “ ਤਾਰੋ, ਗਾਮੇ, ਬੰਤੇ, ਦੋਸਤਾਂ ਨੇ, ਸੋਨੂੰ ਦੇ ਘਰ ਦਾ ਚੱਪਾ-ਚੱਪਾ ਛਾਣ ਦਿੱਤਾ। ਸੋਨੂੰ ਨੂੰ ਹਰ ਕੰਮ ਕਰਨ ਪਿੱਛੋਂ, ਹਰ ਦਿਨ ਦਾ ਲੇਖਾ-ਜੋਖਾ ਕੰਪਿਊਟਰ ਵਿੱਚ ਲਿਖਣ ਦੀ ਆਦਤ ਸੀ। ਲਿਖ ਕੇ ਸਾਰਾ ਕੁੱਝ ਸੇਵ ਕੀਤਾ ਹੋਇਆ ਸੀ। ਬੋਸ ਦਾ ਨਾਮ, ਐਡਰੈੱਸ, ਫ਼ੋਟੋਆਂ, ਇਕੱਠੇ ਗਾਹਕਾਂ ਦੇ ਫ਼ੋਨ ਨੰਬਰ, ਲੌਕਰ ਦਾ ਨੰਬਰ ਸ਼ੈਲਰ ਫ਼ੋਨ ਵਿੱਚ ਸੰਭਾਲੇ ਹੋਏ ਸਨ। ਕਿੰਨੇ ਪੈਸੇ, ਕਿਥੇ ਰੱਖੇ ਹਨ? ਸੋਨੂੰ ਦੇ ਸਬੂਤ ਇਕੱਠੇ ਕਰਕੇ, ਪੁਲੀਸ ਨੂੰ ਦੇ ਦਿੱਤੇ। ਸਿਮਰਨ ਨੇ ਖ਼ਬਰ ਸਾਰੇ ਪਾਸੇ ਅਖ਼ਬਾਰਾਂ, ਟੀਵੀ ਚੈਨਲਾਂ, ਰੇਡੀਉ, ਵੈੱਬ ਸਾਈਡਾਂ ਉੱਤੇ ਲਾ ਦਿੱਤੀ। ਘਰ-ਘਰ ਇੱਕ ਹੋਰ ਗੈਂਗ ਗਰੁੱਪ ਦੀ ਖ਼ਬਰ ਪਹੁੰਚ ਗਈ ਸੀ। ਪੂਰੇ ਸ਼ਹਿਰ ਵਿੱਚ ਪਤਾ ਲੱਗ ਗਿਆ। ਸੋਨੂੰ ਦਾ ਸਬੰਧ ਗੈਂਗ ਨਾਲ ਸੀ। ਉਹ ਉਸ ਨੂੰ ਬਲੈਕ ਮੇਲ ਕਰਨ ਲੱਗ ਗਏ ਸਨ। ਉਸੇ ਸਮੇਂ ਪੁਲੀਸ ਨੇ, ਫੜੋ-ਫੜੀ ਸ਼ੁਰੂ ਕਰ ਦਿੱਤੀ। ਪੁਲੀਸ ਵਾਲੇ ਵੀ ਮੀਡੀਆ ਤੇ ਲਿਖਾਰੀਆਂ ਦੇ ਪਾਜ ਉਖੇੜਨ ਕਰਕੇ, ਹਰਕਤ ਵਿੱਚ ਆਉਂਦੇ ਹਨ। ਗੈਂਗਸਟਰ ਦਾ ਮਾਮਲਾ ਦਬਾ ਹੀ ਲੈਂਦੇ ਹਨ। ਇੰਨਵਿਸਟੀ-ਗੇਸ਼ਨ ਕਰਨ ਨੂੰ ਕਈ ਸਾਲ ਲੱਗ ਜਾਂਦੇ ਹਨ। ਵੈਨਕੂਵਰ, ਕੈਲਗਰੀ, ਟਰਾਂਟੋ ਹਰ ਸ਼ਹਿਰ ਦੇਸ਼ ਵਿੱਚ ਅਣਗਿਣਤ ਗੈਂਗ ਹਨ। ਪੁਲੀਸ ਵਾਲੇ ਹੱਥ ਨਹੀਂ ਪਾਉਂਦੇ। ਅਨੇਕਾਂ ਮੁੰਡੇ-ਕੁੜੀਆਂ ਆਏ ਦਿਨ ਮਰਦੇ ਹਨ। ਇੱਕ ਅਮਰੀਕਾ ਦੇ ਡਰੱਗ ਡੀਲਰ ਨੂੰ ਦਸ ਸਾਲ ਦੀ ਜੇਲ ਹੋਈ। ਡਰੱਗ ਵੇਚਣ ਕਰਕੇ ਨਹੀਂ, ਪੁਲੀਸ ਵਾਲੇ ਉਸ ਦੇ ਤਾਂ ਸਬੂਤ ਹੀ ਨਹੀਂ ਲੱਭ ਸਕੇ ਸਨ। ਕਾਰਾਂ, ਘਰਾਂ ਦਾ ਟੈਕਸ ਨਾਂ ਭਰਨ ਕਰਕੇ ਜੇਲ ਹੋਈ ਸੀ। ਸਬ ਦੇਸ਼ਾਂ ਦਾ ਕਾਨੂੰਨ ਐਸਾ ਹੀ ਹੈ। ਐਸੇ ਪਤੰਦਰਾ ਤੋਂ ਕਾਨੂੰਨ ਵੀ ਡਰ ਕੇ ਲੁਕਦਾ ਫਿਰਦਾ ਹੈ। ਕਾਨੂੰਨ ਜੱਜ ਮੂਹਰੇ ਸਬੂਤ ਰੱਖਣੇ ਪੈਂਦੇ ਹਨ। ਤਾਰੋ ਨੇ ਆਪਦੇ ਅਟੈਚੀ ਫੋਲਣੇ ਸ਼ੁਰੂ ਕਰ ਦਿੱਤੇ ਸਨ। ਉਹ ਜੋ ਕੱਪੜੇ ਵਿਕੀ ਤੇ ਸੋਨੂੰ ਲਈ ਲੈ ਕੇ ਆਈ ਸੀ। ਉਹ ਕੱਢ ਕੇ ਬੈਠ ਗਈ। ਉਸ ਨੇ ਕਿਹਾ, “ ਇਹ ਸੂਟ ਤਾਂ ਮੈਂ ਨੂੰਹ-ਪੁੱਤ ਦੇ ਹੁੰਢੋਂਉਣ ਬਣਵਾਏ ਸਨ। ਸੋਚਿਆ ਨਹੀਂ ਸੀ। ਇਹ ਖੱਫਣ ਲਈ, ਆਖ਼ਰੀ ਬਾਰ ਪਾਉਣੇ ਹਨ। ਸਾਰੇ ਰੰਗਾਂ ਦੇ ਸੂਟ ਸੋਨੂੰ ਦੇ ਪਸੰਦ ਦੇ ਹਨ। ਸਾਰੇ ਉਸੇ ਨੂੰ ਦੇ ਦੇਣੇ ਹਨ। “ ਗਾਮੇ ਨੇ ਕਿਹਾ, “ ਤੂੰ ਤਾਂ ਝੱਲੀ ਹੋ ਗਈ ਹੈ। ਕੀ-ਕੀ ਉਸ ਨਾਲ ਤੋਰ ਦੇਵੇਗੀ। ਸਾਰਾ ਕੁੱਝ ਉਸੇ ਦਾ ਹੈ। ਕੁੱਝ ਵੀ ਮਰੇ ਬੰਦੇ ਨਾਲ ਨਹੀਂ ਜਾਂਦਾ। ਜਦੋਂ ਬੰਦਾ ਨਹੀਂ ਰਿਹਾ। ਉਸ ਲਈ ਸਬ ਕੁੱਝ ਮਿੱਟੀ ਹੈ। ਉਸ ਦੇ ਇਹ ਸਾਰੇ ਸੂਟ, ਸੋਨੂੰ ਦੇ ਦੋਸਤਾਂ ਤੇ ਬੰਤਾ ਨੂੰ ਦੇਂਦੇ। ਇੰਨਾ ਮੁੰਡਿਆਂ ਵਿੱਚੋਂ ਸੋਨੂੰ ਦੀ ਝਲਕ ਪੈਂਦੀ ਹੈ। “ ਬੰਤੇ ਨੇ ਕਿਹਾ, “ ਕਾਲੇ ਰੰਗ ਦਾ ਸੂਟ ਕੱਢ ਲਵੋ। ਇਹ ਉਸ ਦਾ ਮਨ ਪਸੰਦ ਰੰਗ ਹੈ। ਕਾਲਾ ਸੂਟ ਸੋਨੂੰ ਦੇ ਪਾ ਦਿੱਤਾ ਸੀ। ਨੀਲਾ ਸੂਟ ਵਿਕੀ ਨੂੰ ਪਾਇਆ ਸੀ। ਮੰਮੀ ਨੇ ਕੈਨੇਡਾ ਆਉਣ ਦੇ ਚਾਅ ਵਿੱਚ ਪਹਿਲਾਂ ਹੀ ਸ਼ਾਪਿੰਗ ਕਰ ਲਈ ਸੀ। ਸਸਕਾਰ ਕਰਨ ਸਮੇਂ, ਹਰ ਨਸਲ, ਹਰ ਰੰਗ ਦੇ ਲੋਕ ਉੱਥੇ ਪਹੁੰਚੇ ਹੋਏ ਸਨ। ਕਦੇ ਕਿਸੇ ਦੇ ਫੀਊਨਲ ਤੇ ਇੰਨਾ ਇਕੱਠ ਨਹੀਂ ਦੇਖਿਆ ਸੀ। ਲੋਕ ਸੜਕਾਂ ਤੇ ਬਾਹਰ ਤੱਕ ਖੜ੍ਹੇ ਸਨ। ਟੀਵੀ ਚੈਨਲ ਵਾਲੇ ਸਿਧਾ ਪ੍ਰਸਾਰਨ ਕਰ ਰਹੇ ਸਨ। ਡਰੱਗ ਗੈਂਗਸਟਰ ਨਾਲ ਲੜਨ ਦੇ ਪੋਸਟਲ ਵੰਡ ਰਹੇ ਸਨ। ਤਾਰੋ ਤੇ ਗਾਮੇ ਨੂੰ ਇੰਨਾ ਸਬ ਵਿਚੋਂ ਸੋਨੂੰ ਤੇ ਵਿਕੀ ਦਿਸ ਰਹੇ ਸਨ। ਮਨ ਨੂੰ ਧਰਵਾਸ ਆ ਗਿਆ ਸੀ। ਕਈ ਲੋਕ ਜੋ ਜਿਉਂਦੇ ਭਲਾ ਕੰਮ ਨਹੀਂ ਕਰ ਸਕਦੇ। ਜਾਨ ਦੀ ਬਲੀ ਦੇ ਕੇ, ਸਮਾਜ ਦਾ ਸੁਧਾਰ ਕਰ ਜਾਂਦੇ ਹਨ। ਵਿਕੀ ਤੇ ਸੋਨੁੰ ਦੀ ਮੌਤ ਹੋਣ ਕਰਕੇ, ਵੱਡਾ ਡਰੱਗ ਬੌਸ ਤੇ ਹੋਰ ਸਾਥੀ, ਜੇਲ ਦੀਆਂ ਸੀਖਾਂ ਪਿੱਛੇ ਸਨ।

Comments

Popular Posts